ਸ਼ਿਕਾਗੋ/ ਬਿਊਰੋ ਨਿਊਜ਼:
ਸਥਾਨਕ ਸਿੱਖ ਪਤਵੰਤੇ ਅਤੇ ਜਾਬੀ ਹੈਰੀਟੇਜ਼ ਆਰਗੇਨਾਈਜੇਸ਼ਨ ਦੇ ਸਹਿ ਬਾਨੀ ਸਤਨਾਮ ਸਿੰਘ ਔਲਖ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘ਦੀ ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ (ਸੰਸਾਰ ਜੰਗਾਂ ਵਿਚ ਲੜਣ ਵਾਲੇ ਸਿੱਖ ਯੋਧੇ) ਆਉਂਦੀ 24 ਮਈ ਨੂੰ ਸਥਾਨਕ ਖੇਡ ਸੰਸਥਾ ਪੰਜਾਬ ਸਪੋਰਟਸ ਕਲੱਬ, ਮਿਡਵੈਸਟ ਵੱਲੋਂ ਕਰਵਾਏ ਜਾ ਰਹੇ ਖੇਡ ਮੇਲੇ ਦੌਰਾਨ ਰਿਲੀਜ਼ ਕੀਤੀ ਜਾਵੇਗੀ। ਇਹ ਪੁਸਤਕ ਮਾਰਚ ਮਹੀਨੇ ਪਿੰਗਲਵਾੜਾ ਅੰਮ੍ਰਿਤਸਰ ਦੀ ਮੁੱਖ ਸੰਚਾਲਕ ਬੀਬੀ ਇੰਦਰਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੀ ਗਈ ਸੀ।
ਪੁਸਤਕ ਵਿਚ ਸ੍ਰੀ ਔਲਖ ਨੇ ਗੁਰੂ ਹਰਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਸਮਿਆਂ ਦੌਰਾਨ ਸਿੱਖ ਯੋਧਿਆਂ ਵੱਲੋਂ ਪਾਈਆਂ ਗਈਆਂ ਪਿਰਤਾਂ ਦੀ ਚਰਚਾ ਕੀਤੀ ਗਈ ਹੈ। ਕਿਤਾਬ ਵਿਚ ਦੋਹਾਂ ਸੰਸਾਰ ਜੰਗਾਂ ਵਿਚ ਸਿੱਖ ਯੋਧਿਆਂ ਵੱਲੋਂ ਦਿਖਾਈ ਗਈ ਬਹਾਦਰੀ ਦਾ ਵਿਸਥਾਰ ਵਿਚ ਜ਼ਿਕਰ ਹੈ। ਇਨ੍ਹਾਂ ਦੋਹਾਂ ਜੰਗਾਂ ਵਿਚ ਇਕ ਅੰਦਾਜੇਮੁਤਾਬਕ 80 ਹਜ਼ਾਰ ਸਿੱਖ ਫੌਜੀ ਮਾਰੇ ਗਏ ਸਨ ਜਦੋਂ ਕਿ ਕਰੀਬ ਇਕ ਲੱਖ ਜ਼ਖ਼ਮੀ ਹੋ ਗਏ ਸਨ। ਆਜ਼ਾਦੀ ਤੋਂ ਬਾਅਦ ਸੰਨ 1965 ਅਤੇ ਸੰਨ 1971 ਵਿਚ ਹੋਈਆਂ ਜੰਗਾਂ ਦਾ ਵੀ ਇਸ ਕਿਤਾਬ ਵਿਚ ਜ਼ਿਕਰ ਹੈ।
ਅੰਗਰੇਜ਼ੀ ਵਿਚ ਲਿਖੀ ਗਈ ਇਹ ਕਿਤਾਬ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਛਾਪੀ ਹੈ ਤੇ ਇਸ ਦਾ ਮੁੱਲ ਭਾਰਤ ਵਿਚ 500 ਰੁਪਏ ਅਤੇ ਅਮਰੀਕਾ ਵਿਚ 20 ਡਾਲਰ ਹੈ। ਸ੍ਰੀ ਔਲਖ ਅਨੁਸਾਰ ਕਿਤਾਬ ਦੀ ਵਿਕਰੀ ਤੋਂ ਹੋਈ ਆਮਦਨ ਸਰਹੱਦੀ ਪਿੰਡਾਂ ਦੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਉਤੇ ਖਰਚੀ ਜਾਵੇਗੀ।
ਇਕ ਝਾਤ ਸਤਨਾਮ ਸਿੰਘ ਔਲਖ ਦੇ ਜੀਵਨ ਉੱਤੇ:
ਸਤਨਾਮ ਸਿੰਘ ਔਲਖ ਨੇ 20 ਸਾਲ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕੀਤੀ। ਸੰਨ 1965 ਅਤੇ ਸੰਨ 1971 ਦੀ ਜੰਗ ਕਸ਼ਮੀਰ ਦੀਆਂ ਸਰਹੱਦਾਂ ਤੇ ਲੜਾਈ ਲੜੀ। ਸਤਨਾਮ ਸਿੰਘ ਔਲਖ ਦੇ ਪਿਤਾ ਜੀ ਨੇ ਫਰੰਗੀਆਂ ਦੀ ਫੋਰਸ ਵਿਚ ਸੇਵਾ ਨਿਵਾਈ। ਇਨ੍ਹਾਂ ਦੇ ਦਾਦਾ ਜੀ ਜਨਮੇਜ਼ਾ ਸਿੰਘ ਔਲਖ ਨੇ 747 ਦਿਨ ਘੋੜੇ ਦੀ ਕਾਠੀ ਤੇ ਬਿਤਾਏ ਅਤੇ ਜੰਗਾਂ ਲੜੀਆਂ। ਉਨ੍ਹਾਂ 5 ਅਪ੍ਰੈਲ 1917 ਵਿਚ ਜੰਗ ਲੜਦਿਆਂ ਆਪਣੀ ਸ਼ਹਾਦਤ ਦਿੱਤੀ।
ਸਤਨਾਮ ਸਿੰਘ ਔਲਖ ਦਾ ਪਿੰਡ ਟਪਿਆਲਾ ਪਾਕਿਸਤਾਨ ਦੀ ਸਰਹੱਦ ਤੇ ਪੈਂਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਵਿਚ ਸ੍ਰੀ ਔਲਖ ਨੇ ਭਾਰੀ ਯੋਗਦਾਨ ਪਾਇਆ ਹੈ। ਪਿੰਡ ਵਿਚ ਕੁੜੀਆਂ ਦਾ ਹਾਈ ਸਕੂਲ ਹੈ ਜਿਸ ਦੀ ਸਤਨਾਮ ਸਿੰਘ ਔਲਖ ਨੇ ਸਾਂਭ ਸੰਭਾਲ ਦੀ ਵੀ ਜਿੰਮੇਵਾਰੀ ਲਈ ਹੋਈ ਹੈ। ਸੰਨ 2013 ਤੋਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਕਾਰ ਸੇਵਾ ਚਲਦੀ ਹੈ। ਜਿਸ ਵਿਚ ਸ੍ਰੀ ਔਲਖ ਦਾ ਕਾਫ਼ੀ ਯੌਗਦਾਨ ਹੈ। ਸਕੂਲ ਵਿਚ 200 ਤੋਂ ਉਪਰ ਫੁੱਲਾਂ ਤੇ ਫਲਾਂ ਵਾਲੇ ਬੂਟੇ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਵੀ ਕਾਰ ਸੇਵਾ ਰਾਹੀਂ ਕੀਤੀ ਜਾਂਦੀ ਹੈ। ਪਿੰਡ ਵਿਚ ਸ੍ਰੀ ਔਲਖ ਤੇ ਪਰਿਵਾਰ ਵਲੋਂ ਦੋ ਸ਼ਮਸ਼ਾਨ ਘਾਟ ਵੀ ਬਣਵਾਏ ਹਨ। ਇਸ ਤੋਂ ਇਲਾਵਾ ਪਿੰਡ ਦੇ ਹਾਈ ਸਕੂਲ ਵਿਚ ਪੀਣ ਵਾਲੇ ਪਾਣੀ ਨੂੰ ਸਾਫ਼ ਕਰਨ ਵਾਲਾ ਸਿਸਟਮ ਵੀ ਲਗਵਾਇਆ ਗਿਆ ਹੈ। ਇਸ ਹਾਈ ਸਕੂਲ ਵਿਚ ਬਾਰਡਰ ਦੇ ਆਲੇ ਦੁਆਲੇ ਦੇ ਤਕਰੀਬਨ 30 ਪਿੰਡਾਂ ਦੀਆਂ ਕੁੜੀਆਂ ਸਿੱਖਿਆ ਲੈਣ ਆਉਂਦੀਆਂ ਹਨ। ਪਿੰਡ ਵਿਚ ਨੌਜਵਾਨਾਂ ਵੱਲੋਂ ਕਬੱਡੀ ਕਲੱਬ ਵੀ ਬਣਾਈ ਹੋਈ ਹੈ ਜੋ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਨ।
ਲੰਬੇ ਸਮੇਂ ਤੋਂ ਸ਼ਿਕਾਗੋ ਵਿਚ ਰਹਿ ਰਹੇ ਸਤਨਾਮ ਸਿੰਘ ਔਲਖ ਇਥੋਂ ਦੀ ਇਕ ਪੀ ਐਚ ਓ ਨਾਮੀ ਸੰਸਥਾ ਦੇ ਮੋਢੀ ਮੈਂਬਰਾਂ ਵਿਚੋਂ ਹਨ। ਇਸ ਤੋਂ ਇਲਾਵਾ ਪੈਲਾਟਾਈਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਵੀ ਸੰਨ 1991 ਤੋਂ ਸੰਨ 1994 ਤੋਂ ਸੇਵਾ ਨਿਭਾਅ ਚੁੱਕੇ ਹਨ। ਇਸ ਦੇ ਨਾਲ ਨਾਲ ਹੀ ਗੁਰਦੁਆਰਾ ਸਾਹਿਬ ਵਿਚ ਸੰਨ 2003 ਤੋਂ ਪੰਥਕ ਸਲੇਟ (ਪੰਥਕ ਗਰੁੱਪ) ਵੱਲੋਂ ਸ਼ੁਰੂ ਕੀਤੀ ਗਈ ਕਾਰਸੇਵਾ ਦੇ ਮੋਢੀ ਮੈਂਬਰਾਂ ਵਿਚ ਸੇਵਾ ਨਿਭਾਅ ਰਹੇ ਹਨ ਅਤੇ ਜੋ ਕਿ ਨਿਰੰਤਰ ਸੇਵਾ ਚੱਲ ਰਹੀ ਹੈ। ਇਸ ਤੋਂ ਇਲਾਵਾ ਪੈਲਾਟਾਈਨ ਗੁਰਦੁਆਰਾ ਸਾਹਿਬ ਦੀ ਰਿਕਾਰਡ ਸਾਂਭ ਸੰਭਾਲ ਕਮੇਟੀ ਵਿਚ ਵੀ 6 ਸਾਲ ਸੇਵਾ ਨਿਭਾਅ ਚੁੱਕੇ ਹਨ।
The post ਸਤਨਾਮ ਸਿੰਘ ਔਲਖ ਦੀ ਪੁਸਤਕ ‘ਦੀ ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ 24 ਮਈ ਨੂੰ ਹੋਵੇਗੀ ਰਿਲੀਜ appeared first on Quomantry Amritsar Times.