ਚੰਡੀਗੜ੍ਹ/ ਬਿਊਰ ਨਿਊਜ਼
1980 ਵਿਆਂ ਵਿਚ ਸਿੱਖ ਖਾੜਕੂਵਾਦ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਦਿਨਾਂ ਉਪਰ ਬਣੀ ਪੰਜਾਬੀ ਫਿਲਮ ‘ਚੌਥੀ ਕੂਟ’ ਅਗਲੇ ਮਹੀਨੇ ਫਰਾਂਸ ਵਿਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਹੈ। ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਚੌਥੀ ਕੂਟ’ ਉਪਰ ਅਧਾਰਿਤ ਇਹ ਫਿਲਮ ਪੁਰਸਕਾਰ ਜੇਤੂ ਡਾਇਰੈਕਟਰ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਹੈ। ਇਹ ਪਹਿਲੀ ਪੰਜਾਬੀ ਫਿਲਮ ਹੈ ਜੋ ਇਸ ਮੇਲੇ ਲਈ ਚੁਣੀ ਗਈ ਹੈ। ਇਸ ਫਿਲਮ ਦੇ ਇਸ ਸਾਲ ਦੇ ਅਖੀਰ ਤੱਕ ਭਾਰਤ ਵਿਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।
ਇਸ ਫਿਲਮ ਦੀ ਸੂਪਿਛਲੇ ਸਾਲ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਹੋਈ ਹੈ। ਇਸ ਵਿਚ ਵਰਿਆਮ ਸੰਧੂ ਦੀ ਇਕ ਹੋਰ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਵਿਚੋਂ ਵੀ ਕੁਝ ਹਿੱਸੇ ਲਏ ਗਏ ਹਨ। ਫਿਲਮ ਵਿਚ 1980 ਵਿਆਂ ਵਿਚਲੇ ਪੰਜਾਬ ਦੇ ਡਰ ਅਤੇ ਅਸੁਰਖਿਆ ਵਾਲੇ ਮਾਹੌਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕਾਨ ਉਤਸਵ ਦੇ ਐਲਾਨ ਅਨੁਸਾਰ ਇਹ ਫਿਲਮ ਉਤਸਵ ਦੇ ਅਨ ਸਰਟਨ ਰੀਗਾਰਡ ਸੈਕਸ਼ਨ ਵਿਚ ਵਿਖਾਈ ਜਾਵੇਗੀ। ਇਸ ਸੈਕਸ਼ਨ ਵਿਚ ਉਭਰਦੇ ਅਤੇ ਸਥਾਪਤ ਨਿਰਦੇਸ਼ਕਾਂ ਦੀਆਂ ਫਿਲਮਾਂ ਦੀ ਪੇਸ਼ਕਾਰੀ ਹੁੰਦੀ ਹੈ।
ਵਰਿਆਮ ਸੰਧੂ ਨੇ ਇਸ ਫਿਲਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਹਿਤਕ ਰਚਵਾਨਾਂ ਉਪਰ ਫਿਲਮਾਂ ਬਣਾਉਣ ਦਾ ਰੁਝਾਨ ਬਹੁਤ ਘੱਟ ਹੈ। ਸਾਹਿਤਕ ਰਚਨਾਵਾਂ ਉਪਰ ਫਿਲਮਾਂ ਬਣਾਉਣ ਦੇ ਵਿਚਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਸਾਹਿਤਕ ਰਚਨਾਵਾਂ ਫਾਰਮੂਲਾ ਫਿਲਮਾਂ ਨਾਲੋਂ ਆਮ ਜੀਵਨ ਦੇ ਬਹੁਤ ਨੇੜੇ ਹੁੰਦੀਆਂ ਹਨ। ਵਰਿਆਮ ਸੰਧੂ ਜੋ ਤਰਨਤਾਰਨ ਜ਼ਿਲ੍ਹੇ ਦੇ ਸੁਰ ਸਿੰਘ ਵਾਲਾ ਪਿੰਡ ਨਾਲ ਸਬੰਧਤ ਹਨ, ਲਾਇਲਪੁਰ ਖਾਲਸਾ ਕਾਲਿਜ ਜਲੰਧਰ ਤੋਂ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਹਨ। ਉਨ੍ਹਾਂ ਨੇ ਅਜੇ ਇਹ ਫਿਲਮ ਨਹੀਂ ਵੇਖੀ।
ਡਾਇਰੈਕਟਰ ਗੁਰਵਿੰਦਰ ਸਿੰਘ ਜੋ ਦਿੱਲੀ ਨਾਲ ਸਬੰਧਤ ਹੈ, ਨੇ ਦਸਿਆ ਕਿ ਜਿਹੜੇ ਸੈਕਸ਼ਨ ਲਈ ਉਨ੍ਹਾਂ ਦੀ ਫਿਲਮ ਚੁਣੀ ਗਈ ਹੈ ਇਹ ਕਾਨ ਫਿਲਮ ਉਤਸਵ ਦਾ ਇਕ ਮਜ਼ਬੂਤ ਸੈਕਸ਼ਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਹਿਸੂਸ ਕਰਦਾ ਹੈ ਕਿ ਇਹ ਫਿਲਮ, ‘ਅੰਨ੍ਹੇ ਘੋੜੇ ਦਾ ਦਾਨ’ ਦੀ ਨਿਰੰਤਰਤਾ ਕਾਇਮ ਰੱਖੇਗੀ ਪਰ ਇਸ ਫਿਲਮ ਦਾ ਆਪਣਾ ਹੀ ਸੁਰਤਾਲ ਹੈ ਅਤੇ ਇਕ ਵੱਖਰਾ ਕਥਨ ਹੈ। ਮੈਂ ਚੀਜ਼ਾਂ ਨੂੰ ਦੁਹਰਾਉਣ ਵਿਚ ਵਿਸ਼ਵਾਸ ਨਹੀਂ ਰਖਦਾ।
ਗੁਰਵਿੰਦਰ ਸਿੰਘ ਵੱਲੋਂ 2012 ‘ਚ ਬਣਾਈ ਗਈ ਪੰਜਾਬੀ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿਚ ਗੋਲਡਨ ਪੀਕਾਕ ਪੁਰਸਕਾਰ ਮਿਲਿਆ ਸੀ। ਇਹ ਫਿਲਮ ਗੁਰਦਿਆਲ ਸਿੰਘ ਦੇ ਨਾਵਲ ‘ਤੇ ਅਧਾਰਿਤ ਹੈ।
The post ਪੰਜਾਬੀ ਫਿਲਮ ‘ਚੌਥੀ ਕੂਟ’ ਦੀ ਕਾਨ ਮੇਲੇ ਲਈ ਚੋਣ appeared first on Quomantry Amritsar Times.