Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਇਤਰਾਜ਼ ਦੂਰ ਕਰਨ ਤੋਂ ਬਾਅਦ ਹੀ ‘ਨਾਨਕ ਸ਼ਾਹ ਫਕੀਰ’ਰਿਲੀਜ਼ ਹੋਵੇ

$
0
0

Nanak Shah Fakir
ਅੰਮ੍ਰਿਤਸਰ/ਬਿਊਰੋ ਨਿਊਜ਼-
ਫਿਲਮ ‘ਨਾਨਕਸ਼ਾਹ ਫਕੀਰ’ ਨੂੰ ਅਕਾਲ ਤਖ਼ਤ ਤੋਂ ਪ੍ਰਵਾਨਗੀ ਮਿਲੇ ਹੋਣ ਸਬੰਧੀ ਭੰਬਲਭੂਸੇ ਨੂੰ ਸਪੱਸ਼ਟ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਇਸ ਫਿਲਮ ਨੂੰ ਅਜੇ ਤੱਕ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ ਅਤੇ ਜੇਕਰ ਫਿਲਮ ਵਿਚ ਕੋਈ ਇਤਰਾਜ਼ਯੋਗ ਦ੍ਰਿਸ਼ ਹਨ ਤਾਂ ਇਹ ਦ੍ਰਿਸ਼ ਹਟਾਏ ਜਾਣੇ ਚਾਹੀਦੇ ਹਨ। ਇਹ ਫਿਲਮ ਅਪਰੈਲ ਮਹੀਨੇ ਵਿਚ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿਚਲੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।
ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਫਿਲਮ ਵਿਚ ਗੁਰੂ ਸਾਹਿਬ ਦਾ ਕਿਰਦਾਰ ਇਕ ਵਿਅਕਤੀ ਵਲੋਂ ਕੀਤਾ ਗਿਆ ਹੈ, ਜੋ ਕਿ ਨਾ ਸਹਿਣਯੋਗ ਕਾਰਵਾਈ ਹੈ। ਦੂਜੇ ਪਾਸੇ ਫਿਲਮ ਦੇ ਪ੍ਰਬੰਧਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ਦੀ ਪ੍ਰਵਾਨਗੀ ਸਬੰਧੀ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਪ੍ਰਵਾਨਗੀ ਪੱਤਰ ਪ੍ਰਾਪਤ ਕੀਤਾ ਹੋਇਆ ਹੈ।
ਸਿੱਖ ਜਥੇਬੰਦੀਆਂ ਨੇ ਇਸ ਫਿਲਮ ‘ਤੇ ਰੋਕ ਲਾਉਣ ਲਈ ਸੈਂਸਰ ਬੋਰਡ ਦੇ ਮੁਖੀ ਸ੍ਰੀ ਪਹਿਲਾਜ ਨਹਿਲਾਨੀ ਕੋਲ ਵੀ ਪਹੁੰਚ ਕੀਤੀ ਹੈ।    ਇਸ ਫਿਲਮ ਦੇ ਵਿਵਾਦ ਬਾਰੇ ਗੱਲ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਵਲੋਂ ਫਿਲਮ ਦੇ ਪ੍ਰਬੰਧਕਾਂ ਨੂੰ ਕੋਈ ਪ੍ਰਵਾਨਗੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ ਸਗੋਂ ਸਿਰਫ ਉਸ ਨੂੰ ਫਿਲਮ ਦੀ ਸ਼ੁਰੂਆਤ ਸਮੇਂ ਸ਼ੁਭਕਾਮਨਾਵਾਂ ਦਿਤੀਆਂ ਗਈਆਂ ਸਨ, ਜੋ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਸੀ। ਉਨ੍ਹਾਂ ਆਖਿਆ ਕਿ ਜੇਕਰ ਫਿਲਮ ਦੇ ਦ੍ਰਿਸ਼ਾਂ ਬਾਰੇ ਸੰਗਤਾਂ ਵਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਤਾਂ ਇਹ ਦ੍ਰਿਸ਼ ਕੱਟ ਕੇ ਹੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਫਿਲਮ ਜਾਰੀ ਹੋਣ ਤੋਂ ਪਹਿਲਾਂ ਇਤਰਾਜ਼ ਦੂਰ ਕੀਤੇ ਜਾਣੇ ਜ਼ਰੂਰੀ ਹਨ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਵੀ ਫਿਲਮ ‘ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ। ਕਮੇਟੀ ਦੇ ਬੁਲਾਰੇ ਨੇ ਆਖਿਆ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਫਿਲਮ ਹੋਵੇ, ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਜ਼ਰੂਰੀ ਹੈ। ਜੇਕਰ ਪ੍ਰਵਾਨਗੀ ਲੈ ਲਈ ਜਾਵੇ ਤਾਂ ਫਿਰ ਕੋਈ ਵਿਵਾਦ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਫਿਲਮ ਨੂੰ ਹੁਣ ਤੱਕ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।
ਇਥੇ ਦੱਸਣਯੋਗ ਹੈ ਕਿ ਹਾਲ ਹੀ ਵਿਚ ਸਫਲ ਸਾਬਤ ਹੋਈ ਐਨੀਮੇਟਿਡ ਫਿਲਮ ‘ਚਾਰ ਸਾਹਿਬਜ਼ਾਦਿਆਂ’ ਤੋਂ ਬਾਅਦ ਸਿੱਖ ਧਰਮ ਨਾਲ ਸਬੰਧਤ ਕਈ ਫਿਲਮਾਂ ਬਣ ਰਹੀਆਂ ਹਨ।  ਸਿੱਖ ਧਰਮ ਦੇ ਫਲਸਫੇ ਮੁਤਾਬਕ ਸਿੱਖ ਗੁਰੂਆਂ ਦੇ ਕਿਰਦਾਰ ਵਿਚ ਕਿਸੇ ਵਿਅਕਤੀ ਨੂੰ ਦਿਖਾਉਣਾ ਜਾਇਜ਼ ਨਹੀਂ ਹੈ। ਇਸੇ ਲਈ ਪਹਿਲਾਂ ਵੀ ਅਜਿਹੀਆਂ ਕੁਝ ਫਿਲਮਾਂ ਦਾ ਸਖ਼ਤ ਵਿਰੋਧ ਹੋ ਚੁੱਕਾ ਹੈ
ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਕਿ ਮਹਾਰਾਸ਼ਟਰ ਸਰਕਾਰ ਨੂੰ ਸਿੱਖ ਗੁਰਧਾਮਾਂ ਦੇ ਪ੍ਰਬੰਧ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ।ਸੰਗਤ ਵਲੋਂ ਚੁਣੇ ਗਏ ਨੁਮਾਇੰਦੇ ਹੀ ਪ੍ਰਬੰਧਕ ਬਣ ਸਕਦੇ ਹਨ।ਮਹਾਂਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਪ੍ਰਬੰਧਕ ਬੋਰਡ ਦਾ ਮੁੱਖ ਪ੍ਰਬੰਧਕ ਭਾਜਪਾ ਨਾਲ ਸਬੰਧਤ ਇਕ ਸਿੱਖ ਵਿਧਾਇਕ ਨੂੰ ਥਾਪਿਆ ਜਾ ਰਿਹਾ ਹੈ ਜਿਸ ਦਾ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੀ ਇਸ ਨਿਯੁਕਤੀ ਦਾ ਵਿਰੋਧ ਕਰ ਚੁੱਕੇ ਹਨ ਅਤੇ ਉਨ੍ਹਾਂ ਆਖਿਆ ਕਿ ਇਹ ਵਿਧਾਇਕ ਨਾ ਤਾਂ ਅੰਮ੍ਰਿਤਧਾਰੀ ਹੈ ਅਤੇ ਉਂਜ ਵੀ ਉਸ ਖਿਲਾਫ ਕਈ ਮਾਮਲੇ ਦਰਜ ਹਨ।

ਟਾਇਟਲਰ ਨੂੰ ਕਲੀਨ ਚਿੱਟ ਬਾਰੇ ਟਿੱਪਣੀ ਕਰਨ ਤੋਂ ਇਨਕਾਰ
ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਸਿੱਖ ਕਤਲੇਆਮ ਦੇ ਮਾਮਲੇ ਵਿਚ ਸੀਬੀਆਈ ਵਲੋਂ ਕਲੀਨ ਚਿੱਟ ਦਿੱਤੇ ਜਾਣ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਸ ਬਾਰੇ ਉਨ੍ਹਾਂ ਨੂੰ ਵਧੇਰੇ ਜਾਣਕਾਰੀ ਨਹੀਂ ਹੈ। ਇਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਖਿਲਾਫ ਪੁਲੀਸ ਕੋਲ ਦਰਜ ਕੇਸ ਬਾਰੇ ਵੀ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

The post ਇਤਰਾਜ਼ ਦੂਰ ਕਰਨ ਤੋਂ ਬਾਅਦ ਹੀ ‘ਨਾਨਕ ਸ਼ਾਹ ਫਕੀਰ’ ਰਿਲੀਜ਼ ਹੋਵੇ appeared first on Quomantry Amritsar Times.


Viewing all articles
Browse latest Browse all 342