ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਯੂਬਾ ਸਿਟੀ ‘ਚ ਜੋਰ ਸ਼ੋਰ ਨਾਲ ਚੱਲ ਰਹੀ ਹੈ ਸ਼ੂਟਿੰਗ
ਯੂਬਾ ਸਿਟੀ /ਹੁਸਨ ਲੜੋਆ ਬੰਗਾ :
ਕੈਲੀਫੋਰਨੀਆ ਦੇ ਯੂਬਾ ਸਿਟੀ ਸ਼ਹਿਰ ਵਿਚ ਪੰਜਾਬੀ ਫਿਲਮ ‘ਧੀਆਂ ਮਰਜਾਣੀਆਂ’ ਦੀ ਹੋ ਰਹੀ ਸ਼ੂਟਿੰਗ ਦੌਰਾਨ ਪ੍ਰੈਸ ਕਾਨਫਰੰਸ ਵਿਚ ਫਿਲਮ ਦੇ ਡਾਇਰੈਟਰ ਤੇ ਪ੍ਰੋਡਿਊਸਰ ਤੇ ਹੋਰ ਕਲਾਕਾਰਾਂ ਨੇ ਦਸਿਆ ਕਿ ਇਹ ਫਿਲਮ ਹੌਲੀਵੁਡ ਪੱਧਰ ਦੀ ਹੋਵੇਗੀ ਕਿਉਂਕਿ ਉਹ ਇਸ ਫਿਲਮ ਵਿਚ ਉਸ ਸਾਰੇ ਕਰੂ ਨੂੰ ਵਰਤ ਰਹੇ ਹਨ ਜੋ ਹੌਲੀਵੁਡ ਮੂਵੀ ਵਾਲੇ ਵਰਤਦੇ ਹਨ।
‘ਇੰਡੋ ਅਮਰੀਕਨ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣ ਰਹੀ ਫਿਲਮ ਦੇ ਪ੍ਰੋਡਊਸਰ ਰੇਅ ਵਾਲੀਆ, ਡਾਇਰੈਕਟਰ ਅਸ਼ੋਕ ਤਾਂਗੜੀ ਅਤੇ ਕੋ ਡਾਇਰੈਕਟਰ ਰਤੇਸ਼ ਰੈਡੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਫਿਲਮ ਵਿਚ ਜਿਥੇ ਬੇਟੀ ਮਾਰੂ ਸਮਾਜ ਤੇ ਚੋਟ ਹੋਵੇਗੀ, ਨਾਲ ਨਾਲ ਵਿਅੰਗਮਈ ਢੰਗ ਨਾਲ ਕਮੇਡੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਡਾਇਰੈਕਟਰ ਰੇਅ ਵਾਲੀਆ ਨੇ ਕਿਹਾ ਕਿ ਸਾਡਾ ਮਕਸਦ ਸਮਾਜ ਵਿਚੋਂ ਚਾਹੇ ਉਹ ਕਿਸੇ ਵੀ ਮਜ਼੍ਹਬ ਦਾ ਸਮਾਜ ਜਾਂ ਕਿਸੇ ਵੀ ਦੇਸ਼ ਦਾ ਸਮਾਜਿਕ ਪ੍ਰਬੰਧ ਹੋਵੇ ਜਿਥੇ ਵੀ ਧੀ ਬੇਟੀ ਨੂੰ ਘਿਰਣਾ ਨਾਲ ਦੇਖਿਆ ਗਿਆ ਹੈ ਉਥੇ ਇਹ ਫਿਲਮ ਉਸ ਸਿਸਟਮ ਵਿਚ ਤੇ ਉਥੋਂ ਦੇ ਲੋਕਾਂ ਵਿਚ ਬਦਲਾਓ ਦਾ ਧੁਰਾ ਹੋਵੇਗੀ। ਇਸ ਨੂੰ ਪੰਜਾਬ ਵਿਚ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਮੌਕੇ ਸ਼ਾਮਿਲ ਹਰਜੀਤ ਉੱਪਲ ਯੂਬਾ ਸਿਟੀ ਪ੍ਰੋਡਕਸ਼ਨ ਮੈਨੇਜਰ ਨੇ ਦਸਿਆ ਕਿ ਇਹ ਫਿਲਮ ਭਰੂਣ ਹੱਤਿਆ ਦੇ ਖਿਲਾਫ਼ ਡੱਟ ਕੇ ਸੁਨੇਹਾ ਦੇਵੇਗੀ ਜਿਸ ਦੀ ਬਿਮਾਰੀ ਸਾਡੇ ਸਮਾਜ ਵਿਚ ਗੰਭੀਰ ਰੂਪ ਧਾਰਨ ਕਰ ਗਈ ਹੈ। ਇਸ ਮੌਕੇ ਉੱਪਲ ਨੇ ਇਸ ਫਿਲਮ ਦੇ ਯੂਨਿਟ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਪ੍ਰੈਸ ਕਾਨਫਰੰਸ ਵਿਚ ਸ਼ਾਮਿਲ ਡਾ. ਜਸਬੀਰ ਸਿੰਘ ਕੰਗ ਇੰਡੋ ਅਮਰੀਕਨ ਹੇਰੀਟੇਜ ਸੋਸਾਇਟੀ ਯੂਬਾ ਸਿਟੀ, ਸਤਨਾਮ ਸਿੰਘ ਟਾਟਲਾ ਪ੍ਰਧਾਨ ਇੰਡੋ ਅਮਰੀਕਨ ਹੇਰੀਟੇਜ ਸੋਸਾਇਟੀ, ਕੁਲਵਿੰਦਰ ਵਾਲੀਆ, ਸਿਮਰਨ ਸੰਘਾ ਕਲਾਕਾਰ, ਡਿੰਪਲ ਬੈਂਸ ਅਤੇ ਤਾਰਾ ਸਾਗਰ ਨੇ ਵੀ ਫਿਲਮ ਦੀ ਪ੍ਰੋਡਕਸ਼ਨ ਪ੍ਰਤੀ ਆਪਣੇ ਆਪਣੇ ਵਿਚਾਰ ਰੱਖੇ। ਪ੍ਰੈਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਫਿਲਮ ‘ਧੀਆਂ ਮਰਜਾਣੀਆਂ’ ਜਿਥੇ ਅਮਰੀਕਾ ਕੇਨੈਡਾ ਦੇ ਵੱਡੇ ਸਿਨੇਮਾ ਹਾਲਾਂ ਵਿਚ ਚੱਲੇਗੀ ਉਥੇ ਇੰਡੀਆ ਤੇ ਪਾਕਿਸਤਾਨ ਵਿਚ ਵੀ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਯੋਜਨਾ ਹੈ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਯੂਬਾ ਸਿਟੀ ‘ਚ ਚਲ ਰਹੀ ਹੈ।
The post ‘ਧੀਆਂ ਮਰਜਾਣੀਆਂ’ ਫਿਲਮ ਵਿਸ਼ਵ ਭਰ ‘ਚ ਰਿਲੀਜ਼ ਕੀਤੀ ਜਾਵੇਗੀ appeared first on Quomantry Amritsar Times.