ਨਵੀਂ ਦਿੱਲੀ/ਬਿਊਰੋ ਨਿਊਜ਼-
ਅਦਾਕਾਰ ਫਿਲਮਕਾਰ ਸ਼ਸ਼ੀ ਕਪੂਰ ਨੂੰ ਸੋਮਵਾਰ ਨੂੰ ਮਾਣਮੱਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿੱਚ ਫਿਲਮੀ ਹਸਤੀਆਂ ਲਈ ਇਹ ਸਭ ਤੋਂ ਵੱਡਾ ਮਾਣ-ਸਨਮਾਨ ਹੈ। 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਸ਼ਸ਼ੀ ਕਪੂਰ ਦੀਆਂ ‘ਨਮਕ ਹਲਾਲ’, ‘ਦੀਵਾਰ’ ਤੇ ‘ਕਭੀ ਕਭੀ’ ਵਿੱਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਸਦਕਾ ਉਹ ਕਿਸੇ ਸਮੇਂ ਲੋਕ ਮਨ ਵਿੱਚ ਵਸਦੇ ਰਹੇ ਹਨ।
ਗੁਰਦਾ ਰੋਗਾਂ ਕਾਰਨ ਬੀਮਾਰ ਚਲੇ ਆ ਰਹੇ 77 ਸਾਲਾ ਸ਼ਸ਼ੀ ਕਪੂਰ ਇਸ ਵੇਲੇ ਵ੍ਹੀਲਚੇਅਰ ‘ਤੇ ਹਨ ਤੇ ਆਪਣੇ ਪਰਿਵਾਰ ‘ਚੋਂ ਇਹ ਸਨਮਾਨ ਹਾਸਲ ਕਰਨ ਵਾਲੇ ਤੀਸਰੇ ਜੀਅ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਪ੍ਰਿਥਵੀ ਰਾਜ ਕਪੂਰ ਤੇ ਵੱਡੇ ਭਰਾ ਰਾਜ ਕਪੂਰ ਨੂੰ ਵੀ ਇਹ ਸਨਮਾਨ ਹਾਸਲ ਹੋ ਚੁੱਕਿਆ ਹੈ। ਇਕ ਸਰਕਾਰੀ ਐਲਾਨ ਅਨੁਸਾਰ ਇਸ ਪੁਰਸਕਾਰ ਵਿੱਚ ਸਵਰਨ ਕਮਲ, 10 ਲੱਖ ਰੁਪਏ ਦੀ ਨਕਦੀ ਤੇ ਇਕ ਸ਼ਾਲ ਹੁੰਦਾ ਹੈ। ਸਰਕਾਰ ਵੱਲੋਂ ਨਾਮਵਰ ਹਸਤੀਆਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਇਸ ਪੁਰਸਕਾਰ ਲਈ ਚੋਣ ਕੀਤੀ ਜਾਂਦੀ ਹੈ। 1938 ‘ਚ ਜਨਮੇ ਸ਼ਸ਼ੀ ਕਪੂਰ 1940ਵਿਆਂ ‘ਚ ਫਿਲਮਾਂ ‘ਚ ਬਾਲ ਕਲਾਕਾਰ ਵਜੋਂ ਆਉਂਦੇ ਰਹੇ ਸਨ ਤੇ ਇਸ ਤੋਂ ਪਹਿਲਾਂ ਆਪਣੇ ਪਿਤਾ ਦੇ ਨਿਰਦੇਸ਼ਤ ਨਾਟਕਾਂ ‘ਚ ਭੂਮਿਕਾਵਾਂ ਨਿਭਾਉਂਦੇ ਰਹੇ ਹਨ। 1961 ‘ਚ ਧਰਮਪੁੱਤਰ ਰਾਹੀਂ ਮੁੱਖ ਭੂਮਿਕਾਵਾਂ ‘ਚ ਆਏ ਸ਼ਸ਼ੀ ਨੇ ਮਗਰੋਂ 60ਵਿਆਂ, 70ਵਿਆਂ ਤੇ ਅੱਧ ਅੱਸੀਵਿਆਂ ਤੱਕ 116 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ਕਈ ਕੌਮਾਂਤਰੀ ਫਿਲਮਾਂ ‘ਚ ਵੀ ਕੰਮ ਕੀਤਾ ਸੀ।
The post ਸ਼ਸ਼ੀ ਕਪੂਰ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ appeared first on Quomantry Amritsar Times.