ਲੁਧਿਆਣਾ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਦੀਆਂ ਬੜੀਆਂ ਮੁੱਲਵਾਨ ਪੁਸਤਕਾਂ ਨੂੰ ਮੁੜ ਪ੍ਰਕਾਸ਼ਿਤ ਕਰਨ ਦੀ ਯੋਜਨਾ ਅਧੀਨ ਤਿੰਨ ਪੁਸਤਕਾਂ ‘ਜਪੁਜੀ ਦਾ ਵਿਸ਼ਾ ਤੇ ਰੂਪ’ (ਲੇਖਕ ਡਾ. ਰਾਮ ਸਿੰਘ), ‘ਵਾਰ ਹਕੀਕਤ ਰਾਏ (ਸੰਪਾਦਕ ਪ੍ਰੋ. ਤੇਜ ਕੌਰ ਦਰਦੀ) ਅਤੇ ‘ਰਾਤ ਕੁਲਹਿਰੀ’ (ਸੰਪਾਦਕ ਸ. ਹਰਭਜਨ ਸਿੰਘ ਹੁੰਦਲ) ਪ੍ਰਕਾਸ਼ਿਤ ਕਰਵਾਈਆਂ ਗਈਆਂ। ਇਨ੍ਹਾਂ ਵਿਚੋਂ ‘ਜਪੁਜੀ ਦਾ ਵਿਸ਼ਾ ਤੇ ਰੂਪ’ ਪੁਸਤਕ ਅਕਾਦਮਿਕ ਅਤੇ ਧਾਰਮਿਕ ਵਿਆਖਿਆ ਦੇ ਹਲਕਿਆਂ ਵਿਚ ਗਹਿਰੀ ਥਾਂ ਰੱਖਦੀ ਹੈ। ਬੀਤੇ ਦਿਨ ਇਸ ਨੂੰ ਅਕਾਡਮੀ ਦੇ ਪ੍ਰਮੁੱਖ ਅਹੁਦੇਦਾਰਾਂ ਵਲੋਂ ਪੰਜਾਬੀ ਭਵਨ ਵਿਖੇ ਲੋਕ ਅਰਪਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਬੋਲਦਿਆਂ ਕਿਹਾ ਕਿ ਡਾ. ਰਾਮ ਸਿੰਘ ਹੋਰਾਂ ਦਾ ਬਾਣੀ ਚਿੰਤਕ ਵਜੋਂ ਰੁਤਬਾ ਬੇਜੋੜ ਹੈ। ਅਧਿਆਤਮਵਾਦੀ ਦ੍ਰਿਸ਼ਟੀ ਤੇ ਸਿੱਖ ਸੰਸਕਾਰਾਂ ਕਰਕੇ ਗੁਰਬਾਣੀ ਨਾਲ ਉਨ੍ਹਾਂ ਦਾ ਰਿਸ਼ਤਾ ਆਸਥਵਾਨ ਜਗਿਆਸੂ ਵਾਲਾ ਹੈ। ਕਮਾਲ ਇਹ ਹੈ ਕਿ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਉਨ੍ਹਾਂ ਦੀ ਆਸਥਾ ਤੇ ਅਨਿਨ ਸ਼ਰਧਾ ਉਨ੍ਹਾਂ ਅੰਦਰਲੇ ਤਾਰਕਿਕ ਜਗਿਆਸੂ ਦੇ ਰਾਹ ਦਾ ਰੋੜਾ ਕਦੇ ਨਾ ਬਣੇ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦਸਿਆ ਕਿ ਇਸ ਪੁਸਤਕ ਨੂੰ ਮੁੜ ਪ੍ਰਕਸ਼ਿਤ ਕਰਨ ਦਾ ਮਨੋਰਥ ਡਾ. ਰਾਮ ਸਿੰਘ ਦੇ ਸੱਚੇ ਸੁੱਚੇ ਉਦੇਸ਼ ਸਿੱਖ ਵਿਰਸੇ ਦੇ ਉਦਾਰਵਾਦੀ, ਮਾਨਵੀ, ਉਸਾਰੂ, ਸਾਰਥਿਕ ਅਤੇ ਕ੍ਰਾਂਤੀਕਾਤੀ ਸਾਰ ਨੂੰ ਸਪੱਸ਼ਟ ਕਰਕੇ ਨਵੀਂ ਪੀੜ੍ਹੀ ਨੂੰ ਉਸ ਦੇ ਨਾਲ ਲਾਉਣਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਡਾ. ਸ. ਸ. ਜੌਹਲ ਨੇ ਇਸ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਮਾਜ ਵਿਚ ਨੈਤਿਕ ਮੁੱਲਾਂ ਨੂੰ ਹੋਰ ਨਵੇਂ ਤਰੀਕੇ ਨਾਲ ਬਣਾਈ ਰੱਖਣ ਵਿਚ ਬੜੀਆਂ ਸਾਰਥਿਕ ਹੁੰਦੀਆਂ ਹਨ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਪੁਸਤਕ ਨੂੰ ਜੀ ਆਇਆਂ ਆਖਦਿਆਂ ਇਸ ਦੀ ਸਦੀਵਕਾਲੀ ਮਹੱਤਤਾ ਅਤੇ ਵਿਰਾਸਤ ਦੀ ਸੰਖੇਪ ਚਰਚਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਮੀਤ ਪ੍ਰਧਾਨ ਸੁਰਿੰਦਰ ਕੈਲੇ, ਸਕੱਤਰ ਸੁਰਿੰਦਰ ਰਾਮਪੁਰੀ ਅਤੇ ਡਾ.ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਇੰਦਰਜੀਤਪਾਲ ਕੌਰ ਅਤੇ ਮਿੱਤਰ ਸੈਨ ਮੀਤ ਨੇ ਚਰਚਾ ਵਿਚ ਭਾਗ ਲਿਆ।
‘ਜਪੁਜੀ ਦਾ ਵਿਸ਼ਾ ਤੇ ਰੂਪ’ਸਮੇਤ ਤਿੰਨ ਪੁਸਤਕਾਂ ਲੋਕ ਅਰਪਣ
ਮਿਸ ਪੂਜਾ ਈ.ਡੀ. ਦੇ ਅਧਿਕਾਰੀਆਂ ਅੱਗੇ ਹੋਈ ਪੇਸ਼
ਜਲੰਧਰ/ਬਿਊਰੋ ਨਿਊਜ਼- ਵਿਦੇਸ਼ਾਂ ‘ਚੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਲਿਆਉਣ ਦੇ ਮਾਮਲੇ ‘ਚ ਗਾਇਕਾ ਮਿਸ ਪੂਜਾ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਅੱਗੇ ਪੇਸ਼ ਹੋਈ। ਈ.ਡੀ. ਦੇ ਅਧਿਕਾਰੀਆਂ ਨੇ ਮਿਸ ਪੂਜਾ ਤੋਂ ਲਗਾਤਾਰ ਛੇ ਘੰਟੇ ਪੁੱਛਗਿਛ ਕੀਤੀ। ਜਦੋਂ ਗਾਇਕਾ 12:30 ਵਜੇ ਦੇ ਕਰੀਬ ਈ.ਡੀ. ਦੇ ਦਫ਼ਤਰ ਪੇਸ਼ ਹੋਈ ਤਾਂ ਉਸ ਕੋਲ ਕਾਫੀ ਸਾਰੇ ਦਸਤਾਵੇਜ਼ ਸਨ। ਜ਼ਿਕਰਯੋਗ ਹੈ ਕਿ ਗਾਇਕਾ ਮਿਸ ਪੂਜਾ ਨੂੰ ਈ.ਡੀ. ਨੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਈ.ਡੀ. ਨੇ ਦੋਸ਼ ਲਾਇਆ ਸੀ ਕਿ ਗਾਇਕਾ ਨੇ ਵਿਦੇਸ਼ਾਂ ‘ਚ ਸਟੇਜ ਸ਼ੋਅ ਕਰ ਕੇ ਜਿਹੜੇ ਪੈਸੇ ਕਮਾਏ ਸਨ, ਟੈਕਸ ਬਚਾਉਣ ਖ਼ਾਤਰ ਉਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਹਵਾਲਾ ਰੈਕਟ ਰਾਹੀਂ ਪੈਸੇ ਇੱਧਰ ਲਿਆਂਦੇ ਸਨ। ਮਿਲੀ ਜਾਣਕਾਰੀ ਅਨੁਸਾਰ ਮਿਸ ਪੂਜਾ ਨੇ ਸਾਰੇ ਦੋਸ਼ ਨਕਾਰਦਿਆਂ ਆਪਣਾ ਸਾਰਾ ਪੈਸਾ ਸਹੀ ਤਰੀਕੇ ਨਾਲ ਭਾਰਤ ਲਿਆਉਣ ਦਾ ਦਾਅਵਾ ਕਰਦਿਆਂ ਆਪਣੇ ਪੁਰਾਣੇ ਰਿਕਾਰਡ ਵੀ ਈ.ਡੀ. ਅੱਗੇ ਪੇਸ਼ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ‘ਚ ਵਿਦੇਸ਼ਾਂ ‘ਚ ਸਟੇਜ ਸ਼ੋਅ ਕਰਨ ਵਾਲੇ ਕਈ ਹੋਰ ਕਲਾਕਾਰ ਵੀ ਈ.ਡੀ. ਅੱਗੇ ਪੇਸ਼ ਹੋ ਚੁੱਕੇ ਹਨ। ਇਨ੍ਹਾਂ ‘ਚ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਤੇ ਕਈ ਫਿਲਮ ਨਿਰਮਾਤਾ ਤੇ ਪ੍ਰੋਡਕਸ਼ਨ ਕੰਪਨੀਆਂ ਦੇ ਮਾਲਕ ਵੀ ਸ਼ਾਮਲ ਸਨ। ਗਿੱਪੀ ਗਰੇਵਾਲ ਜਿੱਥੇ ਇਸੇ ਸਾਲ 22 ਅਪਰੈਲ ਤੇ 12 ਮਈ ਨੂੰ ਈ.ਡੀ. ਅੱਗੇ ਪੇਸ਼ ਹੋਇਆ ਸੀ, ਉੱਥੇ ਹੀ ਦਿਲਜੀਤ ਦੁਸਾਂਝ 12 ਅਪਰੈਲ ਨੂੰ ਈ.ਡੀ. ਅੱਗੇ ਪੇਸ਼ ਹੋਇਆ ਸੀ।
ਹਾਲੀਵੁੱਡ ਐਕਟਰ ਟਾਇਲਰ ਐਤਕਿਨ ਬਣਿਆ ਤੇਰਾ ਸਿੰਘ
ਹਾਲੀਵੁੱਡ/ਬਿਊਰੋ ਨਿਊਜ਼:
ਹਾਲੀਵੁੱਡ ਐਕਟਰ, ਡਿਜ਼ਾਈਨਰ ਮਾਡਲ ਅਤੇ ਯੋਗਾ ਅਧਿਆਤਮਕ ਟਾਇਲਰ ਐਤਕਿਨ ਨੇ ਸਿੱਖ ਮੱਤ ਧਾਰਨ ਕਰ ਲਿਆ ਹੈ ਅਤੇ ਉਹ ਸਿੱਖੀ ਸਰੂਪ ਧਾਰਨ ਕਰਕੇ ਤੇਰਾ ਸਿੰਘ ਬਣ ਗਿਆ ਹੈ। ਉਹ ਪਹਿਲਾਂ ਟੀਸ਼ਰਟ ਡਿਜ਼ਾਈਨਰ ਸੀ ਅਤੇ ਉਸ ਦੇ ਡਿਜ਼ਾਈਨ ਕੁੜੀਆਂ ਵਲੋਂ ਬਹੁਤ ਪਸੰਦ ਕੀਤੇ ਜਾਂਦੇ ਸਨ। ਹੁਣ ਉਹ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਉਸ ਨੇ ਕੇਸ ਦਾੜ੍ਹੀ ਰੱਖ ਲਏ ਹਨ ਅਤੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ।
ਤੇਰਾ ਸਿੰਘ ਹੁਣ ਸਿੱਖ ਮੱਤ ਅਨੁਸਾਰ ਸਹਿਜਯੋਗ ਕਰਦਾ ਹੈ। ਉਹ ਰੋਜ਼ਾਨਾ 2-3 ਘੰਟੇ ਪਾਠ ਕਰਦਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਤੁਹਾਡੀ ਬਹੁਤ ਰੱਖਿਆ ਕਰਦੀ ਹੈ। ਸਿਰ ਉਪਰ ਦਸਤਾਰ ਜਾਂ ਪੱਗ ਬੰਨ੍ਹਣ ਨਾਲ ਤੁਸੀਂ ਧਿਆਨ ਚੰਗੀ ਤਰ੍ਹਾਂ ਕੇਂਦਰਿਤ ਕਰ ਸਕਦੇ ਹੋ। ਤੇਰਾ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਪਤਾ ਹੈ ਕਿ ਪੱਗ ਬੰਨ੍ਹੀ ਵੇਖ ਕੇ ਮੈਨੂੰ ਬਹੁਤ ਸਾਰੇ ਲੋਕ ਓਪਰੀਆਂ ਨਜ਼ਰਾਂ ਨਾਲ ਵੇਖਦੇ ਹਨ ਪਰ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਹ ਹੁਣ ਕੋਈ ਨਸ਼ਾ ਜਾਂ ਸ਼ਰਾਬ ਵਗੈਰਾ ਦਾ ਸੇਵਨ ਨਹੀਂ ਕਰਦਾ ਅਤੇ ਪਰ-ਇਸਤਰੀ ਸਬੰਧਾਂ ਤੋਂ ਵੀ ਨਿਰਲੇਪ ਹੈ।
ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਸੁਭਿਆਚਾਰਕ ਮੇਲਾ 3 ਅਗਸਤ ਨੂੰ
ਪੰਜਾਬੀ ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ ਕਰੇਗਾ ਲੋਕਾਂ ਦਾ ਮਨੋਰੰਜਨ
ਫਰਿਜ਼ਨੋਂ (ਨੀਟਾ ਮਾਛੀਕੇ/ਕੁਲਵੰਤ ਧਾਲੀਆ):
ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ ਸੀ ਏ) ਵਲੋਂ ਅਪਣਾ ਸਾਲਾਨਾ ਸਭਿਆਚਾਰਕ ਮੇਲਾ 3 ਅਗਸਤ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਤਿਆਰੀਆਂ ਜੋਰ ਸ਼ੋਰ ਨਾਲ ਸ਼ੁਰੂ ਹਨ। ਇਸ ਵਾਰ ਸੰਸਥਾ ਨੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਇਸ ਮੇਲੇ ਵਿੱਚ ਸੱਦਾ ਦਿੱਤਾ ਹੈ ਤਾਂ ਜੋ ਜਿਹੜੇ ਲੋਕ ਆਮ ਸ਼ੋਆਂ ਵੇਲੇ ਮਹਿੰਗੀਆਂ ਟਿਕਟਾਂ ਨਹੀਂ ਖਰੀਦ ਸਕਦੇ ਜਾਂ ਸਾਡੇ ਬਜੁਰਗ ਆਪਣੇ ਮਹਿਬੂਬ ਕਲਾਕਾਰ ਨੂੰ ਕੁਝ ਕਾਰਨਾਂ ਕਰਕੇ ਨਹੀਂ ਵੇਖ ਸਕਦੇ ਉਹ ਸਾਰੇ ਪੀ ਸੀ ਏ ਦੇ ਇਸ ਮੇਲੇ ਦੌਰਾਨ ਗੁਰਦਾਸ ਮਾਨ ਨੂੰ ਸੁਣ ਸਕਣ।
ਪਹਿਲਾਂ ਇਹ ਮੇਲਾ ਹਰੇਕ ਸਾਲ ਮਈ ਮਹੀਨੇ ਦੌਰਾਨ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਲੋਕਾਂ ਦੀ ਸਹੂਲਤ ਨੂੰ ਮੁਖ ਰੱਖ ਕੇ ਅਤੇ ਗੁਰਦਾਸ ਮਾਨ ਦੇ ਸ਼ੋਆਂ ਦੇ ਟਾਇਮ ਟੇਬਲ ਮੁਤਾਬਿਕ 3 ਅਗਸਤ ਐਤਵਾਰ ਨੂੰ ਦੁਪਿਹਰ ਵੇਲੇ ਵੁਡਵਰਡ ਪਾਰਕ ਫਰਿਜਨੋਂ ਵਿਖੇ ਰੱਖਿਆ ਗਿਆ ਹੈ ।
ਵਰਨਣਯੋਗ ਹੈ ਕਿ ਵਧੇਰੇ ਲੋਕ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ ਸੀ ਏ) ਨੂੰ ਜਾਣਦੇ ਹਨ ਅਤੇ ਇਸ ਸੰਸਥਾ ਦਾ ਨਾਂਮ ਹੀ ਇਸਦੀਆਂ ਪ੍ਰਾਪਤੀਆਂ ਦੱਸਣ ਲਈ ਕਾਫੀ ਹੈ । ਪਿਛਲੇ ਤਕਰੀਬਨ 7-8 ਸਾਲ ਤੋਂ ਪੀ ਸੀ ਏ ਲਗਤਾਰ ਫਰਿਜ਼ਨੋਂ ਸਹਿਰ ਦੇ ਪੰਜਾਬੀ ਭਾਈਚਾਰੇ ਨੂੰ ਸਾਡੇ ਸੱਭਿਆਚਾਰ ਬੋਲੀ ਅਤੇ ਧਰਮ ਨਾਲ ਜੋੜਨ ਲਈ ਸ਼ਲਾਘਾਯੋਗ ਉਪਰਾਲੇ ਕਰਦੀ ਆ ਰਹੀ ਹੈ ਇਸੇ ਸੰਦਰਭ ਅਧੀਨ ਸੰਸਥਾ ਦੇ ਅਣਥੱਕ ਮੈਬਰ ਸਮੇ ਸਮੇਂ ਸਿਰ ਉਸਾਰੂ ਪ੍ਰੋਗਰਾਮ ਕਰਵਾਉਦੇ ਰਹਿੰਦੇ ਹਨ । ਇਸ ਤੋਂ ਪਹਿਲਾਂ 7 ਸਫਲ ਸੱਭਿਚਾਰਕ ਮੇਲੇ ਅਤੇ ਕਈ ਧਾਰਮਿਕ ਸਮਾਗਮ ਪੀ ਸੀ ਏ ਫਰਿਜ਼ਨੋਂ ਵਿੱਚ ਕਰਵਾ ਚੁਕੀ ਹੈ ।
ਆਮ ਲੋਕਾਂ ਦੀ ਸਹੂਲਤ ਲਈ ਇਸ ਮੇਲੇ ਦੀ ਟਿਕਟ ਸਿਰਫ ਵੀਹ ਡਾਲਰ ਰੱਖੀ ਗਈ ਹੈ । ਬਜੁਰਗਾਂ (ਜਿਹੜੇ ਸੀਨੀਅਰ ਸਿਟੀਜ਼ਨ ਹਨ) ਅਤੇ 7 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਮੇਲੇ ਵਿੱਚ ਦਾਖਲਾ ਮੁਫਤ ਹੋਵੇਗਾ । ਪਰ ਬਜੁਰਗਾਂ ਦੇ ਸਨਾਖਤੀ ਕਾਰਡ ਵੇਖ ਕੇ ਮੁਫਤ ਦਾਖਲੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ।
ਮੇਲੇ ਬਾਰੇ ਵਧੇਰੇ ਜਾਣਕਾਰੀ ਆਉਣ ਵਾਲੇ ਦਿਨਾਂ ਦੌਰਾਨ ਦਿੱਤੀ ਜਾਵੇਗੀ । ਇਸ ਮੇਲੇ ਦੀ ਸਟੇਜ ਤੋਂ ਪੰਜਾਬੀ ਲੋਕ ਨਾਂਚ ਗਿਧੇ ਅਤੇ ਭੰਗੜੇ ਦੇ ਜੌਹਰ ਵੀ ਵੇਖਣ ਨੂੰ ਮਿਲਣਗੇ । ਜਿਹੜੀਆਂ ਟੀਮਾਂ ਭਾਗ ਲੈਣਾ ਚਾਹੁੰਦੀਆਂ ਹਨ ਉਹ ਫੋਨ ਨੰਬਰ 559-917-9608 ਜਾਂ 408-966-7019 ਉੱਤੇ ਸੰਪਰਕ ਕਰ ਸਕਦੇ ਹਨ।
ਗੁਰਦਾਸ ਮਾਨ ਦਾ ਸ਼ੋਅ 19 ਜੁਲਾਈ ਨੂੰ
ਫ਼ਿਲਾਡੈਲਫ਼ੀਆ/ਰਾਜ ਗੋਗਨਾ:
ਪੰਜਾਬੀ ਮਾਂ-ਬੋਲੀ ਦੀ ਦੇਸ਼-ਵਿਦੇਸ਼ਾਂਵਿੱਚ ਸਾਫ਼-ਸੁਥਰੀ ਗਾਇਕੀ ਦੀ ਸੇਵਾ ਕਰਨ ਵਾਲੇ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਦਾ ਸ਼ੋਅ 19 ਜੁਲਾਈ ਨੂੰ ਪੈਨਸਿਲਵੇਨੀਆਂ ਸੂਬੇ ਦੇ ਸਿਟੀ ਫ਼ਿਲਾਡੈਲਫ਼ੀਆ ਵਿਖੇ ਟੈਂਪਲ ਯੂਨੀਵਰਸਿਟੀ ਪਰਫ਼ਾਰਮਿੰਗ ਆਰਟਸ ਸੈਂਟਰ ਬਰੋਡ ਸਟ੍ਰੀਟ ਵਿਖੇ ਹੋਵੇਗਾ । ਜਦ ਕਿ ਦੂਸਰਾ ਸ਼ੋਅ ਨਿਊਯਾਰਕ ਦੇ ਕੋਲਡਨ ਸੈਂਟਰ ਵਿਖੇ 16 ਅਗਸਤ ਨੂੰ ਕਰਵਾਇਆ ਜਾਵੇਗਾ। ਯਾਦ ਰਹੇ ਕਿ ਅਮਰੀਕਾ ‘ਚ ਪੰਜਾਬੀ ਸਭਿਆਚਾਰ ਨੂੰ ਪ੍ਰਫ਼ੁਲਿਤ ਕਰਨ ਵਾਲੀ ਨਾਮਵਰ ‘ਹਾਈਪ ਇੰਟਰਟੇਨਮੈਂਟ’ਕੰਪਨੀ ਵਲੋਂ ਕਰਵਾਏ ਜਾਂਦੇ ਹਨ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਫ਼ਿਲਾਡੈਲਫ਼ੀਆ ਸ਼ਹਿਰ ਵਿੱਚ ਅਜਿਹੇ ਵੱਡੇ ਸ਼ੋਆਂ ਵਿੱਚ ਸਮੂਹ ਪੰਜਾਬੀ ਭਾਈਚਾਰੇ ‘ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ।
ਪ੍ਰਬੰਧਕਾਂ ਵਲੋਂ ਇਸ ਸ਼ੋਅ ਦੀ ਬੜੇ ਜੋਰਾਂ-ਸ਼ੋਰਾਂ ਨਾਲ ਤਿਆਰੀਆਂ ਚਲ ਰਹੀਆਂ ਹਨ।ਨਿਊਯਾਰਕ ਸ਼ੋਅ ਬਾਰੇ ਹੋਰ ਜਾਣਕਾਰੀ ਲਈ ਲੱਖੀ ਗਿੱਲ ਨਾਲ (516)-808-7171 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਫ਼ਿਲਾਡੈਲਫ਼ੀਆ ‘ਚ ਪ੍ਰਿੰਸ ਹੈਰੀ ਨਾਲ (267)-326-2056 ਅਤੇ ਇੰਦਰ ਬੈਂਸ ਨਾਲ (267)-738- 8310 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਰੱਬੀ ਸ਼ੇਰਗਿੱਲ ਦਾ ਪ੍ਰੋਗਰਾਮ 26 ਤੇ 27 ਜੁਲਾਈ ਨੂੰ
ਵਾਸ਼ਿੰਗਟਨ ਡੀ.ਸੀ./ਬਿਊਰੋ ਨਿਊਜ਼:
ਉਘੇ ਪੰਜਾਬੀ ਗਾਇਕ ਅਤੇ ਸਮਾਜ ਸੇਵਕ ਰੱਬੀ ਸ਼ੇਰਗਿੱਲ ਦੇ ਗੀਤਾਂ ਦਾ ਪ੍ਰੋਗਰਾਮ 26 ਅਤੇ 27 ਜੁਲਾਈ ਨੂੰ ਵਾਸ਼ਿੰਗਟਨ ਡੀ.ਸੀ. ਅਤੇ ਨਿਊਯਾਰਕ ਵਿਚ ਹੋ ਰਿਹਾ ਹੈ। ਇਹ ਪ੍ਰੋਗਰਾਮ ਯੂਨਾਈਟਿਡ ਸਿੱਖਜ਼ ਜਥੇਬੰਦੀ ਵਲੋਂ ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਚੁੰਗਲ ‘ਚੋਂ ਕੱਢਣ ਲਈ ਕਰਵਾਇਆ ਜਾ ਰਿਹਾ ਹੈ। ਯੂਨਾਈਟਿਡ ਸਿਖਜ਼ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਧਮੋਟ ਵਿਖੇ ਦੀਵਾ (ਡਰੱਗ ਇਰੈਡੀਕੇਸ਼ਨ ਥਰੂ ਐਜੂਕੇਸ਼ਨ, ਵਿਜੀਲੈਂਸ ਐਂਡ ਅਵੇਅਰਨੈਸ) ਮਿਸ਼ਨ ਤਹਿਤ 26 ਬਿਸਤਰਿਆਂ ਦਾ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਲਈ ਟਿਕਟ ਆਮ ਦਾਖ਼ਲਾ 100 ਡਾਲਰ, ਵੀਆਈਪੀ 150 ਡਾਲਰ ਅਤੇ ਵੀਵੀਆਈਪੀ 250 ਡਾਲਰ ਰੱਖੀ ਗਈ ਹੈ।
26 ਜੁਲਾਈ ਨੂੰ ਰੱਬੀ ਸ਼ੇਰਗਿੱਲ ਦਾ ਪ੍ਰੋਗਰਾਮ ਵਾਸ਼ਿੰਗਟਨ ਡੀ.ਸੀ ਵਿਖੇ ਸ਼ੈਰਟਨ ਫੋਰ ਪੁਆਇੰਟਸ 1 201 ਕੇ ਸਟਰੀਟ ਐਨ ਡਬਲਿਊ ਵਿਖੇ ਸ਼ਾਮੀਂ 7.00 ਵਜੇ ਸ਼ੁਰੂ ਹੋਵੇਗਾ। ਟਿਕਟਾਂ ਅਤੇ ਹੋਰ ਜਾਣਕਾਰੀ ਲਈ ਸਰਨਦੀਪ ਸਿੰਘ ਫੋਨ ਨੰਬਰ 571-437-3100 ਅਤੇ ਸੁਖਪਾਲ ਸਿੰਘ ਫੋਨ ਨੰਬਰ 804-564-4208 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ 27 ਜੁਲਾਈ ਨੂੰ ਰੱਬੀ ਸ਼ੇਰਗਿੱਲ ਦਾ ਪ੍ਰੋਗਰਾਮ ਸ਼ਾਮੀਂ 6.30 ਵਜੇ ਤੋਂ 9.30 ਵਜੇ ਤੱਕ ਫਾਈਵ ਸਟਾਰ ਬੈਂਕੁਅਟ 13-05, 43 ਐਵੀਨਿਊ ਲਾਂਗ ਆਈਲੈਂਡ ਸਿਟੀ ਨਿਊਯਾਰਕ ਵਿਖੇ ਹੋਵੇਗਾ। ਟਿਕਟਾਂ ਖਰੀਦਣ ਲਈ ਬੀਰਮੋਹਨ ਸਿੰਘ ਫੋਨ ਨੰਬਰ 917-701-0515 ਅਤੇ ਕਿਰਪਾਲ ਸਿੰਘ ਫੋਨ ਨੰਬਰ 347-268-5125 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਹਾਲੀਵੁੱਡ ਦੀ ਫਿਲਮ ‘ਚ ਸਤਿੰਦਰ ਸਰਤਾਜ ਨਿਭਾਏਗਾ ਮਹਾਰਾਜਾ ਦਲੀਪ ਸਿੰਘ ਦਾ ਰੋਲ
ਹਾਲੀਵੁੱਡ ਦੇ ਦੋ ਐਕਟਰਾਂ ਦੀ ਵੀ ਫ਼ਿਲਮ ‘ਚ ਹੋਵੇਗੀ ਅਹਿਮ ਭੂਮਿਕਾ
ਚੰਡੀਗੜ੍ਹ/ ਕਰਮਜੀਤ ਸਿੰਘ (ਮੋਬਾਇਲ : 99150-91063)
ਸੰਨ 1849 ਵਿੱਚ ਪੰਜਾਬ ਅੰਗਰੇਜ਼ਾਂ ਦੇ ਰਾਜ ਵਿੱਚ ਸ਼ਾਮਲ ਹੋ ਜਾਣ ਪਿਛੋਂ ਖ਼ਾਲਸਾ ਪੰਥ ਦੇ ਦਰਦ ਦੀ ਦਾਸਤਾਨ ਹੁਣ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਰਾਹੀਂ ਫ਼ਿਲਮੀ ਪਰਦੇ ਉਤੇ ਛੇਤੀ ਹੀ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਇਤਿਹਾਸਕ ਅਤੇ ਕਲਾਤਮਕ ਫਿਲਮ ਦੇ ਨਾਇਕ ਵਜੋਂ ਪੰਜਾਬੀ ਦੇ ਉਘੇ ਤੇ ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ ਮਹਾਰਾਜਾ ਦਲੀਪ ਸਿੰਘ ਦਾ ਰੋਲ ਅਦਾ ਕਰਨਗੇ ਜਦ ਕਿ ਹਾਲੀਵੁੱਡ ਜਗਤ ਦੇ ਦੋ ਐਕਟਰਾਂ ਵਿਚ ਇੱਕ ਲਾਰਡ ਡਲਹੌਜ਼ੀ ਦੇ ਰੋਲ ਵਿਚ ਸਾਹਮਣੇ ਆਏਗਾ। ਮਹਾਰਾਣੀ ਜਿੰਦਾਂ ਦੇ ਅਹਿਮ ਰੋਲ ਲਈ ਕਿਸੇ ਨਾਮੀ ਅਤੇ ਸਮਰੱਥ ਅਦਾਕਾਰਾ ਦੀ ਭਾਲ ਕੀਤੀ ਜਾ ਰਹੀ ਹੈ ਜਦੋਂ ਕਿ ਬਹੁਤੇ ਪੰਜਾਬੀ ਅਦਾਕਾਰ ਇੰਗਲੈਂਡ ਵਿਚੋਂ ਹੀ ਲਏ ਜਾਣਗੇ।
ਇਨਾਮ ਜੇਤੂ ਡੈਰਨ ਬੌਲਟਨ ਦਾ ਇਸ ਫਿਲਮ ਦੀ ਟੀਮ ਦਾ ਹਿੱਸਾ ਹੋਣਾ ਬੜੀ ਅਹਿਮ ਗੱਲ ਹੈ।
ਫ਼ਿਲਮ ਵਿੱਚ ਨੁਸਰਤ ਫਤਹਿ ਅਲੀ ਖਾਂ ਦੇ ਕੁਝ ਅਜਿਹੇ ਗੀਤ ਵੀ ਸ਼ਾਮਲ ਕੀਤੇ ਗਏ ਹਨ ਜੋ ਅਜੇ ਤੱਕ ਕਿਸੇ ਐਲਬਮ ਵਿੱਚ ਸ਼ਾਮਲ ਨਹੀਂ ਹਨ। ਫ਼ਿਲਮ ਦੀ ਪ੍ਰੋਡੱਸ਼ਕਨ ਟੀਮ ਵਾਲੇ ਨਾਮੀ ਅਦਾਕਾਰਾਂ ਅਤੇ ਹੋਰਨਾਂ ਹਸਤੀਆਂ ਨੂੰ ਇਸ ਇਤਿਹਾਸਕ ਫਿਲਮ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਸਰਗਰਮ ਹਨ ਅਤੇ ਸਬੰਧਤ ਵਿਅਕਤੀਆਂ ਨਾਲ ਤਾਲਮੇਲ ਰੱਖ ਰਹੇ ਹਨ।
ਪਤਾ ਲੱਗਾ ਹੈ ਕਿ ਇਸ ਫ਼ਿਲਮ ਦੀ ਸਕਰਿਪਟ ਲਗਭਗ ਤਿਆਰ ਹੈ ਅਤੇ ਕਿਸੇ ਵੀ ਸਮੇਂ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਕੁਝ ਦਿਨਾਂ ਵਿਚ ਇਸ ਫ਼ਿਲਮ ਸਬੰਧੀ ਸਾਰੇ ਵੇਰਵੇ ਮੀਡੀਆ ਨੂੰ ਦੇ ਦਿੱਤੇ ਜਾਣਗੇ।
ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਕ੍ਰਿਸਚਨ ਧਰਮ ਵਿਚ ਲਿਆਉਣ ਬਾਰੇ ਭਾਰਤ ਦੇ ਤਤਕਾਲੀ ਗਵਰਨਰ ਜਨਰਲ ਲਾਰਡ ਡਲਹੌਜ਼ੀ ਅਤੇ ਸਬੰਧਿਤ ਪਾਦਰੀ ਵਿਚ ਖਤੋ ਖਿਤਾਬਤ ਹੁੰਦਾ ਰਿਹਾ ਸੀ ਅਤੇ ਇਹ ਲਿਖਤਾਂ ਬਕਾਇਦਾ ਤੱਥ ਰੂਪ ਵਿਚ ਮੌਜੂਦ ਹਨ।
ਪੀਸੀਏ ਦੇ ਮੇਲੇ ਨੂੰ ਲੈ ਕੇ ਫਰਿਜ਼ਨੋ ਵਾਸੀਆਂ ‘ਚ ਭਾਰੀ ਉਤਸ਼ਾਹ
ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ):
ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਫਰਿਜ਼ਨੋ ਦੇ ਵੁਡਵਰਡ ਪਾਰਕ ਵਿੱਚ ਹੋਣ ਵਾਲੇ ਸੱਭਿਆਚਾਰਕ ਮੇਲੇ ਸਬੰਧੀ ਲੋਕਲ ਫਰਿਜ਼ਨੋਂ ਨਿਵਾਸੀ ਭਾਰੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਮੇਲਾ 3 ਅਗਸਤ ਐਤਵਾਰ ਸਵੇਰੇ 11:00 ਵਜੇ ਤੋਂ ਲੈਕੇ ਦੇਰ ਸਾਮ ਤੱਕ ਚੱਲੇਗਾ। ਇਸ ਮੇਲੇ ਵਿੱਚ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਵੀ ਹੁੰਮ ਹੁਮਾ ਕੇ ਪਹੁੰਚ ਰਹੀਆਂ ਹਨ । ਇਸ ਮੇਲੇ ਵਿੱਚ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦੀ ਸ਼ਮੂਲੀਅਤ ਨੂੰ ਲੈਕੇ ਲੋਕਾਂ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਕਿਉਕਿ ਬੇਸ਼ੱਕ ਗੁਰਦਾਸ ਮਾਨ ਪਹਿਲਾਂ ਵੀ ਬਹੁਤ ਵਾਰੀ ਫਰਿਜ਼ਨੋ ਵਿਖੇ ਸ਼ੋਅ ਕਰ ਚੁਕੇ ਹਨ ਪਰ ਇਹ ਪਹਿਲੀ ਵਾਰੀ ਹੈ ਕਿ ਫਰਿਜ਼ਨੋ ਵਿਖੇ ਦਿਨ ਦਿਹਾੜੇ ਨੀਲੇ ਅਕਾਸ਼ ਦੀ ਛੱਤ ਥੱਲੇ ਪੰਜਾਬ ਦਾ ਇਹ ਵਿਸ਼ਵ ਪ੍ਰਸਿੱਧ ਗਾਇਕ ਕਲਾਕਾਰ ਪੰਜਾਬ ਸਟਾਇਲ ਓਪਨ ਏਅਰ ਅਖਾੜਾ ਲਾਵੇਗਾ। ਇਸ ਦੇ ਨਾਲ ਮੰਚ ਸੰਚਾਲਨ ਸਤਿੰਦਰ ਸੱਤੀ ਕਰੇਗੀ। ਮੇਲੇ ਦੀ ਟਿਕਟ 20 ਡਾਲਰ ਹੈ । ਦਸ ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਸੀਨੀਅਰ ਸਿਟੀਜਨ ਬਜੁਰਗਾਂ ਲਈ ਦਾਖਲਾ ਬਿਲਕੁਲ ਮੁਫਤ ਹੈ। ਪੀਸੀਏ ਵੱਲੋ ਸਭ ਨੂੰ ਮੇਲੇ ਤੇ ਪਹੁੰਚਣ ਦਾ ਸੱਦਾ ਦਿੱਤਾ ਜਾਦਾ ਹੈ। ਇਸ ਪਰਿਵਾਰਕ ਮੇਲੇ ਦੌਰਾਨ ਸਕਿਉਰਟੀ ਟਾਈਟ ਰਹੇਗੀ।
ਰੱਬੀ ਸ਼ੇਰਗਿੱਲ ਨਾਲ ਸੰਗੀਤਕ ਸ਼ਾਮ 2 ਅਗਸਤ ਨੂੰ
ਫਰੀਮਾਂਟ/ਬਿਊਰੋ ਨਿਊਜ਼-ਯੂਨਾਈਟਿਡ ਸਿੱਖਸ ਵੱਲੋਂ ਨਸ਼ਿਆਂ ਦੇ ਖਿਲਾਫ ਜੰਗ ਵਾਸਤੇ ਫੰਡ ਇਕੱਠੇ ਕਰਨ ਲਈ 2 ਅਗਸਤ 2014 ਦਿਨ ਸ਼ਨੀਵਾਰ ਨੂੰ ਮਸ਼ਹੂਰ ਸੂਫੀ ਗਾਇਕ ਰੱਬੀ ਸ਼ੇਰਗਿੱਲ ਨਾਲ ਗੀਤਾਂ ਭਰੀ ਸ਼ਾਮ ਆਯੋਜਿਤ ਕਰਵਾਈ ਜਾ ਰਹੀ ਹੈ।ਪਹਿਲੀ ਵਾਰ ਬੇ ਏਰੀਏ ਅੰਦਰ ਛੱਬੋ ਕਾਲਜ ਪਰਫਾਰਮਿੰਗ ਆਰਟ ਸੈਂਟਰ, BEEE Hesperian Blvd. Hayward CA IDEDE ਵਿਖੇ ਹੋ ਰਹੇ ਇਸ ਪ੍ਰੋਗਰਾਮ ਵਿਚ ਇਸ਼ਮੀਤ ਨਰੂਲਾ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਪ੍ਰੋਗਰਾਮ ਸ਼ਾਮੀ 5.30 ਵਜੇ ਸ਼ੁਰੂ ਹੋਵੇਗਾ।
ਲਾਈਵ ਓਕ ਗਰਿਡਲੀ ਤੀਆਂ ਮੇਲੇ ਵਿਚ ਬਲਵੀਰ ਬੋਪਰਾਏ ਤੇ ਲਵਲੀ ਦੇ ਗੀਤਾਂ ‘ਤੇ ਬੀਬੀਆਂ ਖੂਬ ਨੱਚੀਆਂ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਯੂਬਾ ਸਿਟੀ ਦੇ ਨਾਲ ਲਗਦੇ ਸ਼ਹਿਰ ਲਾਈਵ ਓਕ ਤੇ ਗਰਿਡਲੀ ਦੀਆਂ ਤੀਆਂ ਵਿਚ ਐਤਕਾਂ ਜਿਥੇ ਬੀਬੀਆਂ ਦੁਆਰਾ ਖੂਬ ਆਇਟਮਾਂ ਪੇਸ਼ ਕੀਤੀਆਂ ਗਈਆਂ, ਉਥੇ ਨਾਲ ਨਾਲ ‘ਦੇ ਦੇ ਗੇੜਾ ਦੇ’ ਫੇਮ ਬਲਵੀਰ ਬੋਪਾਰਾਏ ਤੇ ਪੰਜਾਬੀ ਗਾਇਕਾ ਸਤਵਿੰਦਰ ਲਾਲੀ ਨੇ ਬੀਬੀਆਂ ਨੂੰ ਆਪਣੇ ਗੀਤਾਂ ਰਾਹੀਂ ਖੂਬ ਨਚਾਇਆ। ਬਲਬੀਰ ਬੋਪਾਰਾਏ ਨੇ ਆਪਣੇ ਖੂਬਸੂਰਤ ਗੀਤਾਂ ਵਿਚੋਂ ਗੀਤ ਗਾ ਕੇ ਸਾਰੇ ਹਾਲ ਵਿਚ ਬੈਠੀਆਂ ਬੀਬੀਆਂ ਨੂੰ ਸਟੇਜ ਲਾਗੇ ਨੱਚਣ ਤਾਂ ਨਾ ਲਾ ਹੀ ਦਿੱਤਾ ਨਾਲ ਹੀ ਮਾਂ ਧੀ ਦੇ ਰਿਸ਼ਤੇ ਨੂੰ ਰੂਪਮਾਨ ਕਰਦਾ ਗੀਤ ਗਾ ਕੇ ਬੀਬੀਆਂ ਦੀਆਂ ਅੱਖਾਂ ਨਮ ਵੀ ਕੀਤੀਆਂ। ਗਾਇਕਾ ਸਤਵਿੰਦਰ ਲਵਲੀ ਨੇ ਵੀ ਕੋਈ ਕਸਰ ਨਹੀਂ ਛੱਡੀ। ਮੁੱਖ ਪ੍ਰਸੰਗ ਕਰਤਾ ਜਸਮਿੰਦਰ ਮੱਟੂ, ਮਨਦੀਪ ਬੈਂਸ, ਸੁੱਖੀ ਧਾਲੀਵਾਲ, ਮਨਦੀਪ ਗਿੱਲ, ਬਖਸ਼ੋ ਬੀਸਲਾ, ਲੱਕੀ ਗਿੱਲ ਅਤੇ ਮਹਿੰਦਰਜੀਤ ਥਿਆੜਾ ਦੇ ਪ੍ਰਬੰਧਾਂ ਹੇਠ ਹੋਈਆਂ ਤੀਆਂ ਵਿਚ ਐਤਕਾਂ ਸ਼ਾਮਲ ਵੱਖ ਵੱਖ ਆਇਟਮਾਂ ਵਿਚ ਪੰਜਾਬ ਦੀ ਸ਼ਾਨ, ਰੌਣਕ ਪੰਜਾਬ ਦੀ, ਕਿਹਨੂੰ ਯਾਦ ਕਰ ਕਰ ਹੱਸਦੀ, ਯੂਬਾ ਸਿਟੀ ਕੁੜੀਆਂ ਦਾ ਭੰਗੜਾ, ਰੋਇਲ ਕੁਇਨਜ਼ ਤੋਂ ਇਲਾਵਾ ਯੂਬਾ ਸਿਟੀ ਤੀਆਂ ਦਾ ਗਰੁੱਪ, ਸੈਨਹੋਜੇ ਤੀਆਂ ਦਾ ਗਰੁੱਪ, ਨਟੋਮਸ ਤੀਆਂ ਦਾ ਗਰੁੱਪ, ਲਿਵਰਮੌਰ, ਸੈਕਰਾਮੈਂਟੋ, ਐਲਕਗਰੋਵ ਆਦਿ ਸਾਰੇ ਗਰੁੱਪਾਂ ਨੇ ਇਨ੍ਹਾਂ ਤੀਆਂ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬੀ ਢਾਬੇ ਵਲੋਂ ਖਾਣੇ ਦਾ ਸਟਾਲ ਅਤੇ ਹੋਰ ਬੀਬੀਆਂ ਦੇ ਸਾਜ਼ੋ ਸਾਮਾਨ ਦੇ ਸਟਾਲਾਂ ਤੋਂ ਬੀਬੀਆਂ ਨੇ ਖਰੀਦੋ ਫਰੋਖਤ ਕੀਤੀ। ਸਟੇਜ ਦੀ ਕਾਰਵਾਈ ਬੀਬੀ ਆਸ਼ਾ ਸ਼ਰਮਾ ਨੇ ਚਲਾਈ। ਜਿਨ੍ਹਾਂ ਨੇ ਤਰਤੀਬ ਨਾਲ ਸਾਰੇ ਕਲਾਕਾਰਾਂ ਨੂੰ ਪੇਸ਼ ਕੀਤਾ। ਵਿਸ਼ੇਸ਼ ਤੌਰ ‘ਤੇ ਇਨ੍ਹਾਂ ਤੀਆਂ ਵਿਚ ਪਹੁੰਚਣ ਵਾਲੀਆਂ ਵਿਚ ਹਰਜੀਤ ਕੌਰ ਉਪਲ, ਭੁਪਿੰਦਰ ਕੌਰ ਤੱਖਰ, ਚਰਨਜੀਤ ਕੌਰ ਚੰਨੀ, ਚਰਨਜੀਤ ਕੌਰ ਸੰਧੂ, ਬਖਸ਼ੋ ਬੀਸਲਾ, ਹਰਜੀਤ ਕੌਰ ਥਿਆੜਾ, ਹਰਜੀਤ ਸੰਘੇੜਾ ਹਰਜੀਤ ਕੌਰ ਉਪਲ, ਕਮਲ ਮਠਾੜੂ, ਭੁਪਿੰਦਰ ਤੱਖਰ, ਨਵਨੀਤ ਰੰਧਾਵਾ, ਗੁਰਕੀਰਤ ਕੌਰ, ਬਲਵਿੰਦਰ ਕੌਰ ਸੈਨਹੋਜੇ, ਪ੍ਰਮੀਤ ਕੌਰ ਰੰਧਾਵਾ, ਭੂਆ ਗੁਮਰੀਤ ਕੌਰ ਛੀਨਾ, ਜੱਸੀ ਯੂਬਾ ਸਿਟੀ, ਮਨਜੀਤ ਸਿਵੀਆ, ਮਨਜੀਤ ਮਾਨ, ਪਿੰਕੀ ਰੰਧਾਵਾ ਐਲਕ ਗਰੋਵ, ਦੀਪਾ ਬੰਗਾ ਆਦਿ ਸ਼ਾਮਲ ਹੋਈਆਂ। ਇਸ ਮੌਕੇ ਮਾਤਾ ਹਰਦੇਵ ਕੌਰ ਗਰੇਵਾਲ, ਹਰਜੀਤ ਉਪਲ ਅਤੇ ਸੁੱਖੀ ਬੈਂਸ ਦੁਆਰਾ ਪਾਏ ਸਹਿਯੋਗ ਬਦਲੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
The post ਲਾਈਵ ਓਕ ਗਰਿਡਲੀ ਤੀਆਂ ਮੇਲੇ ਵਿਚ ਬਲਵੀਰ ਬੋਪਰਾਏ ਤੇ ਲਵਲੀ ਦੇ ਗੀਤਾਂ ‘ਤੇ ਬੀਬੀਆਂ ਖੂਬ ਨੱਚੀਆਂ appeared first on Quomantry Amritsar Times.
ਛਪਾਰ ਦਾ ਮੇਲਾ
ਪ੍ਰੋ. ਸ਼ੇਰ ਸਿੰਘ ਕੰਵਲ
ਪੰਜਾਬ ਤੇ ਪੰਜਾਬ ਵਿਚੋਂ ਵੀ ਖਾਸ ਕਰਕੇ ਮਾਲਵਾ ਮੇਲਿਆਂ ਦੀ ਰੰਗ ਭੂਮੀ ਹੈ। ਮਾਲਵੇ ਵਿਚੋਂ ਵੀ ਇਹ ਮਾਣ ਜ਼ਿਲ੍ਹਾ ਲੁਧਿਆਣਾ ਨੂੰ ਜਾਂਦਾ ਹੈ ਕਿ ਇਸ ਦੀ ਹਿੱਕੜੀ ਤੇ ਪੰਜਾਬ ਦਾ ਕਹਿੰਦਾ ਕਹਾਉਂਦਾ ਮੇਲਾ ਲਗਦਾ ਹੈ-ਛਪਾਰ ਦਾ ਮੇਲਾ।
ਜੋ ਅਨੰਤ ਚੌਦਸ ਭਾਵ ਭਾਦਰੋਂ ਸੁਦੀ ਚੌਦੇਂ ਨੂੰ ਥਾਣਾ ਡੇਹਲੋਂ, ਬਲਾਕ ਪੱਖੋਵਾਲ ਵਿਚ ਅਹਿਮਦਗੜ੍ਹ-ਰਾਏਕੋਟ ਸੜਕ ‘ਤੇ, ਅਹਿਮਦਗੜ੍ਹ ਤੋਂ ਤਿੰਨ ਕਿਲੋਮੀਟਰ ਪੱਛਮ ਵੱਲ ਸਥਿਤ ਪਿੰਡ ਛਪਾਰ ਤੋਂ ਲੋਹਟਬੱਦੀ ਵਾਲੇ ਪਾਸੇ ਡੇਢ ਕੁ ਫਰਲਾਂਗ ਦੂਰ ਗੁੱਗੇ ਦੀ ਮਾੜੀ ਤੇ ਲੱਗਦਾ ਹੈ।
ਇਕ ਦੰਦ ਕਥਾ ਅਨੁਸਾਰ ਗੁੱਗਾ ਜਾਂ ‘ਗੁੱਗਾ ਬੀਰ’ ਜਿਸ ਨੂੰ ਮਗਰੋਂ ‘ਗੁੱਗਾ ਪੀਰ’ ਜਾਂ ‘ਜ਼ਾਹਰ ਪੀਰ’ ਕਿਹਾ ਜਾਣ ਲੱਗਾ, ਗੜ੍ਹ ਦਦਰੇੜਾ (ਬੀਕਾਨੇਰ) ਦੇ ਚੌਹਾਨ, ਰਾਜੇ ਜੇਵਰ ਦੇ ਘਰ ਉਸ ਦੀ ਰਾਣੀ ਬਾਛਲ ਦੇ ਪੇਟੋਂ ਗੋਰਖਨਾਥ ਦੇ ਗੁੱਗਲ ਦੇਣ ‘ਤੇ, ਬਾਰਵੀਂ ਸਦੀ ਦੇ ਇਰਦ ਗਿਰਦ, ਸਾਵਣ ਸੁਦੀ ਤਰੌਦਸ਼ੀ ਨੂੰ ਪੈਦਾ ਹੋਇਆ ਤੇ ਗੁੱਗਲ ਤੋਂ ਹੀ ਇਸ ਦਾ ਨਾਂ ਗੁੱਗਾ ਰੱਖਿਆ ਗਿਆ। ਇਸ ਨੇ ਆਪਣੀ ਮਾਸੀ ਦੇ ਜੋੜੇ ਪੁੱਤਰਾਂ ਅਰਜਨ ਅਤੇ ਸੁਰਜਣ ਨੂੰ ਮਾਰ ਦਿੱਤਾ ਜਿਹੜੇ ਧੂਪ ਨਗਰ ਦੇ ਰਾਜੇ ਸੰਜਯ ਦੀ ਲੜਕੀ ਸੀਰੀਅਲ ਦੇ ਗੁੱਗੇ ਨਾਲ ਵਿਆਹ ਹੋਣ ਤੇ ਚਿੜਦੇ ਸਨ। ਮਗਰੋਂ ਆਪਣੀ ਮਾਂ ਵਲੋਂ ਅੱਖਾਂ ਤੋਂ ਦੂਰ ਹੋਣ ਲਈ ਕਹਿਣ ਤੇ ਗੁੱਗੇ ਨੇ ਧਰਤੀ ਵਿਚ ਗਰਕ ਹੋਣ ਦਾ ਫੈਸਲਾ ਕਰ ਲਿਆ। ਪਰ ਹਿੰਦੂ ਹੋਣ ਕਰਕੇ ਧਰਤੀ ਨੇ ਜਦ ਵਿਹਲ ਨਾ ਦਿੱਤੀ ਤਾਂ ਇਸ ਨੇ ਖੁਆਜ਼ਾ ਮੁਹੀਉਦੀਨ ਰਾਜ਼ੀ (ਬਠਿੰਡਾ) ਪਾਸੋਂ ਇਸਲਾਮ ਧਾਰਨ ਕਰ ਲਿਆ ਅਤੇ ਘੋੜੇ ਸਮੇਤ ਕਬਰ ਵਿਚ ਸਮਾ ਗਿਆ। ਕੁਝ ਲੋਕਾਂ ਅਨੁਸਾਰ ਗੜ੍ਹ ਦਦਰੇੜੇ ਦੀ ਇਸ ਮਾੜੀ ਤੋਂ ਮਿੱਟੀ ਲਿਆ ਕੇ ਹੀ ਛਪਾਰ ਦੀ ਮਾੜੀ ਸਥਾਪਤ ਕੀਤੀ ਗਈ ਹੈ।
ਛਪਾਰ ਨਜ਼ਦੀਕ ਸਥਿਤ ਇਸ ਮਾੜੀ ਵਾਲੀ ਥਾਂ ਮੇਲਾ ਲੱਗਣ ਬਾਰੇ ਵੀ ਇਕ ਦੰਦ ਕਥਾ ਪ੍ਰਚਲਤ ਹੈ। ਜਿਸ ਅਨੁਸਾਰ ਦੋ ਕੁ ਸੌ ਸਾਲ ਪਹਿਲੋਂ ਇਹ ਜ਼ਮੀਨ ਛਪਾਰ ਦੇ ਇਕ ਸੇਖੋਂ ਸਰਦਾਰ ਦੀ ਸੀ। ਉਸ ਦੀ ਪਤਨੀ ਜਦ ਆਪਣੇ ਬੱਚੇ ਨੂੰ ਸੁਆ ਕੇ ਖੇਤਾਂ ਵਿਚ ਕਪਾਹ ਚੁਗਿਆ ਕਰੇ ਤਾਂ ਇਕ ਨਾਗ ਫੰਨ ਖਲਾਰ ਕੇ ਬੱਚੇ ਨੂੰ ਛਾਂ ਆਣ ਕੀਤਾ ਕਰੇ। ਪਰ ਇਕ ਦਿਨ ਇਕ ਰਾਹੀ ਨੇ ਸੱਪ ਨੂੰ ਇੰਜ ਵੇਖ ਕੇ ਮਾਰ ਦਿੱਤਾ ਅਤੇ ਉਸ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਸਾਰੀ ਕਹਾਣੀ ਸੁਣਾਈ। ਜਦੋਂ ਉਨ੍ਹਾਂ ਪਿਛੋਂ ਵੇਖਿਆ ਤਾਂ ਬੱਚਾ ਵੀ ਮਰਿਆ ਪਿਆ ਸੀ। ਇਹ ਘਟਨਾ ਅਨੰਤ ਚੌਦਸ ਨੂੰ ਵਾਪਰੀ। ਬੱਚੇ ਤੇ ਨਾਗ ਨੂੰ ਇਕੱਠੇ ਦਫ਼ਨਾਇਆ ਗਿਆ। ਮੌਤ ਤੋਂ ਚੌਧਵੀਂ ਰਾਤ ਬੱਚੇ ਨੇ ਮਾਂ ਨੂੰ ਸੁਪਨੇ ਵਿਚ ਦੱਸਿਆ ਕਿ ਉਹ ਗੁੱਗੇ ਦਾ ਅਵਤਾਰ ਸੀ ਅਤੇ ਸੱਪ ਉਸ ਦਾ ਰਖਵਾਲਾ। ਉਸ ਨੇ ਮਾਂ ਨੂੰ ਉਹ ਜ਼ਮੀਨ ਬ੍ਰਾਹਮਣ ਨੂੰ ਦੇਣ ਅਤੇ ਆਪਣੀ ਕਬਰ ਬਣਾਉਣ ਲਈ ਵੀ ਕਿਹਾ। ਮਾਪਿਆਂ ਦੇ ਇੰਜ ਹੀ ਕਰਨ ਤੇ ਬੱਚੇ-ਗੁੱਗੇ ਨੇ ਬ੍ਰਾਹਮਣ ਨੂੰ ਵੀ ਸੁਪਨੇ ਵਿਚ ਮਾੜੀ ਬਣਵਾਉਣ ਲਈ ਕਿਹਾ ਅਤੇ ਵਰ ਦਿੱਤਾ ਕਿ ਇਥੇ ਸੱਪ ਦੇ ਡੰਗੇ ਰਾਜ਼ੀ ਹੋਣਗੇ ਅਤੇ ਸੁੱਖਾਂ ਪੂਰੀਆਂ ਹੋਇਆ ਕਰਨਗੀਆਂ। ਬ੍ਰਾਹਮਣ ਨੇ ਫਿਰ ਲੋਕਾਂ ਦੀ ਮਦਦ ਨਾਲ ਮਾੜੀ ਬਣਾਈ। ਮਗਰੋਂ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਇਕ ਵਜ਼ੀਰ ਨੇ ਪੁੱਤਰ ਹੋਣ ਦੀ ਸੁੱਖ ਪੂਰੀ ਹੋਣ ਤੇ ਮਾੜੀ ਦੀ ਚੰਗੀ ਇਮਾਰਤ ਬਣਵਾਈ ਜੋ 70-80 ਵਰ੍ਹੇ ਪਹਿਲੋਂ ਢਹਿ ਗਈ। ਮੌਜੂਦਾ ਇਮਾਰਤ 1923 ਵਿਚ ਸੇਖੋਆਂ ਦੇ ਪ੍ਰੇਹਤ ਪੁਜਾਰੀਆਂ ਨੇ ਬਣਵਾਈ।
ਮੇਲੇ ਤੇ ਹਫ਼ਤਾ ਭਰ ਪਹਿਲੋਂ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਉਂ ਜਿਉਂ ਮੇਲਾ ਨੇੜੇ ਆਉਂਦਾ ਹੈ ਸਰਕਸ, ਚਿੜੀਆ-ਘਰ, ਚੰਡੋਲੇ ਆਦਿ ਪੁੱਜਣੇ ਸ਼ੁਰੂ ਹੋ ਜਾਂਦੇ ਹਨ। ਹਲਵਾਈ,ਵਣਜਾਰੇ, ਦੰਦਸਾਜ਼, ਫੋਟੋਗ੍ਰਾਫਰ, ਜੋਤਸ਼ੀ, ਜੋਗੀ,ਦਵਾਈਆਂ ਤੇ ਹੋਰ ਲਟਾ ਪਟਾ ਵੇਚਣ ਵਾਲੇ ਆ ਡੇਰਾ ਜਮਾਉਂਦੇ ਹਨ। ਰਾਜਸੀ ਕਾਨਫਰੰਸਾਂ ਕਰਨ ਵਾਲੀਆਂ ਪਾਰਟੀਆਂ ਤੇ ਦੁਕਾਨਾਂ ਵਾਲੇ ਆਪਣੇ ਆਪਣੇ ਸ਼ਮਿਆਨੇ, ਤੰਬੂ ਕਨਾਤਾਂ ਤੇ ਟੈਂਟ ਆ ਗੱਡਦੇ ਹਨ। ਮਾੜੀ ਦੇ ਇਰਦ ਗਿਰਦ ਮਾਨੋ ਤੰਬੂਆਂ ਟੈਂਟਾਂ ਦਾ ਇਕ ਝੁਰਮਟ ਪੈ ਜਾਂਦਾ ਹੈ। ਇਕ ਸ਼ਹਿਰ ਵਸ ਜਾਂਦਾ ਹੈ। ਮੇਲੇ ਤੋਂ ਇਕ ਦਿਨ ਪਹਿਲੋਂ ਚੌਕੀਆਂ ਹੁੰਦੀਆਂ ਹਨ। ਲੋਕ ਆਪਣੇ ਪਸ਼ੂਆਂ ਨੂੰ ਲਿਆ ਕੇ ਸੱਪ ਲੜਨ ਤੋਂ ਚੌਕੀਆਂ ਭਰਵਾਉਂਦੇ ਹਨ। ਮੇਲੇ ਦੇ ਤਿੰਨੇ ਦਿਨ ਸ਼ਰਧਾਲੂ ਮਾੜੀ ਦੇ ਸਾਹਮਣੇ ਸੱਤ ਸੱਤ ਵਾਰੀ ਮਿੱਟੀ ਕੱਢ ਕੇ ਅੰਦਰ ਗੁੱਗੇ ਤੇ ਸੱਪ ਦੀ ਮੂਰਤੀ ਨੂੰ ਮੱਥਾ ਟੇਕ ਕੇ ਪਤਾਸੇ, ਸੇਵੀਆਂ ਕਣਕ ਦੇ ਗੁੜ ਆਦਿ ਚੜ੍ਹਾਉਂਦੇ ਹਨ। ਪਹਿਲੋ ਪਹਿਲ ਵਛੇਰੇ ਅਤੇ ਬੱਕਰੇ ਵੀ ਚੜ੍ਹਾਏ ਜਾਂਦੇ ਸਨ। ਕਈ ਵੇਰ ਸੁੱਖ ਲਾਹੁਣ ਲਈ ਚਾਂਦੀ ਦੇ ਸੱਪ, ਜੂੰਆਂ ਤੇ ਕੀੜੀਆਂ ਵੀ ਚੜ੍ਹਾਈਆਂ ਜਾਂਦੀਆਂ ਹਨ। ਸੁੱਖਣਾ ਲਾਹ ਕੇ, ਟੱਲ ਖੜਕਾ ਕੇ ਸ਼ਰਧਾਲੂ ਬਾਹਰ ਬੈਠੇ ਭਗਤਾਂ ਅਤੇ ਗਰੀਬ ਗੁਰਬਿਆਂ ਨੂੰ ਪ੍ਰਸ਼ਾਦ ਵੰਡਦੇ ਹਨ। ਮਰਾਸੀ ਢੋਲ ਕੁੱਟਦੇ ਤੇ ਸ਼ਰਧਾਵਾਨ ਪਾਰਟੀਆਂ ਭਜਨ ਅਤੇ ਭੇਟਾ ਗਾਉਂਦੀਆਂ ਹਨ। ਕਈ ਸੰਗਲਾਂ ਤੇ ਚਿਮਟਿਆਂ ਨਾਲ ਆਪਣੇ ਸਰੀਰ ਕੁੱਟਦੇ ਗੁੱਗੇ ਨੂੰ ਖੁਸ਼ ਕਰਦੇ ਹਨ। ਕਈ ਹੋਰ ਉਚੇ ਲੰਬੇ ਬਾਂਸਾਂ ‘ਤੇ ਮੋਰ ਦੇ ਖੰਭ ਬੰਨ੍ਹ ਕੇ ਮਾੜੀ ਸਾਹਵੇਂ ਖੜ੍ਹੇ ਆਪਣੀ ਹਾਜ਼ਰੀ ਲਵਾਉਂਦੇ ਹਨ। ਔਰਤਾਂ ਦਾ ਮੇਲਾ ਅਖ਼ੀਰਲੇ ਦਿਨ ਹੁੰਦਾ ਹੈ। ਮੇਲੇ ਤੋਂ ਇਕ ਮਹੀਨਾ ਬਾਅਦ ਇਕ ਛੋਟਾ ਮੇਲਾ ਵੀ ਹੁੰਦਾ ਹੈ। ਇਕ ਦਿਨ ਚੌਕੀਆਂ ਅਤੇ ਦੂਸਰੇ ਦਿਨ ਮੇਲਾ। ਜੇ ਕਦੇ ਸੱਪ ਦੇ ਜ਼ਹਿਰ ਨਾਲ ਛਾਲਾ ਹੋ ਕੇ ਕਿਸੇ ਤੇ ਗੁੱਗੇ ਬਾਬੇ ਦੀ ਮਿਹਰ ਹੋ ਜਾਵੇ ਤਾਂ ਉਹ ਮਾੜੀ ਕੋਲ ਆ ਲੇਟਦਾ ਹੈ ਅਤੇ ਉਠਦਾ ਉਦੋਂ ਹੀ ਹੈ ਜਦੋਂ ਗੁੱਗਾ ਆਪਣੀ ਨੀਲੀ ਘੋੜੀ ਤੇ ਸਵਾਰ ਹੋ ਕੇ ਉਸ ਨੂੰ ਘਰ ਜਾਣ ਨੂੰ ਕਹਿੰਦਾ ਹੈ ਅਤੇ ਦੱਸਦੇ ਹਨ ਕਿ ਫਿਰ ਉਹ ਰਾਜ਼ੀ ਹੋ ਜਾਂਦਾ ਹੈ।
ਮੇਲੇ ਦੇ ਤਿੰਨੇ ਦਿਨ ਮੇਲਾ ਪੂਰਾ ਭਰਦਾ ਹੈ। ਸਾਰੇ ਪੰਜਾਬ ਅਤੇ ਖਾਸ ਕਰਕੇ ਬਾਂਗਰ, ਜਾਖਲ ਅਤੇ ਲਹਿਰੇਗਾਗੇ ਆਦਿ ਦੇ ਜੰਗਲ ਦੇ ਇਲਾਕੇ ਦੇ ਲੋਕ ਹੁੰਮ ਹੁੰਮਾ ਕੇ ਮੇਲਾ ਵੇਖਣ ਪੁੱਜਦੇ ਹਨ। ਮਾੜੀ ਤੇ ਸ਼ਰਧਾਲੂ ਸੁੱਖਣਾ ਲਾਹੁੰਦੇ ਪਰ ਬਾਜ਼ਾਰ ਵਿਰ ਮੇਲੀਆਂ ਦੀਆਂ ਟੋਲੀਆਂ ਭੰਗੜੇ ਅਤੇ ਬੋਲੀਆਂ ਪਾਉਂਦੀਆਂ, ਖਰੂਦ ਕਰਦੀਆਂ ਅਤੇ ਖਾਣ ਪੀਣ ਦੇ ਗੁਲਸ਼ੱਰੇ ਉਡਾਉਂਦੀਆਂ ਹਨ। ਬਾਹਰ ਵੱਡੇ ਵੱਡੇ ਪੰਡਾਲਾਂ ਵਿਚ ਰਾਜਸੀ ਨੇਤਾ ਲੋਕਾਂ ਨੂੰ ਸਬਜ਼ਬਾਗ ਦਿਖਾਉਂਦੇ ਹਨ।
ਵੰਡ ਤੋਂ ਪਹਿਲਾਂ ਜਦੋਂ ਅਹਿਮਦਗੜ੍ਹ, ਮਲੇਰਕੋਟਲੇ ਦਾ ਇਕ ਹਿੱਸਾ ਸੀ ਤਾਂ ਇਸ ਮੇਲੇ ਦੀ ਚੜ੍ਹਤ ਨਿਆਰੀ ਹੀ ਸੀ। ਨਵਾਬ ਮਲੇਰਕੋਟਲੇ ਨੂੰ ‘ਤਹਿ ਬਾਜ਼ਾਰੀ’ ਤੋਂ ਹੀ ਲੱਖਾਂ ਦੀ ਆਮਦਨ ਸੀ। ਮੇਲਾ ਅਹਿਮਦਗੜ੍ਹ ਤੀਕ ਖਿਲਰਿਆ ਹੁੰਦਾ ਸੀ। ਮੇਲੇ ਦੇ ਦਿਨਾਂ ਵਿਚ ਇਥੇ ਇਕ ਇਕ ਲੱਖ ਦੀ ਸ਼ਰਾਬ ਹੀ ਵਿਕ ਜਾਂਦੀ ਸੀ। ਸੈਂਕੜੇ ਕੱਵਾਲ, ਨਕਲੀਏ, ਨਚਾਰ ਅਤੇ ਨਾਚੀਆਂ ਮੇਲੇ ਤੇ ਧੂਮ ਧੜੱਕੇ ਨਾਲ ਪਹੁੰਚਦੇ ਸਨ। ਭਾਰਤ ਭਰ ਦੇ ਜੁਆਰੀਏ ਭਮੱਕੜਾਂ ਵਾਂਗ ਇਥੇ ਇਕੱਠੇ ਹੁੰਦੇ ਸਨ। ਵੰਡ ਵੇਲੇ ਕੱਵਾਲਾਂ, ਨਚਾਰਾਂ ਅਤੇ ਨਾਚੀਆਂ ਦੇ ਸਰਹੱਦੋਂ ਪਾਰ ਤੁਰ ਜਾਣ ਪਿਛੋਂ ਮੇਲੇ ਵਿਚ ਇਕ ਖਿਲਾਅ ਪੈਦਾ ਹੋ ਗਿਆ ਜਿਸ ਨੂੰ ਤਾਂ ਭਰਿਆ ਨਹੀਂ ਜਾ ਸਕਦਾ ਪਰ ਛਪਾਰ ਦਾ ਮੇਲਾ ਫਿਰ ਵੀ ਮੇਲਾ ਹੀ ਹੈ।
ਮੈਂ ਇਸ ਮੇਲੇ ਵਿਚ ਪੰਜਾਬ ਦੇ ਹੋਰਨਾਂ ਮੇਲਿਆਂ ਨਾਲੋਂ ਵਿਲੱਖਣ ਵਿਸ਼ੇਸ਼ਤਾਵਾਂ ਵੇਖੀਆਂ ਹਨ। ਪਹਿਲੀ ਇਹ ਕਿ ਮੇਲੇ ਤੋਂ ਪਹਿਲਾਂ ਚੌਂਕੀਆਂ ਵਾਲੇ ਦਿਨ ਮਾੜੀ ਤੋਂ ਅਹਿਮਦਗੜ੍ਹ ਵੱਲ ਇਥੇ ਗਧਿਆਂ ਦੀ ਇਕ ਭਾਰੀ ਮੰਡੀ ਲਗਦੀ ਹੈ। ਓਨੀ ਹੀ ਭਾਰੀ ਜਿੰਨਾ ਭਾਰਾ ਕਿ ਮਗਰੋਂ ਬੰਦਿਆਂ ਦਾ ਮੇਲਾ। ਗਧਿਆਂ, ਖੱਚਰਾਂ ਅਤੇ ਘੋੜਿਆਂ ਦੇ ਦੀਵਾਨੇ ਵਪਾਰੀ ਲੱਕਾਂ ਨਾਲ ਰੁਪਏ ਬੰਨ੍ਹ ਕੇ ਗੇੜੇ ਦਿੰਦੇ ਹਨ।
ਦੂਸਰੇ, ਇਸ ਮੇਲੇ ਤੇ ਇਕ ਖਾਸ ਕਿਸਮ ਦੀ ਮਠਿਆਈ ‘ਖਜਲਾ’ ਬਹੁਤ ਵਿਕਦੀ ਹੈ। ਵੱਡੇ ਵੱਡੇ ਥਾਲਾਂ ਵਿਚ ਭੇਲੀਆਂ ਵਰਗੇ ਖਜ਼ਲੇ ਦੇ ਫੁੱਲਵੇਂ, ਪੂੜੇ ਵਰਗੇ ਚਿਣੇ ਹੋਏ ਰੋਟਾਂ ਜਿਹਾ ਵਿਚਕਾਰ ਬੈਠੇ ਹਟਵਾਣੀਏ ਬਿਲ ਬਤੌਰੀਆਂ ਵਾਂਗ ਝਾਕਦੇ ਹਨ। ਕਿਸੇ ਟੋਲੀ ਦਾ ਕੋਈ ਮਨਚਲਾ ਮੇਲੀ ਨਾਲ ਦੇ ਸਾਥੀ ਨੂੰ ਥਾਲ ਤੇ ਧੱਕਾ ਦੇ ਦਿੰਦਾ ਹੈ ਤਾਂ ਲਾਲੇ ਦਾ ਸਾਰਾ ਜੁਗਾੜ ਹੀ ਪਟਿਆ ਜਾਂਦਾ ਹੈ।
ਤੀਸਰੀ ਤੇ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਮੇਲੇ ਵਿਚ ਪੈਂਦੀਆਂ ਬੋਲੀਆਂ। ਉਂਝ ਤਾਂ ਦਿਨੇ ਹੀ ਬਾਜ਼ਾਰ ਵਿਚ (ਕਈ ਵੇਰ ਤਾਂ ਆਪਣੇ ਖਾਸ ਹਰੇ ਜਾਂ ਪੀਲੇ ਧੂਵੇਂ ਚਾਦਰਿਆਂ ਤੇ ਸੰਦਲੀ ਜਾਂ ਹਰੀਆਂ ਪੱਗਾਂ ਵਾਲੇ) ਗੱਭਰੂ ਢੋਲਕ, ਚਿਮਟੇ, ਸੱਪ ਅਤੇ ਕਾਟੋਆਂ ਖੜਕਾਉਂਦੇ ਟੋਲੀਆਂ ਵਿਚ ਨੱਚਦੇ, ਟਪਦੇ ਖੌਰੂ ਪਾਉਂਦੇ ਹੋਏ ਬੋਲੀਆਂ ਪਾਉਂਦੇ ਜਾਂਦੇ ਹਨ। ਪਰ ਬੋਲੀਆਂ ਦਾ ਅਸਲੀ ਰੰਗ ਰਾਤ ਨੂੰ ਹੀ ਉਘੜਦਾ ਹੈ। ਰਾਤ ਦੀਆਂ ਬੋਲੀਆਂ ਜਿਹੜਾ ਸੁਣੇ ਉਹ ਵੀ ਪਛਤਾਵੇ ਜਿਹੜਾ ਨਾ ਸੁਣੇ ਉਹ ਵੀ ਪਛਤਾਵੇ। ਜਿੰਨੀ ਅਸ਼ਲੀਲ ਤੇ ਚੋਂਦੀ ਚੋਂਦੀ ਬੋਲੀ ਇਸ ਮੇਲੇ ਵਿਚ ਪੈਂਦੀ ਹੈ, ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਕਿਤੇ ਹੋਰ ਨਹੀਂ ਪੈਂਦੀ। ਇਨ੍ਹਾਂ ਬੋਲੀਆਂ ਦਾ ਵਿਸ਼ਾ ਆਮ ਕਰਕੇ ਦਿਓਰ ਭਰਜਾਈ, ਜੀਜਾ-ਸਾਲੀ ਤੇ ਨੂੰਹ-ਸਹੁਰੇ ਦੇ ਨਜਾਇਜ਼ ਸਬੰਧਾਂ, ਅੱਗ ਲਾਉਂਦੇ ਹੁਸਨ ਦਾ ਜ਼ੁਲਮ ਜਾਂ ਛੜਿਆਂ ਦੇ ਕੀਰਨੇ ਹੁੰਦਾ ਹੈ। ਗੁਪਤ ਅੰਗਾਂ ਦੀ ਮੁਹਾਰਨੀ ਹਰੇਕ ਬੋਲੀ ਵਿਚ ਚਟਖਾਰੇ ਲਾ ਲਾ ਕੇ ਪੜ੍ਹੀ ਜਾਂਦੀ ਹੈ। ਪਿੰਡ ਦਾ ਕੋਈ ਛੜਾ ਛਾਂਟ ਅਮਲੀ ਸਾਲ ਭਰ ਨਵੀਆਂ ਨਵੀਆਂ ਬੋਲੀਆਂ ਜੋੜਦਾ ਹੈ ਅਤੇ ਮੇਲੇ ਵਿਚ ਰਾਤ ਦੇ ਅਖਾੜੇ ਵਿਚ ਉਹ ਹੱਥ ਵਿਚ ਛਟੀ ਜਿਹੀ ਫੜ ਕੇ ਲੰਬੀ ਬੋਲੀ ਝੂਮ ਝੂਮ ਕੇ ਗੇੜਾ ਬੰਨ੍ਹ ਕੇ ਪਾਉਂਦਾ ਹੈ ਅਤੇ ਬੋਲੀ ਦੇ ਆਖ਼ਰੀ ਬੋਲਾਂ ਨੂੰ ਢੋਲ, ਛੈਣੇ ਅਤੇ ਸੱਪਾਂ ਦੀ ਖੜਕਾਹਟ ਨਾਲ ਉਸ ਦੀ ਟੋਲੀ ਦੇ ਬਾਕੀ ਗੱਭਰੂ ਚਾਨਣੀ ਰਾਤ ਦੀ ਫਿਜ਼ਾ ਵਿਚ ਅੰਬਰ ਤੀਕ ਪਹੁੰਚਾ ਦਿੰਦੇ ਹਨ। ਇਹੋ ਜਿਹੀਆਂ ਦਰਜਨਾਂ ਟੋਲੀਆਂ ਰਾਤ ਭਰ ਮੇਲੇ ਦੀ ਜੂਹ ਖੁਰਦਰੂ ਪਾਉਂਦੀਆਂ ਹਨ। ਮੇਰਾ ਵਿਚਾਰ ਹੈ ਕਿ ਜੇ ਕਿਸੇ ਨੇ ਪੰਜਾਬੀਆਂ ਦੇ ਸਗਲੇ ਭਿੱਤ ਖੋਲ੍ਹ ਕੇ ਉਨ੍ਹਾਂ ਦੇ ਧੁਰ ਅੰਦਰ ਵਸਦੇ ਨਗਨ ਪਲਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨੇ ਹੋਣ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਇਕ ਵਾਰ ਛਪਾਰ ਦਾ ਮੇਲਾ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਤੇ ਉਹ ਵੀ ਰਾਤ ਨੂੰ।
The post ਛਪਾਰ ਦਾ ਮੇਲਾ appeared first on Quomantry Amritsar Times.
ਐੱਸ. ਅਸ਼ੋਕ ਭੌਰਾ ਦੀ ਪੁਸਤਕ ਦਾ ਰਿਲੀਜ ਸਮਾਰੋਹ 14 ਸਤੰਬਰ ਨੂੰ
ਸਰੀ/ਬਿਊਰੋ ਨਿਊਜ਼:
ਪੰਜਾਬੀ ਦੇ ਨਾਮਵਰ ਲੇਖਕ, ਕਾਲਮ ਨਵੀਸ ਐਸ ਅਸ਼ੋਕ ਭੌਰਾ ਦੀ ਵੱਡ ਅਕਾਰੀ ਪੁਸਤਕ ‘ਮੇਰੇ ਸਮਿਆਂ ਦੀ ਪੰਜਾਬੀ ਗਾਇਕੀ’ 14 ਸਤੰਬਰ ਐਤਵਾਰ ਨੂੰ ਸਰੀ (ਬੀ. ਸੀ.) ਵਿਖੇ ਰਿਲੀਜ਼ ਕੀਤੀ ਜਾ ਰਹੀ ਹੈ। ਸਮਾਰੋਹ ਦੇ ਮੁੱਖ ਪ੍ਰਬੰਧਕ ਸੁਰਜੀਤ ਸਿੰਘ ਮਾਧੋਪੁਰੀ ਤੇ ਪ੍ਰਿਤਪਾਲ ਸਿੰਘ ਗਿੱਲ ਅਨੁਸਾਰ ਸ੍ਰੀ ਭੌਰਾ ਨੇ ਇਸ ਪੁਸਤਕ ਵਿਚ ਆਪਣੇ ਤੀਹ ਸਾਲਾਂ ਦੇ ਗਾਇਕੀ ਖੇਤਰ ਵਿਚ ਗੁਜ਼ਾਰੇ ਸਮੇਂ ਦੌਰਾਨ ਗਾਇਕਾਂ ਬਾਰੇ ਲਿਖੀਆਂ ਅਹਿਮ ਤੇ ਜਾਣਕਾਰੀ ਭਰਪੂਰ ਲਿਖਤਾਂ ਨੂੰ ਸ਼ਾਮਿਲ ਕੀਤਾ ਹੈ।
ਐੱਸ ਅਸ਼ੋਕ ਭੌਰਾ ਖੁਦ ਵੀ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ।
ਅਸ਼ੋਕ ਭੌਰਾ ਦੀਆਂ ਪਹਿਲਾਂ ਲਿਖੀਆਂ ਨੌਂ ਪੁਸਤਕਾਂ ਨੂੰ ਵੀ ਪਾਠਕ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇੰਡੀਆ ਬੈਂਕੁਇਟ ਹਾਲ (ਰਿਵਰਸਾਈਡ ਸਿਗਨੇਚਰ ਬੈਂਕੁਇਟ ਹਾਲ) 201, 13030-76 ਐਵਨਿਊ, ਸਰੀ ਬੀ ਸੀ ਵਿਖੇ 14 ਸਤੰਬਰ ਨੂੰ ਬਾਅਦ ਦੁਪਿਹਰ 12:30 ਤੋਂ 4:00 ਵਜੇ ਸ਼ਾਮ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਜਿਥੇ ਉੱਘੀਆਂ ਸਾਹਿਤਕ ਤੇ ਸਮਾਜਿਕ, ਮੀਡੀਆ ਖੇਤਰ ਦੀਆਂ ਹਸਤੀਆਂ ਪੁੱਜਣਗੀਆਂ ਉਥੇ ਪੰਜਾਬ ਤੋਂ ਢਾਡੀ ਕੁਲਜੀਤ ਸਿੰਘ ਦਿਲਬਰ, ਢਾਡੀ ਤਰਲੋਚਨ ਸਿੰਘ ਭਮੱਦੀ ਤੇ ਬਲਦੇਵ ਸਿੰਘ ਐਮ ਏ ਵੀ ਸ਼ਾਮਿਲ ਹੋਣਗੇ। ਪ੍ਰਬੰਧਕਾਂ ਵਲੋਂ ਸਭਨਾਂ ਨੂੰ ਇਸ ਸਾਮਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।ਸ੍ਰ. ਗਿੱਲ ਅਤੇ ਸ੍ਰੀ ਮਾਧੋਪੁਰੀ ਅਨੁਸਾਰ
ਇਸ ਸਮਾਗਮ ਵਿਚ ਗੀਤ ਸੰਗੀਤ ਵੀ ਹੋਵੇਗਾ। ਚਾਹ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ ਤੇ ਕੋਈ ਦਾਖਲਾ ਫੀਸ ਨਹੀਂ। ਵਧੇਰੇ ਜਾਣਕਾਰੀ ਲਈ ਪ੍ਰਿਤਪਾਲ ਸਿੰਘ ਗਿੱਲ (604-726-8410) ਜਾਂ ਸੁਰਜੀਤ ਮਾਧੋਪੁਰੀ (604-377-4171) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
The post ਐੱਸ. ਅਸ਼ੋਕ ਭੌਰਾ ਦੀ ਪੁਸਤਕ ਦਾ ਰਿਲੀਜ ਸਮਾਰੋਹ 14 ਸਤੰਬਰ ਨੂੰ appeared first on Quomantry Amritsar Times.
ਬਾਲੀਵੁਡ ਕਿੰਗ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 3600 ਕਰੋੜ
ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ‘ਚ ਸ਼ਾਮਿਲ
ਮੁੰਬਈ/ਬਿਊਰੋ ਨਿਊਜ਼-ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 3600 ਕਰੋੜ ਹੈ ਅਤੇ ਉਹ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ। ਇਕ ਵੈਲਥ ਰਿਸਰਚ ਫਰਮ ਵੈਲਥ-ਐਕਸ ਨੇ ਸਰਵੇ ਦੌਰਾਨ ਸ਼ਾਹਰੁਖ ਨੂੰ ਭਾਰਤੀ ਅਮੀਰਾਂ ਦੀ ਉਸ ਸੂਚੀ ਵਿਚ ਸ਼ਾਮਿਲ ਕੀਤਾ ਹੈ, ਜਿਸ ਵਿਚ ਪਹਿਲੇ ਸਥਾਨ ‘ਤੇ ਮੁਕੇਸ਼ ਅੰਬਾਨੀ (5,21, 550 ਕਰੋੜ) ਅਤੇ ਦੂਸਰੇ ਸਥਾਨ ‘ਤੇ ਲਕਸ਼ਮੀ ਨਿਵਾਸ ਮਿੱਤਲ (1,04,920 ਕਰੋੜ) ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਅਦਾਕਾਰ ਦਾ ਨਾਮ ਇਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੋਵੇ। ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਫਿਲਮ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ, ਸਪੈਸ਼ਲ ਈਫੈਕਟ ਕੰਪਨੀ ਰੈੱਡ ਚਿਲੀਜ਼ ਵੀ. ਐਫ. ਐਕਸ., ਆਈ. ਪੀ. ਐਲ. ਕ੍ਰਿਕਟ ਟੀਮ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ‘ਚ ਜਿਡਜਾਨੀਆ ਪਾਰਕ ਦੇ ਮਾਲਕ ਹਨ। ਇਸ ਤੋਂ ਇਲਾਵਾ ਸ਼ਾਹਰੁਖ ਦੀ ਮੁੰਬਈ, ਡੁਬਈ ਅਤੇ ਲੰਡਨ ਵਿਚ ਵੀ ਪ੍ਰਾਪਰਟੀ ਹੈ। ਕਈ ਦੇਸੀ ਅਤੇ ਵਿਦੇਸ਼ੀ ਬ੍ਰਾਂਡ ਦੇ ਵਿਗਿਆਪਨਾਂ ਲਈ ਵੀ ਸ਼ਾਹਰੁਖ ਜਾਣੇ ਜਾਂਦੇ ਹਨ।
The post ਬਾਲੀਵੁਡ ਕਿੰਗ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 3600 ਕਰੋੜ appeared first on Quomantry Amritsar Times.
ਛੇਵਾਂ ਸਾਲਾਨਾ ਤੀਆਂ ਮੇਲਾ ਮਾਇਕ ਗਰੋਵ ਪਾਰਕ ਲੋਡਾਈ ‘ਚ ਲੱਗਿਆ
ਸਟਾਕਟਨ/ਬਿਊਰੋ ਨਿਊਜ਼-ਛੇਵਾਂ ਸਾਲਾਨਾ ਤੀਆਂ ਮੇਲਾ ਮਾਇਕ ਗਰੋਵ ਪਾਰਕ ਲੋਡਾਈ, ਕੈਲੀਫੋਰਨੀਆ ਵਿਖੇ ਮਨਾਇਆ ਗਿਆ।ਇਸ ਮੇਲੇ ਦੌਰਾਨ ਬੱਚਿਆਂ ਨੇ ਗਿੱਧਾ, ਸਕਿੱਟਸ ਅਤੇ ਮਿਸ ਪੰਜਾਬਣ ਮੁਕਾਬਲਿਆਂ ਵਿਚ ਭਾਗ ਲਿਆ।ਇਸ ਮੇਲੇ ਨੂੰ ਹੋਸਟ ਯੂਬਾ ਸਿਟੀ ਦੀ ਸ਼੍ਰੀਮਤੀ ਹਰਜੀਤ ਉੱਪਲ ਨੇ ਕੀਤਾ, ਜਿਸ ਕਰਕੇ ਇਹ ਮੇਲਾ ਰੌਣਕ ਅਤੇ ਮਨੋਰੰਜਨ ਭਰਪੂਰ ਹੋ ਨਿਬੜਿਆ। ਇਹ ਮੇਲਾ ਆਪਣੇ ਆਪ ਵਿਚ ਇਕ ਸੱਭਿਆਚਾਰਕ ਈਵੈਂਟ ਸੀ, ਜਿੱਥੇ ਇਕ ਪਾਸੇ ਮਹਿੰਦੀ ਲਗਾਉਣ ਦੀਆਂ ਸਟਾਲਾਂ ਸਨ, ਉੱਥੇ ਨਾਲ ਹੀ ਪੰਜਾਬੀ ਸੂਟਾਂ ਅਤੇ ਗਹਿਣਿਆਂ ਦੀਆਂ ਵੀ ਸਟਾਲਾਂ ਸਜੀਆਂ ਹੋਈਆਂ ਸਨ।ਇਸ ਦੇ ਨਾਲ ਹੀ ਪੰਜਾਬੀ ਖਾਣਿਆਂ ਦੀਆਂ ਸਟਾਲਾਂ ਸਜੀਆਂ ਸਨ, ਜਿਹਨਾਂ ਵਿਚੋਂ ਛੋਲੇ ਭਟੂਰਿਆਂ ਦੀ ਸਟਾਲ ਸਭ ਤੋਂ ਵਧੀਆ ਸੀ।ਇਸ ਤੋਂ ਇਲਾਵਾ ਠੰਡੀ ਕੁਲਫੀ ਦੀਆਂ ਸਟਾਲਾਂ ਵੀ ਮਨ ਨੂੰ ਮੋਹ ਰਹੀਆਂ ਸਨ।
The post ਛੇਵਾਂ ਸਾਲਾਨਾ ਤੀਆਂ ਮੇਲਾ ਮਾਇਕ ਗਰੋਵ ਪਾਰਕ ਲੋਡਾਈ ‘ਚ ਲੱਗਿਆ appeared first on Quomantry Amritsar Times.
ਸਾਰੀ ਉਮਰ ਸੂਫ਼ੀ ਕਲਾਮਾਂ ਲੇਖੇ ਲਾਉਣ ਵਾਲੇ ਆਰ.ਪੀ.ਦੀਵਾਨਾ ਦੀ ਅਵਾਜ਼ਾਰੀ
ਕਿਸੇ ਕਲਾਕਾਰ ਵੱਲੋਂ ਗਾਏ ਜਾਂਦੇ ਸੂਫ਼ੀ ਕਲਾਮ ਦੇ ਆਖਰੀ ਅੰਤਰੇ ‘ਚ ਜਦੋਂ ‘ਦੀਵਾਨਾ’ ਨਾਂਅ ਆਉਣਾ ਤਾਂ ਉਸ ਦੀਵਾਨੇ ਦੀ ਤਸਵੀਰ ਮੈਂ ਆਪਣੇ ਜ਼ਿਹਨ ‘ਚ ਝਰੀਟਣੀ ਸ਼ੁਰੂ ਕਰ ਦੇਣੀ। ਇੱਕ-ਦੋ ਨਹੀਂ, ਦਸ-ਬਾਰਾਂ ਕਲਾਕਾਰਾਂ ਮੂੰਹੋਂ ‘ਦੀਵਾਨਾ-ਦੀਵਾਨਾ’ ਸੁਣਿਆ ਸੀ। ਕਲਾਮ ਦੇ ਬੋਲਾਂ ਮੁਤਾਬਕ ਮੈਂ ਸੋਚਦਾ ਕਿ ਉਹ ਮਸਤ-ਮਲੰਗ ਬੰਦਾ ਹੋਏਗਾ ਉਹ, ਚੜ੍ਹੀ-ਲੱਥੀ ਦੀ ਬਹੁਤੀ ਪ੍ਰਵਾਹ ਨਹੀਂ ਹੋਏਗੀ, ਮਜਾਰਾਂ ‘ਤੇ ਘੁੰਮਦਾ ਹੋਏਗਾ, ਧੁੱਪ-ਛਾਂ ਤੋਂ ਬੇਖ਼ਬਰ ਹੋਣਾ…ਪਾਕਿਸਤਾਨੀ ਸੂਫ਼ੀ ਗਾਇਕ ਸਾਈਂ ਜ਼ਹੂਰ ਵਾਂਗ।
ਫੇਰ ਪਤਾ ਲੱਗਾ ਕਿ ਉਸ ਦੀ ਸ਼ਖਸੀਅਤ ਮੇਰੀ ਸੋਚ ਤੋਂ ਬਿਲਕੁਲ ਉਲਟ ਹੈ। ਰਹਿੰਦਾ ਘਰ ‘ਚ ਹੀ ਏ, ਤੁਰਨ- ਫਿਰਨ ਦੇ ਹੁਣ ਸਮਰੱਥ ਨਹੀਂ, ਪਰ ਜਿਊਂਦਾ ਫੱਕਰਾਂ ਵਾਂਗ ਹੀ ਹੈ। ਅਗਲੀ ਜਾਣਕਾਰੀ ਕੁਝ ਹੋਰ ਸੱਜਣਾਂ ਤੋਂ ਮਿਲੀ ਕਿ ਉਸ ਦਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬੱਠੀਆਂ ਬ੍ਰਾਹਮਣਾਂ ਹੈ ਤੇ ਪਿਛਲੇ ਇੱਕ ਦਹਾਕੇ ਤੋਂ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ।
ਹੁਣ ਸਵਾਲ ਬੱਠੀਆਂ ਬ੍ਰਾਹਮਣਾਂ ਪਹੁੰਚਣ ਦਾ ਸੀ। ਕਈ ਵਾਰ ਪ੍ਰੋਗਰਾਮ ਬਣਿਆ ਤੇ ਕਈ ਵਾਰ ਖੁੰਝਿਆ। ਇੱਕ ਦਿਨ ਇਰਾਦਾ ਪੱਕਾ ਕਰਕੇ ਮੋਟਰਸਾਈਕਲ ‘ਤੇ ਹੁਸ਼ਿਆਰਪੁਰ ਪਹੁੰਚ ਗਿਆ ਤੇ ਪੁੱਛਦਿਆਂ-ਪੁਛਾਉਂਦਿਆਂ ਬੱਠੀਆਂ ਬ੍ਰਾਹਮਣਾਂ ਵੀ ਲੱਭ ਲਿਆ।
ਪਿੰਡ ਦੇ ਮੋੜ ‘ਤੇ ਤਿੰਨ-ਚਾਰ ਤੀਵੀਂਆਂ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਮੈਂ ਪੁੱਛਿਆ, ‘ਆਰ.ਪੀ.ਦੀਵਾਨਾ ਦੇ ਘਰ ਜਾਣੈ…।’
ਇੱਕ ਜਣੀ ਪਾਣੀ ਵਾਲੀ ਬਾਲਟੀ ਥੱਲੇ ਰੱਖਦਿਆਂ ਬੋਲੀ, ‘ਕਿਹੜਾ ਦੀਵਾਨਾ…ਕਿਤੇ ਉਹ ਤਾਂ ਨਹੀਂ ਜਿਹੜਾ ਗਾਣੇ ਲਿਖਦੈ…ਉਨ੍ਹਾਂ ਦਾ ਘਰ ਤਾਂ ਪਿੱਛੇ ਰਹਿ ਗਿਐ…ਛੋਟੀ ਜਹੀ ਗਲੀ ਵਿੱਚ…ਸਾਹਮਣਲਾ ਘਰ ਉਹਦਾ ਹੀ ਏ…।’
ਉਥੇ ਪਹੁੰਚ ਗਿਆ। ਲੰਮੀ ਗਲੀ ਮਸੀਂ ਸਾਢੇ ਕੁ ਤਿੰਨ ਫੁੱਟ ਚੌੜੀ, ਜਿਵੇਂ ਗੁਫ਼ਾ ‘ਚ ਜਾਣ ਵਾਲੀ ਸੁਰੰਗ ਹੋਵੇ। ਸਕੂਟਰ ਜਾਂ ਮੋਟਰਸਾਈਕਲ ਗਲੀ ‘ਚ ਖੜ੍ਹਾ ਹੋਵੇ ਤਾਂ ਬੰਦਾ ਕੰਧ ਨਾਲ ਕਹਿ ਕੇ ਅੱਗੇ ਲੰਘ ਸਕੇਗਾ। ਨੁੱਕਰ ‘ਚ ਇੱਕ ਛੋਟਾ ਜਿਹਾ ਕਮਰਾ ਤੇ ਲੱਕੜ ਦੇ ਦੀਵਾਨ ‘ਤੇ ਇੱਕ ਬਜ਼ੁਰਗ ਚਿੱਟੇ ਕੱਪੜੇ ਪਹਿਨੀ ਲੰਮਾ ਪਿਆ ਹੈ। ਦੁੱਧ ਰੰਗੇ ਵਾਲ਼, ਦਾੜ੍ਹੀ-ਮੁੱਛਾਂ ਸਫ਼ਾ ਚੱਟ, ਸਿਰਹਾਣੇ ਡਾਇਰੀ-ਪੈੱਨ, ਮੋਬਾਈਲ ਤੇ ਹੋਰ ਨਿੱਕ-ਸੁੱਕ। ਉਸ ਦੇ ਵਾਲ਼ ਤੇ ਕੱਪੜੇ ਇਕੋ ਜਹੇ ਨੇ। ਇੱਕ ਬਜ਼ੁਰਗ ਔਰਤ ਕੋਲ ਬੈਠੀ ਹੈ। ਉਸ ਦੇ ਵਾਲ਼ ਉਲਝੇ ਹੋਏ ਨੇ ਤੇ ਝੁਰੜੀਆਂ ਵਾਲਾ ਚਿਹਰਾ ਥੱਕਿਆ-ਟੁੱਟਿਆ ਜਾਪ ਰਿਹੈ। ਉਹ ਬਿਲਕੁਲ ਮੇਰੀ ਦਾਦੀ ਹਰਨਾਮ ਕੌਰ ਵਰਗੀ ਹੈ, ਜਿਹੜੀ ਹੁਣ ਇਸ ਦੁਨੀਆ ‘ਤੇ ਨਹੀਂ।
ਕਮਰੇ ਦੇ ਇੱਕ ਪਾਸੇ ਪਿੱਤਲ ਦੇ ਪੰਜ-ਸੱਤ ਭਾਂਡੇ ਨੇ। ਛੋਟੀ ਜਹੀ ਪੇਟੀ ‘ਤੇ ਲੱਕੜ ਦਾ ਟਰੰਕ ਰੱਖਿਆ ਹੋਇਐ। ਕੰਧਾਂ ‘ਤੇ ਕੁਝ ਕੁ ਤਸਵੀਰਾਂ ਫਰੇਮ ਕਰਾ ਕੇ ਟੰਗੀਆਂ ਨੇ। ਇੱਕ ਪਾਸੇ ਸਨਮਾਨ ਨਿਸ਼ਾਨੀਆਂ ਪਈਆਂ ਨੇ, ਜਿਨ੍ਹਾਂ ਦੀ ਚਮਕ ਧੂੜ ਨਾਲ ਗੁਆਚੀ ਹੋਈ ਏ।
‘ਆ ਗਏ ਓ…ਬਹੁਤੀ ਦੂਰ ਤਾਂ ‘ਨੀਂ ਲੱਗਾ ਪਿੰਡ…ਬੈਠ ਜੋ…ਆਜੋ।’ ਬਜ਼ੁਰਗ ਲੇਟਿਆਂ ਤੋਂ ਬੈਠਿਆਂ ਹੁੰਦਾ ਬੋਲਿਆ।
‘ਲੱਭ ਹੀ ਲਿਆ ਔਖਿਆਂ-ਸੌਖਿਆਂ…।’ ਮੈਂ ਲੰਮਾ ਸਾਹ ਲੈਂਦਿਆਂ ਕਿਹਾ।
ਏਨੇ ਨੂੰ ਉਸ ਦਾ ਫੋਨ ਖੜਕਿਆ। ਦੋ ਕੁ ਮਿੰਟ ਗੱਲ ਚੱਲੀ। ਹੁੰਗਾਰੇ ਤੋਂ ਜਾਪਦਾ ਸੀ ਕਿ ਕਿਸੇ ਗਵੱਈਏ ਦਾ ਫੋਨ ਹੈ। ‘ਕੋਈ ਨਾ, ਕੋਈ ਨਾ…ਆਸ਼ੀਰਵਾਦ ਨੂੰ ਕਿਹੜਾ ਮੈਂ ਗੁਰੂ ਜਾਂ ਪੀਰ ਹਾਂ…ਜਿੰਨੇ ਜੋਗੇ ਹੋਏ ਮੱਦਦ ਕਰਾਂਗੇ…ਮੈਨੂੰ ਮਿਲਣ ਵਾਲੇ ਸੱਜਣ ਆਏ ਨੇ…ਫੇਰ ਗੱਲ ਕਰਿਓ…ਓ.ਕੇ, ਬਾਏ…।’
ਮੇਰੇ ਵੱਲ ਮੂੰਹ ਕਰ ਬੋਲਿਆ, ‘ਤਰਨਤਾਰਨੋਂ ਗਾਉਣ ਵਾਲਾ ਸੀ, ਕਹਿੰਦਾ ਸਾਡੀ ਬੇੜੀ ਪਾਰ ਲਾ ਦਿਓ…ਮੈਂ ਕੋਈ ਮਲਾਹ ਆਂ…ਕਲਾਮ ਦੇ ਸਕਦਾਂ ਇੱਕ-ਦੋ…ਗਾਉਣਾ ਤਾਂ ਇਨ੍ਹਾਂ ਆਪ ਹੀ ਐ…ਖੁਦ ‘ਤੇ ਭਰੋਸਾ ਨਹੀਂ ਕਰਦੇ…ਕਮਾਲ ਨੇ ਇਹ ਲੋਕ…ਮੈਨੂੰ ਵਡਿਆ ਕੇ ਆਪਣਾ ਕੰਮ ਕਢਾ ਲੈਂਦੇ ਨੇ…।’
‘ਇਹ ਆਪਣੀ ਕੁੱਲੀ ਐ ਛੋਟੀ ਜਹੀ…ਏਥੇ ਹੀ ਆ ਜਾਂਦੈ ਜੀਹਨੇ ਮਿਲਣਾ ਹੋਵੇ…ਮੁਸ਼ਾਇਰੇ ਜਾਂ ਦਰਬਾਰ ‘ਤੇ ਸੱਦਣ ਵਾਲੇ ਗੱਡੀ ਭੇਜ ਦਿੰਦੇ ਨੇ…ਹੁਣ ਤੁਰਿਆ ਨਹੀਂ ਜਾਂਦਾ…ਵਾਕਰ ਨਾਲ ਮਾੜਾ-ਮੋਟਾ ਗਲੀ ‘ਚ ਤੁਰ ਲੈਨਾਂ…।’
ਪਜਾਮਾ ਉਤਾਂਹ ਕਰ ਖੱਬੀ ਲੱਤ ਦਿਖਾਉਂਦਿਆਂ ਬੋਲਿਆ, ‘ਲੱਤ ਤਿੰਨ ਥਾਂਵਾਂ ਤੋਂ ਟੁੱਟ ਗਈ ਕਈ ਸਾਲ ਪਹਿਲਾਂ…ਸੱਤ ਵਾਰ ਅਪ੍ਰੇਸ਼ਨ ਹੋਇਆ…ਪੰਜ ਲੱਖ ਰੁਪਿਆ ਲੱਗਾ, ਪਰ ਡਾਕਟਰ ਤੋਂ ਲੱਤ ਠੀਕ ਨਹੀਂ ਹੋਈ…ਵੱਖੀ ‘ਚੋਂ ਹੱਡੀਆਂ ਕੱਢ ਕੇ ਪਾਈਆਂ ਸੀ ਇਹਦੇ ‘ਚ…ਲੱਤ ‘ਚ ਜਿਹੜਾ ਡੂੰਘ ਦਿਸਦੈ, ਬੜਾ ਦੁੱਖ ਦਿੰਦੈ ਕਈ ਵਾਰ…ਹੁਣ ਵੀ੩ਪੈਰ ਸੁੱਜ ਕੇ ਭੜੋਲੇ ਵਰਗਾ ਹੋਇਆ ਰਹਿੰਦੈ…ਤੇਰਾਂ ਸਾਲ ਤੋਂ ਮੰਜੇ ‘ਤੇ ਹੀ ਆਂ…ਕਿਸਮਤ ਦੀ ਖੇਡ ਐ ਸਾਰੀ…।’
ਸੱਚੀਂ ਪੈਰ ਉਸਦਾ ਡਬਲਰੋਟੀ ਵਰਗਾ ਬਣਿਆ ਹੋਇਆ ਸੀ ਤੇ ਲੱਤ ‘ਚ ਥਾਂ-ਥਾਂ ਚਿੱਬ ਪਏ ਹੋਏ ਸਨ।
ਮਾਹੌਲ ਬਦਲਣ ਲਈ ਮੈਂ ਹੋਰ ਗੱਲ ਸ਼ੁਰੂ ਕੀਤੀ, ‘ਬੜੇ ਕਲਾਮ ਸੁਣੇ ਨੇ ਤੁਹਾਡੇ…ਕੁਝ ਨਵਾਂ ਵੀ ਲਿਖਿਆ ਕਿ ਨਹੀਂ…?’
‘ਕਲਾਮ ਹੀ ਲਿਖਣੇ ਆ, ਹੋਰ ਕੀ ਕਰਨੈ…ਸਾਰੀ ਉਮਰ ਇਹੀ ਕੀਤਾ…ਹੁਣ ਘੱਟ ਲਿਖਿਆ ਜਾਂਦੈ, ਅੱਖ ਜਵਾਬ ਦੇ ਗਈ ਐ…ਬੜਾ ਪੈਸਾ ਪੱਟਿਆ ਇਹਦੇ ‘ਤੇ…ਗਵੱਈਆਂ ਨੂੰ ਰਾਹ ਦਿਖਾਉਂਦੇ-ਦਿਖਾਉਂਦੇ ਆਪਣਾ ਰਾਹ ਬੰਦ ਕਰ ਬੈਠੇ ਆਂ…ਕਦੇ-ਕਦਾਈਂ ਲਿਖ ਲਈਦਾ…ਕੀ ਪਤਾ ਕਦੋਂ ਕੀ ਫੁਰ ਪਵੇ…ਤੂੰ ਆਪਣੀ ਕਾਪੀ ‘ਤੇ ਲਿਖੀ ਜਾਹ ਮੈਂ ਜੋ-ਜੋ ਦੱਸਾਂ…।’
‘ਘਰ ‘ਚ ਕਿਸੇ ਨੂੰ ਲਿਖਣ ਦਾ ਸ਼ੌਕ ਨਹੀਂ ਸੀ…ਮੈਂ ਪੰਦਰਾਂ ਸਾਲ ਦੀ ਉਮਰ ‘ਚ ਪਹਿਲਾ ਕਲਾਮ ਲਿਖਿਆ ਸੀ…ਜਵਾਨੀ ਫੁੱਟ ਰਹੀ ਸੀ, ਮਨ ਉੱਡੂੰ-ਉੱਡੂੰ ਕਰਦਾ ਸੀ…ਜੋ ਠੀਕ ਲੱਗਦਾ ਲਿਖ ਲੈਂਦਾ…ਪੰਜਾਬੀ ਗਾਣੇ ਵੀ ਲਿਖੇ, ਪਰ ਛੇਤੀ ਹੀ ਮੈਨੂੰ ਗਿਆਨ ਹੋ ਗਿਆ ਕਿ ਇਹ ਪਛਾਣ ਦੇਣ ਦੇ ਸਮਰੱਥ ਨਹੀਂ…ਸੂਫ਼ੀ ਕਲਾਮ ਸੁਣਨੇ ਚੰਗੇ ਲੱਗਦੇ ਸੀ ਤੇ ਧਿਆਨ ਓਧਰ ਲਾ ਲਿਆ…ਵੰਡ ਵੇਲ਼ੇ ਮੈਂ ਵੀਹ ਕੁ ਸਾਲ ਦਾ ਸੀ…ਦਰਦ ਦੀ ਪੰਡ ਮੋਢਿਆਂ ‘ਤੇ ਚੁੱਕ ਸਾਰਾ ਟੱਬਰ ਏਧਰ ਆ ਗਿਆ…ਬੜਾ ਦਿਲ ਕੀਤਾ ਉਸ ਦਰਦ ਨੂੰ ਲਿਖਣ ਲਈ, ਪਰ ਜਦੋਂ ਲਿਖਣਾ ਚਾਹਿਆ ਹੱਥ ਕੰਬਣ ਲੱਗ ਗਿਆ…ਕਿੰਨਾ ਭਿਆਨਕ ਵੇਲ਼ਾ ਸੀ ਉਹ…ਹੁਣ ਤੱਕ ਛੇ ਕੁ ਹਜ਼ਾਰ ਕਲਾਮ ਲਿਖੇ ਨੇ…ਬੜਿਆਂ ਨੇ ਗਾਏ…ਰਿਕਾਰਡਿੰਗ ਵੱਲ ਬਹੁਤਾ ਧਿਆਨ ਨਹੀਂ ਦਿੱਤਾ…ਕਲਾਕਾਰ ਵੀਹ-ਵੀਹ, ਤੀਹ-ਤੀਹ ਕਲਾਮ ‘ਕੱਠੇ ਵੀ ਲਿਜਾਂਦੇ ਰਹੇ…ਕੋਈ ਰਿਕਾਰਡ ਹੋ ਜਾਂਦਾ ਤੇ ਬਾਕੀ ਸਟੇਜਾਂ ਵਾਸਤੇ ਹੁੰਦੇ…ਨੁਸਰਤ ਫ਼ਤਹਿ ਅਲੀ ਖ਼ਾਨ ਕੋਲ ਵੀ ਮੇਰੇ ਨੌਂ ਕਲਾਮ ਗਏ ਸਨ, ਉਨ੍ਹਾਂ ਬਹੁਤ ਪਸੰਦ ਕੀਤੇ…ਪਰ ਮਾੜੀ ਕਿਸਮਤ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਤੇ ਮੇਰੇ ਮਨ ਦੀ ਰੀਝ ਵਿੱਚੇ ਰਹਿ ਗਈ…ਪਰ ਇਹ ਗੱਲ ਸੱਚੀ ਐ ਕਿ ਲਿਖਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ…ਜਲੰਧਰ ਦੀਆਂ ਦੋ ਭੈਣਾਂ ਨੂੰ ਕਈ ਕਲਾਮ ਦਿੱਤੇ…ਪਰ ਗੁਣ ਕਿਸੇ ਨੇ ਨਹੀਂ ਪਾਇਆ…।’
ਏਨਾ ਕੁ ਦੱਸ ਪਰਵਾਨੇ ਨੇ ਚੁੱਪ ਵੱਟ ਲਈ, ਜਿਵੇਂ ਮਨ ਭਰ ਆਇਆ ਹੋਵੇ। ਫੇਰ ਘਰਵਾਲੀ ਨੂੰ ‘ਵਾਜ਼ ਮਾਰੀ, ‘ਸੁਣਦੀ ਏਂ…ਸੁਣ ਵੀ ਲਿਆ ਕਰੋ…ਮੁੰਡਾ ਦੂਰੋਂ ਆਇਐ, ਠੰਢਾ-ਠੁੰਢਾ ਪਿਆ ਦੇ…ਮੇਰੇ ਲਈ ਵੀ ਲੈ ਆਵੀਂ…।’
ਗੱਲ ਫੇਰ ਸ਼ੁਰੂ ਹੋ ਗਈ, ‘ਮੈਂ ਡਾਕਖਾਨੇ ਵਿੱਚ ਨੌਕਰੀ ਕੀਤੀ ਏ…ਉਥੋਂ ਜਿੰਨੀ ਕੁ ਪੈਨਸ਼ਨ ਆਉਂਦੀ ਏ, ਗੁਜ਼ਾਰਾ ਚੱਲੀ ਜਾਂਦੈ…ਗਾਉਣ ਵਾਲੇ ਮਿਹਨਤ ਦਾ ਪੂਰਾ ਮੁੱਲ ਨਹੀਂ ਦੇਂਦੇ…ਇੱਕ ਗਾਇਕ ਮੈਥੋਂ ਪੰਜ ਕਲਾਮ ਲੈ ਕੇ ਕਹਿੰਦਾ ਇਕਵੰਜਾ ਸੌ ਦੇ ਦਿਆਂਗਾਂ…ਪਰ ਜਾਂਦਿਆਂ ਪੰਜ ਸੌ ਫੜਾ ਕੇ ਕਹਿੰਦਾ, ‘ਛਿਆਲੀ ਸੌ ਬਾਅਦ ‘ਚ ਭੇਜ ਦਿੰਦੇ ਹਾਂ’ ਤੇ ਅੱਜ ਤੱਕ ਉਸ ਦੀ ‘ਬਾਅਦ’ ਨਹੀਂ ਆਈ…।’
‘ਬਚਪਨ ਦੇ ਵੇਲ਼ੇ ਦੀ ਗੱਲ ਸੁਣਾ ਦਿਓ…।’
‘ਜਨਮ ਮੇਰਾ ਪਾਕਿਸਤਾਨ ਵਿੱਚ ਹੋਇਆ, ਜ਼ਿਲ੍ਹਾ ਮਿੰਟਗੁੰਮਰੀ ਦੇ ਚੱਕ ਨੰਬਰ 76, 5-ਆਰ ‘ਚ। ਕੁਝ ਕੁ ਪੜ੍ਹਾਈ ਉਧਰ ਕੀਤੀ ਤੇ ਬਾਕੀ ਰਹਿੰਦੀ ਏਧਰ ਆ ਕੇ। ਪੜ੍ਹਨ ਦਾ ਸ਼ੌਕ ਬਹੁਤ ਸੀ। ਬੀ.ਏ ਕਲਾਸੀਕਲ ਗਾਇਕੀ ਨਾਲ ਕੀਤੀ। ਉਨ੍ਹਾਂ ਵੇਲਿਆਂ ‘ਚ ਅੱਠ ਜਾਂ ਦਸ ਪੜ੍ਹੇ ਦੀ ਬਥੇਰੀ ਵੁੱਕਤ ਸੀ, ਪਰ ਮੈਨੂੰ ਪੜ੍ਹਨ ਦੀ ਚੇਟਕ ਸੀ। ਰੋਟੀ-ਰੋਜ਼ੀ ਲਈ ਹੱਥ-ਪੈਰ ਮਾਰਨੇ ਸ਼ੁਰੂ ਕੀਤੇ ਤਾਂ ਡਾਕਖ਼ਾਨੇ ‘ਚ ਨੌਕਰੀ ਮਿਲ ਗਈ। 39 ਸਾਲ ਨੌਕਰੀ ਮਗਰੋਂ ਹੁਸ਼ਿਆਰਪੁਰ ਦੇ ਡਾਕਖਾਨੇ ‘ਚੋਂ ਸੇਵਾਮੁਕਤ ਹੋਇਆਂ। ਨੌਕਰੀ ਮੌਕੇ ਵੀ ਚਿੱਠੀਆਂ ਬਾਰੇ ਘੱਟ ਤੇ ਕਲਾਮਾਂ ਬਾਰੇ ਵੱਧ ਸੋਚਦਾ ਸੀ ਮੈਂ।’
ਮੈਂ ਪੁੱਛਿਆ, ‘ਜਦੋਂ ਤੁਹਾਡੇ ‘ਤੇ ਜਵਾਨੀ ਸੀ, ਉਦੋਂ ਚੱਕਵੇਂ ਗੀਤ ਲਿਖਣ ਬਾਰੇ ਨਹੀਂ ਸੋਚਿਆ…ਤੁਹਾਡੇ ਵੇਲ਼ੇ ਤਾਂ ਬੜੇ ਚੱਲਦੇ ਸੀ ਉਹ…?’
‘ਚੱਕਵੇਂ ਤਾਂ ਨਹੀਂ, ਪਰ ਸਧਾਰਨ ਗੀਤ ਜ਼ਰੂਰ ਲਿਖੇ ਸੀ ਆਸ਼ਕੀ-ਮਾਸ਼ੂਕੀ ਵਾਲੇ। ਉਹ ਰਿਕਾਰਡ ਨਹੀਂ ਕਰਾਏ। ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਨ੍ਹਾਂ ਦੀ ਉਮਰ ਬਹੁਤੀ ਨਹੀਂ। ਅੱਜ ਮਸ਼ਹੂਰ ਹੋਣਗੇ ਤਾਂ ਸਾਲ ਤੱਕ ਕਿਸੇ ਨੂੰ ਚੇਤਾ ਨਹੀਂ ਆਉਣਾ। ਪੀਰਾਂ ਦੀਆਂ ਮਜਾਰਾਂ ‘ਤੇ ਜਾਣਾ ਤੇ ਕੱਵਾਲੀਆਂ ਸੁਣਨਾ ਮੈਨੂੰ ਸ਼ੁਰੂ ਤੋਂ ਹੀ ਚੰੰਗਾ ਲੱਗਦਾ ਸੀ। ਕਿੱਸੇ ਬਹੁਤ ਪੜ੍ਹਦਾ ਸੀ ਮੈਂ। ਫੇਰ ਮੇਰਾ ਪੂਰਾ ਧਿਆਨ ਸੂਫ਼ੀ ਕਲਾਮਾਂ ਵੱਲ ਹੋ ਗਿਆ ਤੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਨ੍ਹਾਂ ਕਲਾਮਾਂ ਕਰਕੇ ਭਾਵੇਂ ਮੇਰੀ ਆਰਥਿਕਤਾ ਬਹੁਤੀ ਨਹੀਂ ਸੁਧਰੀ…ਪਰ ਮੈਨੂੰ ਲੋਕ ਕਲਾਮਾਂ ਵਾਲੇ ‘ਦੀਵਾਨੇ’ ਵਜੋਂ ਜਾਣਦੇ ਨੇ…।’
ਉਮਰ ਵੱਡੀ ਹੋਣ ਕਰਕੇ ਦੀਵਾਨਾ ਨੂੰ ਬਹੁਤੀਆਂ ਗੱਲਾਂ ਦਾ ਚੇਤਾ ਨਹੀਂ। ਬਹੁਤਾ ਜ਼ੋਰ ਪਾਉਣ ‘ਤੇ ਉਸ ਨੂੰ ਮਸੀਂ ਦੋ-ਚਾਰ ਕਲਾਮ ਚੇਤੇ ਆਉਂਦੇ ਨੇ। ਪੰਜ ਭਾਸ਼ਾਵਾਂ ਦਾ ਉਹ ਗਿਆਤਾ ਹੈ ਪੰਜਾਬੀ, ਅੰਗਰੇਜ਼ੀ, ਉਰਦੂ, ਹਿੰਦੀ ਤੇ ਫ਼ਾਰਸੀ। ਬਹੁਤ ਸਾਰੇ ਕਲਾਮਾਂ ਵਿੱਚ ਉਸ ਨੇ ਉਰਦੂ ਤੇ ਫਾਰਸੀ ਦੇ ਸ਼ਬਦ ਵਰਤੇ ਨੇ ਤੇ ਇਸ ਬਾਬਤ ਉਸ ਦਾ ਕਹਿਣਾ ਏ, ‘ਸ਼ਾਇਰ ਨੂੰ ਵੱਧ ਤੋਂ ਵੱਧ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਨੇ। ਕਿਤੇ ਪੰਜਾਬੀ ਦਾ ਸ਼ਬਦ ਫਿੱਟ ਨਾ ਹੋਵੇ ਤਾਂ ਉਰਦੂ ਦਾ ਵਰਤਿਆ ਜਾ ਸਕਦੈ, ਫਾਰਸੀ ਦਾ ਵਰਤਿਆ ਜਾ ਸਕਦੈ…ਸ਼ਾਇਰੀ ਦਾ ਸਬੰਧ ਖਿਆਲ ਨਾਲ ਹੈ ਤਾਂ ਪ੍ਰਗਟਾਵੇ ਲਈ ਭਾਸ਼ਾ ਵੀ ਘੱਟ ਅਹਿਮੀਅਤ ਨਹੀਂ ਰੱਖਦੀ…।’
ਦੀਵਾਨਾ ਦੇ ਕਲਾਮ ਸੁਣਿਆ ਉਸ ਦੀ ਸੋਚ ਦਾ ਪਤਾ ਲੱਗ ਜਾਂਦੈ ਕਿ ਕਿੰਨਾ ਆਸਤਿਕ ਹੈ ਉਹ। ‘ਸਾਈਂ’, ‘ਖੁਦਾ’, ‘ਅੱਲ੍ਹਾ’, ‘ਯਾਰ’ ਸ਼ਬਦ ਉਸ ਦੇ ਕਲਾਮਾਂ ਵਿੱਚ ਅਕਸਰ ਆਉਂਦੇ ਨੇ। ਬਹੁਤੇ ਕਲਾਮਾਂ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਹਕੀਕੀ ਇਸ਼ਕ ਦੀ ਮੱਸ ਵਾਲਾ ਉਸ ਨੂੰ ਹਕੀਕੀ ਰੂਪ ‘ਚ ਲੈਂਦਾ ਏ ਤੇ ਮਿਜਾਜ਼ੀ ਵਾਲਾ ਆਪਣੀ ਸੋਚ ਤੇ ਸੁਆਦ ਮੁਤਾਬਕ। ਦੀਵਾਨਾ ਦਾ ਕਹਿਣੈ, ‘ਸਾਰੀ ਦੁਨੀਆ ਇਕੋ ਜਹੀ ਨਹੀਂ…ਸੁਣਨ ਵਾਲੇ ਵੀ ਭਾਂਤ ਸੁਭਾਂਤੇ ਨੇ…ਗਾਇਕੀ ਦੀ ਲੋੜ ਸਭ ਨੂੰ ਹੈ, ਬਸ ਲਿਖਣਾ ਇਉਂ ਚਾਹੀਦੈ ਕਿ ਸਾਰਿਆਂ ਨੂੰ ਆਪਣੇ ਹੱਕ ਦੀ ਗੱਲ ਜਾਪੇ…।’
ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਵੱਲੋਂ ਦੀਵਾਨਾ ਦਾ ਗਾਇਆ ‘ਤੂੰ ਮੰਨ ਜਾਂ ਨਾ ਮੰਨ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ’ ਉਸ ਦੀ ਸੋਚ ਬਾਰੇ ਦੱਸ ਦਿੰਦੈ। ਬੋਲ ਨੇ :
ਤੂੰ ਮੰਨ ਜਾਂ ਨਾ ਮੰਨ ਦਿਲਦਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ।
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਅਪਨੇ ਤਨ ਕੀ ਖਾਕ ਉਡਾਈ,
ਤਬ ਮੈਂ ਇਸ਼ਕ ਕੀ ਮੰਜ਼ਲ ਪਾਈ।
ਮੇਰੀ ਸਾਸੋਂ ਕਾ ਬੋਲੇ ਇਕਤਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਤੁਝ ਬਿਨ ਜੀਨਾ ਬੀ ਕਿਆ ਜੀਨਾ,
ਤੇਰੀ ਚੌਖਟ ਮੇਰਾ ਮਦੀਨਾ।
ਕਹੀਂ ਔਰ ਨਾ ਸਜਦਾ ਗਵਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਹਸਤੇ ਹਸਤੇ ਹਰ ਗ਼ਮ ਲੇਨਾ,
ਰਾਜ਼ੀ ਤੇਰੀ ਰਜ਼ਾ ਮੇਂ ਰਹਿਨਾ,
ਤੂਨੇ ਮੁਝਕੋ ਸਿਖਾਇਆ ਹੈ ਯਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਦੀਵਾਨਾ ਦੇ ਬਹੁਤ ਸਾਰੇ ਕਲਾਮ ਸ਼ੌਕ ਅਲੀ ਮਤੋਈ, ਸਰਦਾਰ ਅਲੀ, ਸਲੀਮ, ਨੂਰਾਂ ਭੈਣਾਂ, ਲਖਵਿੰਦਰ ਵਡਾਲੀ ਤੇ ਹੋਰ ਕਲਾਕਾਰਾਂ ਨੇ ਗਾਏ ਨੇ। ਕਲਾਮ ਰਿਕਾਰਡ ਕਰਾਉਣ ਦੀ ਉਸ ਨੇ ਪ੍ਰਵਾਹ ਨਹੀਂ ਕੀਤੀ। ‘ਰਿਕਾਰਡ ਕਰਾ ਕੇ ਵੀ ਕੀ ਖੱਟ ਲੈਣਾ ਏ…ਸਟੇਜ ‘ਤੇ ਗਾਈ ਜਾਂਦੇ ਨੇ ਕਲਾਕਾਰ, ਬਸ ਬਹੁਤ ਐ ਏਨਾ…ਲੋਕ ਸਭ ਜਾਣਦੇ ਨੇ ਕਿ ਕੀਹਦਾ ਕੀ ਲਿਖਿਆ ਹੋਇਐ…।’
‘ਨਵਾਂ ਕਲਾਮ ਲਿਖਿਆਂ ਕਿੰਨੀ ਕੁ ਦੇਰ ਹੋ ਗਈ…?’ ਜਵਾਬ ‘ਚ ਕਹਿੰਦੈ, ‘ਅੱਖ ਦੀ ਰੌਸ਼ਨੀ ਚਲੀ ਗਈ ਸੀ ਮੇਰੀ, ਹੁਣ ਜਲੰਧਰੋਂ ਇਲਾਜ ਚੱਲਦੈ…ਵੀਹ ਕੁ ਫ਼ੀਸਦੀ ਰੌਸ਼ਨੀ ਪਰਤੀ ਏ…ਮੁੜ ਸੋਚਣਾ-ਲਿਖਣਾ ਸ਼ੁਰੂ ਕੀਤੈ। ਜਦੋਂ ਕੁਝ ਲਿਖਵਾਉਣ ਹੋਵੇ ਤਾਂ ਪੋਤੇ ਜਾਂ ਪੋਤੀ ਨੂੰ ‘ਵਾਜ਼ ਮਾਰ ਲੈਨਾਂ, ਉਹ ਲਿਖ ਦੇਂਦੇ ਨੇ।’
ਮੈਂ ਕਿਹਾ, ‘ਸੁਣਾ ਦਿਓ ਕੁਝ ਫੇਰ…?’ ਤਾਂ ਉਹ ਖੰਘੂਰਾ ਮਾਰ ਕੇ ਗਲ਼ਾ ਸੈੱਟ ਕਰਦਾ ਏ।
ਇਨ੍ਹਾਂ ਭੋਲੀਆਂ ਭਾਲੀਆਂ ਸੂਰਤਾਂ ਨੇ,
ਸਾਰਾ ਹੀ ਜ਼ਮਾਨਾ ਲੁੱਟਿਆ ਏ।
ਰਿੰਦਾਂ ਦੀ ਮਹਿਫ਼ਲ ਲੁੱਟੀ ਏ,
ਸਾਕੀ ਦਾ ਮੈਖਾਨਾ ਲੁੱਟਿਆ ਏ।
ਲੁੱਟ ਲੈਂਦੇ ਨੂਰ ਇਲਾਹੀ ਨੂੰ,
ਸ਼ਾਹਾਂ ਦੀ ਸ਼ਹਿਨਸ਼ਾਹੀ ਨੂੰ,
ਛੱਡ ਗੱਲ ਤੂੰ ਮਸਜਿਦ, ਮੰਦਰ ਦੀ,
ਕਾਬਾ ਬੁੱਤਖਾਨਾ ਲੁੱਟਿਆ ਏ।
ਇਹ ਭੇਦ ਇਸ਼ਕ ਦਾ ਪਾ ਲੈਂਦੇ,
ਨੱਚ-ਨੱਚ ਕੇ ਯਾਰ ਮਨਾ ਲੈਂਦੇ।
ਇਨ੍ਹਾਂ ਰੱਬ ਦੇ ਪਹਿਰੇਦਾਰਾਂ ਨੇ,
ਰੱਬ ਦਾ ਵੀ ਘਰਾਣਾ ਲੁੱਟਿਆ ਏ।
ਗੱਲ ਇਸ਼ਕ ਦੀ ਲਿਖਿਆਂ ਮੁੱਕਦੀ ਨਹੀਂ,
ਸ਼ਾਇਰ ਦੀ ਕਲਮ ਵੀ ਰੁਕਦੀ ਨਹੀਂ,
ਇਨ੍ਹਾਂ ਮੂੰਹ ਦਿਆਂ ਮਿੱਠਿਆਂ ਚੋਰਾਂ ਨੇ,
‘ਬੱਠੀਆਂ’ ਦਾ ‘ਦੀਵਾਨਾ’ ਲੁੱਟਿਆ ਏ।
ਦੀਵਾਨਾ ਦੀਆਂ ਡਾਇਰੀਆਂ ਦੇਖ ਪਤਾ ਲੱਗਦੈ ਕਿ ਕਿੰਨਾ ਕੁਝ ਉਸ ਨੇ ਲਿਖਿਆ ਏ। ਡਾਇਰੀਆਂ ਵਿੱਚ ਲਿਖਿਆ ਆਮ ਬੰਦਾ ਨਹੀਂ ਪੜ੍ਹ ਸਕਦਾ। ਸਿਆਣਿਆਂ ਦੇ ਕਹਿਣ ਵਾਂਗ, ‘ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣਦੀ ਏ’, ਉਵੇਂ ਆਪਣਾ ਲਿਖਿਆ ਸਿਰਫ਼ ਦੀਵਾਨਾ ਹੀ ਪੜ੍ਹ ਸਕਦੈ। ਇੱਕ ਡੇਰਾ ਸੰਚਾਲਕ ਵੱਲੋਂ ਉਸ ਦੀ ਕਿਤਾਬ ਛਪਵਾਈ ਗਈ ਹੈ, ਜਿਸ ਵਿੱਚ ਸੂਫ਼ੀ ਕਲਾਮ ਨੇ ਤੇ ਦੋ ਕਿਤਾਬਾਂ ਛਪਾਈ ਅਧੀਨ ਨੇ। ਕਹਿੰਦਾ ਏ, ‘ਲਿਖਿਆ ਬਹੁਤ ਏ…ਕਲਾਕਾਰਾਂ ਨੂੰ ਦਿੱਤਾ ਬਹੁਤ ਏ…ਪਰ ਹੁਣ ਉਮਰ ਨੇ ਯਾਦ ਸ਼ਕਤੀ ਮਾਰ ਦਿੱਤੀ ਏ…ਦਿਨਕਟੀ ਕਰਦਾ ਹਾਂ ਬਸ ਹੁਣ…ਯਾਦ ਰੱਖਣਾ ਗਾਉਣ ਵਾਲਿਆਂ ਦਾ ਕੰਮ ਏ, ਲਿਖਣ ਵਾਲਿਆਂ ਦਾ ਨਹੀਂ…।’
ਦੀਵਾਨਾ ਹੁਰੀਂ ਸੱਤ ਭਰਾ ਸਨ, ਜਿਨ੍ਹਾਂ ਵਿਚੋਂ ਪੰਜਾਂ ਦੀ ਮੌਤ ਹੋ ਚੁੱਕੀ ਏ। ਇੱਕ ਡਾਕਟਰ ਭਰਾ ਨੂੰ ਲਿਖਣ ਦਾ ਸ਼ੌਕ ਸੀ, ਉਹ ਵੀ ਨਹੀਂ ਰਿਹਾ। ਪਰਵਾਰ ਵਿੱਚ ਹੁਣ ਕਿਸੇ ਨੂੰ ਲਿਖਣ ਦਾ ਸ਼ੌਕ ਨਹੀਂ, ਨਾ ਪੁੱਤਾਂ ਨੂੰ, ਨਾ ਧੀਆਂ ਨੂੰ ਤੇ ਨਾ ਹੀ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ।
ਕਈ ਦਰਬਾਰਾਂ ‘ਤੇ ਦੀਵਾਨਾ ਨੂੰ ਸਨਮਾਨਿਆ ਗਿਆ। ਤਿੰਨ ਵਾਰ ਬਾਬਾ ਬੁੱਲ੍ਹੇ ਸ਼ਾਹ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਐ। ਕਮਰੇ ਦੀ ਛੋਟੀ ਜਹੀ ਅੰਗੀਠੀ ‘ਤੇ ਸਨਮਾਨ ਚਿੰਨ੍ਹ ਇੱਕ-ਦੂਜੇ ‘ਤੇ ਰੱਖੇ ਹੋਏ ਨੇ। ਇੱਕ-ਦੋ ਸਨਮਾਨ ਚਿੰਨ੍ਹ ਫਰੇਮ ਕਰਾਏ ਹੋਏ ਨੇ। ਦੀਵਾਨਾ ਆਖਦੈ, ‘ਅਸਲ ਸਨਮਾਨ ਲੋਕਾਂ ਵੱਲੋਂ ਮਿਲਦਾ ਸੀ…ਜਦੋਂ ਮਹਿਫ਼ਲਾਂ ‘ਚ ਜਾ ਕੇ ਗਾਉਂਦਾ ਸਾਂ ਤਾਂ ਧੰਨ-ਧੰਨ ਹੋ ਜਾਂਦੀ ਸੀ, ਹੁਣ ਵਕਤ ਨੂੰ ਧੱਕਾ ਦੇਣ ਵਾਲੀ ਗੱਲ ਏ…।’
ਵਾਰ-ਵਾਰ ਦੀਵਾਨਾ ਵੱਲੋਂ ਕਹੀ ਇਹ ਗੱਲ ਮੈਨੂੰ ਯਾਦ ਆਉਂਦੀ ਹੈ, ‘ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਮੇਰੀ ਮੱਦਦ ਕਰੋ…ਤੁਹਾਡੇ ਹਾਲਾਤ ਬਾਰੇ ਸਭ ਨੂੰ ਪਤਾ ਹੀ ਹੁੰਦੈ। ਏਥੇ ਪੱਥਰਾਂ ਨੂੰ ਪੂਜਿਆਂ ਜਾਂਦੈ, ਬੰਦਿਆਂ ਨੂੰ ਨਹੀਂ…ਇਹ ਪੱਥਰ ਦਿਲ ਦੁਨੀਆ ਪੱਥਰ ਪੂਜ ਕੇ ਹੀ ਖੁਸ਼ ਰਹਿੰਦੀ ਏ…ਚਲੋ ਸਭ ਦਾ ਭਲਾ ਹੋਵੇ…ਆਪਾਂ ਕੌਣ ਹੁੰਦੇ ਆਂ ਕਿਸੇ ਨੂੰ ਮੰਦਾ ਚੰਗਾ ਕਹਿਣ ਵਾਲੇ…।’
ਮੈਂ ਸੋਚਦਾ ਹਾਂ ਕਿ ਕਿੰਨੇ ਮਹਾਨ ਨੇ ਦੀਵਾਨਾ ਵਰਗੇ ਲੋਕ, ਰਾਮ ਪਿਆਰੇ ਨੂੰ ‘ਆਰ ਪੀ’ ਕਰ ਲੈਂਦੇ ਨੇ ਤੇ ਲਿਖਣ ਨਾਲ ਏਨੀ ਦੀਵਾਨਗੀ ਕਿ ਤਖੱਲਸ ‘ਦੀਵਾਨਾ’ ਰੱਖ ਲੈਂਦੇ ਨੇ, ਪਰ ਇਨ੍ਹਾਂ ਦੀ ਦੀਵਾਨਗੀ ਦੀ ਕਦਰ ਕਰਨ ਵਾਲੇ ਲੋਕ ਲੱਭਣੇ ਕਿੰਨੇ ਔਖੇ ਹਨ।
- ਸਵਰਨ ਸਿੰਘ ਟਹਿਣਾ
98141-78883 ਮੋ.
The post ਸਾਰੀ ਉਮਰ ਸੂਫ਼ੀ ਕਲਾਮਾਂ ਲੇਖੇ ਲਾਉਣ ਵਾਲੇ ਆਰ.ਪੀ.ਦੀਵਾਨਾ ਦੀ ਅਵਾਜ਼ਾਰੀ appeared first on Quomantry Amritsar Times.
ਪੰਜਾਬੀ ਫ਼ਿਲਮ ‘ਦਿ ਬਲੱਡ ਸਟਰੀਟ’ਭਾਰਤੀ ਸੈਂਸਰ ਬੋਰਡ ਦੀ ਭੇਟ ਚੜ੍ਹੀ
ਬਰਨਾਲਾ/ਬਿਊਰੋ ਨਿਊਜ਼- ‘ਕੌਮ ਦੇ ਹੀਰੇ’ ਤੋਂ ਬਾਅਦ ਹੁਣ ਪੰਜਾਬੀ ਫ਼ੀਚਰ ਫ਼ਿਲਮ ਉਦਿ ਬਲੱਡ ਸਟਰੀਟ” ਵੀ ਭਾਰਤੀ ਸੈਂਸਰ ਬੋਰਡ ਦੀ ਕਰੋਪੀ ਦਾ ਸ਼ਿਕਾਰ ਹੋ ਗਈ ਹੈ।ਉਹਰਜੀ ਮੂਵੀਜ਼ ਦੇ ਬੈਨਰ ਹੇਠ ਬਣੀ ਲੇਖਕ-ਨਿਰਦੇਸ਼ਕ ਦਰਸ਼ਨ ਦਰਵੇਸ਼ ਦੀ ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਬੀਤੇ ਉਸ ਦੌਰ ਦੀ ਪੇਸ਼ਕਾਰੀ ਕਰਦੀ ਹੈ ਜਦੋਂ ਘੱਟ ਗਿਣਤੀ ਦੇ ਲੋਕਾਂ ਨੂੰ ਜਬਰ-ਜ਼ੁਲਮ ਦਾ ਸਾਹਮਣਾ ਕਰਨਾ ਪਿਆ।ਫ਼ਿਲਮ ਦੇ ਡਾਇਰੈਕਟਰ ਦਰਸ਼ਨ ਦਰਵੇਸ਼ ਨੇ ਦੱਸਿਆ ਕਿ ਸੈਂਸਰ ਬੋਰਡ ਦੇ ਪੰਜ ਮੈਂਬਰਾਂ ਵਿਚੋਂ ਚਾਰ ਸਾਡੀ ਫਿਲਮ ਦੇ ਹੱਕ ਵਿਚ ਸਨ, ਮੈਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਨਹੀ ਦਿੱਤਾ ਗਿਆ ਅਤੇ ਫਿਲਮ ਚੇਨਈ ਸੈਂਸਰ ਬੋਰਡ ਦੇ ਚੇਅਰਪਰਸਨ ਕੋਲ ਰੀਵਿਊ ਲਈ ਭੇਜ ਦਿਤੀ ਹੈ। ਨਿਰਮਾਤਾ ਜਸਬੀਰ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੰਦੇ ਕਿਹਾ ਕਿ ਸੈਂਸਰ ਬੋਰਡ ਨੇ ਦੋਸ਼ ਲਾਉਂਦਿਆ ਕਿਹਾ ਕਿ ਇਹ ਫ਼ਿਲਮ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਅ ਸਕਦੀ ਹੈ ਅਤੇ ਨੌਜਵਾਨ ਵਰਗ ਨੂੰ ਆਪਣੇ ਹੱਕ ਮੰਗਣ ਲਈ ਉਤਸ਼ਾਹ ਕਰ ਸਕਦੀ ਹੈ।ਜਿਸ ਨਾਲ ਦੇਸ਼ ਦੇ ਹਾਲਾਤ ਵਿਗੜ ਸਕਦੇ ਹੈ। ਜਿਕਰਯੋਗ ਹੈ ਕਿ ਇਹ ਫਿਲਮ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਅਤੇ ਵਿਤਕਰੇ ਦੀ ਤਰਜਮਾਨੀ ਕਰਦੀ ਹੈ। ਸੈਂਸਰ ਬੋਰਡ ਨੇ ਇਸ ਫ਼ਿਲਮ ਦੇ ਟਰੇਲਰ ਵੀ ਪਾਸ ਨਹੀਂ ਕੀਤੇ। ਸੈਂਸਰ ਬੋਰਡ ਦੀ ਇਸ ਵਤੀਰੇ ਪ੍ਰਤੀ ਫ਼ਿਲਮ ਦੇ ਨਿਰਮਾਤਾ ਸ੍ਰੀ ਬੋਪਾਰਾਏ ਨੇ ਕਿਹਾ ਕਿ ਬੋਰਡ ਨੇ ਪੰਜਾਬੀ ਫ਼ਿਲਮਾਂ ਨਾਲ ਹਮੇਸ਼ਾ ਹੀ ਪੱਖਪਾਤ ਕੀਤਾ ਹੈ।ਬੋਰਡ ਦਾ ਕੰਮ ਫ਼ਿਲਮ ਵੇਖਣਾ ਤੇ ਬਣਦਾ ਸਰਟੀਫਿਕੇਟ ਦੇਣਾ ਹੈ।ਜੇ ਬੋਰਡ ਨੂੰ ਕਿਸੇ ਦ੍ਰਿਸ਼ ‘ਤੇ ਇਤਰਾਜ਼ ਹੈ ਤਾਂ ਉਸ ਨੂੰ ਹਟਾਉਣ ਜਾਂ ਸੋਧਣ ਦਾ ਹੁਕਮ ਦੇ ਸਕਦੀ ਹੈ।ਸਾਰੀ ਦੀ ਸਾਰੀ ਫ਼ਿਲਮ ਨੂੰ ਬੈਨ ਕਰ ਦੇਣਾ ਤਾਂ ਸਰਾਸਰ ਧੱਕਾ ਅਤੇ ਬੇ-ਇਨਸਾਫ਼ੀ ਹੈ।ਇਸ ਤੋਂ ਪਹਿਲਾਂ ਵੀ ਪੰਜਾਬੀ,ਹਿੰਦੀ ਭਾਸ਼ਾ ਵਿੱਚ ਅਨੇਕਾਂ ਫ਼ਿਲਮਾਂ ਬਣੀਆਂ ਹਨ ਜੋ ਆਪਣੇ ਇਤਿਹਾਸ ਤੇ ਜੁਝਾਰੂ ਕੌਮਾਂ ਦੇ ਜੀਵਨ ਦੀ ਪੇਸ਼ਕਾਰੀ ਕਰਦੀਆਂ ਹਨ।ਜ਼ਿਕਰਯੋਗ ਹੈ ਕਿ ਇਹ ਫ਼ਿਲਮ ਉਦਿ ਬਲੱਡ ਸਟਰੀਟ” 10 ਅਕਤੂਬਰ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਸੀ।
The post ਪੰਜਾਬੀ ਫ਼ਿਲਮ ‘ਦਿ ਬਲੱਡ ਸਟਰੀਟ’ ਭਾਰਤੀ ਸੈਂਸਰ ਬੋਰਡ ਦੀ ਭੇਟ ਚੜ੍ਹੀ appeared first on Quomantry Amritsar Times.
ਸੂਫ਼ੀ ਗਾਇਕ ਜਗਦੇਵ ਸਿੰਘ ਦੀ ਮਹਿਫ਼ਲ 4 ਅਕਤੂਬਰ ਨੂੰ
ਸੈਲਮਾ(ਨੀਟਾ ਮਾਛੀਕੇ/ਕੁਲਵੰਤ ਧਾਲੀਆਂ):
ਸਥਾਨਿਕ ਆਰਟਸ ਸੈਂਟਰ ਵਿੱਚ ਉਘੇ ਪੰਜਾਬੀ ਸੂਫੀ ਗਾਇਕ ਜਗਦੇਵ ਸਿੰਘ ਵੱਲੋਂ ਮਿਆਰੀ ਗੀਤਾਂ ਦੀ ਇੱਕ ਸ਼ਾਨਦਾਰ ਮਹਿਫ਼ਲ ਚਾਰ ਅਕਤੂਬਰ ਸ਼ਨੀਵਾਰ ਸ਼ਾਮੀਂ 6:30 ਵਜੇ ਤੋਂ ਲੈਕੇ ਰਾਤੀਂ 9:00 ਵਜੇ ਦਰਮਿਆਨ ਕੀਤੀ ਜਾ ਰਹੀ ਹੈ। ਇਸ ਮਹਿਫ਼ਲ ਵਿੱਚ ਸੂਫੀ ਗਾਇਕ ਦੁਆਰਾ ਸਵਰਗੀ ਵਲੋਂ ਗਾਈਆਂ ਗ਼ਜ਼ਲਾਂ ਤੋਂ ਇਲਾਵਾ ਅਜ਼ਾਦ ਜਲੰਧਰੀ ਸਾਹਿਬ, ਦਲਜੀਤ ਰਿਆੜ, ਸ਼ਾਇਰ ਹਰਜਿੰਦਰ ਕੰਗ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਗਜ਼ਲਾਂ ਅਤੇ ਗੀਤ ਪੇਸ਼ ਕੀਤੇ ਜਾਣਗੇ।
ਪ੍ਰੋਗਰਾਮ ਦਾ ਸਟੇਜ ਸੰਚਾਲਨ ਸ਼ਾਇਰ ਹਰਜਿੰਦਰ ਕੰਗ ਕਰਨਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ (559) 761-4271
The post ਸੂਫ਼ੀ ਗਾਇਕ ਜਗਦੇਵ ਸਿੰਘ ਦੀ ਮਹਿਫ਼ਲ 4 ਅਕਤੂਬਰ ਨੂੰ appeared first on Quomantry Amritsar Times.
ਅਦਾਕਾਰ ਸਤੀਸ਼ ਕੌਲ ਨੂੰ ਬੀਮਾਰੀ ਤੇ ਗਰੀਬੀ ਨੇ ਘੇਰਿਆ
ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਲਾਕਾਰ ‘ਬੈੱਡ ਸੋਰਜ਼ ਦਾ ਸ਼ਿਕਾਰ ਹੋਇਆ
ਪਟਿਆਲਾ/ਬਿਊਰੋ ਨਿਊਜ਼-
ਦਹਾਕਿਆਂ ਬੱਧੀ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਫ਼ਿਲਮੀ ਅਦਾਕਾਰ ਸਤੀਸ਼ ਕੌਲ ਅੱਜ ਤਰਸ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਪਿਛਲੇ ਕਰੀਬ ਦੋ ਮਹੀਨੇ ਤੋਂ ਉਹ ਚੂਲਾ ਟੁੱਟਣ ਕਾਰਨ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਤੇ ਇੰਨੀ ਦਿਨੀਂ ‘ਬੈੱਡ ਸੋਰ’ ਦਾ ਵੀ ਸ਼ਿਕਾਰ ਹੋ ਚੁੱਕਿਆ ਹੈ।
ਡੇਢ ਸੌ ਦੇ ਕਰੀਬ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਤੀਸ਼ ਕੌਲ ਕੋਲ ਅੱਜ ਨਾ ਹੀ ਕੋਈ ਪਰਿਵਾਰਕ ਮੈਂਬਰ ਹੈ ਤੇ ਨਾ ਹੀ ਆਪਣਾ ਘਰ। ਦੋ ਮਹੀਨੇ ਪਹਿਲਾਂ ਬਾਥਰੂਮ ਵਿੱਚ ਨਹਾਉਣ ਵੇਲੇ ਡਿੱਗ ਜਾਣ ਕਾਰਨ ਕੌਲ ਦਾ ਸੱਜਾ ਚੂਲਾ ਟੁੱਟ ਗਿਆ ਸੀ ਜਿਸ ਮਗਰੋਂ ਉਸ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਵੀ ਇਹ ਅਦਾਕਾਰ ਹਸਪਤਾਲ ਵਿੱਚ ਹੀ ਹੈ। ਭਾਵੇਂ ਚੂਲੇ ਤੇ ਲੱਤ ਦੇ ਦੋ ਅਪਰੇਸ਼ਨਾਂ ਮਗਰੋਂ ਇਸ ਨੂੰ ਕੁਝ ਰਾਹਤ ਮਿਲੀ ਹੈ ਪਰ ਹਸਪਤਾਲ ਦੇ ਬਿਸਤਰੇ ‘ਤੇ ਪਿਆਂ ਇਹ ‘ਬੈੱਡ ਸੋਰ’ ਦਾ ਸ਼ਿਕਾਰ ਹੋ ਚੁੱਕਿਆ ਹੈ।
ਇਸ ਕਲਾਕਾਰ ਦਾ ਦਰਦ ਵੰਡਾਉਣ ਲਈ ਨਾ ਹੀ ਪੰਜਾਬ ਸਰਕਾਰ ਤੇ ਨਾ ਹੀ ਫ਼ਿਲਮੀ ਲੋਕ ਅੱਗੇ ਆਏ ਹਨ। ਕੁਝ ਸਮਾਜਸੇਵੀ ਸੰਸਥਾਵਾਂ ਨੇ ਥੋੜ੍ਹੀ-ਬਹੁਤੀ ਮਦਦ ਕੀਤੀ ਪਰ ਲੰਮੇ ਡਾਕਟਰੀ ਇਲਾਜ ਅੱਗੇ ਅਜਿਹੀ ਮਦਦ ਤੁੱਛ ਹੈ। ਇਸ ਕਲਾਕਾਰ ਦੇ ਇਲਾਜ ‘ਤੇ ਆਏ ਖਰਚੇ ਨੂੰ ਤਾਰਨ ਵਾਲਾ ਕੋਈ ਨਹੀਂ ਹੈ। ਡੀ.ਸੀ. ਵਰੁਣ ਰੂਜ਼ਮ ਨੇ ਮਹੀਨਾ ਕੁ ਪਹਿਲਾਂ ਇਸ ਕਲਾਕਾਰ ਦਾ ਹਾਲ-ਚਾਲ ਪੁੱਛਣ ਲਈ ਐੱਸ.ਡੀ.ਐੱਮ. ਪਟਿਆਲਾ ਨੂੰ ਭੇਜਿਆ ਸੀ ਪਰ ਅਜੇ ਤਕ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਲਾਕਾਰ ਨੂੰ ਮਦਦ ਨਹੀਂ ਜੁੜ ਸਕੀ ਹੈ।
ਸਤੀਸ਼ ਕੌਲ ਦਾ ਕਹਿਣਾ ਹੈ ਕਿ ਐੱਸ.ਡੀ.ਐੱਮ. ਨੇ ਭਰੋਸਾ ਦਿਵਾਇਆ ਸੀ ਕਿ ਸਰਕਾਰ ਮਦਦ ਲਈ ਬਹੁੜੇਗੀ ਪਰ ਕੁਝ ਵੀ ਨਹੀਂ ਹੋਇਆ। ਇਸ ਕਲਾਕਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੇ ਇਲਾਜ ਦਾ ਖਰਚਾ ਕਿਵੇਂ ਤਾਰੇਗਾ ਤੇ ਛੁੱਟੀ ਹੋਣ ਮਗਰੋਂ ਕਿੱਥੇ ਰਹੇਗਾ। ਕੌਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਹੁਣ ਤਕ ਕਈ ਕਲਾਕਾਰਾਂ ਨੂੰ ਮਾਣ-ਸਤਿਕਾਰ ਤੇ ਵਿੱਤੀ ਖਰਚੇ ਅਤੇ ਘਰ ਦਿੱਤੇ ਹਨ ਪਰ ਉਸ ਲਈ ਪਤਾ ਨਹੀਂ ਕਿਉਂ ਸਾਰੇ ਹੀ ਦਰਵਾਜ਼ੇ ਬੰਦ ਕੀਤੇ ਹੋਏ ਹਨ।
ਸਤੀਸ਼ ਕੌਲ ਨੇ ਭਰੇ ਮਨ ਨਾਲ ਆਖਿਆ ਕਿ ਉਸ ਨੇ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ ਹੈ ਪਰ ਹਸਪਤਾਲ ਤਕ ਉਸ ਦੀ ਮਹਿਜ਼ ਸਿਹਤਯਾਬੀ ਲਈ ਵੀ ਕੋਈ ਕੱਦਾਵਰ ਧਿਰ ਨਹੀਂ ਪੁੱਜੀ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਸਕੱਤਰ ਜਨਰਲ, ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪੰਜਾਬ ਯੂਥ ਫੋਰਮ ਦੇ ਪ੍ਰਧਾਨ ਗੁਰਧਿਆਨ ਸਿੰਘ ਭਾਨਰੀ, ਨਟਾਸ ਦੇ ਨਿਰਦੇਸ਼ਕ ਪ੍ਰਾਣ ਸੱਭਰਵਾਲ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਬਲਬੀਰ ਕੌਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਤੀਸ਼ ਕੌਲ ਦੀ ਮਦਦ ਲਈ ਤੁਰੰਤ ਢੁਕਵੇਂ ਕਦਮ ਚੁੱਕੇ ਜਾਣ।
The post ਅਦਾਕਾਰ ਸਤੀਸ਼ ਕੌਲ ਨੂੰ ਬੀਮਾਰੀ ਤੇ ਗਰੀਬੀ ਨੇ ਘੇਰਿਆ appeared first on Quomantry Amritsar Times.
ਕਲਯੋਗਣਾਂ ਦਾ ਪਹਿਰਾ
ਛੋਟੇ ਹੁੰਦਿਆਂ ਮੇਰਾ ਬਾਬਾ (ਦਾਦਾ ਜੀ) ਇਕ ਬਾਤ ਸੁਣਾਇਆ ਕਰਦਾ ਸੀ, ਜਿਸ ਵਿਚ ਇਕ ਰਾਖਸ਼ ਤੋਂ ਡਰਦੇ ਸਾਰਾ ਸ਼ਹਿਰ ਖਾਲੀ ਹੋ ਗਿਆ ਅਤੇ ਉਸ ਸ਼ਹਿਰ ਵਿਚ ਇਕ ਪ੍ਰਦੇਸੀ, ਉਸੇ ਰਾਖਸ਼ ਦੇ ਘਰ ਪਹੁੰਚ ਗਿਆ ਅਤੇ ਉਸ ਦੀ ਧੀ ਨੇ ਆਦਮ ਜਾਤ ਵੇਖ ਕੇ ਉਸ ਨੂੰ ਸਤਿਕਾਰ ਦਿੱਤਾ ਅਤੇ ਉਸ ਦੀ ਮਹਿਮਾਨ ਨਿਵਾਜੀ ਕੀਤੀ। ਜਦ ਰਾਖਸ਼ ਸ਼ਹਿਰ ਦੀ ਜੂਹ ਵਿਚ ਵੜ੍ਹਿਆ ਉਸ ਨੂੰ ਆਦਮੀ ਦਾ ਪਤਾ ਲੱਗ ਗਿਆ ਅਤੇ ਉਹ ਆਦਮ ਬੋਅ ਆਦਮ ਬੋਅ ਕਰਦਾ ਘਰ ਆ ਵੜਿਆ ਅਤੇ ਉਸ ਕੁੜੀ ਨੇ ਚਲਾਕੀ ਨਾਲ ਉਸ ਬੰਦੇ ਨੂੰ ਇਕ ਕੋਠੜੀ ਵਿਚ ਬੰਦ ਕਰ ਦਿੱਤਾ ਅਤੇ ਰਾਖਸ਼ ਨਾਲ ਇੱਧਰ ਉਧਰ ਦੀਆਂ ਗੱਲਾਂ ਕਰਕੇ ਉਸ ਦੀ ਜਾਨ ਬਚਾ ਲਈ। ਜਦੋਂ ਮੇਲਿਆਂ ਵਿਚ ਲੋਕ ਢਾਡੀ ਮਿਰਜ਼ੇ ਦੀਆਂ ਕਲੀਆਂ ਗਾਉਂਦੇ ਹੁੰਦੇ ਸੀ ਤਾਂ ਉਹ ਮਿਰਜ਼ੇ ਦੇ ਜੰਡ ਹੇਠ ਵੱਢੇ ਜਾਣ ਦੇ ਦ੍ਰਿਸ਼ ਦਾ ਵਰਨਣ ਕਰਨ ਵੇਲੇ ਇਕ ਗੱਲ ਜ਼ਰੂਰ ਕਹਿੰਦੇ ਕਿ ਉਸ ਵੇਲੇ ਜੰਡ ਤੇ ਕਲਜੋਗਣਾ ਦਾ ਪਹਿਰਾ ਸੀ ਜਿਸ ਕਰਕੇ ਨਿਹੱਥਾ ਮਿਰਜ਼ਾ ਸਹਿਬਾਂ ਦੇ ਭਰਾਵਾਂ ਹੱਥੋਂ ਮਾਰਿਆ ਗਿਆ। ਭਾਵੇਂ ਮਿਰਜ਼ੇ ਨੇ ਅਪਰਾਧ ਕੀਤਾ ਸੀ ਪਰ ਉਹ ਮੌਤ ਦਾ ਅਧਿਕਾਰੀ ਨਹੀਂ ਸੀ ਜੋ ਉਸ ਨੂੰ ਕਲਜੋਗਣਾ ਦੇ ਪਹਿਰੇ ਕਾਰਨ ਮਿਲੀ।
ਇਕ ਰਾਖਸ਼ ਦੀ ਧੀ ਨੇ ਭਾਵੇਂ ਇਕ ਪ੍ਰਦੇਸੀ ਆਦਮੀ ਦੀ ਜਾਨ ਬਚਾ ਲਈ ਸੀ ਪਰ ਸਹਿਬਾਂ ਆਪਣੇ ਭਰਾਵਾਂ ਤੋਂ ਮਿਰਜ਼ੇ ਨੂੰ ਨਹੀਂ ਬਚਾ ਸਕੀ। ਕਲਜੋਗਣਾ ਦਾ ਪਹਿਰਾ ਸ਼ਾਇਦ ਬਹੁਤ ਭਾਰੀ ਸੀ।
ਜਦੋਂ ਸੰਨ 1982 ਵਿਚ ਪੰਜਾਬੀ ਦੇ ਸਿਰਮੌਰ ਨਾਵਲਕਾਰ ਅਜਮੇਰ ਸਿੰਘ ਔਲਖ ਦਾ ਨਕਸਲਬਾੜੀ ਲਹਿਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਲਿਖਿਆ ਨਾਟਕ ‘ਭੱਠ ਖੇੜਿਆਂ ਦਾ ਰਹਿਣਾ’ ਤਿਆਰ ਕਰਨ ਲੱਗੇ ਤਾਂ ਮੈਨੂੰ ਬਾਬੇ ਦੀ ਰਾਖਸ਼ ਵਾਲੀ ਬਾਤ ਅਤੇ ਢਾਡੀਆਂ ਦਾ ਮਿਰਜ਼ੇ ਵਾਲਾ ਪ੍ਰਸੰਗ ਫਿਰ ਯਾਦ ਆ ਗਿਆ। ਨਾਟਕ ਦੇ ਇਕ ਦ੍ਰਿਸ਼ ਵਿਚ ਪੁਲਿਸ ਮੁਕਾਬਲੇ ਤੋਂ ਪਹਿਲਾਂ ਹੀ ਇਸ ਮੁਕਾਬਲੇ ਬਾਰੇ ਪ੍ਰੈਸ ਨੋਟ ਲਿਖਵਾਇਆ ਜਾ ਰਿਹਾ ਹੈ ਅਤੇ ਪੁਲਿਸ ਟੁਕੜੀ ਵਿਚ ਸ਼ਾਮਲ ਇਕ ਬੇਵਸ ਤੇ ਲਾਚਾਰ ਸਿਪਾਹੀ ਨਿਰਮਲ ਚਾਹੁੰਦਿਆਂ ਹੋਇਆਂ ਵੀ ਆਪਣੇ ਕਾਲਜ ਦੇ ਸਹਿਪਾਠੀ ਰਹੇ ਬਾਗੀ ਦਰਸ਼ਨ ਦੀ ਜਾਨ ਨਹੀਂ ਬਚਾ ਸਕਦਾ। ਨਿਰਮਲ ਦੀ ਹਾਲਤ ਵੀ ਉਸ ਵਕਤ ਮੈਨੂੰ ਸਹਿਬਾਂ ਵਰਗੀ ਲਗਦੀ ਅਤੇ ਕਲਜੋਗਣਾ ਦਾ ਪਹਿਰਾ ਉਸ ਤੋਂ ਵੱਧ ਭਾਰੀ ਲਗਦਾ, ਕਿਉਂਕਿ ਮਿਰਜ਼ਾ ਨਿਹੱਥਾ ਜ਼ਰੂਰ ਸੀ ਪਰ ਸਹਿਬਾਂ ਦੇ ਭਰਾਵਾਂ ਨੇ ਜੰਡ ਨਾਲ ਉਸ ਦੇ ਹੱਥ ਨਹੀਂ ਸੀ ਬੰਨ੍ਹੇ, ਜਿਵੇਂ ਪੁਲਿਸ ਵਾਲਿਆਂ ਨੇ ਬਾਗੀਆਂ ਦੇ ਬੰਨੇ ਸਨ। ਇਨ੍ਹਾਂ ਗੱਲਾਂ ਨੂੰ ਤਿੰਨ ਦਹਾਕੇ ਬੀਤ ਗਏ ਅਤੇ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਲੰਘ ਗਿਆ। ਇਸ ਦੌਰਾਨ ਪੰਜਾਬ ਵਿਚ ਵੀਹਵੀਂ ਸਦੀ ਦੇ 90ਵਿਆਂ ਦੇ ਦਹਾਕੇ ਵਿਚ ‘ਦਹਿਸ਼ਤ’ ਦਾ ਬੋਲਬਾਲਾ ਰਿਹਾ। ਉਦੋਂ ਵੀ ਕਲਜੋਗਣਾ ਦਾ ਪਹਿਰਾ ਸੀ। ਕਿੰਨੇ ਹੀ ਝੂਠੇ ਸੱਚੇ ਪੁਲਿਸ ਮੁਕਾਬਲੇ, ਕਿੰਨੇ ਹੀ ਮੁੱਛ ਫੁੱਟ ਗੱਭਰੂ ਪੰਚਾਇਤਾਂ ਵਲੋਂ ਥਾਣਿਆਂ ਵਿਚ ਪੇਸ਼ ਕੀਤੇ ਗਏ ਅਤੇ ਉਨ੍ਹਾਂ ਨੂੰ ਹਵਾਲਾਤਾਂ ਹੀ ਖਾ ਗਈਆਂ। ਮੁਨਸ਼ੀਆਂ ਦੇ ਕੋਰੇ ਰੋਜ਼ਨਾਮਚੇ ਕੋਰਾ ਝੂਠ ਬੋਲਦੇ ਰਹੇ। ਬੱਸਾਂ ਵਿਚ ਬੈਠੀਆਂ ਸਵਾਰੀਆਂ ਨੂੰ ਮੰਜ਼ਿਲਾਂ ਉਡੀਕਦੀਆਂ ਰਹੀਆਂ। ਉਦੋਂ ਵੀ ਸਹਿਬਾਂ ਦਾ ਤਰਲਾ ਗੋਲੀਆਂ ਦੀ ਗੜਗੜਾਹਟ ਵਿਚ ਗੁੰਮ ਹੋ ਕੇ ਰਹਿ ਗਿਆ।
ਪਿਛਲੇ ਮਹੀਨੇ ਦਿੱਲੀ ਦੇ ਚਿੜੀਆ ਘਰ ਵਿਚ ਇਕ ਨੌਜਵਾਨ ਸ਼ੇਰ ਦੇ ਵਾੜੇ ਵਿਚ ਡਿੱਗ ਪਿਆ। ਸ਼ੇਰ ਕਿੰਨਾ ਚਿਰ ਉਸ ਨੂੰ ਵੇਖਦਾ ਅਤੇ ਉਸ ਦੇ ਬਚਨ ਦੀ ਬੋਅ ਲੈਂਦਾ ਰਿਹਾ ਅਤੇ ਜਦ ਬਾਹਰ ਜੁੜੀ ਭੀੜ ਅਤੇ ਟੀ.ਵੀ. ਚੈਨਲਾਂ ਵਾਲਿਆਂ ਨੇ ਰੌਲਾ ਰੱਪਾ ਪਾ ਦਿੱਤਾ ਤਾਂ ਸ਼ੇਰ ਘਬਰਾ ਕੇ ਉਸ ਨੌਜਵਾਨ ਉਪਰ ਟੁੱਟ ਪਿਆ ਤੇ ਉਸ ਨੂੰ ਮਾਰ ਦਿੱਤਾ। ਕਹਿੰਦੇ ਹਨ ਕਿ ਜਿਹੜੇ ਸ਼ੇਰ ਦੇ ਮੂੰਹ ਨੂੰ ਇਕ ਵਾਰ ਆਦਮੀ ਦਾ ਖੂਨ ਲੱਗ ਜਾਵੇ, ਉਹ ਆਦਮਖੋਰ ਬਣ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਦਮਮਾਸ ਤੋਂ ਬਿਨਾਂ ਹੋਰ ਕਿਸੇ ਜਾਨਵਰ ਦਾ ਮਾਸ ਨਹੀਂ ਖਾਂਦਾ। ਪਰ ਚਿੜੀਆ ਘਰ ਵਿਚ ਅਜਿਹਾ ਨਹੀਂ ਹੋਇਆ, ਸ਼ੇਰ ਨੇ ਉਸ ਨੂੰ ਮਾਰ ਕੇ ਉਸ ਵੱਲ ਵੇਖਿਆ ਤੱਕ ਨਹੀਂ, ਉਸ ਦਾ ਮਾਸ ਖਾਣ ਦੀ ਗੱਲ ਤਾਂ ਦੂਰ ਰਹੀ। ਸ਼ਾਇਦ ਉਸ ਨੂੰ ਇਹ ਗਿਆਨ ਹੋਵੇ ਕਿ ਮਰਨ ਵਾਲੇ ਦੀ ਲਾਸ਼ ਦੀ ਵੀ ਕੋਈ ਅਹਿਮੀਅਤ ਹੁੰਦੀ ਹੈ।
ਕਾਸ਼ ਇਹ ਗਿਆਨ ਸਾਡੇ ਕਾਨੂੰਨ ਦੇ ਰਾਖਿਆਂ ਨੂੰ ਵੀ ਹੁੰਦਾ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਇਕੋ ਸ਼ਮਸ਼ਾਨਘਾਟ ਵਿਚ ਦੋ ਹਜ਼ਾਰ ਤੋਂ ਵੱਧ ਲਾਸ਼ਾਂ ਦਾ ਅਣਪਛਾਤੀਆਂ ਅਤੇ ਲਾਵਾਰਸ ਕਹਿ ਕੇ ਸਸਕਾਰ ਕਰ ਦਿੱਤਾ। ਪਿਛਲੇ ਮਹੀਨੇ ਹੀ ਸੁਪਰੀਮ ਕੋਰਟ ਨੇ ਇਕ ਅਹਿਮ ਫੈਸਲੇ ਵਿਚ ਪੁਲਿਸ ਮੁਕਾਬਲਿਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਦੇਸ਼ ਦੀ ਸਰਬਉਚ ਅਦਾਲਤ ਨੇ ਹਦਾਇਤਾਂ ਦਿੰਦੇ ਸਮੇਂ ਇਹ ਵੀ ਸੰਕੇਤ ਦਿੱਤਾ ਕਿ ਜ਼ਿਆਦਾਤਰ ਪੁਲਿਸ ਮੁਕਾਬਲੇ ਫਰਜ਼ੀ ਹੁੰਦੇ ਹਨ। ਇਹ ਫੈਸਲਾ ਆਏ ਨੂੰ ਅਜੇ ਇਕ ਹਫ਼ਤਾ ਹੀ ਹੋਇਆ ਸੀ ਕਿ ਲੁਧਿਆਣਾ ਦੇ ਜਮਾਲਪੁਰਾ ਇਲਾਕੇ ਵਿਚ ਇਕ ਪੁਲਿਸ ਮੁਕਾਬਲੇ ਵਿਚ ਦੋ ਸਕੇ ਭਰਾ ਮਾਰੇ ਗਏ। ਲੋਕਾਂ ਦੇ ਰੋਹ ਅਤੇ ਹਾਲਾਤ ਨੂੰ ਵੇਖਦਿਆਂ ਭਾਵੇਂ ਪ੍ਰਸ਼ਾਸਨ ਨੇ ਸਬੰਧਤ ਪੁਲਿਸ ਵਾਲਿਆਂ ਅਤੇ ਇਸ ਮੁਕਾਬਲੇ ਲਈ ਜਿੰਮੇਵਾਰ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਸ ਫਰਜ਼ੀ ਪੁਲਿਸ ਮੁਕਾਬਲੇ ਨੂੰ ਅਸਲੀ ਰੰਗਤ ਦੇਣ ਅਤੇ ਖੰਨਾ ਪੁਲਿਸ ਥਾਣੇ ਤਹਿਤ ਬੋਹਾਪੁਰ ਪਿੰਡ ਦੇ ਇਨ੍ਹਾਂ ਸਕੇ ਭਰਾਪਾਂ ਦੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਸਿਆਸੀ ਤੌਰ ‘ਤੇ ਜੋ ਹਥਕੰਡੇ ਵਰਤੇ ਜਾ ਰਹੇ ਹਨ, ਉਹ ਵੀ ਮਾਨਵਤਾ ਦੇ ਨਾਂ ‘ਤੇ ਕਲੰਕ ਕਹੇ ਜਾ ਸਕਦੇ ਹਨ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਕਤਲ ਨੂੰ ਜਾਇਜ਼ ਠਹਿਰਾਉਣ ਲਈ, ਸਿਆਸੀ ਦਬਾਅ ਬਣਾਉਣ ਅਤੇ ਲੋਕ ਇਕੱਠੇ ਕਰਕੇ ਧਰਨਾ ਦਿੱਤਾ ਗਿਆ ਹੋਵੇ। ਮਕਤੂਲ ਨੌਜਵਾਨਾਂ ਦੇ ਅਪਰਾਧੀ ਪਿਛੋਕੜ ਬਾਰੇ ਪੋਸਟਰ ਲਗਾਏ ਗਏ ਹੋਣ।
ਐਮਨੇਸਟੀ ਇੰਟਰਨੈਸ਼ਨਲ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ, ਅਦਾਲਤਾਂ ਵਲੋਂ ਦੋਸ਼ੀ ਠਹਿਰਾਏ ਗਏ ਬੰਦੇ ਨੂੰ ਫਾਂਸੀ ਦੇਣ ਖਿਲਾਫ਼ ਵੀ ਹਾਅ ਦਾ ਨਾਹਰਾ ਮਾਰਦੀਆਂ ਹਨ, ਪਰ ਇਹ ਤਾਂ ਹੱਦ ਹੋ ਗਈ ਕਿ ਕਿਸੇ ਵੀ ਕਤਲ ਨੂੰ ਜਾਇਜ਼ ਠਹਿਰਾਉਣ ਲਈ ਜਮਹੂਰੀ ਢੰਗ ਤਰੀਕਿਆਂ ਦੀ ਆੜ ਵਿਚ ਜਮਹੀਰਅਤ ਨੂੰ ਕਲੰਕਤ ਕੀਤਾ ਜਾਵੇ। ਅਸੀਂ ਬਹੁਤ ਹੀ ਆਦਮਹਿਤੈਸ਼ੀ ਹੋਣ ਦਾ ਦਾਅਵਾ ਕਰਦੇਹਾਂ। ਆਦਮ ਹਿਤੈਸ਼ੀ ਹੀ ਨਹੀਂ ਅਸੀਂ ਤਾਂ ਅਵਾਰਾ ਕੁੱਤਿਆਂ ਬਿੱਲਿਆਂ ਅਤੇ ਹੋਰ ਚਿੜੀ ਜਨੌਰ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਕਾਨੂੰਨ ਬਣਾ ਰਹੇ ਹਾਂ। ਪਰ ਕਾਨੂੰਨ ਦੇ ਰਾਖੇ ਇਹ ਜੋ ਸਭ ਕੁਝ ਕਰ ਰਹੇ ਹਨ ਅਤੇ ਆਦਮ ਬੋਅ, ਆਦਮ ਬੋਅ ਕਰਦੇ, ਆਦਮ ਜਾਤ ਦੇ ਦੁਸ਼ਮਣ ਬਣੇ ਹੋਏ ਹਨ, ਉਨ੍ਹਾਂ ਨੂੰ ਕੋਈ ਰੋਕ ਸਕਦਾ ਹੈ। ਜੇ ਲੋਕ, ਢਾਡੀ ਅੱਜ ਵੀ ਇਨ੍ਹਾਂ ਦੇ ਕਿੱਸੇ ਕਹਾਣੀਆਂ ਸੁਣਾਉਂਦੇ ਹਨ ਉਨ੍ਹਾਂ ਨੇ ਫਿਰ ਕਹਿਣਾ ਸੀ ਕਿ ਕਲਜੋਗਣਾ ਦਾ ਪਹਿਰਾ ਬਹੁਤ ਭਾਰੀ ਹੈ।
The post ਕਲਯੋਗਣਾਂ ਦਾ ਪਹਿਰਾ appeared first on Quomantry Amritsar Times.
‘ਯੋਧ’ਅੱਜ ਦੇ ਪੰਜਾਬ ਦੀ ਤਸਵੀਰ ਹੈ : ਅਮਰਦੀਪ ਸਿੰਘ ਗਿੱਲ
ਪ੍ਰਸਿੱਧ ਗੀਤਕਾਰ , ਸ਼ਾਇਰ , ਲੇਖਕ , ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਦੀ ਲਿਖੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਯੋਧਾ’ ਆਉਂਦੇ ਦਿਨਾਂ ‘ਚ ਰਿਲੀਜ਼ ਹੋ ਰਹੀ ਹੈ । ਇਸ ਸਬੰਧ ‘ਚ ਅਮਰਦੀਪ ਨਾਲ ਹੋਈ ਸੰਖੇਪ ਗੱਲਬਾਤ ਦੇ ਅੰਸ਼ ਪੇਸ਼ ਹਨ ।
‘ਯੋਧਾ’ ਦੀ ਕਹਾਣੀ ਦਾ ਕੇਂਦਰ ਬਿੰਦੂ ਕੀ ਹੈ?
ਅਮਰਦੀਪ ਗਿੱਲ : ਯੋਧਾ ਦੀ ਕਹਾਣੀ ਦਾ ਕੇਂਦਰ ਬਿੰਦੂ ਤਾਂ ਯੋਧਾ ਹੀ ਹੈ ਪਰ ਇਹ ਸਮਝਣ ਲਈ ਕਿ ਅਸਲ ਯੋਧਾ ਕੌਣ ਹੁੰਦਾ ਹੈ ਤੁਹਾਨੂੰ ਇਹ ਫ਼ਿਲਮ ਵੇਖਣੀ ਪਵੇਗੀ , ਮੈਂ ਇੰਨਾ ਹੀ ਦੱਸ ਸਕਦਾ ਹਾਂ ਕਿ ਯੋਧਾ ਹਰ ਉਹ ਆਦਮੀ ਹੈ ਜੋ ਹਾਲਾਤ ਖਿਲਾਫ਼ , ਸਿਸਟਮ ਖਿਲਾਫ਼, ਗਲਤ ਕਦਰਾਂ-ਕੀਮਤਾਂ ਖਿਲਾਫ, ਲੜਦਾ ਹੈ । ਯੋਧਾ ਅੱਜ ਦੇ ਪੰਜਾਬ ਦੀ ਕਹਾਣੀ ਹੈ, ਜਿੱਥੇ ਰਾਜਨੀਤਕ ਗੁੰਡਾਇਜ਼ਮ ਹੈ, ਜਿੱਥੇ ਭ੍ਰਿਸ਼ਟ ਸਿਸਟਮ ਹੈ, ਲੋਕ-ਦੋਖੀ ਨੇਤਾ ਹਨ, ਇਨ੍ਹਾਂ ਸਭਨਾਂ ਖਿਲਾਫ਼ ਇੱਕ ਆਮ ਆਦਮੀ ਦਾ ਯੁੱਧ ਹੀ ਯੋਧਾ ਫ਼ਿਲਮ ਦੀ ਕਹਾਣੀ ਹੈ ।
? ਤੁਸੀਂ ਇਸ ਫ਼ਿਲਮ ਦੇ ਗੀਤ ਵੀ ਲਿਖੇ ਹਨ ?
ਅਮਰਦੀਪ ਗਿੱਲ : ਜੀ, ਮੈਂ ਇਸ ਫ਼ਿਲਮ ਦੀ ਕਹਾਣੀ, ਡਾਇਲਾਗ, ਸਕਰੀਨਪਲੇਅ ਅਤੇ ਚਾਰ ਗੀਤ ਵੀ ਲਿਖੇ ਹਨ । ਫ਼ਿਲਮ ਲਿਖਣ ‘ਚ ਮੇਰਾ ਸਾਥ ਕੁਲਜਿੰਦਰ ਸਿੰਘ ਸਿੱਧੂ ਨੇ ਵੀ ਦਿੱਤਾ ਹੈ, ਜੋ ਇਸ ਫਿਲਮ ਦੇ ਹੀਰੋ ਅਤੇ ਨਿਰਮਾਤਾ ਹਨ । ਗੁਰਮੀਤ ਸਿੰਘ ਨੇ ਸੰਗੀਤ ਤਿਆਰ ਕੀਤਾ ਹੈ ਅਤੇ ਮੇਰੇ ਲਿਖੇ ਗੀਤ ਦਲੇਰ ਮਹਿੰਦੀ, ਜੈਜ਼ੀ ਬੈਂਸ, ਨਿਰਮਲ ਸਿੱਧੂ ਅਤੇ ਗੁਰਮੀਤ ਸਿੰਘ ਨੇ ਗਾਏ ਹਨ।
? ਫ਼ਿਲਮ ਬਣ ਕੇ ਤਿਆਰ ਹੈ, ਫ਼ਿਲਮ ਦਾ ਟਰੇਲਰ ਵੀ ਲੋਕ ਕਾਫ਼ੀ ਪਸੰਦ ਕਰ ਰਹੇ ਹਨ, ਕੀ ਤੁਸੀਂ ਡਾਇਰੈਕਟਰ ਮਨਦੀਪ ਬੈਨੀਪਾਲ ਦੇ ਕੰਮ ਤੋਂ ਸੰਤੁਸ਼ਟ ਹੋ ਮਤਲਬ ਕੀ ਤੁਹਾਨੂੰ ਇਹ ਲਗਦਾ ਹੈ ਕਿ ਉਨਾਂ ਤੁਹਾਡੀ ਲਿਖੀ ਸਕਰਿਪਟ ਨਾਲ ਇਨਸਾਫ ਕੀਤਾ ਹੈ ?
ਅਮਰਦੀਪ ਗਿੱਲ: ਹਾਂ ਜੀ , ਮਨਦੀਪ ਮੇਰਾ ਦੋਸਤ ਵੀ ਹੈ ਅਤੇ ਬਹੁਤ ਵਧੀਆ ਡਾਇਰੈਕਟਰ ਵੀ ਹੈ, ਉਹ ਪਹਿਲਾਂ ‘ਏਕਮ’ ਅਤੇ ‘ਸਾਡਾ ਹੱਕ’ ਵਰਗੀਆਂ ਸਫਲ ਫਿਲਮਾਂ ਦੇ ਚੁੱਕਾ ਹੈ । ਇਸ ਫਿਲਮ ਨੂੰ ਉਸਨੇ ਬਹੁਤ ਵਧੀਆ ਲੁਕ ਦਿੱਤੀ ਹੈ, ਪ੍ਰੋਡਿਊਸਰ ਨੇ ਵੀ ਇਸ ਫਿਲਮ ਤੇ ਚੰਗਾ ਪੈਸਾ ਖਰਚ ਕੀਤਾ ਹੈ ਤਾਂ ਕਿ ਜਿਸ ਪ੍ਰਭਾਵ ਦੀ ਜ਼ਰੂਰਤ ਹੈ ਉਹ ਪੈਦਾ ਕੀਤਾ ਜਾ ਸਕੇ । ਮੇਰੀ ਤੇ ਮਨਦੀਪ ਦੀ ਸੋਚ ਮਿਲਦੀ ਹੈ ਜੋ ਕਿ ਫਿਲਮ ਲਈ ਬਹੁਤ ਜ਼ਰੂਰੀ ਹੁੰਦਾ ਹੈ । ਮੈਂ ਮਨਦੀਪ ਦੇ ਕੰਮ ਤੋਂ ਬਹੁਤ ਖੁਸ਼ ਹਾਂ, ਅਸੀਂ ਭਵਿੱਖ ਵਿੱਚ ਇੱਕ ਹੋਰ ਬਹੁਤ ਵੱਡੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ, ਉਮੀਦ ਹੈ ਇਸ ਫ਼ਿਲਮ ਤੋਂ ਬਾਅਦ ਉਹ ਫ਼ਿਲਮ ਸ਼ੁਰੂ ਕਰਾਂਗੇ।
? ਫ਼ਿਲਮ ‘ਚ ਹੋਰ ਕਿਹੜੇ ਕਿਹੜੇ ਐਕਟਰ ਹਨ ਅਤੇ ਉਨ੍ਹਾਂ ਦੀ ਕੀ ਖਾਸੀਅਤ ਹੈ?
ਅਮਰਦੀਪ ਗਿੱਲ : ਕੁਲਜਿੰਦਰ ਸਿੰਘ ਸਿੱਧੂ ਤੋਂ ਇਲਾਵਾ ਰਾਹੁਲ ਦੇਵ, ਗਿਰਜਾ ਸ਼ੰਕਰ, ਮਹਾਂਵੀਰ ਭੁੱਲਰ, ਉੱਨਤੀ ਡਾਵਰਾ, ਦਿਨੇਸ਼ ਸੂਦ, ਅਜੇ ਜੇਠੀ, ਨਾਸਿਰ ਖਾਨ, ਹੈਕਟਰ ਸੰਧੂ, ਦਰਸ਼ਨ ਘਾਰੂ, ਸੰਦੀਪ ਕਪੂਰ ਅਤੇ ਹਰਦੀਪ ਗਿੱਲ ਫਿਲਮ ਦੇ ਹੋਰ ਪ੍ਰਮੁੱਖ ਅਦਾਕਾਰ ਹਨ, ਰਾਹੁਲ ਦੇਵ ਨੇ ਜੋ ਕਿਰਦਾਰ ਨਿਭਾਇਆ ਹੈ ਉਹ ਵੀ ਦਰਸ਼ਕਾਂ ਤੇ ਡੂੰਘੀ ਛਾਪ ਛੱਡੇਗਾ । ਕੁਲਜਿੰਦਰ ਸਿੰਘ ਸਿੱਧੂ ਦੁਆਰਾ ਨਿਭਾਇਆ ਪਾਤਰ ਤਾਂ ਪੰਜਾਬੀ ਸਿਨੇਮਾ ਲਈ ਇੱਕ ਮਿਸਾਲ ਹੈ । ਇਸ ਤੋਂ ਪਹਿਲਾਂ ਪੰਜਾਬੀ ‘ਚ ਕਿਸੇ ਐਕਟਰ ਨੇ ਆਪਣੀ ਭੂਮਿਕਾ ਨਿਭਾਉਣ ਲਈ ਕਦੇ ਵੀ ਐਨੀ ਮਿਹਨਤ ਨਹੀਂ ਕੀਤੀ ਹੋਣੀ । ਤੁਸੀਂ ਵੇਖ ਸਕਦੇ ਹੋ ‘ਸਾਡਾ ਹੱਕ’ ਵਾਲਾ ਕੁਲਜਿੰਦਰ ਅਤੇ ‘ਯੋਧਾ’ ਵਾਲਾ ਕੁਲਜਿੰਦਰ ਇੱਕ ਦੂਜੇ ਤੋਂ ਕਿੰਨੇ ਵੱਖ ਹਨ। ਜੇ ਫ਼ਿਲਮ ਦਾ ਨਾਂਅ ‘ਯੋਧਾ’ ਹੈ ਤਾਂ ਕੁਲਜਿੰਦਰ ਸੱਚਮੁੱਚ ਯੋਧਾ ਲਗਦਾ ਹੈ , ਉਸਨੇ ਸਾਲ ਭਰ ਜਿਮ ਜਾ ਕੇ ਜੋ ਮਿਹਨਤ ਕੀਤੀ ਹੈ ਉਹ ਸਕਰੀਨ ਤੇ ਦਿਖਾਈ ਦਿੰਦੀ ਹੈ । ਇਸ ਤੋਂ ਪਹਿਲਾਂ ਆਮਿਰ ਖਾਨ ਨੇ ਫ਼ਿਲਮ ‘ਗਜਨੀ’ ਲਈ ਅਜਿਹਾ ਕੀਤਾ ਸੀ ਪਰ ਕੁਲਜਿੰਦਰ ਦੀ ਬਾਡੀ ਅਸਲੀ ਹੈ ਤਾਂ ਮੈਨੂੰ ਖੁਸ਼ੀ ਹੁੰਦੀ ਹੈ। ਮੈਂ ਆਪਣੀ ਕਹਾਣੀ ਦਾ ਮੁੱਖ-ਪਾਤਰ ਅਜਿਹਾ ਹੀ ਚਿਤਰਿਆ ਹੈ ।
? ਆਖਿਰ ‘ਚ ਤੁਸੀਂ ਇਹ ਦੱਸੋ ਕਿ ਲੋਕ ‘ਯੋਧਾ’ ਫ਼ਿਲਮ ਕਿਉਂ ਵੇਖਣ?
ਅਮਰਦੀਪ ਗਿੱਲ : ਪਹਿਲੀ ਗੱਲ ਤਾਂ ਇਹ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ ਇਸ ਲਈ ਦਰਸ਼ਕਾਂ ਨੂੰ ਵੇਖਣੀ ਚਾਹੀਦੀ ਹੈ, ਦੂਜੀ ਗੱਲ ਜੇ ਤੁਹਾਨੂੰ ਅਜੋਕੇ ਪੰਜਾਬ ਬਾਰੇ ਚਿੰਤਾ ਹੈ, ਰਾਜਨੀਤਕ ਗੁੰਡਾਇਜ਼ਮ ਬਾਰੇ ਚਿੰਤਾ ਹੈ, ਡਰੱਗ ਸਮਗਲਰਾਂ ਬਾਰੇ ਚਿੰਤਾ ਹੈ ਕਿ ਉਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ, ਪੰਜਾਬ ਦੀ ਜਵਾਨੀ ਬਾਰੇ ਚਿੰਤਾ ਹੈ, ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਾਰੇ ਚਿੰਤਾ ਹੈ ਤਾਂ ਇਹ ਫ਼ਿਲਮ ਤੁਹਾਨੂੰ ਜ਼ਰੂਰ ਵੇਖਣੀ ਚਾਹੀਦੀ ਹੈ। ਇਹ ਫਿਲਮ ਭ੍ਰਿਸ਼ਟ ਨੇਤਾਵਾਂ, ਭ੍ਰਿਸ਼ਟ ਪੁਲਿਸ ਅਫਸਰਾਂ ਅਤੇ ਭ੍ਰਿਸ਼ਟ ਸਿਸਟਮ ਦੇ ਖਿਲਾਫ਼ ਇੱਕ ਲੜਾਈ ਹੈ। 31 ਅਕਤੂਬਰ ਨੂੰ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ ਸੋ ਦੁਨੀਆਂ ਭਰ ‘ਚ ਬੈਠੈ ਪੰਜਾਬੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾਂ ਦੇਣਗੇ ਅਜਿਹੀ ਮੈਨੂੰ ਆਸ ਹੈ।
ਮੁਲਾਕਾਤੀ: ਸੁਰਜੀਤ ਜੱਸਲ
The post ‘ਯੋਧ’ ਅੱਜ ਦੇ ਪੰਜਾਬ ਦੀ ਤਸਵੀਰ ਹੈ : ਅਮਰਦੀਪ ਸਿੰਘ ਗਿੱਲ appeared first on Quomantry Amritsar Times.
ਦਿਲਪ੍ਰੀਤ ਭਾਟੀਆ ਨੇ ਗਾਣਾ ਲਿੱਖਣ ਦਾ ਜੌਨ ਲੈਨੋਨ ਮੁਬਾਕਲਾ ਜਿੱਤਿਆ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਭਾਰਤੀ ਗਾਇਕ ਤੇ ਗੀਤਕਾਰ ਦਿਲਪ੍ਰੀਤ ਭਾਟੀਆ ਨੇ ਆਪਣੇ ਗੀਤ ‘ਤੇਰੇ ਬਿਨ ਦਿਲ’ ਲਈ ਜੌਨ ਲੈਨੋਨ ਗੀਤ ਲਿਖਣ ਮੁਕਾਬਲੇ ਦੀ ਵਿਸ਼ਵ ਮਿਊਜ਼ਿਕ ਸ਼੍ਰੇਣੀ ਵਿਚ ਵੱਡਾ ਇਨਾਮ ਜਿੱਤ ਲਿਆ ਹੈ। ਇਸ ਗੀਤ ਨੂੰ ਚੁਨਣ ਵਾਲੇ ਪੈਨਲ ਵਿਚ ਵੱਡੇ ਵੱਡੇ ਸਟਾਰ ਬਲੈਕ ਆਈਸ ਪੀਸ ਦੇ ਪਰਗੀ, ਨਤਾਸ਼ਾ ਬੇਡਿੰਗਫੀਲਡ, ਜਾਰਜ ਕਲਿੰਟਨ, ਪ੍ਰਿੰਸ ਰੋਇਸੀ, ਮੈਥਿਊ ਕੋਮਾ ਅਤੇ ਸਿਆਨ ਪੌਲ ਸ਼ਾਮਿਲ ਸਨ। ਇਸ ਗੀਤ ਦੀ ਚੋਣ ਸੰਗੀਤ, ਕੰਪੋਸੀਸ਼ਨ, ਮੂਲ ਰੂਪ ਅਤੇ ਲਿਰਿਕਸ ਦੇ ਆਧਾਰ ‘ਤੇ ਕੀਤੀ ਗਈ ਹੈ। ਮੂਲ ਰੂਪ ਵਿਚ ਨਵੀਂ ਦਿੱਲੀ ਤੋਂ ਤੇ ਹੁਣ ਮੁੰਬਈ ਰਹਿੰਦੇ ਭਾਟੀਆ ਨੇ ਇਹ ਗੀਤ ਨਵੀਂ ਦਿੱਲੀ ਵਿਚ ਇਕ ਸਾਫਟਵੇਅਰ ਫਰਮ ਵਿਚ ਕੰਮ ਕਰਦਿਆਂ ਲਿਖਿਆ ਤੇ ਕੰਪੋਜ਼ ਕੀਤਾ ਸੀ। ਪਿਛਲੇ ਸਾਲ ਉਨ੍ਹਾਂ ਨੇ ਵਿਸ਼ਵ ਦੇ ਸਰਬੋਤਮ ਸੰਗੀਤ ਲਈ ਕੌਮਾਂਤਰੀ ਗੀਤ ਲਿਖਣ ਐਵਾਰਡ ਜਿੱਤਿਆ ਸੀ।
The post ਦਿਲਪ੍ਰੀਤ ਭਾਟੀਆ ਨੇ ਗਾਣਾ ਲਿੱਖਣ ਦਾ ਜੌਨ ਲੈਨੋਨ ਮੁਬਾਕਲਾ ਜਿੱਤਿਆ appeared first on Quomantry Amritsar Times.