ਸਿੱਖਾਂ ‘ਤੇ ਹੋ ਰਹੇ ਤਸਦੱਦ ‘ਤੇ ਰੌਸ਼ਨੀ ਪਾਉਂਦੀ ਹੈ ‘ਲਰਨਿੰਗ ਟੂ ਡਰਾਈਵ’
ਨਿਊਯਾਰਕ/ਬਿਊਰੋ ਨਿਊਜ਼ ::
ਆਪਣੀ ਨਵੀਂ ਫਿਲਮ ਵਿੱਚ ਮਿੱਠ ਬੋਲੜੇ ਸਿੱਖ ਟੈਕਸੀ ਚਾਲਕ ਦੀ ਭੂਮਿਕਾ ਨਿਭਾਅ ਰਹੇ ਸਰ ਬੈੱਨ ਕਿੰਗਜ਼ਲੇ ਨੇ ਆਪਣੇ ਸਿਰ ‘ਤੇ ਪੱਗ ਦੇ ਅਹਿਸਾਸ ਨੂੰ ਅਸਲ ਵਿੱਚ ਸੰਤੁਸ਼ਟੀਦਾਇਕ ਦੱਸਦੇ ਹੋਏ ਕਿਹਾ ਹੈ ਕਿ ਇਹ ਭਾਈਚਾਰਾ ਅਮਰੀਕਾ ਵਿੱਚ ਜਿਸ ਭੇਦਭਾਵ ਤੇ ਨਸਲੀ ਵਤੀਰੇ ਦਾ ਸ਼ਿਕਾਰ ਹੋ ਰਿਹਾ ਹੈ ਉਹ ਪੂਰੀ ਤਰ੍ਹਾਂ ਅਫਸੋਸਨਾਕ ਹੈ। ਰਿਲੀਜ਼ ਹੋਈ ‘ਲਰਨਿੰਗ ਟੂ ਡਰਾਈਵ’ ਫਿਲਮ ਵਿੱਚ ਕਿੰਗਜ਼ਲੇ ਨੇ ਦਰਵਾਨ ਸਿੰਘ ਤੁੜ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਅਕੈਡਮੀ ਐਵਾਰਡ ਲਈ ਨਾਮਜ਼ਦ ਤੇ ਐਮੀ ਐਵਾਰਡ ਨਾਲ ਸਨਮਾਨਿਤ ਅਭਿਨੇਤਰੀ ਪੈਟਰੀਸ਼ੀਆ ਕਲਾਰਕਸਨ ਤੇ ਮਿਸੀਸੀਪੀ ਮਸਾਲਾ ਦੀ ਅਦਾਕਾਰਾ ਸਰਿਤਾ ਚੌਧਰੀ ਵੀ ਹੈ। ਫਿਲਮ ਵਿੱਚ ਕਿੰਗਜ਼ਲੇ ਨੇ ਇਕ ਮਿੱਠ-ਬੋਲੜੇ ਟੈਕਸੀ ਚਾਲਕ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਸਿੱਖ ਹੋਣ ਦਾ ਮਾਣ ਹੈ। ਉਹ ਅਮਰੀਕਾ ਵਿੱਚ ਸਿਆਸੀ ਸ਼ਰਨ ਮਿਲਣ ਬਾਅਦ ਨਿਊਯਾਰਕ ਵਿੱਚ ਰਹਿੰਦਾ ਹੈ। ਉਹ ਟੈਕਸੀ ਚਾਲਕ ਹੋਣ ਦੇ ਨਾਲ ਨਾਲ ਟੈਕਸੀ ਚਲਾਉਣ ਦੀ ਸਿਖਲਾਈ ਵੀ ਦਿੰਦਾ ਹੈ। ਕਿੰਗਜ਼ਲੇ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਰਹਿ ਰਹੇ ਸਮਾਜਿਕ ਕਾਰਕੁਨ ਹਰਪ੍ਰੀਤ ਸਿੰਘ ਤੂੜ ਨੇ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਖਾਸੀ ਮਦਦ ਕੀਤੀ ਹੈ। ਉਸ ਨੇ ਹੀ ਉਨ੍ਹਾਂ ਨੂੰ ਸਿੱਖਾਂ ਬਾਰੇ ਦੱਸਿਆ ਤੇ ਪੱਗ ਬੰਨ੍ਹਣ ਵਿੱਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਸਿਰ ‘ਤੇ ਪੱਗ ਕੱਸ ਕੇ ਬੰਨ੍ਹੀ ਹੋਣ ਦਾ ਅਹਿਸਾਸ ਅਸਲ ਵਿੱਚ ਸੰਤੁਸ਼ਟੀਦਾਇਕ ਹੁੰਦਾ ਹੈ। ਸਿੱਖ ਯੋਧਾ ਹੁੰਦੇ ਹਨ ਤੇ ਇਸ ਰੂਪ ਵਿੱਚ ਭੂਮਿਕਾ ਕਰਕੇ ਮਾਣ ਮਹਿਸੂਸ ਹੋਇਆ। ਉਨ੍ਹਾਂ ਦੱਸਿਆ ਕਿ ਨਿਊਯਾਰਕ ਦੇ ਸਿੱਖਾਂ ਨੇ ਫਿਲਮ ਦੀ ਸ਼ੂਟਿੰਗ ਦੇ ਸਮੇਂ ਕਾਫੀ ਉਦਾਰਤਾ ਦਿਖਾਈ ਤੇ ਸਥਾਨਕ ਗੁਰਦੁਆਰੇ ਵਿੱਚ ਸ਼ੂਟਿੰਗ ਲਈ ਯੂਨਿਟ ਨੂੰ ਸੱਦਾ ਦਿੱਤਾ। ਫਿਲਮ ਭਾਰਤ ਵਿੱਚ ਸਿੱਖਾਂ ‘ਤੇ ਹੋ ਰਹੇ ਤਸਦੱਦ ‘ਤੇ ਰੌਸ਼ਨੀ ਪਾਉਂਦੀ ਹੈ ਜਿਸ ਕਾਰਨ ਕਿੰਗਜ਼ਲੇ ਦਾ ਕਿਰਦਾਰ ਅਮਰੀਕਾ ਵਿੱਚ ਸਿਆਸੀ ਸ਼ਰਨ ਮੰਗਦਾ ਹੈ। ਫਿਲਮ ਅਮਰੀਕਾ ਵਿੱਚ ਸਿੱਖ ਭਾਈਚਾਰੇ ਨਾਲ ਖਾਸ ਤੌਰ ‘ਤੇ 11 ਸਤੰਬਰ ਦੇ ਹਮਲੇ ਬਾਅਦ ਹੋ ਰਹੇ ਭੇਦਭਾਵ ਤੇ ਨਸਲ ਦੇ ਅਧਾਰ ‘ਤੇ ਨਜ਼ਰ ਰੱਖਣ ‘ਤੇ ਵੀ ਰੌਸ਼ਨੀ ਪਾਈ ਗਈ ਹੈ।
The post ਸੰਤੁਸ਼ਟੀ ਦਾ ਅਹਿਸਾਸ ਕਰਾਉਂਦੀ ਹੈ ਸਿਰ ‘ਤੇ ਬੱਝੀ ਪੱਗ : ਕਿੰਗਜ਼ਲੇ appeared first on Quomantry Amritsar Times.