ਮਾਸਿਕ ਇਕੱਤਰਤਾ ਵਿੱਚ ਰਚਨਾਵਾਂ ਦਾ ਦੌਰ
ਸੈਕਰਾਮੈਂਟੋ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਕੈਲਫੋਰਨੀਆ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਦਿਲ ਨਿੱਜਰ ਦੇ ਗ੍ਰਹਿ ਵਿਖੇ ਐਤਵਾਰ 26 ਅਪ੍ਰੈਲ 2015 ਨੂੰ ਹੋਈ। ਬੇਅ ਏਰੀਆ ਅਤੇ ਸਟਾਕਟਨ ਤੋਂ ਪਹੁੰਚੇ ਹੋਏ ਸਾਹਿਤਕਾਰਾਂ ਅਤੇ ਸਮੂਹ ਸੈਕਰਾਮੈਂਟੋ ਅਤੇ ਯੂਬਾ ਸਿਟੀ ਦੇ ਆਸਪਾਸ ਦੇ ਇਲਾਕੇ ਤੋਂ ਪਹੁੰਚੇ ਹੋਏ ਲੇਖਕਾਂ ਦੇ ਭਰਵੇਂ ਇਕੱਠ ਵਿਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 9 ਮਈ 2015 ਨੂੰ ਕਰਵਾਈ ਜਾ ਰਹੀ ਸਾਲਾਨਾ ਅਠਾਰਵੀਂ ਕਾਨਫਰੰਸ ਲਈ ਤਿਆਰੀਆਂ ਅਤੇ ਰੂਪ ਰੇਖਾ ਬਾਰੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਵੱਖ ਵੱਖ ਸਾਹਿਤਕਾਰਾਂ ਨੇ ਕਾਨਫਰੰਸ ਨੂੰ ਸਫਲ ਕਰਨ ਲਈ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਉਪਰੰਤ ਸਟੇਜ ਸਕੱਤਰ ਜਸਵੰਤ ਸ਼ੀਮਾਰ ਨੇ ਪ੍ਰਧਾਨ ਦਿਲ ਨਿੱਜਰ ਨੂੰ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਣ ਲਈ ਸਟੇਜ ਉੱਤੇ ਬੁਲਾਇਆ ਅਤੇ ਸਭਾ ਦੀ ਕਾਰਵਾਈ ਆਰੰਭ ਕਰਨ ਦੀ ਬੇਨਤੀ ਕੀਤੀ।
ਸਭਾ ਦੇ ਪਹਿਲੇ ਸ਼ੈਸਨ ਵਿਚ ਕਹਾਣੀਕਾਰ ਤਤਿੰਦਰ ਕੌਰ ਨੇ ਆਪਣੀ ਕਹਾਣੀ ‘ਘਰ ਵਾਪਸੀ’ ਪੜ੍ਹੀ। ਕਵੀ ਦਰਬਾਰ ਵਿਚ ਕਵੀਆਂ ਨੇ ਆਪਣੀਆਂ ਕਵਿਤਾਵਾਂ ਕ੍ਰਮਵਾਰ ਪੇਸ਼ ਕੀਤੀਆਂ ਜਿਹਨਾਂ ਵਿਚ ਜੀਵਨ ਰੱਤੂ, ਪ੍ਰਮਿੰਦਰ ਰਾਏ, ਅਜੈਬ ਚੀਮਾ, ਦਿਲਵੀਰ ਨਿੱਜਰ, ਇੰਦਰਜੀਤ ਗਰੇਵਾਲ, ਜਸਵੰਤ ਜੱਸੀ ਸ਼ੀਮਾਰ, ਨੀਲਮ ਸੈਣੀ, ਤਾਰਾ ਸਾਗਰ, ਪ੍ਰਗਟ ਸਿੰਘ ਹੁੰਦਲ, ਮਲਿਕ ਇਮਤਿਆਜ਼, ਜੋਤੀ ਸਿੰਘ, ਕਮਲ ਬੰਗਾ, ਰਾਠੀ ਸੂਰਾਪੁਰੀ, ਮਹਿੰਦਰ ਸਿੰਘ ਘੱਗ, ਹਰਬੰਸ ਸਿੰਘ ਢਿੱਲੋਂ ਜਗਿਆਸੂ, ਜੂਨੀਅਰ ਕਿਸ਼ੋਰ, ਗਾਇਕ ਗੋਗੀ ਸੰਧੂ ਨੇ ਆਪਣਾ ਨਵਾਂ ਰਿਕਾਰਡ ਗੀਤ ‘ਅਸੀਂ ਵਸੀਏ ਵਿਚ ਪ੍ਰਦੇਸਾਂ ਦੇ’ ਅਤੇ ਹੋਰ ਵੀ ਕਲਾਮ ਪੇਸ਼ ਕਰਕੇ ਮਾਹੌਲ ਨੂੰ ਕਾਵਿਕ ਰੰਗ ਵਿਚ ਰੰਗਿਆ।
ਪ੍ਰਧਾਨ ਦਿਲਬੀਰ ਦਿਲ ਨਿੱਜਰ ਦੇ ਪਰਿਵਾਰ ਵਲੋਂ ਅਤੇ ਲਾਡੀ ਸੰਧੂ ਅਤੇ ਬੇਬੀ ਸੰਧੂ ਪਰਿਵਾਰ ਵਲੋਂ ਪਹੁੰਚੇ ਹੋਏ ਸਾਹਿਤਕਾਰਾਂ ਦੇ ਚਾਹ-ਪਾਣੀ ਅਤੇ ਖਾਣੇ ਨਾਲ ਸੇਵਾ ਕੀਤੀ ਗਈ, ਜਿਸ ਦਾ ਕਿ ਪੰਜਾਬੀ ਸਾਹਿਤ ਸਭਾ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ। ਸਰੋਤਿਆਂ ਵਿਚ ਜੌਹਨ ਬੰਗਾ, ਨਿਰਮਲ ਸਿੰਘ, ਹਰਜਿੰਦਰ ਪੰਧੇਰ, ਹਰਨੇਕ ਸਿੰਘ, ਸੰਘਾ ਪਰਿਵਾਰ, ਸੰਨੀ ਪਰਿਵਾਰ, ਰਮਨਦੀਪ, ਬਲਵਿੰਦਰ, ਸੁਖਪ੍ਰੀਤ, ਹਰਜਿੰਦਰ ਸਿੰਘ, ਰਸ਼ਮੀ ਸੈਣੀ, ਪਰਮਜੀਤ, ਭੁਪਿੰਦਰ ਅਤੇ ਰਮਨ ਨੇ ਪਹੁੰਚ ਕੇ ਸਭਾ ਦੀ ਰੌਣਕ ਵਧਾਈ।
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵਲੋਂ ਇਹ ਕਾਨਫਰੰਸ 9 ਮਈ ਦਿਨ ਸਨਿੱਚਰਵਾਰ ਨੂੰ ਕਰਵਾਈ ਜਾ ਰਹੀ ਹੈ, ਜਿਸ ਵਿਚ ਸਮੂਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਕਾਨਫਰੰਸ ਜਾਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਸਬੰਧੀ ਜਾਣਕਾਰੀ ਲਈ ਦਿਲ ਨਿੱਜਰ (ਫੋਨ ਨੰਬਰ 916-628-2210) ਜਾਂ ਇੰਦਰਜੀਤ ਗਰੇਵਾਲ (ਫੋਨ ਨੰਬਰ 916-248-1535) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
The post ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਸਲਾਨਾ ਕਾਨਫਰੰਸ 9 ਮਈ ਨੂੰ appeared first on Quomantry Amritsar Times.