ਬੋਲੀਆਂ ਦੀ ਗੂੰਜ ਅਤੇ ਗਿੱਧੇ ਦੀ ਧਮਕ ਨਾਲ ਕਾਰਨੀ ਪਾਰਕ ਚਮਕਿਆ ‘ਚ ਅਨੋਖਾ ਰੰਗ
ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ):
ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਵਿਚਕਾਰ ਵਸਦੇ ਸ਼ਹਿਰ ਫਰਿਜ਼ਨੋ ਵਿੱਚ ਪਿਛਲੇ ਲਗਭਗ ਵੀਹ ਸਾਲਾਂ ਤੋਂ ਲਗਦੀਆਂ ਆ ਰਹੀਆਂ
ਤੀਆਂ, ਇਸ ਵਾਰ ਵੀ ਉਸੇ ਤਰ੍ਹਾਂ ਖੁਲੀਆਂ ਗਰਾਉਂਡਾਂ ਵਿੱਚ ਪਰੰਪਰਾਗਤ ਤਰੀਕੇ ਲੱਗੀਆਂ। ਇਸ ਮੌਕੇ ਕੇਵਲ ਫਰਿਜ਼ਨੋਂ ਹੀ ਨਹੀਂ ਬਲਕਿ ਵੱਖ-ਵੱਖ ਸ਼ਹਿਰਾ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾਂ ਵਿੱਚ ਗੀਤ ਗਾ ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆਂ ਆਪਣੀਆਂ ਸਹੇਲੀਆਂ ਨੂੰ ਵੀ ਮਿਲੀਆਂ। ਇਨ੍ਹਾਂ ਤੀਆਂ ਦੌਰਾਨ ਸਮਾਪਤੀ ‘ਤੇ ਪਾਈ ਗਈ ਬੱਲੋਂ ਵੀ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀ ਸੀ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾਂ ਦੀਆਂ ਰੰਗ-ਬਰੰਗੀਆਂ ਪੁਸ਼ਾਕਾਂ, ਲਹਿੰਗੇ ਅਤੇ ਘੱਗਰੇ ਪੰਜਾਬੀਅਤ ਦੇ ਮਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਤੀਆਂ ਦੌਰਾਨ ਰੋਜਾਨਾ ਪ੍ਰਬੰਧਕਾਂ ਵੱਲੋਂ ਸਮਾਪਤੀ ‘ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਸਮੇਂ ‘ਇੰਡੀਅਨ ਅਵਨ’ ਰੈਸਟੋਰੈਂਟ ਵੱਲੋਂ ਵੰਨ ਸੰਵੰਨੇ ਖਾਣਿਆਂ ਦੇ ਸਟਾਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇੱਥੇ ਲੱਗੀਆਂ ਤੀਆਂ ਦਾ ਮਾਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ।
ਵਰਨਣਯੋਗ ਹੈ ਕਿ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ ਅਤੇ ਸੁਖਮਿੰਦਰ ਮਾਨ ਨੇ ਸਮੂੰਹ ਪੰਜਾਬੀ ਔਰਤਾ ਨਾਲ ਰਲ ਕੇ ਲਗਭਗ ਦੋ ਦਹਾਕੇ ਪਹਿਲਾਂ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਦੀ ਸੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਬੇਸੱਕ ਅੱਜ ਪਿੱਪਲਾਂ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ। ਪਰ ਹੋਰ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਤਿੰਨ ਦਿਨ ਲਗਦੀਆਂ ਹਨ ਜਿਨ੍ਹਾਂ ਵਿੱਚ ਮਰਦਾਂ ਨੂੰ ਆਉਣ ਦੀ ਹਮੇਸਾ ਹੀ ਮਨਾਹੀ ਹੁੰਦੀ ਹੈ।
ਅੱਜ ਬੇਸੱਕ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ ‘ਤੇ ਸਿਰਫ ਨੁਮਾਇਸਨੁਮਾ ਹੀ ਰਹਿ ਗਏ ਹਨ। ਪਰ ਇਹ ਬੜੇ ਫਖਰ ਵਾਲੀ ਗੱਲ ਹੈ ਕਿ ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ,ੇ ਸੁਖਮਿੰਦਰ ਕੌਰ ਮਾਨ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਦਾ ਹੈ। ਇਸ ਨੈੰ ਵੇਖਦਿਆਂ ਮਹਿਸੂਸ ਹੋ ਰਿਹਾ ਸੀ ਕਿ ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾਂ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ।
The post ਫਰਿਜ਼ਨੋ ਸ਼ਹਿਰ ‘ਚ ਹਰ ਸਾਲ ਦੀ ਤਰ੍ਹਾਂ ਤੀਆਂ ਬੜੀ ਸ਼ਾਨੋ-ਸ਼ੌਕਤ ਨਾਲ ਲੱਗੀਆਂ appeared first on Quomantry Amritsar Times.