ਲੰਡਨ/ਬਿਊਰੋ ਨਿਊਜ਼-
ਬਰਤਾਨਵੀ ਫਿਲਮਸਾਜ਼ ਸਟੀਵ ਮੈਕੁਈਨ ਦੀ ਗ਼ੁਲਾਮ ਪ੍ਰਥਾ ਬਾਰੇ ਫਿਲਮ ’12 ਯੀਅਰਜ਼ ਏ ਸਲੇਵ’ ਨੇ ਬਾਫਟਾ 2014 ਸਮਾਰੋਹ ਵਿੱਚ ਦੋ ਸਭ ਤੋਂ ਵੱਡੇ ਇਨਾਮ ਹਾਸਲ ਕੀਤੇ ਹਨ ਪਰ ਅਲਫਾਂਸੋ ਕੁਆਰੌਨ ਦੀ 3ਡੀ ਪੁਲਾੜ ਫਿਲਮ ‘ਗ੍ਰੈਵਿਟੀ’ ਨੇ ਛੇ ਟਰਾਫੀਆਂ ਜਿੱਤ ਕੇ ਧੁੰਮ ਮਚਾ ਦਿੱਤੀ।
’12 ਯੀਅਰਜ਼ ਏ ਸਲੇਵ’ ਅਮਰੀਕਾ ਵਿੱਚ ਦਾਸਤਾ ਦੀ ਇਕ ਹੌਲਨਾਕ ਦਾਸਤਾਂ ਹੈ ਜਿਸ ਨੂੰ ਸਰਬੋਤਮ ਪਿਕਚਰ ਦਾ ਪੁਰਸਕਾਰ ਮਿਲਿਆ ਅਤੇ ਇਸ ਦੇ ਮੋਹਰੀ ਸਟਾਰ ਚਿਵੈਟਲ ਇਓਫੋਰ (36) ਨੂੰ ਸਰਬੋਤਮ ਅਦਾਕਾਰ ਦਾ ਖ਼ਿਤਾਬ ਦਿੱਤਾ ਗਿਆ ਹੈ। ਮੈਕੁਈਨ ਨੇ ਕਿਹਾ, ”ਇਸ ਵੇਲੇ ਜਦੋਂ ਅਸੀਂ ਇੱਥੇ ਬੈਠੇ ਹਾਂ ਹਾਂ ਤਾਂ ਵੀ 2.1 ਕਰੋੜ ਲੋਕ ਗੁਲਾਮਦਾਰੀ ਵਿੱਚ ਜਕੜੇ ਹੋਏ ਹਨ। ਮੈਂ ਉਮੀਦ ਹੀ ਕਰ ਸਕਦਾ ਹਾਂ ਕਿ ਹੁਣ ਤੋਂ 150 ਸਾਲ ਬਾਅਦ ਸਾਡਾ ਸੂਰਜ ਕਿਸੇ ਹੋਰ ਫਿਲਮਸਾਜ਼ ਨੂੰ ਇਹ ਫਿਲਮ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ।”
ਇਓਫੋਰ ਨੇ ਪੁਰਸਕਾਰ ਲਈ ਆਪਣੇ ਫਿਲਮਸਾਜ਼ ਦੀ ਤਾਰੀਫ਼ ਕਰਦਿਆਂ ਕਿਹਾ, ”ਇਹ ਤੁਹਾਡਾ ਹੈ, ਮੈਂ ਜਾਣਦਾ ਹਾਂ। ਤੁਸੀਂ ਜਾਣਦੇ ਹੋ। ਮੈਂ ਇਸ ਨੂੰ ਰੱਖ ਲਵਾਂਗਾ ਅਤੇ ਮੈਂ ਇਸੇ ਤਰ੍ਹਾਂ ਦਾ ਬੰਦਾ ਹਾਂ ਪਰ ਇਹ ਤੁਹਾਡਾ ਹੈ।” ਉਂਜ, ਕੁਆਰੌਨ ਨੇ 44 ਸਾਲਾ ਮੈਕੁਈਨ ਨੂੰ ਪਛਾੜ ਕੇ ਸਰਬੋਤਮ ਫਿਲਮਸਾਜ਼ ਦੀ ਟਰਾਫੀ ਜਿੱਤ ਲਈ। ਇਸ 52 ਸਾਲਾ ਮੈਕਸੀਕਨ ਫਿਲਮਸਾਜ਼ ਨੇ 13 ਸਾਲਾਂ ਤੋਂ ਲੰਡਨ ਹੀ ਆਪਣਾ ਘਰ ਬਣਾਇਆ ਹੋਇਆ ਹੈ। ਉਸ ਨੇ ਕਿਹਾ ਕਿ ਉਸ ਦਾ ਉਚਾਰਨ ਵੱਖਰਾ ਹੋ ਸਕਦਾ ਹੈ ਪਰ ਉਹ ਖ਼ੁਦ ਨੂੰ ਬਰਤਾਨਵੀ ਫਿਲਮ ਸਨਅਤ ਦਾ ਹਿੱਸਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਮੋਹਰੀ ਨਾਇਕਾ ਸੈਂਡਰਾ ਬੁਲੌਕ ਤੋਂ ਬਿਨਾਂ ‘ਗ੍ਰੈਵਿਟੀ’ ਬਣਨੀ ਸੰਭਵ ਨਹੀਂ ਸੀ। ਉਨ੍ਹਾਂ ਮਜ਼ਾਕੀਆ ਲਹਿਜੇ ‘ਚ ਆਖਿਆ, ”ਮੇਰਾ ਖਿਆਲ ਹੈ ਕਿ ਮੈਂ ਆਵਾਸ ਨੂੰ ਰੋਕਣ ਲਈ ਵਧੀਆ ਕੇਸ ਤਿਆਰ ਕੀਤਾ ਹੈ।” ਇਸ ਨੂੰ ਸਰਬੋਤਮ ਬਰਤਾਨਵੀ ਫਿਲਮ, ਸਰਬੋਤਮ ਸਿਨਮੈਟੋਗ੍ਰਾਫੀ, ਸਰਬੋਤਮ ਸਾਊਂਡ, ਸਰਬੋਤਮ ਮੂਲ ਸੰਗੀਤ ਅਤੇ ਸਰਬੋਤਮ ਸਪੈਸ਼ਲ ਵਿਜ਼ੂਅਲ ਇਫੈਕਟਸ ਦੇ ਖ਼ਿਤਾਬ ਵੀ ਮਿਲੇ ਹਨ। ਸਰਬੋਤਮ ਅਦਾਕਾਰਾ ਦਾ ਖ਼ਿਤਾਬ ਕੇਟ ਬਲਾਂਚੈਟ ਨੂੰ ਮਿਲਿਆ ਜਿਸ ਨੇ ‘ਬਲੂ ਜੈਸਮੀਨ’ ਵਿੱਚ ਇਕ ਫੈਸ਼ਨਦਾਰ ਔਰਤ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਆਪਣੀ ਜੀਵਨ ਸ਼ੈਲੀ ਬਦਲਣ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਜ 44 ਸਾਲਾ ਬਲਾਂਚੈਟ ਨੇ ਫਿਲਮ ਦੇ ਨਿਰਦੇਸ਼ਕ ਵੂਡੀ ਐਲਨ ਦਾ ਜ਼ਿਕਰ ਨਹੀਂ ਕੀਤਾ, ਜਿਸ ਨੂੰ ਆਪਣੀ ਮੁਤਬੰਨੀ ਧੀ ਨਾਲ ਦੁਰਾਚਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੇਵਿਡ ਓ ਰਸਲ ਦੀ ‘ਅਮੇਰਿਕਨ ਹਸਲ’ ਨੂੰ ਤਿੰਨ ਪੁਰਸਕਾਰ ਅਤੇ ‘ਕੈਪਟਨ ਫਿਲਿਪਸ’ ਵਿੱਚ ਨਿਭਾਏ ਕਿਰਦਾਰ ਲਈ ਬਰਖ਼ਦ ਆਬਦੀ ਨੂੰ ਸਰਬੋਤਮ ਸਹਾਇਕ ਕਲਾਕਾਰ ਦਾ ਐਜਾਜ਼ ਮਿਲਿਆ।
‘ਗਰੈਵਿਟੀ’ਅਤੇ ’12 ਯੀਅਰਜ਼ ਏ ਸਲੇਵ’ਫਿਲਮਾਂ ਵੱਲੋਂ ਬਾਫਟਾ 2014 ਇਨਾਮਾਂ ਤੇ ਹੂੰਝਾ
ਮੇਰਾ ਪਿੰਡ..ਮੇਰੀ ਰੂਹ
ਨਿੰਮਾ ਡੱਲੇਵਾਲ (513-432-9754)
ਵਰ੍ਹਿਆਂ ਤੋਂ ਬਾਅਦ ਮੈਨੂੰ ਆਪਣੀ ਜਨਮ ਭੋਇੰ ਪਿੰਡ ਡੱਲੇਵਾਲ ਜਾਣ ਨਸੀਬ ਹੋਇਆ। ਪ੍ਰਦੇਸ਼ਾਂ ਦੀ ਮਿੱਠੀ ਜੇਲ੍ਹ ਵਿਚੋਂ ਚੌਦਾਂ ਸਾਲਾਂ ਦੀਆਂ ਜੁਦਾਈਆਂ ਵਾਲੀ ਸਜ਼ਾ ਭੁਗਤਣ ਮਗਰੋਂ ਰਿਹਾਈਆਂ ਪੱਲੇ ਪਾ ਜਾ ਕੇ ਮੁੜ ਆਪਣੇ ਪਿੰਡ ਦੇ ਦੀਦਾਰ ਹੋਏ ਤਾਂ ਬਚਪਨ ਦਾ ਇਕ ਇਕ ਪਲ ਅੱਖਾਂ ਮੂਹਰੇ ਆਪ ਮੁਹਾਰੇ ਆ ਗਿਆ। ਜਿਨ੍ਹਾਂ ਖੁੱਲ੍ਹੀਆਂ ਗਲੀਆਂ ਵਿਚ ਖੇਡ ਵੱਡਾ ਹੋਇਆ ਸੀ, ਉਹ ਚਿਰਾਂ ਦੇ ਵਕਫ਼ੇ ਮਗਰੋਂ ਦੇਖਣ ਕਾਰਨ ਕੁਝ ਭੀੜੀਆਂ ਲੱਗਦੀਆਂ ਸਨ। ਇਹ ਇਕ ਖਿਆਲੀ ਬਦਲਾਓ ਸੀ ਪਰ ਇਕ ਹਕੀਕੀ ਫਰਕ ਵੀ ਨਜ਼ਰੀਂ ਪਿਆ, ਉਹ ਸੀ ਖੁੱਲ੍ਹਿਆਂ ਵੇਹੜਿਆਂ ਵਿਚ ਖਿੱਚੀਆਂ ਉਚੀਆਂ ਉਚੀਆਂ ਕੰਧਾਂ ਅਤੇ ਵੱਡੇ ਵੱਡੇ ਲੋਹੇ ਦੇ ਗੇਟ ਜਿਵੇਂ ਜੇਲ੍ਹ ਦੇ ਦਰਵਾਜੇ ਹੋਣ ਤੇ ਕੋਠਿਆਂ ਦੀ ਥਾਂ ਬਣੇ ਪੱਕੇ ਘਰ ਵੀ ਪਿੰਡ ਦੀ ਖੁਸ਼ਹਾਲੀ ਦਰਸਾਉਂਦੇ ਸਨ। ਮੇਰੇ ਵਿਹੜੇ ਵੀ ਛੋਟੇ ਜਿਹੇ ਘਰ ਦੀ ਥਾਂ ਵੱਡਾ ਘਰ ਬਣਿਆ, ਵੇਖ ਖੁਸ਼ੀ ਹੋਈ ਕਿ ਚਲੋ ਮੈਂ ਕਸ਼ਟ ਕੱਟ ਲਏ ਕੋਈ ਗੱਲ ਨਹੀਂ ਪਰ ਸਾਰਾ ਪਰਿਵਾਰ ਤਾਂ ਵਧੀਆ ਜਿੰਦਗੀ ਬਸਰ ਕਰ ਰਿਹਾ ਹੈ। ਇਕ ਹੋਰ ਵੀ ਫਰਕ ਸੀ ਜਿਨ੍ਹਾਂ ਬਚਪਨ ਵਿਚ ਛੱਡ ਕੇ ਆਇਆ ਸੀ, ਉਹ ਜਵਾਨੀ ਵਾਲੇ ਕੋਠੇ ਤੇ ਚੜ੍ਹੇ ਹੋਏ ਸਨ ਤੇ ਜਿਨ੍ਹਾਂ ਨੂੰ ਜਵਾਨੀ ਵਾਲੇ ਕੋਠੇ ਤੇ ਛੱਡ ਕੇ ਆਇਆ ਸੀ, ਉਹ ਬੁਢਾਪੇ ਵਾਲੇ ਚੁਬਾਰੇ ਤੇ ਸਨ। ਅਰਸੇ ਮਗਰੋਂ ਨਿੱਕੇ ਵੱਡੇ ਹੋਏ ਵੇਖੇ ਤਾਂ ਉਨ੍ਹਾਂ ਦੇ ਚਿਹਰੇ ਦੀ ਪੂਰੀ ਨੁਹਾਰ ਬਦਲੀ ਹੋਈ ਸੀ, ਜਿਸ ਨੂੰ ਪਛਾਨਣ ਵਿਚ ਮੁਸ਼ਕਲ ਆਈ ਤੇ ਪੁੱਛਦਾ ਪੈਂਦਾ ਸੀ ਇਹ ਕਿਸ ਦਾ ਤੇ ਉਹ ਕਿਸ ਦਾ. ਪਰ ਜਵਾਨ ਨੂੰ ਅੱਧਖੜ ਹੋਇਆਂ ਨੂੰ ਪਹਿਲੀ ਨਜ਼ਰੀਂ ਹੀ ਪਛਾਣ ਲਿਆ ਸੀ। ਪਿੰਡ ਦੀਆਂ ਗਲੀਆਂ ਵਿਚ ਤੁਰਦੇ ਸਮੇਂ ਮੇਰੇ ਕੰਨੀਂ ਭਿਣਕ ਜਿਹੀ ਪੈਂਦੀ ਸੀ ਜਿਵੇਂ ਮੈਨੂੰ ਕੁਝ ਕਹਿ ਰਹੀਆਂ ਹੋਣ। ਦਿਨ ਢਲੇ ਜਦੋਂ ਘਰ ਦੀ ਦੂਜੀ ਮੰਜ਼ਿਲ ਦੀ ਛੱਤ ‘ਤੇ ਚੜ੍ਹ ਕੇ ਸਾਰੇ ਪਿੰਡ ‘ਤੇ ਨਜ਼ਰ ਘੁਮਾਈ ਤਾਂ ਬੜਾ ਖੂਬਸੂਰਤ ਨਜ਼ਾਰਾ ਲੱਗਿਆ ਜਿਸ ਨਾਲ ਮੇਰਾ ਦਿਲ ਅਤੇ ਰੂਹ ਦੋਵੇਂ ਬੜੇ ਖੁਸ਼ ਹੋਏ ਪਰ ਉਸ ਵਕਤ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੇਰਾ ਪਿੰਡ ਮੈਨੂੰ ਕਹਿ ਰਿਹਾ ਹੋਵੇ ਕਿ ਰੱਬ ਤੈਨੂੰ ਕਲਮ ਬਖ਼ਸੀ ਅਤੇ ਤੂੰ ਸਭਨਾਂ ਲਈ ਕੁਝ ਨਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਏ ਕੀ ਕਦੇ ਆਪਣੇ ਪਿੰਡ ਆਪਣੇ ਜਨਮ ਸਥਾਨ ਬਾਰੇ ਲਿਖਣਾ ਨਹੀਂ ਚਾਹਿਆ। ਮੈਂ ਅਹਿਸਾਸ ਕੀਤਾ ਜਿਵੇਂ ਆਪਣੀ ਚੁੱਪ ਵਿਚ ਵੀ ਰੌਲਾ ਪਾ ਕਹਿ ਰਿਹਾ ਹੋਵੇ ਕਿ ਕੁਝ ਮੇਰੇ ਬਾਰੇ ਵੀ ਲਿਖ ਤੇ ਮੈਂ ਕਾਪੀ ਕਲਮ ਚੁੱਕੀ ਅਤੇ ਲਿਖਣ ਬਹਿ ਗਿਆ। ਸੱਜ ਕੇ ਸਵੇਰ ਸੋਹਣੇ ਪਿੰਡ ਦੀ ਬਦਲੀ ਨੁਹਾਰ ਦੀਆਂ ਸਿਫ਼ਤਾਂ ਕਰਨ।
ਭਾਗ ਨਿਆਰੇ
ਭਾਗ ਮੇਰੇ ਪਿੰਡ ਦੇ, ਨਿਆਰੇ ਨਜ਼ਰ ਆਏ ਮੈਨੂੰ।
ਕੱਚੀ ਮਿੱਟੀ ਵਾਲੇ ਨਾ, ਢਾਰੇ ਨਜਰ ਆਏ ਮੈਨੂੰ।
ਢਾਰਿਆਂ ਦੀ ਥਾਂ ਤੇ, ਚੁਬਾਰੇ ਨਜ਼ਰ ਆਏ ਮੈਨੂੰ।
ਚੁਬਾਰਿਆਂ ਦੀ ਥਾਂ ‘ਤੇ, ਮੁਨਾਰੇ ਨਜਰ ਆਏ ਮੈਨੂੰ।
ਬਚਪਨ ਦੇ ਸਾਥੀ ਮੇਰੇ, ਸਾਰੇ ਨਜ਼ਰ ਆਏ ਮੈਨੂੰ।
ਬਾਪੂ ਅਤੇ ਤਿੰਨੇ ਤਾਏ, ਚਾਰੇ ਨਜ਼ਰ ਆਏ ਮੈਨੂੰ।
ਮਾਂ ਤੇ ਤਿੰਨੋਂ ਮਾਸੀਆਂ ਦੇ, ਦੀਦਾਰੇ ਨਜ਼ਰ ਆਏ ਮੈਨੂੰ।
ਬਚਪਨ ਵਾਲੇ ਦਿਨ ਵੀ, ਗੁਜ਼ਾਰੇ ਨਜ਼ਰ ਆਏ ਮੈਨੂੰ।
ਜ਼ਿੰਦਗੀ ਨੂੰ ਜਿੱਤ ਕੇ ਵੀ, ਹਾਰੇ ਨਜ਼ਰ ਆਏ ਮੈਨੂੰ।
ਨਿੰਮਾ ਆਖੇ ਪਰ ਨਾ, ਪਿਆਰੇ ਨਜ਼ਰ ਆਏ ਮੈਨੂੰ।
ਡੱਲਾ ਪਿੰਡ ਜ਼ਿਲ੍ਹੇ ਰੂਪਨਗਰ ਅੰਦਰ ਚਮਕੌਰ ਸਾਹਿਬ ਨਜ਼ਦੀਕ ਗੁਰੂਆਂ ਦੀ ਧਰਤੀ ਦੀ ਬੁੱਕਲ ਵਿਚ ਘੁੱਗ ਵਸਦਾ ਪਿੰਡ ਹੈ ਜਿਸ ਦੇ ਸੱਜੇ ਪਾਸੇ ਬਹਿਰਾਮਪੁਰ ਬੇਟ ਦੀ ਅਤੇ ਖੱਬੇ ਪਾਸੇ ਖੋਖਰ ਪਿੰਡ ਦੀ ਜੂਹ ਲਗਦੀ ਹੈ। ਰੋਪੜ ਤੋਂ ਮਾਛੀਵਾੜੇ ਨੂੰ ਜਾਣ ਵਾਲੇ ਮੁੱਖ ਰੋਡ ਦੇ ‘ਤੇ ਪਿੰਡ ਦਾ ਅੱਡਾ ਅਤੇ ਪੰਜ ਮਿੰਟ ਤੁਰ ਕੇ ਪਿੰਡ ਆਉਂਦਾ ਹੈ ਜੋ ਰੋਪੜ ਅਤੇ ਮਾਛੀਵਾੜੇ ਦਾ ਬਿਲਕੁਲ ਵਿਚਾਲਾ ਹੈ। ਪੰਜਾਬ ਦੇ ਬਾਰਾਂ ਹਜ਼ਾਰ ਅੱਠ ਸੌ ਅਠਾਸੀ ਪਿੰਡਾਂ ਵਿਚੋਂ ਜਿਵੇਂ ਹਰ ਇਕ ਨੂੰ ਉਹ ਇਕ ਪਿੰਡ ਚੰਗਾ ਲਗਦਾ ਹੈ ਜਿਥੇ ਉਨ੍ਹਾਂ ਦੀ ਮਾਂ ਦੀ ਕੁੱਖ ਤੋਂ ਬਾਹਰ ਆ ਕੇ ਪਹਿਲੀ ਪਲਕ ਪੁੱਟ ਸੰਸਾਰ ਵਿਚ ਪ੍ਰਵੇਸ਼ ਕੀਤਾ ਹੁੰਦਾ ਹੈ। ਇੰਝ ਹੀ ਮੈਨੂੰ ਵੀ ਇਹ ਪਿੰਡ ਸਭ ਤੋਂ ਨਿਆਰਾ ਅਤੇ ਪਿਆਰਾ ਲਗਦਾ ਹੈ। 1200 ਘਰਾਂ ਦੀ ਵਸੋਂ ਵਾਲੇ ਇਸ ਪਿੰਡ ਵਿਚ ਵੜਨ ਸਾਰ ਗੁਰੂਘਰ ਮੱਥੇ ਲਗਦਾ ਹੈ ਜੋ ਬਾਹਰੋਂ ਆਉਣ ਵਾਲੇ ਸੱਜਣਾਂ ਤੇ ਰਿਸ਼ਤੇਦਾਰਾਂ ਨੂੰ ਪਿੰਡ ਦੇ ਭਾਗ ਅਤੇ ਪਿੰਡ ‘ਤੇ ਗੁਰਾਂ ਦੀ ਮਿਹਰ ਦਰਸਾਉਂਦਾ ਹੈ।
ਜਿਸ ਦਾ ਸਬੂਤ ਪਿੰਡ ਦਾ ਆਪਸੀ ਭਾਈਚਾਰਾ ਹੈ। ਪਿੰਡ ਦੀ ਤਰੱਕੀ ਵਾਲੀ ਬਾਤ ਪਾਵਾਂ ਤਾਂ ਸਫ਼ਲਤਾ ਦੇ ਹੁੰਗਾਰੇ ਕੰਨੀ ਪੈਣਗੇ ਜਿੰਨੇ ਕਿਸੇ ਦਿਨ ਪਿੰਡ ਵਿਚ ਸਾਈਕਲ ਹੋਇਆ ਕਰਦੇ ਸਨ ਅੱਜ ਉਸ ਤੋਂ ਵੀ ਵੱਧ ਵੱਖੋ ਵੱਖ ਕਿਸਮ ਦੀਆਂ ਕਾਰਾਂ ਹਨ। ਇਕ ਸਮੇਂ ਗੋਹੇ ਅਤੇ ਗਾਰੇ ਨਾਲ ਲਿੱਪੇ ਜਾਣ ਵਾਲਾ ਵਿਹੜੇ ਅਤੇ ਬਨੇਰੇ ਅੱਜ ਮਾਰਬਲ ਵਿਚ ਜੜੇ ਪਏ ਹਨ। ਫੱਟਿਆਂ ਵਾਲੇ ਪਜਾਮੇ ਵਿਚੋਂ ਨਿਕਲ ਬਚਪਨ ਅਤੇ ਜਵਾਨੀ ਅੱਜ ਟੌਮੀ ਹਿੱਲ ਫਿੱਗਰ ਵਰਗੀਆਂ ਬਰਾਂਡਡ ਜੀਨਾਂ ਵਿਚ ਵੜ ਗਈ ਹੈ। ਪਿੰਡ ਦੇ ਮੋੜ ‘ਤੇ ਖੜ੍ਹ ਕੇ ਵੇਖਿਆ ਜਾਏ ਤਾਂ ਸਾਈਕਲਾਂ ਤੋਂ ਵੱਧ ਮੋਟਰਸਾਈਕਲ ਅਤੇ ਸਕੂਟਰਾਂ ਤੋਂ ਵੱਧ ਕਾਰਾਂ ਮੁੜਦੀਆਂ ਨਜਰ ਆਉਣਗੀਆਂ। ਜਿਸ ਦਾ ਸਿਹਰਾ ਲਗਭਗ ਘਰ ਪਰਿਵਾਰ ਦਾ ਸੁੱਖ ਤਿਆਗਣ ਵਾਲੇ ਪ੍ਰਦੇਸੀ ਭਰਾਵਾਂ ਨੂੰ ਹੀ ਜਾਂਦਾ ਹੈ।
ਡੱਲੇ ਪਿੰਡ ਵਿਚ ਸੱਤ ਪੀਰਾਂ ਦੇ ਅਸਥਾਨ ਦੱਸੇ ਜਾਂਦੇ ਹਨ ਜਿਨ੍ਹਾਂ ਵਿਚ ਪੰਜ ਦਾ ਪ੍ਰਗਟਾਵਾ ਹੋ ਚੁੱਕਾ ਹੈ ਤੇ ਮਾਨਤਾ ਵੀ ਹੋ ਰਹੀ ਹੈ । ਇਸ ਪਿੰਡ ਵਿਚ ਚਮਕੌਰ ਸਾਹਿਬ ਸ਼ਹੀਦ ਹੋਏ ‘ਅਜੀਤ ਅਤੇ ਜੁਝਾਰ’ ਵੀ ਪ੍ਰਗਟ ਹੋਏ ਸਨ ਜਿਨ੍ਹਾਂ ਦਾ ਵਾਸਾ ਇਕੋ ਪਰਿਵਾਰ ਦੀ ਕੁੜੀ ਗੁਰਿੰਦਰ ਕੌਰ ਅੰਦਰ ਹੋਇਆ ਸੀ ਜਿਸ ਦੇ ਆਧਾਰ ‘ਤੇ ਇਕ ਕੁਟੀਆ ਵੀ ਬਣੀ ਹੈ ਜਿਸ ਵਿਚ ਬੈਠ ਉਸ ਨੇ ਦੋ ਵਾਰ ਚਾਲੀ ਚਾਲੀ ਦਿਨ ਦੀ ਤਪੱਸਿਆ ਵੀ ਕੀਤੀ ਸੀ ਤੇ ਹਰ ਸਾਲ 26 ਮਈ ਨੂੰ ਉਸ ਥਾਂ ਭੰਡਾਰਾ ਭਰਦਾ ਹੈ।
ਡੱਲੇ ਪਿੰਡ ਵਿਚ ਇਕ ਪ੍ਰਾਇਮਰੀ ਸਕੂਲ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਹੈ ਜਿਥੇ ਲਾਗਲੇ ਪੰਦਰਾਂ ਪਿੰਡਾਂ ਦੇ ਵਿਦਿਆਰਥੀ ਵਿਦਿਆ ਪ੍ਰਾਪਤ ਕਰਨ ਆਉਂਦੇ ਹਨ। ਇਥੇ ਇਕ ਘੱਟ ਕੀਮਤ ‘ਤੇ ਰਾਸ਼ਨ ਕਾਰਡ ਦੁਆਰਾ ਰਾਸ਼ਨ ਵੰਡਣ ਵਾਲੀ ਸਰਕਾਰੀ ਸੁਸਾਇਟੀ (ਸਟੋਰ) ਵੀ ਮੌਜੂਦ ਹੈ ਜਿਸ ਨਾਲ ਕਈ ਲਾਗਲੇ ਪਿੰਡ ਵੀ ਸਬੰਧਤ ਹਨ। ਸਤਲੁਜ ਦਰਿਆ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰੀ ‘ਤੇ ਇਸ ਪਿੰਡ ਦੇ ਵਸਨੀਕਾਂ ਨੇ ਸਹਿਯੋਗ ਨਾਲ ਇਕ ਖੇਡ ਸਟੇਡੀਅਮ ਵੀ ਹੋਂਦ ਵਿਚ ਲਿਆਂਦਾ ਹੈ ਤੇ ਵੱਡੀ ਮਾਣ ਵਾਲੀ ਗੱਲ ਹੈ ਕਿ ਗਜ਼ਲ ਗਾਇਕੀ ਦਾ ਬਾਦਸ਼ਾਹ ਜਗਜੀਤ ਸਿੰਘ ਇਸ ਪਿੰਡ ਵਿਚ ਜੰਮਿਆ ਸੀ ਜਿਸ ਦਾ ਇਕ ਬੁੱਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਣਾਉਣ ਦਾ ਮੇਰਾ ਵਾਅਦਾ ਵੀ ਹੈ ਜੋ ਜ਼ਰੂਰ ਪੂਰ ਚੜ੍ਹੇਗਾ।
ਵੱਖਰੀ ਨੁਹਾਰ
ਮੰਨਿਆ ਕਿ ਪਿੰਡ ਬੜੇ ਸੋਹਣੇ ਤੋਂ ਵੀ ਸੋਹਣੇ ਨੇ,
ਪਰ ਮੇਰੇ ਪਿੰਡ ਦੀ ਨੁਹਾਰ ਵੱਖਰੀ।
ਹਰੇ ਭਰੇ ਖੇਤਾਂ ਵਿਚ ਪਿੰਡ ਦੇ ਚੁਫ਼ੇਰੇ,
ਵੇਖਣੇ ਨੂੰ ਮਿਲਦੀ ਬਹਾਰ ਵੱਖਰੀ।
ਮੋਹ ਬੜਾ ਇਹਦੇ ਨਾਲ ਤਾਂ ਖਬਰੇ,
ਵੱਖ ਗੱਭਰੂ ਤੇ ਲੱਗੇ ਮੁਟਿਆਰ ਵੱਖਰੀ।
ਮਾਰੂਤੀਆਂ, ਸਜੂਕੀਆਂ, ਸਕਾਰਪੀਓ, ਸਫਾਰੀਆਂ,
ਖੜ੍ਹੀ ਕੱਲੇ ਕੱਲੇ ਘਰ ਵਿਚ ਕਾਰ ਵੱਖਰੀ।
ਡੱਲੇ ਪਿੰਡ ਲਈ ਨਿੰਮਾ ਰਹੂ ਮੰਗਦਾ ਦੁਆਵਾਂ,
ਖਿੜੇ ਹਰ ਇਕ ਵਿਹੜੇ ਗੁਲਜ਼ਾਰ ਵੱਖਰੀ।
ਕਈ ਪਿੰਡਾਂ ਵਾਂਗ ਕਦੇ ਮੇਰੇ ਪਿੰਡ ਵੀ ਅੰਮਾਂ ਲਾਜੋ ਅਤੇ ਪਿਆਰੀ ਦਾਣੇ ਭੁੰਨਣ ਲਈ ਭੱਠੀਆਂ ਤਪਾਇਆ ਕਰਦੀਆਂ ਸਨ। ਪਿੱਪਲ ਥੱਲੇ ਤਾਸ਼ ਵੀ ਖੇਡੀ ਜਾਂਦੀ ਸੀ, ਘਲਾੜੀ ਹੁੰਦੀ ਸੀ, ਗੰਨੇ ਪੀੜ ਕੇ ਰਸ ਦਾ ਗੁੜ ਵੀ ਬਣਿਆ ਕਰਦਾ ਸੀ। ਵਿਰਸੇ ਦੀਆਂ ਅਜਿਹੀਆਂ ਅਨੇਕਾਂ ਵੰਨਗੀਆਂ ਨੂੰ ਸਮੇਂ ਦੀ ਐਸੀ ਮਾਰ ਪਈ ਕਿ ਸਭ ਅਲੋਪ ਹੋ ਗਈਆਂ। ਉਮਰਾਂ ਭੋਗ ਮਰ ਚੁੱਕੇ ਉਨ੍ਹਾਂ ਵੱਡੇ-ਵਡੇਰਿਆਂ ਵਾਂਗ ਬਣ ਗਈਆਂ ਜੋ ਮੁੜ ਕਦੇ ਦੁਬਾਰਾ ਨਹੀਂ ਆਉਣੇ।
ਪੰਜਾਬੀ ਸੱਭਿਆਚਾਰ ਦੇ ਇਹ ਗੂੜੇ ਰੰਗ ਪਿੰਡ ਦੀ ਫੁਲਕਾਰੀ ‘ਤੇ ਫਿੱਕੇ ਪੈ ਗਏ ਹਨ ਪਰ ਅੱਜ ਦੀ ਤਰੀਕ ਵਿਚ ਪੰਜਾਬ ਦੇ ਸਾਰੇ ਪਿੰਡਾਂ ਵਾਂਗ ਮੇਰਾ ਪਿੰਡ ਵੀ ਖੁਸ਼ਹਾਲ ਹੈ, ਕਿਉਂਕਿ ਮੇਰੇ ਵਾਂਗੂੰ ਗਾਚੀ ਨਾਲ ਫੱਟੀਆਂ ਧੋ ਸੁਕਾ ਕੇ ਲਿਖਣ ਵਾਲੇ ਅੱਜ ਜਹਾਜ਼ੀ ਬਹਿ ਬਿਗਾਨੇ ਮੁਲਕੀਂ ਜਾ ਕੇ ਆਪਣੀ ਤਕਦੀਰ ਲਿਖਣ ਦੇ ਨਾਲ ਨਾਲ ਆਪਣੇ ਪਿੰਡ ਦੀ ਕਿਸਮਤ ਵੀ ਲਿਖ ਰਹੇ ਹਨ।
ਮੇਰੇ ਦਿਲੋਂ ਮੇਰੇ ਆਪਣੇ ਪਿੰਡ ਲਈ ਢੇਰ ਸਾਰੀਆਂ ੁਦਆਵਾਂ ਕਿ ਇਸ ਦਾ ਬੱਚਾ ਬੱਚਾ ਖੁਸ਼ਹਾਲ ਰਹੇ, ਮੇਰਾ ਪਿੰਡ ਸਦਾ ਚੜ੍ਹਦੀ ਕਲਾ ਵਿਚ ਰਹੇ। ਮੇਰੇ ਪਿੰਡ ਵੱਲ ਕਦੇ ਵੀ ਕੋਈ ਗਰਮ ਹਵਾਵਾਂ ਨਾ ਆਉਣ। ਮਾਂ ਨੇ ਜਨਮ ਦਿੱਤਾ ਪਿੰਡ ਨੇ ਜੀਵਨ ਦਿਖਾਇਆ ਅਤੇ ਪ੍ਰਦੇਸ਼ਾਂ ਨੇ ਜੀਵਨ ਸੁਧਾਰਿਆ, ਮਿਹਨਤ ਅਤੇ ਸੋਚ ਨੇ ਜੀਵਨ ਸਫ਼ਲ ਬਣਾਇਆ। ਮੈਂ ਮਾਂ ਬਾਪ ਅਤੇ ਰੱਬ ਤੋਂ ਇਲਾਵਾ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਸਤਿਕਾਰ ਦਿੰਦਾ ਹਾਂ ਜਦੋਂ ਤੱਕ ਮੈਂ ਜਿਉਂਦਾ ਰਿਹਾ ਇਸ ਮੇਰੇ ਦਿਲ ਵਿਚ ਜਿਉਂਦੇ ਰਹਿਣ।
ਆਖ਼ਰੀ ਤਮੰਨਾ
ਰੱਬਾ ਰੱਖੀਂ ਸਲਾਮਤ ਸੰਸਾਰ ਨੂੰ, ਕਿਉਂਕਿ ਸੰਸਾਰ ਵਿਚ ਹੈ ਹਿੰਦੋਸਤਾਨ ਵਸਦਾ।
ਹਿੰਦੋਸਤਾਨ ਦੀ ਗਲਵੱਕੜੀ ਵਿਚ, ਮੇਰਾ ਰੰਗਲਾ ਪੰਜਾਬ ਹੱਸਦਾ।
ਪੰਜਾਬ ਦੇ ਜ਼ਿਲ੍ਹਿਆਂ ਵਿਚੋਂ ਜਿਲ੍ਹਾ ਇਕ ਰੋਪੜ ਹੈ ਜੋ ਬੜਾ ਜੱਚਦਾ,
ਜਿਲ੍ਹੇ ਰੋਪੜ ਵਿਚ ਹੈ ਪਿੰਡ ਡੱਲਾ, ਜੋ ਸਭਨਾਂ ਨੂੰ ਹਾਂ ਮੈਂ ਦੱਸਦਾ।
ਉਸ ਪਿੰਡ ਵਿਚ ਹੈ ਕੁੱਲੀ ਨਿੰਮੇ ਦੀ, ਤੁਪਕਾ ਉਸ ਤੇ ਵੀ ਸੁੱਟ ਆਪਣੇ ਰਸ ਦਾ।
ਰੱਬਾ ਮੇਰੇ ਪਿੰਡ ਨੂੰ ਹਮੇਸ਼ਾ, ਰੱਖੀਂ ਸਦਾ ਹੀ ਹਸਦਾ ਵਸਦਾ।
ਧੰਨਵਾਦ, ਦਾਦੇ ਰਾਮ ਚੰਦ ਦਾਦੀ ਧੰਨ ਕੌਰ ਦਾ, ਜਿਨ੍ਹਾ ਮੇਰੇ ਪਿਓ ਨੂੰ ਦੁਨੀਆ ਵਿਖਾਈ।
ਪਾਕਿਸਤਾਨ ਦੇ ਇੱਕੀ ਚੱਕ ਵਿਚ, ਦਾਦਾ ਦੇ ਗਿਆ ਸੀ ਸਭ ਨੂੰ ਵਿਦਾਈ।
ਹੱਲੇ ਪਏ ਪਿਓ, ਭੂਆ, ਤਾਇਆਂ ਨੂੰ ਦਾਦੀ ਡੱਲੇ ਪਿੰਡ ਲੈ ਆਈ।
ਮੇਰਾ ਉਥੇ ਬਚਪਨ ਗੁਜ਼ਰਿਆ ਯਾਰੋ, ਜਿਥੇ ਪਿਓ ਨੇ ਜਵਾਨੀ ਹੰਢਾਈ।
ਦੂਜਾ ਧੰਨਵਾਦ ਨਾਨੀ ਪ੍ਰੀਤਮ ਨਾਨੇ ਹਰਗੋਬਿੰਦ ਦਾ ਜਿਨ੍ਹਾਂ ਸਵਰਨ ਸੰਗ ਚਰਨ ਕੌਰ ਵਿਹਾਈ।
ਫਿਰ ਬਣਿਆ ਸਬੱਬ ਮੇਰੇ ਜੰਮਣ ਦਾ, ਮਾਂ ਨੇ ਜੰਮੀ ਭੈਣ ਇਕ ਭਾਈ।
ਤਹਿ ਦਿਲੋਂ ਧੰਨਵਾਦ ਮੇਰੇ ਮਾਪਿਆਂ ਦਾ, ਜਿਨ੍ਹਾਂ ਜੀਭ ਬੋਲਣ ਮੇਰੀ ਲਾਈ।
ਪਿੰਡ ਮੇਰੇ ਦਾ ਸਕੂਲ ਪ੍ਰਾਇਮਰੀ, ਜਿਥੇ ਕਰਨੀ ਕੀਤੀ ਸ਼ੁਰੂ ਪੜ੍ਹਾਈ।
ਮੇਜਰ, ਛਿੰਦਾ, ਤਾਰੀ, ਜੀਤ, ਉਥੇ ਆੜੀ ਉਨ੍ਹਾਂ ਨਾਲ ਪਾਈ।
ਬਾਪੂ ਵਾਲੀ ਜਵਾਨੀ ਮੁੜ ਫਿਰ, ਉਹਦੇ ਆਪਣੇ ਪੁੱਤ ਤੇ ਵੀ ਆਈ।
ਜਵਾਨੀ ਧਰਿਆ ਪੈਰ, ਪੈਰ ਘਰੋਂ ਪੁੱਟਿਆ, ਕਿਸਮਤ ਸੱਤ ਸਮੁੰਦਰੋਂ ਪਾਰ ਲੈ ਆਈ।
ਅੱਖੀਆਂ ਬੰਦ ਕਰ, ਕਰਕੇ ਮਿਹਨਤ, ਪਿੰਡ ਘਰ ਨੂੰ ਘੱਲਦੇ ਰਹੇ ਕਮਾਈ।
ਮੈਂ ਸਦਕੇ ਜਾਵਾਂ ਇਨ੍ਹਾਂ ਤਕਦੀਰਾਂ ਦੇ ਜਿਨ੍ਹਾਂ ਇਕ ਇਹ ਤੇ ਇਕ ਉਹ ਲੜ ਲਾਈ।
ਇਸ ਜ਼ਿੰਦਗੀ ਵਿਚ ਖੁਸ਼ੀਆਂ ਵੀ ਮਾਣੀਆਂ ਤੇ ਪੀੜ ਵੀ ਬੜੀ ਮੈਂ ਹੰਢਾਈ।
ਬੜੀ ਵੱਡੀ ਸਾਲਾਂਬੱਧੀ ਜਿੰਦਗੀ ਇਹ ਮੈਨੂੰ, ਅੱਜ ਯਾਰੋ ਦਿਨ ਲਗਦੀ ਹੈ ਢਾਈ।
ਜਿਥੇ ਮਰਜ਼ੀ ਪੁਚਾਲੀਂ ਚਾਹੇ ਦੁਨੀਆ ਘੁਮਾਲੀਂ, ਰੱਬਾ ਇਕ ਮੇਰੀ ਰੀਝ ਤੂੰ ਪੁਗਾਈਂ।
ਜਦੋਂ ਮੇਰੇ ਆਖ਼ਰੀ ਪਲ ਅਤੇ ਸਾਹ ਹੋਣ, ਮੈਨੂੰ ਤੂੰ ਮੇਰੇ ਡੱਲੇ ਪਿੰਡ ਲੈ ਜਾਈਂ।
ਪ੍ਰਦੇਸੀ ਪਾਣੀਆਂ ‘ਚ ਖੁਰ ਰਿਹਾ ਸਾਡਾ ਸੱਭਿਆਚਾਰ
ਪ੍ਰੋ. ਸ਼ੇਰ ਸਿੰਘ ਕੰਵਲ (ਫੋਨ ਨੰਬਰ : 1-602-482-2276)
ਸੱਭਿਆਚਾਰ ਸਮਾਜ ਦੀ ਰੂਹ ਹੁੰਦਾ ਹੈ। ਇਸ ਸਮਾਜ ਵਿਚ ਜਨਮੇ ਮਨੁੱਖ ਦੇ ਧੁਰ ਅੰਦਰ ਲਹਿ ਜਾਂਦਾ ਹੈ, ਉਸ ਦੇ ਸਰੀਰ ਵਿਚ ਸਿੰਜਰ ਜਾਂਦਾ ਹੈ। ਆਪਣੇ ਸੱਭਿਆਚਾਰ ਨਾਲੋਂ ਟੁੱਟਾ ਮਨੁੱਖ ਬ੍ਰਿਛੋਂ-ਟੁੱਟੇ ਉਸ ਪੱਤੇ ਵਰਗਾ ਹੁੰਦਾ ਹੈ, ਜੋ ਆਪਣੇ ਸ਼ਕਤੀ-ਸ਼੍ਰੋਤ ਤੋਂ ਨਿਖੜ, ਵਿਯੋਗ-ਅਵਸਥਾ ਦੀ ਪੀਲੱਤਣ ‘ਚੋਂ ਵਿਚਰਦਾ ਪਲੋ-ਪਲ ਮੌਤ ਵਿਚ ਵਟ ਰਿਹਾ ਹੋਵੇ ਜਾਂ ਮਹਿਜ਼ ਤੁਰਦਾ ਫਿਰਦਾ ਕਲਬੂਤ, ਜਿਸ ਦੀ ਰੂਹ ਕਿਧਰੇ ਉਡਾਰੀ ਮਾਰ ਗਈ ਹੋਵੇ।
ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ੀਂ ਆ ਵਸਣ ਵਾਲੇ ਪ੍ਰਦੇਸੀ, ਆਪਣੇ ਵੱਖਰੇ ਮਾਨਸਿਕ, ਸੰਸਾਰ ਨੂੰ ਆਪਣੇ ਨਾਲ ਲੈ ਕੇ ਪਰਾਈ ਧਰਤ ਦੀਆਂ ਵੱਖਰੀਆਂ ਪ੍ਰਸਥਿਤੀਆਂ ਵਿਚ ਵਿਚਰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਸਗਲਾ ਆਪਾ ਪਲ ਪਲ ਟੁਟਦਾ-ਤਿੜਕਦਾ ਹੈ। ਉਨਾਂ ਦੀ ਮਾਨਸਿਕਤਾ ਵਿਚ ਵਿਚਾਰਾਂ-ਸੰਸਕਾਰਾਂ ਦੀ ਭੰਨ ਤੋੜ ਜਾਂ ਤਬਦੀਲੀ ਹੁੰਦੀ ਰਹਿੰਦੀ ਹੈ।
ਪੰਜਾਬੀ ਸੁਭਾਅ ਐਸਾ ਹੈ ਕਿ ਇਹ ਕਿਸੇ ਚੀਜ਼ ਨੂੰ ਗ੍ਰਹਿਣ ਵੀ ਬੜੀ ਤੇਜ਼ੀ ਨਾਲ ਕਰਦਾ ਹੈ ਤੇ ਤਿਲਾਂਜਲੀ ਦੇਂਦਿਆਂ ਜਾਂ ਤਜਦਿਆਂ ਵੀ ਡੱਡਾ ਨਹੀਂ ਠੂੰਗਣ ਦਿੰਦਾ!
ਪੰਜਾਬੀ, ਜਿਹੜੀ ਧਰਤ ਤੇ ਵੀ ਡਿੱਗੇ ਹਨ, ਇਨ੍ਹਾਂ ਬਰੂ ਵਾਂਗ ਉਥੇ ਹੀ ਜੜ੍ਹਾਂ ਲਾ ਲਈਆਂ ਹਨ। ਆਪਣੀ ਮਿਹਨਤ ਸਦਕਾ ਇਨ੍ਹਾਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਅਤੇ ਪਦਾਰਥਕ ਤੌਰ ‘ਤੇ ਖੁਸ਼ਹਾਲ ਤੇ ਮਾਲੋ ਮਾਲ ਹੋਏ ਹਨ। ਸੰਸਾਰ ਵਿਚ ਜਿਹੜੀ ਦੌੜ ਵਿਚ ਵੀ ਪਏ ਹਨ, ਇਨ੍ਹਾਂ ਕਿਸੇ ਨੂੰ ਡਾਹੀ ਨਹੀਂ ਦਿੱਤੀ, ਕਿਸੇ ਤੋਂ ਛੂਹੇ ਨਹੀਂ ਗਏ।
ਪਰ ਜਿੱਥੇ ਗੱਲ ਆਪਣੇ ਸੱਭਿਆਚਾਰ ਦੀ ਸੰਭਾਲ ਜਾਂ ਇਸ ਦੇ ਪ੍ਰਸਾਰ-ਸੰਚਾਰ ਦੀ ਆਉਂਦੀ ਹੈ, ਉਥੇ ਪਾਰਚਾ ਖੂਹ ਵਿਚ ਜਾ ਪੈਂਦਾ ਹੈ। ਸੱਭਿਆਚਾਰ ਦਾ ਪ੍ਰਮੁੱਖ ਅੰਗ ਹੁੰਦਾ ਹੈ-ਬੋਲੀ! ਜਿਸ ਰਾਹੀਂ ਮਨੁੱਖ ਰੋਜ਼ਾਨਾ ਜੀਵਨ ਵਿਚ ਆਪਣੇ ਆਲੇ ਦੁਆਲੇ ਵਿਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਵਿਦੇਸ਼ਾਂ, ਖਾਸ ਕਰ ਪੱਛਮੀ ਦੇਸ਼ਾਂ ਵਿਚ ਜਿਥੇ ਪੰਜਾਬੀਆਂ ਦਾ ਪਦਾਰਥਿਕ ਖੁਸ਼ਹਾਲੀ ਦੀਆਂ ਪੌੜੀਆਂ ਚੜ੍ਹਨਾ ਅਤੇ ਅਕਾਦਮਿਕ ਬੁਲੰਦੀਆਂ ਤੇ ਪਹੁੰਚਣਾ ਇਨ੍ਹਾਂ ਦੀ ਉਨਤੀ ਦਾ ਪ੍ਰਤੀਕ ਹੈ, ਉਥੇ ਇਹ ਉਨਤੀ ਨੇ ਬੋਲੀ ਅਤੇ ਸਭਿਆਚਾਰ ਪੱਖੋਂ ਇਨ੍ਹਾਂ ਦੇ ਕਿੰਨੇ ਹੀ ਘਰਾਂ ਦਾ ਬੇੜਾ ਗਰਕ ਕੀਤਾ ਹੈ। ਅੱਜ ਇਨ੍ਹਾਂ ਘਰਾਂ ਵਿਚੋਂ ਮਾਂ-ਪੰਜਾਬੀ ਨੂੰ ਬਾਹਰ ਕੱਢ ਕੇ ਪੱਛਮ ਦੀ ਦਫ਼ਤਰੀ ਅੰਗਰੇਜ਼ੀ ਪਟਰਾਣੀ ਬਣ ਬੈਠੀ ਹੈ। ਪੰਜਾਬ ਦੇ ਪਿੰਡਾਂ ਵਿਚੋਂ ਪਲ ਕੇ ਆਏ ਅਜਿਹੇ ਕਿੰਨੇ ਹਲ ਲੋਕ ਸਾਨੂੰ ਇਨ੍ਹਾਂ ਪੱਛਮੀ ਮੁਲਕਾਂ ਵਿਚ ਮਿਲਦੇ ਹਨ ਜੋ ਫੈਸ਼ਨ ਵਜੋਂ ਆਪਣੇ ਘਰਾਂ ਪਰਿਵਾਰਾਂ ਵਿਚ ਅੰਗਰੇਜ਼ੀ ਵਿਚ ਗਿਟਮਿਟ ਕਰਦੇ ਹਨ-ਬੱਚਿਆਂ ਨੂੰ ਘੂਰਦੇ ਅੰਗਰੇਜ਼ੀ ਵਿਚ ਹਨ.. ਮਿੱਤਰਾਂ ਨਾਲ ਬਹਿਸ ਮੁਬਾਹਸਾ ਅੰਗਰੇਜ਼ੀ ਵਿਚ ਕਰਨ ਦਾ ਦਿਖਾਵਾ ਕਰਦੇ ਹਨ। ਇਨ੍ਹਾਂ ਘਰਾਂ ਵਿਚ ਹੁੰਦੀ ‘ਹੈਲੋ, ਹਾਏ-ਥੈਂਕ ਯੂ-ਹਓ ਯੂ ਡੂਇੰਗ’ ਨੇ ‘ਸਤਿ ਸ੍ਰੀ ਅਕਾਲ’-ਮਿਹਰਬਾਨੀ’ ਤੇ ‘ਕੀ ਹਾਲ ਚਾਹ ਹੈ’ ਨੂੰ ਧੱਕੇ ਮਾਰ ਮਾਰ ਇਨ੍ਹਾਂ ਘਰਾਂ ਵਿਚੋਂ ਬਾਹਰ ਕੱਢ ਦਿੱਤਾ ਹੈ। ਪੰਜਾਬੀ ਮਾਂ ਬੋਲੀ ਨੂੰ ਅਲਵਿਦਾ ਕਹਿਣ ਵਾਲੇ ਇਨ੍ਹਾਂ ਭੱਦਰ ਪੁਰਸ਼ਾਂ ਦੀ ਗਿਣਤੀ ਵਿਚ ਚੌਖਾ ਵਾਧਾ ਹੁੰਦਾ ਹੋਰ ਵੀ ਪ੍ਰਤੱਖ ਉਦੋਂ ਨਜ਼ਰੀਂ ਪੈਂਦਾ ਹੈ ਜਦੋਂ ਇਨ੍ਹਾਂ ਤੋਂ ਲੱਗੀ ਛੂਤ ਦੀ ਬੀਮਾਰੀ ਕਾਰਨ ਦੇਸੋਂ ਆਏ ਅਧਖੜ੍ਹ ਹਮਾਤੜ ਚੱਪਣ-ਵੱਢਵੀਂ ਅੰਗਰੇਜ਼ੀ ਬੋਲ ਬੋਲ ਜਬ੍ਹਾੜਿਆਂ ਦੀ ਕਸਰਤ ਕਰਦੇ ਦਿਖਾਈ ਦਿੰਦੇ ਹਨ। ਅਜਿਹੇ ਲੋਕ ਪਾਰਟੀਆਂ-ਸਮਾਗਮਾਂ ਵਿਚ ਪੰਜਾਬੀ ਬੋਲਣਾ ਹੱਤਕ ਅਤੇ ਅੰਗਰੇਜੀ ਬੋਲਣ ਵਿਚ ਵਡਿੱਤਣ ਸਮਝਦੇ ਹਨ, ਭਾਵੇਂ ਇਕ ਗੱਲ ਪੂਰੀ ਹੋਣ ਤੱਕ ਇਨ੍ਹਾਂ ਦੀਆਂ ਗਰਾਰੀਆਂ ਵੀਹ ਵੇਰਾਂ ਅੜਨ ਅਤੇ ਸਵੇਰੇ ਜੀਭ ਨੂੰ ਘਿਓ ਹੀ ਕਿਉਂ ਨਾ ਲਾਉਣਾ ਪਵੇ। ਅਜਿਹੇ ‘ਪੜ੍ਹੇ-ਲਿਖੇ’ ਘਰਾਣਿਆਂ ਵਿਚ ਆਪਣੀ ‘ਲਾਇਕ’ ਔਲਾਦ ਨਾਲ ਆਪਣੀ ਹੀ ਜੁਬਾਨ ਵਿਚ ਗੱਲ ਕਰਨ ਤੋਂ ਆਰੀ ਬਜ਼ੁਰਗ ਪਾਰਟੀਆਂ ਮੌਕੇ ਸੋਫਿਆਂ ਵਿਚ ਦੜੇ ਬੈਠੇ ਆਪਣੀ ਕਿਸਮਤ ਨੂੰ ਕੋਸਦੇ ਆਮ ਵੇਖੇ ਜਾਂਦੇ ਹਨ . ਚੰਗੇ ਭਲੇ ਪੰਜਾਬੀ ਜਾਣਦੇ ਅਤੇ ਅੰਗਰੇਜ਼ੀ-ਪੱਟੇ ਇਹ ਲੋਕ ਸਿਰਫ਼ ਅੰਗਰੇਜ਼ੀ ਬੋਲਣ ਦੇ ਫੈਸ਼ਨ ਕਰਕੇ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਦੂਰ ਕਰਕੇ ਧੜਾ ਧੜ ਉਨ੍ਹਾਂ ਤੋਂ ਹੱਥੀਂ ਬੇਦਾਵੇ ਲਿਖਵਾ ਕੇ ਆਪਣੇ ਰਾਹਾਂ ਵਿਚ ਕੰਡੇ ਬੀਜ ਰਹੇ ਹਨ।
ਅਜਿਹੇ ਮਾਪਿਆਂ ਹੱਥੋਂ ਬਚੀ ਖੁਚੀ ਸੇਵਾ ਦਾ ਘਾਪਾ ਇਨ੍ਹਾਂ ਦੇਸ਼ਾਂ ਵਿਚ ਬੱਚਿਆਂ ਨੂੰ ਲੱਗੀ ਟੀ.ਵੀ. ਦੀ ਬੀਮਾਰੀ ਪੂਰਾ ਕਰ ਰਹੀ ਹੈ। ਪੰਜਾਬੀ ਪੁਸਤਕਾਂ/ਮੈਗਜ਼ੀਨ ਅਜਿਹੇ ਘਰਾਂ ਵਿਚੋਂ ਖੰਭ ਲਾ ਕੇ ਉਡ ਗਏ ਹਨ। ਘਰ ਵਿਚ ਆਏ ਗਏ ਮਹਿਮਾਨਾਂ ਨੂੰ ਪ੍ਰਭਾਵਿਤ ਕਰਨ ਲਈ ਅੰਗਰੇਜ਼ੀ ਪੁਸਤਕਾਂ/ਮੈਗਜ਼ੀਨਾਂ ਦੀ ਸਜਾਵਟ ਜਾਂ ਪ੍ਰਦਰਸ਼ਨੀ ਕਰਨ ਦੀ ਉਚੇਚ ਕੀਤੀ ਜਾਂਦੀ ਹੈ। ਬਹੁਤ ਘੱਟ ਪ੍ਰਵਾਰ ਹਨ, ਜੋ ਦੇਸੋਂ ਆਉਂਦਿਆਂ ਹੋਰ ਸਾਮਾਨ ਨਾਲ ਪੰਜਾਬੀ ਦੀਆਂ ਪੁਸਤਕਾਂ ਦਾ ਵਾਧੂ ਭਾਰ ਚੁੱਕਦੇ ਹਨ। ਕਿਉਂਕਿ ਇਹ ਪੁਸਤਕਾਂ ਦੇਸੋਂ ਪਿੰਨੀਆਂ ਦੀ ਭਰ ਕੇ ਲਿਆਂਦੀ ਪੀਪੀ ਦਾ ਕੰਮ ਨਹੀਂ ਦੇ ਸਕਦੀਆਂ। ਵਿਦੇਸ਼ਾਂ ਵਿਚ ਸਾਡੇ ਘਰੀਂ ਹੋਏ ਅੰਗਰੇਜ਼ੀ ਦੇ ਇਸ ਬੋਲ-ਬਾਲੇ ਨੇ ਸਾਡੀ ਨਵੀਂ ਪਨੀਰੀ ਨੂੰ ਜਿਸ ਕਦਰ ਪੰਜਾਬੀ ਬੋਲੀ ਤੋਂ ਸਾਡੇ ਸੱਭਿਆਚਾਰ ਨਾਲੋਂ ਤੋੜ ਵਿਛੋੜ ਦਿੱਤਾ ਹੈ, ਇਸ ਦੀ ਇਕ ਵੰਨਗੀ ਮਾਤਰ ਉਦਾਹਰਣ ਏਥੇ ਦੇਣੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ।
ਇਕ ਸ਼ਾਮੀਂ ਅਸੀਂ ਆਪਣੇ ਇਕ ਮਿੱਤਰ ਦੇ ਮਹਿਮਾਨ ਸਾਂ। ਸਾਂਤ-ਗੰਭੀਰ ਸ਼ਾਮ ਵਿਚ ਅਸੀਂ ਜਦ ਇਕ ਸ਼ਬਦ ਸਰਵਣ ਕਰਨ ਦੀ ਤਮੰਨਾ ਦਾ ਇਜ਼ਹਾਰ ਕੀਤਾ ਤਾਂ ਸਾਡੇ ਮਿੱਤਰ ਨੇ ਸਟੀਰੀਓ ਲਾਇਆ। ਸ਼ਬਦ ਭਾਈ ਬਖਸ਼ੀਸ਼ ਸਿੰਘ ਰਾਗੀ ਦਾ ਗਾਇਨ ਕੀਤਾ ਹੋਇਆ ਸੀ… ‘ਪਾਤੀ ਤੋਰੇ ਮਾਲਨੀ’..। ਸ਼ਬਦ ਸ਼ੁਰੂ ਹੋਣ ਦੀ ਦੇਰ ਸੀ ਕਿ ਸਾਡੇ ਮਿੱਤਰ ਦੇ ਤਿੰਨੋਂ ਬੱਚੇ ਸ਼ਬਦ ਨਾਲ ਆ ਡਾਂਸ ਕਰਨ ਡਹੇ। ਸਥਿਤੀ ਹਸਾਉਣੀ ਵੀ ਸੀ ਪਰ ਇਸ ਤੋਂ ਵੀ ਵੱਧ ਅਫ਼ਸੋਸਜਨਕ ਜਿਸ ਪੰਜਾਬੋਂ ਆਏ ਪਿਤਾ ਦੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਦੀ ਬੀਮਾਰੀ ਨੇ ਆਪਣੀ ਬੋਲੀ ਤੇ ਸੱਭਿਆਚਾਰ, ਅਥਵਾ ਧਰਮ ਤੋਂ ਹੀ ਏਨਾ ਦੂਰ ਕਰ ਦਿੱਤਾ ਹੋਵੇ, ਉਸ ਨੇ ਪ੍ਰਦੇਸ ਆ ਕੇ ਖੱਟਿਆ ਕੀ, ਸੁਆਹ?
ਸਾਡੇ ਰਸਮੋ-ਰਿਵਾਜ, ਪਹਿਰਾਵੇ, ਰਹਿਣ ਸਹਿਣ ਦੇ ਢੰਗਾਂ ਵਿਚੋਂ ਸਾਡੇ ਸੱਭਿਆਚਾਰ ਦੀ ਮਹਿਕ ਬੜੀ ਤੇਜ਼ੀ ਨਾਲ ਉਡ ਰਹੀ ਹੈ। ਰੋਜ਼ ਮਨਾਏ ਜਾਂਦੇ ਜਨਮ-ਦਿਨਾਂ ਦੇ ਤਰੀਕੇ ਸਲੀਕੇ ਵਿਚ ਕੁਝ ਵੀ ਸਾਡਾ ਆਪਣਾ ਨਹੀਂ। ਘਰਾਂ ਵਿਚ ਇਨ੍ਹਾਂ ਦਿਨਾਂ ਤੇ ‘ਹੈਪੀ ਬਰਥ ਡੇ’ ਦੇ ਅੰਗਰੇਜ਼ੀ ਵਿਚ ਲਿਖੇ ਮਾਟੋ ਲਟਕਦੇ ਨਜ਼ਰੀਂ ਪੈਂਦੇ ਹਨ। ਮੋਮਬੱਤੀਆਂ ਨੂੰ ਫੂਕਾਂ ਮਾਰ ਕੇ ਕੇਕ ਕੱਟਦਿਆਂ ‘ਹੈਪੀ ਬਰਥ ਡੇ ਟੂ ਯੂ’ ਦੇ ਤਰਾਨੇ ਗਾਏ ਜਾਣੇ ਅਤੇ ਵਿਆਹਾਂ ‘ਤੇ ‘ਵੈਡਿੰਗ ਕੇਕ’ ਦੀ ਕਟਾਈ ਹੋਣ ਵਰਗੇ ਨਵੇਂ ਰਿਵਾਜ ਸਾਡੇ ‘ਤੇ ਪਏ ਪੱਛਮੀ ਪ੍ਰਭਾਵਾਂ ਦੇ ਹੀ ਪ੍ਰਤੀਬਿੰਬ ਹਨ।
ਹੋਰ ਤਾਂ ਹੋਰ ਸਾਡੇ ਨਾਲ ਨਾਲ ਸਾਡੇ ਨਾਂ ਵੀ ਪੱਛਮੀ ਪ੍ਰਭਾਵਾਂ ਦੀ ਲਪੇਟ ਵਿਚ ਆਉਣ ਤੋਂ ਨਹੀਂ ਬਚ ਸਕੇ। ਸਿਰਫ਼ ਬੱਚਿਆਂ ਦੇ ਗੋਲਡੀ, ਗੈਰੀ, ਹੈਪੀ, ਸੰਨੀ, ਬਾਬੀ ਜਿਹੇ ਛੋਟੇ ਨਾਂ ਪੱਛਮੀ ਸੱਭਿਆਚਾਰ ਨਾਲੋਂ ‘ਸਿੰਘ’ ‘ਕੌਰ’ ਨੂੰ ਕੱਟਣ ਜਾਂ ਇਨ੍ਹਾਂ ਦੀ ਥਾਵੇਂ ਕੇਵਲ ਐਸ. ਜਾਂ ਕੇ. ਲਿਖ ਕੇ ਬੁੱਤਾ ਸਾਰਨ ਦੀ ਪ੍ਰਵਿਰਤੀ ਜੋਰ ਫੜ ਰਹੀ ਹੈ। ਇਥੇ ਹੀ ਬਸ ਨਹੀਂ, ਸਾਡੇ ‘ਤੇ ਪਏ ਪੱਛਮੀ ਪ੍ਰਭਾਵ ਦਾ ਝਲਕਾਰਾ ਪ੍ਰਤੱਖ ਨਜ਼ਰੀਂ ਉਦੋਂ ਪੈਂਦਾ ਹੈ, ਜਦੋਂ ਇਥੋਂ ਦੇ ਲੋਕਾਂ ਦੀ ਸੁਵਿਧਾ ਸਹੂਲਤ ਜਾਂ ਕਾਰੋਬਾਰੀ ਕਾਰਨ ਦੇ ਪਰਦੇ ਅਥਵਾ ਫੈਸ਼ਨ ਅਧੀਨ ਕੋਈ ਭਾਈ ਨਿਰਮਲ ਸਿੰਘ ‘ਨੀਲ’, ਕੋਈ ਸ. ਹਰੀ ਸਿੰਘ ‘ਹੈਰੀ’, ਕੋਈ ਬੀਬੀ ਮਿਲਵੰਤ ਕੌਰ ‘ਮਿਲੀ’, ਬੀਬੀ ਗੁਰਦੇਵ ਕੌਰ ‘ਡੈਬੀ’, ਕੋਈ ਬੀਬੀ ਪ੍ਰਮਜੀਤ ਕੌਰ ‘ਪੈਮ’ ਅਤੇ ਬੀਬੀ ਜਸਪ੍ਰੀਤ ਕੌਰ ‘ਜੈਸ’ ਹੋ ਨਿਬੜਦੇ ਹਨ।
ਨਿਰਸੰਦੇਹ ਪ੍ਰਦੇਸ਼ ਵਿਚ ਵਿਚਰਦਿਆਂ ਇਥੋਂ ਦੇ ਮਾਹੌਲ ਦਾ ਕੁਝ ਪ੍ਰਭਾਵ ਸਾਡੇ ‘ਤੇ ਪੈਣਾ ਹੀ ਪੈਣਾ ਹੈ। ਦਫ਼ਤਰ, ਕੰਮ, ਸਕੂਲ, ਕਾਲਜ ਆਦਿ ਜਾਂਦਿਆਂ ਇਥੋਂ ਦੀ ਬੋਲੀ, ਪਹਿਰਾਵੇ ਆਦਿ ਤੋਂ ਅਸੀਂ ਅਭਿੱਜ ਨਹੀਂ ਰਹਿ ਸਕਦੇ ਪਰ ਆਪਣੇ ਘਰ, ਆਪਣੇ ਭਾਈਚਾਰੇ ਵਿਚ ਵਿਚਰਦਿਆਂ ਆਪਣੀ ਬੋਲੀ, ਆਪਣੇ ਸੱਭਿਆਚਾਰ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਵਿਚ ਇਸ ਦੇ ਸੰਚਾਰ ਕਰਨ ‘ਤੇ ਤਾਂ ਸਾਡਾ ਕਿਸੇ ਹੱਦ ਤੱਕ ਵੱਸ਼ੀਕਾਰ ਹੈ।
ਲੇਖ ਨੂੰ ਲੰਬਾ ਨਾ ਕਰਦਿਆਂ ਕੇਵਲ ਇਕ ਗੱਲ ਹੋਰ ਕਹਿ ਕੇ ਆਗਿਆ ਲਵਾਂਗਾ। ਗੱਲ, ਇਨ੍ਹਾਂ ਦੇਸ਼ਾਂ ਵਿਚ ਸਭਨਾਂ ਦੇ ਕੰਮੀਂ ਰੁੱਝੇ ਹੋਣ ਕਰਕੇ ਪਰਿਵਾਰਾਂ ਦੇ ਕਦੇ ਇਕੱਠੇ ਨਾ ਬੈਠ ਸਕਣ ਦੇ ਸਿੱਟੇ ਵਜੋਂ ਨਵੀਂ ਪੀੜ੍ਹੀ ਦੇ ਪੂਰੀ ਤਰ੍ਹਾਂ ਪੱਛਮੀ ਸੱਭਿਆਚਾਰ ਦੇ ਰੰਗ ਵਿਚ ਰੰਗੇ ਜਾਣ ਕਰਕੇ ਸਾਡੇ ਆਪਣੇ ਸੱਭਿਆਚਾਰ ਵਿਚਲੇ ਅਦਬ-ਆਦਾਬ ਦੇ ਲਹਿਜ਼ੇ ਤੋਂ ਟੁੱਟ ਕੇ ਗੁਸਤਾਖ ਰਾਹਾਂ ਤੇ ਟੁਰ ਪੈਣ ਦੀ ਹੈ। ਅਸੀਂ ਆਪਣੇ ਇਕ ਮਿੱਤਰ ਨੂੰ ਨਾਲ ਲੈ ਕੇ ਇਕ ਮੰਨੇ ਪ੍ਰਮੰਨੇ ਸਾਊ ਸ਼ਰੀਫ਼ ਤੇ ਉਘੇ ਵਿਅਕਤੀ ਦੇ ਘਰ ਖਾਣੇ ‘ਤੇ ਗਏ। ਖਾਣੇ ਦੀ ਤਿਆਰੀ ਤੱਕ ਅਸੀਂ ਲਿਵਿੰਗ ਰੂਮ ਵਿਚ ਬੈਠਣਾ ਸੀ। ਕੋਈ ਦਸ ਮਿੰਟ ਬੈਠਿਆਂ ਗੁਜ਼ਰੇ ਸਨ ਕਿ ਕਿਸੇ ਮਖਿਆਣੇ-ਛੱਤੇ ਵਰਗਾ ਸਿਰ ਬਣਾਈ, ਜੋਕਰ-ਪਜਾਮੇ ਵਰਗੀ ਪੈਂਟ ‘ਤੇ ਸਿਰਫ਼ ਫੇਫੜੇ ਕੱਜਦੀ ਗਿੱਠ ਕੁ ਬੁਨੈਣ ਪਾਈ, ਕੁੜੀ-ਨੁਮਾ ਮੁੰਡਾ ਅੰਦਰ ਆਇਆ। ਸਾਨੂੰ ਵੇਖਦਿਆਂ ਤੇ ਬਿਨਾਂ ਕਿਸੇ ਸਾਹਬ ਸਲਾਮ ਕੀਤਿਆਂ, ਉਸ ਟੀ.ਵੀ. ਦਾ ਕੰਨ ਜਾ ਮਰੋੜਿਆ ਤੇ ਲਿਵਿੰਗ ਰੂਮ ਵਿਚ ਡਾਂਸ, ਨੂਮਾ ਦੁਡਕੀ ਚਾਲ ਚਲਦਾ ਅਤੇ ਚੁਟਕੀਆਂ ਮਾਰਦਾ ਹੋਇਆ ਉਹ ਕਮਲੀ ਦੇ ਤੀਆਂ ਵਿਚ ਗੇੜੇ ਕੱਢਣ ਵਾਂਗ ਇਧਰ ਉਧਰ ਤੁਰਨ ਲੱਗਾ। ਮੈਂ ਤੇ ਮੇਰਾ ਮਿੱਤਰ ਇਸ ਅਜਨਬੀ ਨੌਜਵਾਨ ਦੇ ਇਸ ਤੌਰ ਤਰੀਕੇ ਨੂੰ ਦੇਖ ਕੇ ਪਾਣੀ ਪਾਣੀ ਹੁੰਦੇ ਕੁਰਸੀਆਂ ਵਿਚ ਗਰਕਦੇ ਜਾ ਰਹੇ ਸਾਂ। ਖਾਣੇ ਸਮੇਂ ਜਦ ਉਸ ਉਘੇ ਵਿਅਕਤੀ ਨੇ ਇਸ ਅਜਨਬੀ ਨੌਨਿਹਾਲ ਦਾ ਆਪਣੇ ਵੱਡੇ ਬੇਟੇ ਵਜੋਂ ਸਾਡੇ ਨਾਲ ਤੁਆਰਫ਼ ਕਰਵਾਇਆ ਤਾਂ ਸਾਡੀ ਖਾਨਿਓਂ ਗਈ ਕਿ ਵਿਦੇਸ਼ਾਂ ਦੀ ਲਿਸ਼ਕ ਪੁਸ਼ਕ ਵਾਲੇ ਇੱਜ਼ਤਦਾਰ ਘਰਾਣਿਆਂ ਦੀਆਂ ਛੱਤਾਂ ਨੂੰ ਪੱਛਮੀ ਸੱਭਿਅਤਾ ਦਾ ਇਹ ਘੁਣ ਕਿਸ ਹੱਦ ਤੱਕ ਖਾ ਗਿਆ ਹੈ।
ਵਿਦੇਸ਼ਾਂ ਵਿਚ ਸਾਡੀ ਜ਼ਮੀਨ ਸਾਡੇ ਪੈਰਾਂ ਥੱਲਿਓਂ ਨਿਕਲ ਰਹੀ ਹੈ। ਪਦਾਰਥਿਕ ਖੁਸ਼ਹਾਲੀ ਦੀ ਦੌੜ ਵਿਚ ਦੌੜਦੇ ਦੌੜਦੇ ਅਸੀਂ ਆਪਣੇ ਸੱਭਿਆਚਾਰ ਦੀ ਜੂਹ ਤੋਂ ਤੌਰ.. ਬਹੁਤ ਦੂਰ ਨਿਕਲ ਆਏ ਹਾਂ, ਪਰ ਫਿਰ ਵੀ ਸਾਡੇ ਹਿਰਦੇ ਵਿਚ ਇਕ ਨਿੰਮ੍ਹੀ ਜੋਤ ਅਜੇ ਵੀ ਜਗ ਰਹੀ ਹੈ-ਸਾਡੇ ਸੱਭਿਆਚਾਰ ਦੀ ਜੋਤ ! ਆਓ ਪ੍ਰਦੇਸੀ ਪ੍ਰਭਾਵਾਂ ਦੇ ਵਗਦੇ ਝੱਖੜ ਵਿਚ ਇਸ ਜੋਤ ਦੀ ਲੋਅ ਨੂੰ ਮੱਧਮ ਨਾ ਪੈਣ ਦੇਈਏ। ਇਸ ਨੂੰ ਜਗਦੀ ਰੱਖੀਏ ਅਤੇ ਇਸ ਦੇ ਚਾਨਣ ਵਿਚ ਹੀ ਹੋਰ ਅਗੇਰੇ ਤੁਰੀਏ।
ਪੰਜਾਬੀ ਫਿਲਮ ‘ਕੌਮ ਦੇ ਹੀਰੇ’ 14 ਮਾਰਚ ਨੂੰ ਅਮਰੀਕਾ ਕੈਨੇਡਾ ‘ਚ ਲੋਕ-ਅਰਪਿਤ ਹੋਵੇਗੀ
ਫਰਿਜ਼ਨੋਂ (ਨੀਟਾ ਮਾਛੀਕੇ /ਕੁਲਵੰਤ ਧਾਲੀਆ):
ਪੰਜਾਬੀ ਫਿਲਮ ‘ਕੌਮ ਦੇ ਹੀਰੇ’ 14 ਮਾਰਚ ਨੂੰ ਅਮਰੀਕਾ ਕੈਨੇਡਾ ‘ਚ ਲੋਕ-ਅਰਪਿਤ ਕੀਤੀ ਜਾਵੇਗੀ । ਇਥੋਂ ਦੇ ਪੰਜਾਬੀ ਨੌਜਵਾਨਾਂ ਦੀ ਗੁਰਦੁਆਰਾ ਸਿੰਘ ਸਭਾ ਫਰਿਜ਼ਨੋਂ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋ ਬਹੁਚਰਚਿੱਤ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਤੇ ਲਾਈ ਪਾਬੰਦੀ ਸਬੰਧੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ। ਯਾਦ ਰਹੇ ਕਿ ਇਹ ਫਿਲਮ ਸੰਨ ਚੁਰਾਸੀ ਦੇ ਘੱਲੂ-ਘਾਰੇ ਅਤੇ ਸਹੀਦ ਭਾਈ ਬੇਅੰਤ ਸਿਘ ਜੀ , ਸਹੀਦ ਭਾਈ ਸਤਵੰਤ ਸਿੰਘ ਜੀ ਅਤੇ ਸਹੀਦ ਭਾਈ ਕੇਹਰ ਸਿੰਘ ਜੀ ਦੇ ਜੀਵਨ ਤੇ ਅਧਾਰਤ ਹੈ । ਇਸ ਮੌਕੇ ਨੌਜੁਆਨ ਬੁਲਾਰਿਆਂ ਨੇ ਕਿਹਾ ਕਿ ਇਸ ਫਿਲਮ ਤੇ ਭਾਰਤ ਸਰਕਾਰ ਦੇ ਸੈਂਸਰ ਬੋਰਡ ਵੱਲੋਂ ਪਾਬੰਦੀ ਲਾਉਣਾ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦਾ ਘਾਣ ਹੈ ਅਤੇ ਅਸੀ ਪੰਜਾਬ ਅਤੇ ਭਾਰਤ ਸਰਕਾਰ ਦੇ ਸਿੱਖਾਂ ਨਾਲ ਇਸ ਮਤਰੇਈ ਮਾਂ ਵਾਲੇ ਵਤੀਰੇ ਦੀ ਪੁਰ-ਜ਼ੋਰ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਹਮੇਸ਼ਾਂ ਲਈ ਮਿਟ ਜਾਦੀਆਂ ਨੇ ਅਤੇ ਫਿਲਮ ‘ਕੌਮ ਦੇ ਹੀਰੇ’ ਸਾਡੀ ਨਵੀ ਪੀੜ੍ਹੀ ਨੂੰ ਬੀਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਵਧੀਆ ਉਪਰਾਲਾ ਹੈ ਪਰ ਭਾਰਤ ਸਰਕਾਰ ਨਹੀਂ ਚਾਹੁੰਦੀ ਕਿ ਸਿੱਖ ਕੌਮ ਦੀ ਨਵੀਂ ਪਨੀਰੀ ਨੂੰ ਇਤਿਹਾਸਕ ਪਿਛੋਕੜ ਤੋਂ ਜਾਣੂ ਕਰਵਾਇਆ ਜਾਵੇ।
ਨੌਜੁਵਾਨ ਬੁਲਾਰਿਆਂ ਨੇ ਇਸ ਫਿਲਮ ਬਾਰੇ ਹੋਰ ਵੀ ਵਿਸਥਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਉਨ੍ਹਾਂ ਦੱਸਿਆ ਕਿ ਬੇਸ਼ੱਕ ਪੰਜਾਬ ਅਤੇ ਭਾਰਤ ਦੇ ਬਾਕੀ ਸੂਬਿਆਂ ਵਿੱਚ ਸਰਕਾਰੀ ਹੁਕਮਰਾਨਾਂ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਵਿਖਾਉਣ ਤੇ ਪਾਬੰਦੀ ਲਾਈ ਹੋਈ ਹੈ ਪਰ ਵਿਦੇਸ਼ਾਂ ਵਿੱਚ ਖਾਸ ਤੌਰ ਤੇ ਕੈਨੇਡਾ-ਅਮਰੀਕਾ ਵਿੱਚ ਇਹ ਫਿਲਮ 14 ਮਾਰਚ ਨੂੰ ਲੋਕ ਅਰਪਿਤ ਕੀਤੀ ਜਾਵੇਗੀ । ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਫਿਲਮ ਨੂੰ ਭਰਪੂਰ ਹੁੰਗਾਰਾ ਦੇਣ ਦੀ ਅਪੀਲ ਕੀਤੀ । ਇਸ ਇਕੱਤਰਤਾ ਦੀ ਟੀ ਵੀ ਕਵਰੇਜ਼ ਲਈ ਗੈੱਟ ਪੰਜਾਬੀ ਟੀ ਵੀ ਦੇ ਪ੍ਰਤੀਨਿਧ ਬਲਵੰਤ ਸਿੰਘ ਮੱਲ੍ਹਾ ਅਤੇ ਗਲੋਬਲ ਪੰਜਾਬ ਟੀ ਵੀ ਦੇ ਪੱਤਰਕਾਰ ਜਗਦੇਵ ਸਿੰਘ ਡੰਡਾਲ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ।
ਗਤਕਾ ਅਤੇ ਮਾਰਸ਼ਲ ਆਰਟਸ ਤੇ ਬਣੀ ਪੰਜਾਬੀ ਫਿਲਮ ‘ਫਤਿਹ’
ਚੰਡੀਗੜ੍ਹ/ਿਬਊਰੋ ਨਿਊਜ਼-ਪਿਛਲੇ ਹਫਤੇ ਰਿਲੀਜ਼ ਹੋਈ ਹੈ ਜਸਪ੍ਰੀਤ ਰਾਜਨ ਦੀ ਫਿਲਮ ‘ਫਤਿਹ’ ‘ਚ ਨਵ ਬਾਜਵਾ, ਸਮੀਕਸ਼ਾ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਏ ਹਨ।ਇਹ ਹੁਣ ਤੱਕ ਦੇ ਪੰਜਾਬੀ ਫਿਲਮੀ ਦੌਰ ਦੀ ਪਹਿਲੀ ਅਜਿਹੀ ਫਿਲਮ ਹੈ ਜਿਸ ‘ਚ ਮਾਰਸ਼ਲ ਆਰਟ ਅਤੇ ਗਤਕੇ ਵਰਗੇ ਪੰਜਾਬੀ ਸੱਭਿਆਚਾਰ ਦੇ ਇਕ ਅਣਛੂਹੇ ਵਿਸ਼ੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ। ਇਸ ਫਿਲਮ ‘ਚ ਦਿਖਾਇਆ ਗਿਆ ਹੈ ਕਿ ਨਵ ਬਾਜਵਾ (ਫਿਲਮ ਦਾ ਹੀਰੋ) ਇਕ ਮਾਸੂਮ ਨੌਜਵਾਨ ਹੈ, ਜੋ ਹਾਲਾਤਾਂ ਦੇ ਥਪੇੜੇ ਖਾ ਕੇ ਇਕ ਨਾਜ਼ੁਕ ਫੁੱਲ ਤੋਂ ਫੌਲਾਦ ਬਣਦਾ ਹੈ। ਇਸ ਫਿਲਮ ‘ਚ ਆਪਣੇ ਕਿਰਦਾਰ ਨੂੰ ਲੈ ਕੇ ਨਵ ਬਾਜਵਾ ਦੀ ਸਖ਼ਤ ਮਿਹਨਤ ਅਤੇ ਲਗਨ ਉਸ ਦੀ ਅਦਾਕਾਰੀ ਅਤੇ ਲਾਜਵਾਬ ਬਾਡੀ ਰਾਹੀਂ ਬਾਖੂਬੀ ਨਜ਼ਰ ਆਈ।ਪੰਜਾਬੀ ਫ਼ਿਲਮ ‘ਪਿਓਰ ਪੰਜਾਬੀ’ ਅਤੇ ‘ਸਾਡੀ ਗਲੀ ਆਇਆ ਕਰੋ’ ਤੋਂ ਬਾਅਦ ਬਤੌਰ ਨਾਇਕ ਇਹ ਉਸ ਦੀ ਤੀਜੀ ਪੰਜਾਬੀ ਫ਼ਿਲਮ ਹੈ।
ਸ਼ਾਹੀ ਸ਼ਹਿਰ ਪਟਿਆਲਾ ਦਾ ਜੰਮਪਲ ਨਵ ਬਾਜਵਾ ਵੈਸੇ ਤਾਂ ਸਿਵਲ ਪਾਇਲਟ ਹੈ। ਉਹ ਕਾਫੀ ਸਮਾਂ ਪਟਿਆਲਾ ਅਤੇ ਮੁੰਬਈ ਕਲੱਬ ਵਿਖੇ ਫਲਾਇੰਗ ਕਰਦਾ ਰਿਹਾ ਹੈ। ਬਤੌਰ ਮਾਡਲ ਕਰੀਬ 150 ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੇ ਨਵ ਬਾਜਵਾ ਦੀ ਪਲੇਠੀ ਫ਼ਿਲਮ ਪਿਓਰ ਪੰਜਾਬੀ ਸੀ। ਬਤੌਰ ਸੋਲੋ ਨਾਇਕ ‘ਫਤਿਹ’ ਉਸਦੀ ਪਹਿਲੀ ਫ਼ਿਲਮ ਹੈ। ਆਪਣੀ ਇਸ ਫ਼ਿਲਮ ਸਬੰਧੀ ਉਹ ਦੱਸਦਾ ਹੈ ਕਿ ਨਿਰਦੇਸ਼ਕ ਜਸਪ੍ਰੀਤ ਰਾਜਨ ਨੇ ਇਸ ਫ਼ਿਲਮ ਸਬੰਧੀ ਉਸ ਨਾਲ ਕਰੀਬ 2 ਸਾਲ ਪਹਿਲਾਂ ਗੱਲ ਕੀਤੀ ਸੀ। ਉਹ ਉਸ ਸਮੇਂ ਤੋਂ ਹੀ ਇਸ ਫ਼ਿਲਮ ਲਈ ਤਿਆਰੀ ਕਰ ਰਿਹਾ ਸੀ। ਪਹਿਲਾ ਕਿਰਦਾਰ ਕਾਜਲ ‘ਚ ਪੜ੍ਹਦੇ ਇਕ ਭੋਲੇ ਭਾਲੇ ਨੌਜਵਾਨ ਦਾ ਹੈ, ਜੋ ਹਮੇਸ਼ਾ ਹੋਰਨਾਂ ਤੋਂ ਡਰ ਕੇ ਰਹਿੰਦਾ ਹੈ। ਕਾਲਜ ‘ਚ ਆਪਣੇ ਇਕ ਸੀਨੀਅਰ ਦੀ ਕੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ‘ਚ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਦੂਸਰਾ ਕਿਰਦਾਰ ਉਸ ਨੌਜਵਾਨ ਦਾ ਹੈ, ਜੋ ਸਿਸਟਮ ਅਤੇ ਗੁੰਡਾਗਰਦੀ ਤੋਂ ਪ੍ਰੇਸ਼ਾਨ ਹੋ ਕੇ ਸਿੱਖੀ ਸਰੂਪ ਧਾਰਦਾ ਹੈ ਅਤੇ ਗੱਤਕਾ ਸਿੱਖਣ ਤੋਂ ਬਾਅਦ ਜ਼ਾਲਮਾਂ ਨੂੰ ਟੱਕਰ ਦਿੰਦਾ ਹੈ। ਨਵ ਦੱਸਦਾ ਹੈ ਕਿ ‘ਫਤਿਹ’ ਪੰਜਾਬੀ ਦੀ ਪਹਿਲੀ ਐਕਸ਼ਨ ਫ਼ਿਲਮ ਹੈ, ਜਿਸ ‘ਚ 11 ਮੁਲਕਾਂ ਦੇ ਮਾਰਸ਼ਲ ਆਰਟ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ‘ਚ ਗੱਤਕੇ ਦੀ ਅਹਿਮੀਅਤ ਵੀ ਦਿਖਾਈ ਗਈ ਹੈ। ਇਹ ਫ਼ਿਲਮ ਸਿੱਖ ਧਰਮ ਦੇ ਮਾਣ ‘ਚ ਹੋਰ ਵਾਧਾ ਕਰੇਗੀ।
ਮਨੋਰੰਜਨ ਤੇ ਹਾਸੇ ਦਾ ਸੁਮੇਲ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420′
ਚੰਡੀਗੜ੍ਹ/ਬਿਊਰੋ ਨਿਊਜ਼-ਪੰਜਾਬੀ ਸਿਨੇਮੇ ‘ਚ ਪ੍ਰਤਿਭਾਵਾਨ ਨਿਰਦੇਸ਼ਕ ਦੇ ਤੌਰ ‘ਤੇ ਵਿਚਰ ਰਹੇ ਸ਼ੀਤਿਜ ਚੌਧਰੀ ਨੇ ਇਥੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420′ ਮਨੋਰੰਜਨ ਤੇ ਹਾਸੇ ਦਾ ਸੁਮੇਲ ਹੈ। ਸ਼ੀਤਿਜ ਚੌਧਰੀ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ‘ਚ ਇਥੇ ਪੁੱਜੇ ਸਨ। ਇਸ ਮੌਕੇ ਫ਼ਿਲਮ ਵਿਚਲੇ ਅਦਾਕਾਰਾਂ ‘ਚ ਜੱਸੀ ਗਿੱਲ, ਬਬਲ ਰਾਏ, ਅਦਾਕਾਰਾ ਅਵੰਤਿਕਾ ਹੁੰਦਲ ਦੇ ਨਾਲ-ਨਾਲ ਇਸ ਫ਼ਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ, ਪਰਿੰਦੇ ਤੋਂ ਪ੍ਰਭਜੋਤ ਕੌਰ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈੇ। ਸ਼ੀਤਿਜ ਚੌਧਰੀ ਨੇ ਦੱਸਿਆ ਕਿ ਦਰਸ਼ਕ ਹੁਣ ਕੁੱਝ ਵੱਖਰਾ ਵੇਖਣਾ ਲੋਚਦੇ ਹਨ ਪਰ ਨਿਵੇਕਲੇ ਵਿਸ਼ਿਆਂ ਨੂੰ ਲੈ ਕੇ ਨਿਰਮਾਤਾ ਨਿਰਦੇਸ਼ਕਾਂ ਨੂੰ ਸ਼ਿੱਦਤ ਨਾਲ ਅੱਗੇ ਆਉਣਾ ਪਵੇਗਾ। ਫਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ 14 ਮਾਰਚ ਨੂੰ ਇਸ ਫ਼ਿਲਮ ਨੂੰ ਦੇਸ਼ ਵਿਦੇਸ਼ ਵਿਚ ਇਕ ਸਮੇਂ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ‘ਚ ਪ੍ਰਸਿੱਧ ਗਾਇਕ ਯੁਵਰਾਜ ਹੰਸ, ਬੀਨੂ ਢਿੱਲੋਂ ਸਵਾਤੀ ਕਪੂਰ, ਜਸਵਿੰਦਰ ਭੱਲਾ ਤੇ ਸ਼ਰੂਤੀ ਸੋਢੀ ਆਦਿ ਵੱਲੋਂ ਵੀ ਅਦਾਕਾਰੀ ਦਿੱਤੀ ਗਈ ਹੈ। ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਕਿਹਾ ਕਿ ਉਸ ਨੂੰ ਗਾਇਕੀ ਦੇ ਨਾਲ-ਨਾਲ ਇਸ ਫ਼ਿਲਮ ਵਿਚ ਵੀ ਅਦਾਕਾਰੀ ਦੇ ਕੇ ਚੰਗਾ ਲੱਗਿਐ। ਉਨ੍ਹਾਂ ਕਿਹਾ ਕਿ ਉਹ ਗਾਇਕੀ ਤੇ ਅਦਾਕਾਰੀ ਖੇਤਰ ‘ਚ ਬਰਾਬਰਤਾ ਬਣਾਈ ਰੱਖਣਗੇ। ਇਸ ਮੌਕੇ ਗਾਇਕ ਬਬਲ ਰਾਏ ਨੇ ਕਿਹਾ ਕਿ ਇਸ ‘ਚ ਪਹਿਲੀ ਵਾਰ ਖ਼ੁਦ ਖ਼ੁਦ ਉਸ ਨੇ ਅਤੇ ਬੀਨੂ ਢਿੱਲੋਂ ਨੇ ਮੇਲ ਤੇ ਫੀਮੇਲ ਕਿਰਦਾਰਾਂ ਨੂੰ ਨਿਭਾਇਆ ਹੈ। ਰੁਪਾਲੀ ਗੁਪਤਾ ਨੇ ਇਹ ਵੀ ਦੱਸਿਆ ਕਿ ਇਸ ਫ਼ਿਲਮ ਨੂੰ ਚੰਡੀਗੜ੍ਹ ਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਫ਼ਿਲਮਾਇਆ ਗਿਆ ਹੈ।
ਦਲਜੀਤ ਸਿੰਘ ਬਣਿਆ ਡਿਸਕੋ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਸਿੰਘ ‘ਜੱਟ ਐਂਡ ਜੂਲੀਅਟ’ ਅਤੇ ‘ਜੱਟ ਐਂਡ ਜੂਲੀਅਟ-2′ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਮਗਰੋਂ ਇਸ ਵਾਰੀ ਫਿਰ ਤੋਂ ਆਪਣੀ ਕਾਮੇਡੀ ਫਿਲਮ ਨਾਲ ਸਾਰਿਆਂ ਦੇ ਦਿਲਾਂ ਨੂੰ ਜਿੱਤਣ ਲਈ ਆਉਣ ਵਾਲੇ ਹਨ।ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਨਾਂ ਹੈ ‘ਡਿਸਕੋ ਸਿੰਘ । ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ‘ਚ ਦਿਲਜੀਤ ਸਿੰਘ ਇਕ ਸੁਪਰਮੈਨ ਦੇ ਕਿਰਦਾਰ ‘ਚ ਦਿਖਾਈ ਦੇਣ ਵਾਲਾ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ‘ਚ ‘ਡਿਸਕੋ ਸਿੰਘ’ ਵਿਆਹ ਦਾ ਪ੍ਰੋਗਰਾਮ ਕਰਦਾ ਹੈ ਪਰ ਆਪਣੀ ਕਮਾਈ ਨਾਲ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦਾ ਹੈ। ਅਚਾਨਕ ਕਿਤਿਓਂ ਇਕ ਆਫਰ ਆਉਂਦਾ ਹੈ ਜਿਸ ਕਾਰਨ ਉਸ ਨੂੰ ਫਾਇਦਾ ਹੋ ਜਾਂਦਾ ਹੈ। ਇਸ ਫਿਲਮ ਦਾ ਸੰਗੀਤ ਬਹੁਤ ਹੀ ਮਜ਼ੇਦਾਰ ਹੈ। ਇਸ ਫਿਲਮ ਦਾ ਇਕ ਗੀਤ ਵੀ ਰਿਲੀਜ਼ ਹੋ ਗਿਆ ਹੈ ਗੀਤ ਦੇ ਬੋਲ ਹਨ ‘ਬਿਊਟੀਫੁੱਲ ਬਿੱਲੋ’।ਇਹ ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਵਗੀ।
ਜੈਜ਼ੀ ਬੀ ਨਵੇਂ ਗੀਤ ‘ਸਿੰਘਾਂ ਦੀਆਂ ਗੱਡੀਆਂ’ਨਾਲ ਚਰਚਾ ‘ਚ
ਚੰਡੀਗੜ੍ਹ/ਬਿਊਰੋ ਨਿਊਜ਼-ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ ਦੇ ‘ਯੂ ਟਿਊਬ’ ਤੇ 12 ਘੰਟੇ ਪਹਿਲਾਂ ਸਾਂਝੇ ਕੀਤੇ ਗਏ ਨਵੇਂ ਗੀਤ ‘ਸਿੰਘਾਂ ਦੀਆਂ ਗੱਡੀਆਂ’ ਨੇ ਸਵਾ ਲੱਖ ਤੋਂ ਵੱਧ ਦਰਸ਼ਕਾਂ ਦਾ ਹੁੰਗਾਰਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ‘ਸਪੀਡ ਰਿਕਾਰਡਜ਼’ ਵਲੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਰਚੇਤਾ ਜੈਲੀ ਮਨਜੀਤਪੁਰੀ ਹਨ ਤੇ ਸੰਗੀਤ ਪੌਪਸੀ ਨੇ ਤਿਆਰ ਕੀਤਾ ਹੈ। ਗੀਤ ਦਾ ਫਿਲਮਾਂਕਣ ਰਿੰਪੀ ਪ੍ਰਿੰਸ ਨੇ ਕੀਤਾ ਹੈ ਅਤੇ ਫੋਕ ਲਹਿਜ਼ੇ ਵਾਲਾ ਇਹ ਗੀਤ ਸਭ ਵਰਗ ਦੇ ਸਰੋਤਿਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਆਪਣੇ ਇਸ ਗੀਤ ਦੀ ਪ੍ਰਾਪਤੀ ਤੋਂ ਖੁਸ਼ ਜੈਜ਼ੀ ਬੀ ਨੇ ਕਿਹਾ ਕਿ ਦੁਨੀਆ ਭਰ ਵਿਚ ਵਸਦੇ ਸਰੋਤਿਆਂ ਦਾ ਏਨਾ ਪਿਆਰ ਅਕਸਰ ਮੈਨੂੰ ਭਾਵੁਕ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਵਿਚ ਪੰਜਾਬੀਆਂ ਦੇ ਸੁਭਾਅ, ਰਹਿਣ-ਸਹਿਣ, ਪਹਿਨਣ, ਖਾਣ-ਪੀਣ ਤੇ ਸੰਗੀਤ ਦੇ ਸ਼ੌਕ ਦੀ ਗੱਲ ਕੀਤੀ ਗਈ ਹੈ। ਗੀਤ ਵਿਚ ਮਰਹੂਮ ਗਾਇਕ ਕੁਲਦੀਪ ਮਾਣਕ, ਮੁਹੰਮਦ ਸਦੀਕ ਤੇ ਸੁਰਿੰਦਰ ਸ਼ਿੰਦਾ ਹੁਰਾਂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਹੈ।
ਸਿੱਖ ਕੌਮ ਦੀ ਆਜ਼ਾਦੀ ਦੀ ਫੈਸਲਾਕੁੰਨ ਲੜਾਈ-ਸਭਰਾਉਂ ਦਾ ਮੈਦਾਨ
ਸਤਵੰਤ ਸਿੰਘ ਸੱਧਰ ਪ੍ਰਧਾਨ, ਗੁਰਦੁਆਰਾ ਬਰਿਜਵਾਟਰ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਸ਼ੁਭ ਬਚਨ ‘ਇਨ ਗਰੀਬ ਸਿਖਨ ਕੋ, ਮੈਂ ਦੇਉਂ ਪਾਤਸ਼ਾਹੀ, ਯੇ ਯਾਦ ਕਰੇਂ, ਹਮਰੀ ਗੁਰਆਈ।’ਆਸ਼ੀਰਵਾਦ ਬਣ ਕੇ ਸਾਰਥਕ ਹੋਏ, ਜਦੋਂ ਖ਼ਾਲਸਾ ਪੰਥ ਨੇ 1799 ਈਸਵੀ ਨੂੰ ਲਾਹੌਰ ਦੇ ਕਿਲੇ ਤੇ ਕੇਸਰੀ ਨਿਸਾਨ ਦੀ ਛਤਰ ਛਾਇਆਹੇਠ ਸ਼ੁਕਰਚੱਕੀਆ ਮਿਸਲ ਦੇ ਹੋਣਹਾਰ ਜਰਨੈਲ ਰਣਜੀਤ ਸਿੰਘ ਨੂੰ ਮਹਾਰਾਜ ਹੋਣ ਦਾ ਰਾਜ ਤਿਲਕ ਦਿੱਤਾ।
ਉਸ ਵੇਲੇ, ਸਿੱਖ ਕੌਮ 12 ਮਿਸਲਾਂ ਵਿਚ ਵੰਡੀ ਹੋਈ ਸੀ, ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠਿਆਂ ਕੀਤਾ, ਜਿਸ ਮੁਤੱਲਕ ਰਾਜ ਕਵੀ ਸ਼ਾਹ ਮੁਹੰਮਦ ਲਿਖਦਾ ਹੈ :
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਸਿੱਕਾ ਆਪਣੇ ਨਾਂ ਦਾ ਜਮਾਇ ਗਿਆ।
ਕੁਲੂ-ਕਾਂਗੜਾ, ਕੋਟਿ ਕੰਧਾਰ, ਚੰਬਾ ਸਭ ਆਪਣੇ ਤਾਈਂ ਨਿਵਾਇ ਗਿਆ।
ਸ਼ਾਹ ਮੁਹੰਮਦਾ ਜਾਟ-ਪੰਚਾਸ ਵਰਸਾਂ, ਅੱਛਾ ਰੱਜ ਕੇ, ਰਾਜ਼ ਕਮਾਇ ਗਿਆ।
ਖਾਲਸੇ ਦੀ ਹਲੀਮੀ ਰਾਜ ਦਾ ਸੂਰਜ, ਮਹਾਰਾਜਾ ਸਾਹਿਬ ਦੀ ਮੌਤ ਦੇ ਨਾਲ ਹੀ ਡੁਬਣਾ, ਡੋਗਰਿਆਂ ਦੀ ਕੁਟਲ ਨੀਤੀ ਦੇ ਕਾਰਨ ਸ਼ੁਰੂ ਹੋ ਗਿਆ, ਅੰਗਰੇਜ਼ਾਂ ਦੀ ਅੱਖ ਪੰਜਾਬ ਦੇ ਉਪਰ ਬਹੁਤ ਦੇਰ ਤੋਂ ਟਿਕੀ ਹੋਈ ਸੀ ਅਤੇ ਉਹ ਪੰਜਾਬ ਨੂੰ ਹਥਿਆਉਣ ਲਈ ਠੀਕ ਵਕਤ ਦੀ ਇੰਤਜ਼ਾਰ ਵਿਚ ਸਨ। ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਅਕਾਲ ਚਲਾਣੇ ਉਪਰੰਤ ਮਹਾਰਾਣੀ ਜਿੰਦਾ ਆਪਣੇ ਨਾਬਾਲਗ ਪੁੱਤਰ ਦਲੀਪ ਸਿੰਘ ਦੀ ਸਰਪ੍ਰਸਤ ਬਣ ਕੇ ਰਾਜ ਪ੍ਰਬੰਧ ਚਲਾਉਣ ਲੱਗੀ, ਪ੍ਰੰਤੂ ਫੌਜ ਦੀ ਪੰਚਾਇਤ ਨੇ ਉਸ ਦੇ ਨੱਕ ਵਿਚ ਦਮ ਕਰ ਦਿੱਤਾ, ਉਸ ਦੇ ਭਰਾ ਜਵਾਹਰ ਸਿੰਘ ਨੂੰ, ਮਹਾਰਾਣੀ ਦੇ ਸਾਹਮਣੇ ਕੋਹ ਕੇ ਮਾਰਿਆ, ਇਹ ਸਦਮਾ ਮਹਾਰਾਣੀ ਜ਼ਿੰਦਾ ਲਈ ਅਸਹਿ ਸੀ। ਇਸ ਤੋਂ ਬਾਅਦ ਸਿੱਖਾਂ ਦੀ ਮੁੱਠਭੇੜ ਅੰਰਗੇਜ਼ਾਂ ਨਾਲ ਆਲੀਵਾਲ ਦੇ ਮੁਕਾਮ ਤੇ ਸ਼ੁਰੂ ਹੋ ਗਈ, ਜਿਸ ਵਿਚ ਦੋਨਾਂ ਪਾਸਿਓਂ ਭਾਰੀ ਜਾਨੀ ਨੁਕਸਾਨ ਹੋਇਆ, ਫੇਰੂ ਸ਼ਹਿਰ ਅਤੇ ਮੁਦਕੀ ਦੀ ਹਾਰ ਉਪਰੰਤ ਮਹਾਰਾਣੀ ਨੇ ਸਿੱਖ ਰਾਜ ਦੀ ਆਨ ਅਤੇ ਸ਼ਾਨ ਨੂੰ ਬਚਾਉਣ ਲਈ, ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਨੂੰ ਵੰਗਾਰ ਪਾਈ ਕਿ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ, ਜੋ ਸਿੱਖ ਫੌਜਾਂ ਦੀ ਅਗਵਾਈ ਕਰ ਸਕੇ, ਗੁਰੂ ਦਾ ਵਾਸਤਾ ਪਾ ਕੇ, ਤੁਹਾਨੂੰ ਸਭਰਾਓਂ ਦੇ ਮੈਦਾਨ ਵਿਚ ਅੰਗਰੇਜ਼ਾਂ ਨੂੰ ਪਛਾੜਨ ਲਈ ਬੇਨਤੀ ਕਰਦੀ ਹਾਂ। ਮਹਾਰਾਣੀ ਦੇ ਸੰਦੇਸ਼ ਨੂੰ ਪੜ੍ਹ ਕੇ 80 ਸਾਲਾਂ ਦੇ ਬੁੱਢੇ ਜਰਨੈਲ ਦਾ ਖੂਨ ਖੌਲਿਆ, ਉਸ ਨੇ ਅਰਦਾਸ ਕੀਤੀ ਕਿ ਆਪਣੇ ਜੀਉਂਦੇ ਜੀਅ ਉਹ ਅੰਰਗੇਜ਼ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਧਰਨ ਦੇਵੇਗਾ ਜਾਂ ਫਿਰ ਸ਼ਹੀਦੀ ਪ੍ਰਾਪਤ ਕਰੇਗਾ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਚਿੱਟੀ ਘੋੜੀ ਤੇ ਸਵਾਰ ਹੋ ਕੇ ਸਭਰਾਵਾਂ ਦੇ ਮੈਦਾਨ ਵੱਲ ਚੱਲ ਪਿਆ। ਨਾਲ ਉਸ ਦੀ ਫੌਜ ਤੇ ਢੋਲ ਨਗਾਰੇ ਦੀ ਚੋਟ, ਮਾਝੇ ਦੇ ਸੂਰਬੀਰ ਬਹਾਦਰਾਂ ਨੂੰ ਸਿੱਖ ਰਾਜ ਦੀ ਆਨ ਅਤੇ ਸ਼ਾਨ ਨੂੰ ਬਚਾਉਣ ਲਈ ਮਰ ਮਿਟਣ ਦੀ ਵੰਗਾਰ ਪਾਉਂਦੀ, ਇਤਿਹਾਸਕ ਲਿਖਦੇ ਹਨ ਕਿ ਸਭਰਾਵਾਂ ਦੇ ਮੈਦਾਨ ਤੱਕ ਪਹੁੰਚਦਿਆਂ ਤਕਰੀਬਨ 30,000 ਮਾਝੇ ਦੇ ਸੂਰਬੀਰ ਅਟਾਰੀ ਨਾਲ ਸ਼ਾਮਲ ਹੋ ਗਏ। ਸ਼ਾਹ ਮੁਹੰਮਦ ਕਵੀ ਅੱਗੇ ਇਸ ਤਰ੍ਹਾਂ ਲਿਖਦਾ ਹੈ :
ਪਿਛੇ ਬੈਠ ਸਰਦਾਰਾਂ ਗੁਰਮਤਾ ਕੀਤ, ਕੋਈ ਅਕਲ ਦਾ ਕਰੋ ਇਲਾਜ ਯਾਰੋ।
ਆਣ ਬੁਰਛਿਆਂ ਦੀ ਸਾਡੇ ਪੇਸ਼ ਆਈ, ਪੱਗਾਂ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।
ਮੁੱਠ ਮੀਟੀ ਸੀ ਦੇਸ਼ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਲ ਯਾਰੋ।
ਸ਼ਾਹ ਮੁਹੰਮਦਾ ਮਾਰਕੇ ਮਰੋ ਏਥੇ, ਕਦੇ ਰਾਜ ਨਾ ਹੋਇ ਮੁਤਹਾਜ਼ ਯਾਰੋ।
ਤਿੰਨਾਂ ਦਿਨਾਂ ਦੀ ਗਹਿਗੱਚ ਲੜਾਈ ਦਾ ਹਾਲ ਇਸ ਤਰ੍ਹਾਂ ਲਿਖਿਆ ਹੈ :
ਸੇਵਾ ਸਿੰਘ ਤੇ ਮਾਖੇ ਖਾਂ ਹੋਇ ਇਕੱਠੇ, ਹੱਲੇ ਤਿੰਨ ਫਰੰਗੀਆਂ ਦੇ ਮੋੜ ਸੁੱਟੇ,
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਕੰਨ ਸ਼ਸਤਰੀ ਜੋੜ ਵਿਛੋੜ ਸੁੱਟੇ,
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਲੰਦਨ ਟਾਪੂਆਂ ਵਿਚ ਕੁਰਲਾਟ ਪਿਆ, ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।
ਸ਼ਾਹ ਮੁਹੰਮਦਾ ਤੁਸਾਂ ਪੰਜਾਬੀਓ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ।
ਇਤਿਹਾਸਕਾਰ ਲਿਖਦੇ ਹਨ ਕਿ ਇੰਨੀ ਗਹਿਗੱਚ ਲੜਾਈ ਵਿਚ ਸਿੰਘਾਂ ਦਾ ਪਾਸਾ ਭਾਰੀ ਸੀ। ਪ੍ਰੰਤੂ ਗੱਦਾਰ ਪੂਰਬੀਏ ਕਮਾਂਡਰ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਬੇੜੀਆਂ ਦਾ ਪੁਲ ਵੱਢ ਦਿੱਤਾ ਅਤੇ ਮੈਦਾਨੇ ਜੰਗ ਵਿਚੋਂ ਫਰਾਰ ਹੋ ਗਏ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਛਾਤੀ ਵਿਚ ਕਈ ਗੋਲੀਆਂ ਲੱਗੀਆਂ ਅਤੇ ਸਰਦਾਰ ਦੀ ਅਰਦਾਸ ਸ਼ਹੀਦੀ ਜਾਮ ਪੀ ਕੇ ਪ੍ਰਵਾਨ ਹੋਈ। ਇੰਨੀ ਹਫ਼ਰਾ ਤਫ਼ਰੀ ਮਚ ਗਈ ਕਿ ਦੋਨੋਂ ਪਾਸਿਓਂ ਫੌਜਾਂ ਭੱਜ ਨਿਕਲੀਆਂ ਅਤੇ ਮੈਦਾਨ ਖਾਲੀ ਹੋ ਗਿਆ। ਇਸ ਦੀ ਸੂਹ ਪਹਾੜਾ ਸਿੰਘ ਫਰੀਦਕੋਟੀਏ ਨੇ ਅੰਗਰੇਜ਼ ਕਮਾਂਡਰ ਨੂੰ ਲਾ ਦਿੱਤੀ ਕਿ ਸਿੰਘ ਤਾਂ ਮੈਦਾਨ ਤੋਂ ਹਰਨ ਹੋ ਗਏ ਨੇ, ਅਟਾਰੀ ਸ਼ਹੀਦ ਹੋ ਗਿਆ ਹੈ। ਹੁਣ ਮੌਕਾ ਹੈ ਜਾ ਕੇ ਮੈਦਾਨ ਵਿਚ ਜਿੱਤ ਦੇ ਨਗਾਰੇ ਵਜਾਓ, ਸਿੱਖ ਫੌਜਾਂ ਤਿੱਤਰ ਬਿੱਤਰ ਹੋ ਗਈਆਂ ਨੇ, ਅਟਾਰੀ ਦੀ ਮ੍ਰਿਤਕ ਦੇਹ ਨੂੰ ਹਾਥੀ ਉਪਰ ਰੱਖ ਕੇ ਅਟਾਰੀ ਪਹੁੰਚਾਇਆ ਗਿਆ। ਮਹਾਰਾਜਾ ਸਾਹਿਬ ਦੀ ਨਾ-ਮੌਜੂਦਗੀ ਨੂੰ ਸੰਬੋਧਨ ਕਰਦਿਆਂ ਸ਼ਾਹ ਮੁਹੰਮਦ ਇਸ ਤਰ੍ਹਾਂ ਕਹਿੰਦਾ ਹੈ :
ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ, ਜਿਹੜੀਆਂ ਖਾਲਸੇ ਨੇ ਤੇਗਾਂ ਤਾਰੀਆਂ ਨੇ।
ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਲਾਹੌਰ ਦੇ ਸ਼ਹਿਰੀਆਂ ਦੀ ਪੀੜ ਨੂੰ ਵੀ ਸ਼ਾਹ ਮੁਹੰਮਦ ਕਹਿਣ ਤੋਂ ਪਿੱਛੇ ਨਹੀਂ ਰਿਹਾ :
ਘਰੋਂ ਗਏ ਫਰੰਗੀ ਦੇ ਮਾਰਨੇ ਨੂੰ ਬੇੜੇ ਤੋਪਾਂ ਦੇ ਸਭ ਖੂਆ ਆਏ।
ਆਣ ਆਫ਼ਤਾਂ ਨੂੰ ਮਗਰ ਲਾਇਓ ਜੀ, ਸਗੋਂ ਆਪਦਾ ਆਪ ਗਵਾ ਆਏ।
ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ, ਹੱਥੀਂ ਕੁੰਜੀਆਂ ਆਪ ਫੜਾ ਆਏ,
ਸ਼ਾਹ ਮੁਹੰਮਦਾ ਕਹਿੰਦੇ ਆ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾ ਆਏ।
ਅਟਾਰੀ ਦੀ ਸ਼ਹਾਦਤ ਨੂੰ ਦਲ ਖ਼ਾਲਸਾ ਦੇ ਚੇਅਰਮੈਨ ਗਜਿੰਦਰ ਸਿੰਘ ਇਸ ਤਰ੍ਹਾਂ ਸ਼ਰਧਾਂਜਲੀ ਅਰਪਣ ਕਰਦੇ ਹਨ :
ਅਟਾਰੀ ਦੀ ਸ਼ਹਾਦਤ ਨੂੰ ਲੱਖ ਵੇਰ ਪ੍ਰਣਾਮ, ਪ੍ਰੰਤੂ ਅਫ਼ਸੋਸ ਕਿ ਸ਼ਹਾਦਤ ਸਾਨੂੰ ਗੁਲਾਮ ਹੋਣ ਤੋਂ ਬਚਾਅ ਨਾ ਸਕੀ।
ਅੰਗਰੇਜ਼ਾਂ ਨਾਲ ਫਿਰ ਭੈਰੋਵਾਲ ਪਿੰਡ ਦੀ ਜੂਹ ਵਿਚ ਸੰਧੀ ਤੇ ਹਸਤਾਖ਼ਰ ਹੋਏ, ਜਿਸ ਵਿਚ ਇਹ ਲਿਖਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਅੰਗਰੇਜ਼ ਸਰਕਾਰ ਪੰਜਾਬ ਦਾ ਰਾਜ ਪ੍ਰਬੰਧ ਚਲਾਏਗੀ, ਉਪਰੰਤ ਉਸ ਨੂੰ ਪੰਜਾਬ ਦਾ ਰਾਜ ਪ੍ਰਬੰਧ ਵਾਪਸ ਕਰ ਦਿੱਤਾ ਜਾਵੇਗਾ। ਅਫ਼ਸੋਸ ਕਿ ਇਹ ਸੰਧੀਨਾਮਾ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਿਆ। ਅੱਜ ਸਿੱਖ ਕੌਮ ਨੂੰ ਖੁਸੇ ਹੋਏ ਰਾਜ ਭਾਗ ਦੀ ਪ੍ਰਾਪਤੀ ਲਈ ਲਾਮਬੰਦ ਹੋਣ ਦੀ ਵੰਗਾਰ ਹੈ।
ਵਿਸਾਖੀ ਦੇ ਸ਼ੁਭ ਆਗਮਨ ਦਿਵਸ ਦੀ ਗੁਰਦੁਆਰਾ ਬਰਿਜਵਾਟਰ ਨਿਊਜਰਸੀ ਦੀ ਸਾਧ ਸੰਗਤ ਵਲੋਂ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫਤਹਿ।।
ਵਿਸਾਖੀ ਦਾ ਮੇਲਾ
ਪ੍ਰੋ. ਸ਼ੇਰ ਸਿੰਘ ਕੰਵਲ
ਸਿੱਧਾਂ ਜੋਗੀਆਂ ਦੇ ਸਮੇਂ ਜਿਵੇਂ ਪੰਜਾਬ ਸਮੇਤ ਭਾਰਤ ਵਿਚ ਜੋਗੀ ਪੀਰ ਜਾਂ ਗੁੱਗੇ ਪੀਰ ਦੇ ਮੇਲੇ ਥਾਈਂ ਥਾਈਂ ਲਗਦੇ ਸਨ। ਵਿਸਾਖੀ ਦਾ ਮੇਲਾ ਅੱਜ ਪੰਜਾਬ ਤੇ ਦੁਨੀਆਂ ਵਿਚ ਜਿਥੇ ਕਿਤੇ ਵੀ ਪੰਜਾਬੀ ਅਥਵਾ ਸਿੱਖ ਵਸਦੇ ਹਨ ਸ਼ਾਇਦ ਹੋਰਨਾਂ ਸਭ ਮੇਲਿਆਂ ਨਾਲੋਂ ਵੱਧ ਥਾਵਾਂ ‘ਤੇ ਅਤੇ ਵਧੇਰੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਜਾਂਦਾ ਹੈ। ਮੁੱਢੋਂ ਨਿਰਸੰਦੇਹ ਵਿਸਾਖੀ ਮੌਸਮੀ ਤਿਓਹਾਰ ਹੈ। ਪੁਰਾਤਨ ਸਮੇਂ ਤੋਂ ਜਦੋਂ ਕਣਕ ਦੀ ਫਸਲ ਪੱਕਦੀ ਅਤੇ ਇਸ ਨੂੰ ਦਾਤੀ ਪੈਣ ਦਾ ਭਾਵ ਇਹ ਦਿਨ ਆਉਂਦਾ ਹੈ ਤਾਂ ਇਸ ਤਿਓਹਾਰ ਨੂੰ ਪਿੰਡੀਂ ਗਰਾਈਂ ਮੇਲਿਆਂ ਦੇ ਰੂਪ ਵਿਚ ਮਨਾਇਆ ਜਾਂਦਾ ਸੀ। ਓਦੋਂ ਇਨ੍ਹਾਂ ਮੇਲਿਆਂ ‘ਤੇ ਨਿਰਸੰਦੇਹ ਸੱਭਿਆਚਾਰਕ ਪ੍ਰਭਾਵ ਹੀ ਹਾਵੀ ਹੁੰਦਾ ਸੀ ਅਤੇ ਮੇਲਾ ਆਉਂਦੇ ਹੀ ਹਰ ਕੋਈ ਮੇਲੇ ਤੇ ਜਾਣਾ ਚਾਹੁੰਦਾ ਸੀ। ਕੋਈ ਵੀ ਕਿਸੇ ਤੋਂ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ।
‘ਆਪ ਗਏ ਵਿਸਾਖੀ। ਮੈਂ ਬ੍ਹਵਾਂ ਜਵਾਂ ਦੀ ਰਾਖੀ?
ਤੇ ਜਦ ਗੁਰੂ ਕਾਲ ਵਿਚ ਥਾਂ ਥਾਂ ਵਿਸਾਖੀ ਦੇ ਮੇਲੇ ਲੱਗਣ ਲੱਗ ਪਏ ਤਾਂ ਸਿੱਖਾਂ ਕਹਾਣ ਘੜ ਲਿਆ।
”ਵਿਸਾਖੀ ਘਰ ਘਰ। ਦੀਵਾਲੀ ਅੰਮ੍ਰਿਤਸਰ!!”
ਪੰਜਾਬੀਆਂ ਲਈ ਵਿਸਾਖੀ ਕਣਕ ਦੀ ਵਾਢੀ ਦਾ ਤਿਓਹਾਰ ਤਾਂ ਹੈ ਹੀ ਪਰ ਸੰਨ 1699 ਦੀ ਵਿਸਾਖੀ ਦਾ ਦਿਨ ਸਿੱਖਾਂ ਲਈ ਸਿਰਾਂ ਦੀ ਵਾਢੀ ਦਾ ਦਿਨ ਹੋ ਨਿਬੜਿਆ ਜਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ ‘ਤੇ ਕਲਗੀਧਰ ਪਿਤਾ ਨੇ ਆਪਣੀ ਕਿਰਪਾਨ ਵਿਚੋਂ ਖ਼ਾਲਸੇ ਨੂੰ ਪ੍ਰਗਟ ਕੀਤਾ ਸੀ। ਪੰਜਾਬ ਅਤੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਅਥਵਾ ਸਿੱਖਾਂ ਦੇ ਇਸ ਸਬੰਧ ਵਿਚ ਥਾਂ ਥਾਂ ਮੇਲਿਆਂ ਨੂੰ ਲਗਾਣ ਤੇ ਇਸ ਤਿਓਹਾਰ ਨੂੰ ਮਨਾਣ ਦਾ ੂਲ ਕਾਰਨ ਅੱਜ ਏਹੀ ਹੈ।
ਉਂਞ ਸਿੱਖ ਧਰਮ ਨਾਲ ਵਿਸਾਖੀ ਦਾ ਚਿਰੋਕਣੇ ਸਮੇਂ ਤੋਂ ਹੀ ਬੜਾ ਗੂੜ੍ਹਾ ਸਬੰਧ ਹੈ। ਭਾਵੇਂ ਵਿਸਾਖੀ ਦਾ ਪਹਿਲਾ ਤਿਓਹਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਡੱਲਾ ਨਿਵਾਸੀ ਭਾਈ ਪਾਰੋ ਨੇ ਗੋਇੰਦਵਾਲ ਸਾਹਿਬ ਵਿਖੇ ਮਨਾਉਣਾ ਸ਼ੁਰੂ ਕੀਤਾ ਪਰ ਇਤਿਹਾਸ ਦੱਸਦਾ ਹੈ ਕਿ ਇਸ ਤੋਂ ਪਹਿਲੋਂ ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਵਿਸਾਖੀ ਦੇ ਮੇਲੇ ‘ਤੇ ਹੀ ਹਰਿਦੁਆਰ ਵਿਖੇ ਕਰਤਾਰਪੁਰ ਵੱਲ ਪਾਣੀ ਸੁੱਟ ਕੇ ਪੰਡਤਾਂ ਦਾ ਭਰਮ ਜਾਲ ਤੋੜਿਆ ਸੀ ਅਤੇ ਇਸੇ ਦਿਨ ਹੀ ਆਪ ਜੀ ਨੇ ਧਰਤ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ ਸੀ। ਸੰਨ 1665 ‘ਚ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬਾ ਬਕਾਲੇ ਸ੍ਰੀ ਗੁਰੂ ਤੇਗ ਬਹਾਦਰ ਸਬੰਧੀ ‘ਗੁਰੂ ਲਾਧੋਰੇ’ ਦਾ ਪੱਲਾ ਇਸੇ ਦਿਨ ਫੇਰਿਆ ਸੀ। ਵਿਸਾਖੀ ਦਾ ਦਿਨ ਹੀ ਸੰਨ 1675 ਦਸਮ ਪਿਤਾ ਜੀ ਗੁਰਗੱਦੀ ਸੰਭਾਲਦੇ ਹਨ ਅਤੇ ਵਿਸਾਖੀ ਦੇ ਇਸੇ ਦਿਨ ਹੀ ਆਪ ਜੀ ਦਾ ਅਨੰਦ ਕਾਰਜ ਮਾਤਾ ਸੁੰਦਰੀ ਜੀ ਨਾਲ ਹੋਇਆ। ਇਸੇ ਦਿਨ ਹੀ ਸੰਨ 1714 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਸਢੌਰਾ ਜਿੱਤ ਕੇ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਹੀ ਦਰਬਾਰ ਸਜਾਇਆ ਸੀ। ਸੰਨ 1721 ਨੂੰ ਤੱਤ ਖਾਲਸੇ ਤੇ ਬੰਦਈ ਖ਼ਾਲਸੇ ਦਾ ਝਗੜਾ ਵੀ ਵਿਸਾਖੀ ਨੂੰ ਹੀ ਖਤਮ ਹੋਇਆ ਸੀ। ਸੰਨ 1733 ਵਿਚ ਸ. ਕਪੂਰ ਸਿੰਘ ਫੈਜ਼ਲਪੁਰੀਏ ਨੂੰ ਨਵਾਬੀ ਵੀ ਇਸੇ ਦਿਨ ਮਿਲੀ ਸੀ। ਸੰਨ 1743 ਵਿਚ ਦੀਵਾਨ ਜਸਪਤ ਰਾਇ ਦਾ ਕਤਲ ਤੇ ਕਾਹਨੂੰਵਾਣੇ ਛੰਭ ਦਾ ਘੱਲੂਘਾਰਾ ਵਿਸਾਖੀ ਦੇ ਦਿਨ ਹੀ ਹੋਇਆ ਸੀ। ਸੰਨ 1800 ਦੀ ਵਿਸਾਖੀ ਦੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ ਐਲਾਨਿਆ ਸੀ। ਸੰਨ 1869 ਵਿਚ ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਨਾ ਮਿਲਰਵਰਤਣ ਲਹਿਰ ਵਿਸਾਖੀ ਦੇ ਦਿਨ ਹੀ ਸ਼ੁਰੂ ਕੀਤੀ ਸੀ। ਸੰਨ 1919 ਵਿਚ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ ਵਿਚ ਨਿਹੱਥੇ ਪੰਜਾਬੀਆਂ ਦੇ ਜਲਸੇ ‘ਤੇ ਗੋਲੀਆਂ ਅੰਨ੍ਹੇਵਾਹ ਇਸੇ ਦਿਨ ਵਰ੍ਹਾਈਆਂ ਸਨ ਅਤੇ ਸੰਨ 1978 ਦੀ ਵਿਸਾਖੀ ਦੇ ਦਿਨ ਹੀ ਅੰਮ੍ਰਿਤਸਰ ਵਿਖੇ ਨਿਰੰਕਾਰੀ ਸਾਕੇ ਵਿਚ ਸ. ਫੌਜਾ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਇਸ ਤਰ੍ਹਾਂ ਹੋਰ ਵੀ ਅਨੇਕ ਸਿੱਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਹਨ ਜੋ ਵਿਸਾਖੀ ਦੇ ਦਿਨ ਵਾਪਰੀਆਂ।
ਪਰ ਇਕ ਗੱਲ ਪ੍ਰਤੱਖ ਹੈ ਕਿ ਪੰਥ ਅਤੇ ਪੰਜਾਬ ਦੇ ਪ੍ਰਸੰਗ ਵਿਚ ਵਿਸਾਖੀ ਦੇ ਦਿਨ ‘ਤੇ ਘਟੀਆਂ ਘਟਨਾਵਾਂ ਦੀ ਲੜੀ ਵਿਚ ‘ਮੇਰੁ’ ਅਥਵਾ ਮਾਲਾ ਦਾ ਸ਼ਿਰੋਮਣੀ ਮਣਕਾ ਸੰਨ 1699 ਦੀ ਵਿਸਾਖੀ ਹੀ ਹੈ ਜਿਸ ਦਿਨ ਕੇਸਗੜ੍ਹ ਦੇ ਸਥਾਨ ‘ਤੇ ਦਰਵੇਸ਼ ਪਾਤਸ਼ਾਹ ਦਸਮ ਪਿਤਾ ਨੇ ਸਭ ਜਾਤਾਂ ਵਰਣਾਂ ਦੀਆਂ ਦੀਵਾਰਾਂ ਨੂੰ ਤੋੜ ਕੇ ਪੰਚ ਪ੍ਰਣਾਲੀ ਅਤੇ ਪੰਚ ਪ੍ਰਧਾਨੀ ਖ਼ਾਲਸੇ ਦੀ ਸਿਰਜਣਾ ਕੀਤੀ ਸੀ। ਯਾਦ ਰਹੇ ਕਿ ਇਸ ਵਿਸਾਖੀ ਦੇ ਦੀਵਾਨ ਵਿਚ ਜਦ ਗੁਰਾਂ ਨੇ ਸੀਸ ਮੰਗੇ ਤਾਂ ਉਨ੍ਹਾਂ ਸਾਹਮਣੇ ਭਾਵੇਂ ਲਾਹੌਰ ਦਾ ਦਇਆ ਰਾਮ ਖੱਤਰੀ ਆਇਆ, ਭਾਵੇਂ ਧਰਮ ਦਾ ਦਿੱਲੀ ਦਾ ਜੱਟ। ਭਾਵੇਂ ਸਾਹਿਬ ਚੰਦ ਬਿਦਰ ਦਾ ਨਾਈ ਅਤੇ ਭਾਵੇਂ ਮੁਹਕਮ ਚੰਦ ਦੁਆਰਦਾ ਦਾ ਛੀਂਬਾ ਜਾਂ ਹਿੰਮਤ ਰਾਏ ਜਗਨਨਾਥ ਪੁਰੀ ਦਾ ਝੀਵਰ, ਸਤਿਗੁਰੂ ਨੇ ਬਿਨਾ ਉਨ੍ਹਾਂ ਦਾ ਜਾਤ ਗੋਤ ਤੇ ਖਿੱਤਾ ਕਿੱਤਾ ਵੇਖੇ ਉਨ੍ਹਾਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਛਕਾਇਆ ਤੇ ਫਿਰ ਬੇਨਤੀ ਕਰਕੇ ਆਪ ਉਨ੍ਹਾਂ ਤੋ ਅੰਮ੍ਰਿਤ ਛਕਿਆ। ਯਾਦ ਰਹੇ ਕਿ ਸੰਸਾਰ ‘ਤੇ ਸਿੱਖ ਕੌਮ ਹੀ ਇਕੋ ਕੌਮ ਹੈ ਜਿਸ ਨੂੰ ਆਪਣੇ ਜਨਮ ਦੀ ਸਹੀ ਮਿਤੀ ਦਾ ਪਤਾ ਹੈ ਤੇ ਜਿਸ ਦੇ ਰਹਿਬਰ ਅਥਵਾ ਗੁਰੂ ਨੇ ਆਪਣੇ ਆਪ ਨੂੰ ਉਸ ਦਾ ਚੇਲਾ ਅਥਵਾ ਚੇਰਾ ਕਿਹਾ ਹੈ।
ਅੱਜ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਸਿੱਖ, ਜਿਸ ਧਰਤੀ ‘ਤੇ ਸਾਹਿਬਾਂ ਇਹ ਇਤਿਹਾਸਕ ਘਟਨਾ ਘਟਾਈ ਸੀ, ਉਸ ਦੇ ਸੰਦੇਸ਼ ਤੋਂ ਦੂਰ ਹੋ ਰਹੇ ਹਨ ਪਰ ਇਸ ਪ੍ਰਸੰਗ ਵਿਚ ਪ੍ਰਵਾਸੀ ਸਿੱਖਾਂ ਦੀ ਸਥਿਤੀ ਉਨ੍ਹਾਂ ਤੋਂ ਕਿਤੇ ਸੰਤੋਸ਼ਜਨਕ ਦਿਸਦੀ ਹੈ। ਇਸ ਦੇ ਪ੍ਰਮਾਣ ਵਜੋਂ ਇਹ ਦਿਹਾੜੇ ਜਿਸ ਤਰ੍ਹਾਂ ਦੇ ਨਗਰ ਕੀਰਤਨ ਲੰਡਨ, ਅਮਰੀਕਾ ‘ਚ ਯੂਬਾ ਸਿਟੀ ਅਤੇ ਨਿਊਯਾਰਕ ਅਤੇ ਕੈਨੇਡਾ ‘ਚ ਟੋਰਾਂਟੋ । ਵੈਨਕੂਵਰ ਜਾਂ ਹੋਰ ਵੀ ਕਈ ਮੁਲਕਾਂ ਵਿਚ ਨਿਕਲਦੇ ਹਨ, ਜਿਸ ਉਤਸ਼ਾਹ ਨਾਲ ਸਿੱਖ ਇਨ੍ਹਾਂ ਵਿਚ ਚਾਓ ਨਾਲ ਸ਼ਾਮਲ ਹੁੰਦੇ ਹਨ ਇਸ ਵਿਚੋਂ ਉਨ੍ਹਾਂ ਦਾ ਸਿੱਖੀ ਪਿਆਰ ਅਤੇ ਸਰੂਪ ਪ੍ਰਤੱਖ ਝਲਕਦਾ ਹੈ। ਸਿੱਖਾਂ ਦੀ ਅਜੋਕੀ ਵਿਦੇਸ਼ੀ ਪੀੜ੍ਹੀ ਨੇ ਜਿਸ ਕਦਰ ਖ਼ਾਲਸੇ ਦੇ ਕੇਸਰੀ ਨਿਸ਼ਾਨਾਂ ਨੂੰ ਆਪਣੇ ਹੱਥਾਂ ਨਾਲ ਸੰਭਾਲਿਆ ਹੈ, ਇਹ ਵਿਸ਼ਵ ਦੀ ਦੁਮੇਲ ‘ਤੇ ਸਿੱਖੀ ਦੇ ਚੜ੍ਹਦੇ ਸੂਰਜ ਦਾ ਪ੍ਰਸੰਸਾ ਜਨਕ ਸੰਕੇਤ ਹੈ। ਉਹ ਦਿਨ ਵੀ ਆਵੇਗਾ ਜਦੋਂ ਨਵੀਂ ਪੀੜ੍ਹੀ ਦੇ ਅੱਜ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਪੜ੍ਹਦੇ ਬੱਚਿਆ ਵਿਚੋਂ ਕੁਝ ਸਿੱਖੀ ਦੀ ਅਸਲ ਵਿਚਾਰਧਾਰਾ ਦੀ ਮਸ਼ਾਲ ਲੈ ਕੇ ਸਿੱਖੀ ਦੇ ਪਸਾਰ ਅਥਵਾ ਉਜਿਆਲੇ ਭਵਿੱਖ ਵੱਲ ਵਧਣਗੇ। ਇੰਝ ਹੀ ਆਪਣੇ ਸੱਭਿਆਚਾਰ ਵਿਚੋਂ ਆ ਕੇ ਓਦਰੇ ਪੰਜਾਬੀਆਂ ਦੇ ਨਵੀਂ ਪੀੜ੍ਹੀ ਦੇ ਬੱਚੇ ਭੰਗੜੇ ਗਿੱਧੇ ਨੂੰ ਅਪਣਾ ਕੇ ਆਪਣੇ
ਸੱਭਿਆਚਾਰ ਵੱਲ ਮੁੜ ਰਹੇ ਹਨ ਪਰ ਇਸ ਦੇ ਮੁਕਾਬਲੇ ਪੰਜਾਬ ਅਥਵਾ ਦੇਸ਼ ਵਿਚਲੇ ਗਵੱਈਆ, ਗੀਤਕਾਰਾਂ ਅਤੇ ਨੱਚਣ ਵਾਲਿਆਂ/ਵਾਲੀਆਂ ਦਾ ਰੁਝਾਨ ਨੀਵਾਣ ਵੱਲ ਜਾ ਰਿਹਾ ਹੈ।
ਨਿਰਸੰਦੇਹ ਵਿਸਾਖੀ ਦਾ ਮੂਲ ਸਥਾਨ ਸ੍ਰੀ ਅਨੰਦਪੁਰ ਸਾਹਿਬ ਹੀ ਹੈ ਕਿਉਂਕਿ ਇਹ ਖ਼ਾਲਸੇ ਦਾ ਜਨਮ ਅਸਥਾਨ ਹੈ ਪਰ ਆਪਣੀ ਥੋੜ੍ਹੀ ਆਰਜ਼ਾ ਵਿਚ ਮਹਾਨ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਸਤਿਗੁਰਾਂ ਨੇ ਜ਼ਿੰਦਗੀ ਦੇ ਮਘਦੇ ਸੰਘਰਸ਼ ਵਿਚ ਆਪਣਾ ਕਮਰਕੱਸਾ ਖੋਲ੍ਹ ਜਿਥੇ ਕੁਝ ਦਮ ਮਾਰਿਆ ਅਥਵਾ ਆਰਾਮ ਵਿਸ਼ਰਾਮ ਕੀਤਾ। ਇਹ ਅਸਥਾਨ ਅੱਜ ਪੰਜਾਬ ਅਤੇ ਸਿੱਖ ਇਤਿਹਾਸ ਵਿਚ ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਕਰਕੇ ਪ੍ਰਸਿੱਧ ਹੈ। ਇਹ ਇਲਾਕਾ ਸ਼ਮਸਦੀਨ ਅਲਤਮਸ਼ ਦੇ ਜ਼ਮਾਨੇ ਗੁੱਜਰਾਂ ਦਾ ਹੁੰਦਾ ਸੀ। ਇਨ੍ਹਾਂ ਦੇ ਮੁਖੀਏ ਨੇ ਮੁਸਲਮਾਨ ਹੋ ਕੇ ਇਸ ਇਲਾਕੇ ਦੀ ਚੌਧਰ ਹਾਸਲ ਕੀਤੀ ਸੀ ਪਰ ਉਸ ਦੇ ਔਤ ਹੋਣ ਕਾਰਨ ਇਹ ਇਲਾਕਾ ਉਸ ਦੀ ਲੜਕੀ ਸ਼ਹਾਸੋ ਦੇ ਹਿੱਸੇ ਆਇਆ ਅਤੇ ਮਗਰੋਂ ਸ਼ਹਾਸੋ ਜਾਂ ਸਾਬੋ ਕੀ ਤਲਵੰਡੀ ਕਹਿਆ ਜਾਣ ਲੱਗਾ। ਦਸਮ ਪਾਤਸ਼ਾਹ ਦੇ ਸਮੇਂ ਇਸ ਤਲਵੰਡੀ ਨੇੜਲੇ ਅਠਤਾਲੀ ਪਿੰਡਾਂ ਦੇ ਮਾਲਕ ਚੌਧਰੀ ਸਲੇਮ ਦਾ ਪੁੱਤਰ ਡੱਲਾ ਇਸ ਇਲਾਕੇ ਦਾ ਮਾਲਕ ਸੀ। ਜਦ ਦਸਮ ਪਾਤਸ਼ਾਹ ਔਕੜਾਂ ਝਾਗਦੇ ਹੋਏ ਇਸ ਇਲਾਕੇ ਵਿਚ ਆਏ ਤਾਂ ਇਸ ਨੇ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਸਤਿਗੁਰੂ ਨੂੰ ਆਪਣੇ ਪਿੰਡ ਠਹਿਰਾਇਆ। ਮਗਰੋਂ ਇਹੀ ਡੱਲਾ ਦਸਮ ਪਿਤਾ ਤੋਂ ਅੰਮ੍ਰਿਤ ਛਕ ਕੇ ਭਾਈ ਡੱਲਾ ਸਿੰਘ ਬਣ ਕੇ ਸਿੱਖ ਜਗਤ ਵਿਚ ਪ੍ਰਸਿੱਧ ਹੋਇਆ। ਇਸ ਅਸਥਾਨ ‘ਤੇ ਨਿਵਾਸ ਰੱਖਦਿਆਂ ਸਤਿਗੁਰਾਂ ਨੇ ਆਪਣੇ ਕਲਪੇ ਕਈ ਮਹਾਨ ਕਰਤਵਾਂ ਦੀ ਪੂਰਤੀ ਕੀਤੀ। ਇਥੋਂ ਹੀ ਆਪ ਜੀ ਨੇ ਸਿੱਖ ਸੰਗਤਾਂ ਦੇ ਨਾਓਂ ਹੁਕਮਨਾਮੇ ਜਾਰੀ ਕੀਤੇ ਜਿਸ ਕਰਕੇ ਇਹ ਜਗ੍ਹਾ ਦਾ ਨਾਮ ‘ਤਖਤ ਸ੍ਰੀ ਦਮਦਮਾ ਸਾਹਿਬ’ ਪਿਆ। ਇਥੇ ਗੁਰੂ ਸਾਹਿਬ ਨੌਂ ਮਹੀਨੇ ਨੌਂ ਦਿਨ ਠਹਿਰੇ ਸਨ। ਇਹ ਨਗਰ ਬਠਿੰਡਾ ਰਾਮਾ ਸੜਕ ਤੇ ਬਠਿੰਡਾ ਤੋਂ ਤੀਹ ਕੁ ਕਿਲੋਮੀਟਰ ਤੇ ਸਥਿਤ ਹੈ। ਇਥੇ ਹੀ ਦਸਮ ਪਾਤਸ਼ਾਹ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਤਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਕੀਤੀ ਸੀ ਅਤੇ ਇਸ ਕਾਰਜ ਉਪਰੰਤ ਬਚਦੀਆਂ ਕਲਮਾਂ ਤੇ ਸਿਆਹੀ ਸਰੋਵਰ ਪ੍ਰਵਾਹ ਕਰਕੇ ਇਸ ਨੂੰ ਗੁਰੂ ਕੀ ਕਾਸ਼ੀ ਹੋਣ ਦਾ ਵਰ ਦਿੱਤਾ ਸੀ। ਇਥੇ ਹੀ ਦਸਮ ਪਿਤਾ ਨੇ ਚੌਧਰੀ ਡੱਲੇ ਦੇ ਸੂਰਮਿਆਂ ਦੀ ਬੰਦੂਕ ਨਾਲ ਪਰਖ ਕੀਤੀ ਸੀ। ਇਥੇ ਗੁਰੂ ਸਾਹਿਬ ਦੀਆਂ ਕਈ ਨਿਸ਼ਾਨੀਆਂ ਸਾਂਭੀਆਂ ਪਈਆਂ ਹਨ ਜਿਨ੍ਹਾਂ ਵਿਚ ਇਕ ਛੋਟੇ ਅਕਾਰ ਦੀ ਬੀੜ, ਸਤਿਗੁਰਾਂ ਦੀ ਇਕ ਵੱਡੀ ਅਤੇ ਛੋਟੀ ਦਸਤਾਰ, ਵੱਡਾ ਅਤੇ ਛੋਟਾ ਚੋਲਾ, ਇਕ ਤੇਗਾ ਅਤੇ ਸ੍ਰੀ ਸਾਹਿਬ, ਸਤਿਗੁਰ ਦੇ ਬਾਜ ਦੀ ਡੋਰ ਅਤੇ ਆਪ ਜੀ ਦਾ ਰੇਬ ਪਜਾਮਾ ਅਤੇ ਇਕ ਰੇਬ ਪਜਾਮਾ ਮਾਤਾ ਸਾਹਿਬ ਕੌਰ ਜੀ ਦਾ। ਇਥੇ ਗੁਰੂ ਸਾਹਿਬ ਜੀ ਨੇ ਸਵਾ ਲੱਖ ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸੀ। ਉਪਰੋਕਤ ਕਾਰਨਾਂ ਅਤੇ ਇਸ ਅਸਥਾਨ ਦੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਵਿਚ ਵਿਸਾਖੀ ਦਾ ਪ੍ਰਮੁੱਖ ਸਥਾਨ ਸ੍ਰੀ ਦਮਦਮਾ ਸਾਹਿਬ ਹੀ ਹੈ। ਉਂਞ ਭਾਵੇਂ ਸ੍ਰੀ ਅਨੰਦਪੁਰ, ਤਖਤੂਪੁਰਾ ਅਤੇ ਹੋਰ ਅਨੇਕ ਹੀ ਸਥਾਨਾਂ ‘ਤੇ ਪੰਜਾਬ ਵਿਚ ਵਿਸਾਖੀ ਦੇ ਮੇਲੇ ਲਗਦੇ ਹਨ ਅਤੇ ਭਰਦੇ ਹਨ। ਪਾਕਿਸਤਾਨ ਵਿਚ ਪੰਜਾ ਸਾਹਿਬ ਵਿਖੇ ਵੀ ਇਹ ਪੁਰਬ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂ ਸਿੱਖਾਂ ਦਾ ਜਥਾ ਇਸ ਵਿਚ ਸ਼ਾਮਲ ਹੋਣ ਲਈ ਸੁਖਾਵੇਂ ਹਾਲਾਤਾਂ ਵਿਚ ਹਰ ਸਾਲ ਪਹੁੰਚਦਾ ਹੈ।
ਦਸਮ ਪਿਤਾ ਜੀ ਦੇ ਦਮਦਮਾ ਸਾਹਿਬ ਦੀ ਵਿਸਾਖੀ ਪੰਜਾਬ ਦਾ ਇਕ ਪ੍ਰਮੁੱਖ ਮੇਲਾ ਹੈ, ਜਿਥੇ ਦੇਸ਼ ਵਿਦੇਸ਼ ਵਿਚੋਂ ਸਿੱਖ ਸ਼ਰਧਾਲੂ ਬੜੇ ਚਾਅ ਉਮਾਹ ਨਾਲ ਪਹੁੰਚਦੇ ਹਨ। ਇਥੇ ਗੁਰਦੁਆਰਾ ਸ੍ਰੀ ਦਮਦਮ ਸਾਹਿਬ ਤੋਂ ਬਿਨਾ ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ, ਗੁਰਦੁਆਰਾ ਜੰਡਸਰ ਅਤੇ ਗੁਰਦੁਆਰਾ ਮਹੱਲਸਰ ਜਿਹੇ ਇਤਿਹਾਸਕ ਸਥਾਨ ਹਨ। ਸਾਹਿਬਾਂ ਨੇ ਇਸ ਅਸਥਾਨ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਸੀ, ਜੋ ਇਸ ਤਖਤ ਦੇ ਪਹਿਲੇ ਜਥੇਦਾਰ ਬਣੇ।
ਸਤਿਗੁਰੂ-ਵਰੋਸਾਏ ਇਸ ਪਵਿੱਤਰ ਅਸਥਾਨ ‘ਤੇ ਲਗਦਾ ਪੰਜਾਬ ਦਾ ਇਹ ਮੇਲਾ ਵੀ ਇਕ ਦਰਸ਼ਨੀ ਮੇਲਾ ਹੈ, ਜੋ ਵੇਖਿਆਂ ਹੀ ਬਣਦਾ ਹੈ। ਸਿੱਖ ਸੰਗਤਾਂ ਪੈਦਲ ਅਤੇ ਵੱਖ ਵੱਖ ਕਿਸਮ ਦੇ ਵਾਹਨਾਂ ਤੇ ਸਵਾਰ ਹੋ ਪਹੁੰਚ ਮੇਲੇ ਵਿਚ ਅਕਹਿ ਅਲੌਕਿਕ ਰੌਣਕਾਂ ਲਾ ਦਿੰਦੀਆਂ ਹਨ। ਸ਼ਰਧਾ ਵਿਭੋਰ ਸਿੱਖ ਗੁਰੂ ਮਹਿਮਾ ਵਿਚ ਮਗਨ ਹੋਏ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ ਅਤੇ ਬਾਹਰ ਮੇਲੇ ਵਿਚ ਮਸਤ ਮੇਲੀ ਵੀ। ਜਿਵੇਂ ਇਹ ਮੇਲਾ ਧਰਮ ਅਤੇ ਸੱਭਿਆਚਾਰ ਦਾ ਕੋਈ ਸੁੰਦਰ ਸੰਗਤ ਹੋਵੇ ਪਰ ਇਹ ਸੰਗਤ ਆਮ ਕਰਕੇ ਮਗਰੋਂ ਇਕ ਤ੍ਰਿਵੈਣੀ ਦਾ ਰੂਪ ਧਾਰਨ ਕਰ ਜਾਂਦਾ ਹੈ ਜਦੋਂ ਕਈ ਸਿਆਸੀ ਪਾਰਟੀਆਂ ਇਸ ਤੇ ਸਿਆਸਤ ਦੇ ਤੰਬੂ ਸ਼ਮਿਆਨੇ ਆਣ ਤਾਣਦੀਆਂ ਹਨ। ਉਂਞ ਇਸ ਪਵਿੱਤਰ ਅਸਥਾਨ ‘ਤੇ ਵਿਸਾਖੀ ਦੇ ਇਸ ਸ਼ੁਭ ਅਵਸਰ ਤੇ ਇਥੇ ਸ੍ਰੀ ਅਖੰਡ ਪਾਠ ਹੋਣ ਉਪਰੰਤ ਧਾਰਮਿਕ ਦੀਵਾਨ ਸਜਦੇ ਹਨ। ਅੰਮ੍ਰਿਤ ਸੰਚਾਰ ਹੁੰਦੇ ਹਨ। ਉਘੇ ਰਾਗੀ ਢਾਡੀ ਗੁਰੂ ਜਸ ਅਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸ਼ਾਨਦਾਰ ਨਗਰ ਕੀਰਤਨ ਵਿਚ ਸ਼ਬਦਈ ਜਥੇ ਸ਼ਬਦ ਪੜ੍ਹਦੇ ਅਤੇ ਸਿੰਘ ਖ਼ਾਲਸਾਈ ਖੇਡਾਂ ਦੇ ਕਰਤਬ ਦਿਖਾਉਂਦੇ ਹਨ।
ਵਿਸਾਖੀ ਦੇ ਇਸ ਦਿਨ ਦਿਹਾਰ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖ ਅਥਵਾ ਪੰਜਾਬੀ ਧਾਰਮਿਕ ਅਤੇ ਸੱਭਿਆਚਾਰਕ ਪੱਖੋਂ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਪੇਸ਼ ਹੈ ਵਿਸਾਖੀ ਦੇ ਵੱਖ ਵੱਖ ਰੂਪਾਂ ਨੂੰ ਦਰਸਾਉਂਦੀ ਮੇਰੀ ਇਹ ਕਵਿਤਾ।
ਵਿਸਾਖੀ
ਪ੍ਰੋ. ਸ਼ੇਰ ਸਿੰਘ ਕੰਵਲ
ਅੱਜ ਵਈ ਵਿਸਾਖੀ ਐ।
ਹਾਂ! ਅੱਜ ਜੀ ਵਿਸਾਖੀ ਐ।
ਸੋਹਣੇ ਸੋਹਣੇ ਸੋਹਣ ਸਿੰਘਾਂ,
ਸੋਹਣੇ ਸੋਹਣੇ ਮੁੱਖ ਵਿਚੋਂ,
ਕਿੰਨੀ ਸੋਹਣੀ ਆਖੀ ਐ।।
ਅੱਜ ਵਈ ਵਿਸਾਖੀ ਐ।
ਹਾਂ! ਅੱਜ ਜੀ ਵਿਸਾਖੀ ਐ।
ਚੋਬਰਾਂ ਨੇ ਲੀੜਾ ਲੱਤਾ,
ਰੂਹ ਨਾ’ ਬਣਾਇਆ ਹੋਇਆ।
ਖਿੱਚੀਆਂ ਨੇ ਟੌਹਰਾਂ,
ਬੜੀ ਰੀਝ ਨਾਲ ਪਾਇਆ ਹੋਇਆ।
ਗਹਿਣੇ ਗੱਟੇ ਸੋਹਣੀਆਂ ਨੇ,
ਅੰਗੋ ਅੰਗ ਪਾਏ ਨੇ,
ਮਨ ਮੋਹਣੇ ਮੋਹਣੀਆਂ ਨੇ,
ਫੰਧ ਕੀ ਬਣਾਏ ਨੇ।
ਮੇਲੇ ਦੀ ਤਿਆਰੀ ‘ਚ
ਸਰੂਰ ਜਿਹਾ ਛਾਇਆ ਏ
ਨਵਾਂ ਸੂਟ ਤਾਏ ਨੇ,
ਸੁਆ ਕੇ ਤਾਜ਼ਾ ਪਾਇਆ ਏ।
ਬਾਬਾ ਜੀ ਨੇ ਭਾਵੇਂ ਹੁਣ,
ਮੇਲੇ ਨਹੀਓਂ ਜਾਵਣਾ।
ਏਨਾ ਗਿਆ-ਗੁਜ਼ਰਿਆ ਨਹੀਂ,
ਦਿਨ ਨਹੀਂ ਮਨਾਵਣਾ।
ਆਖਿਆ ਪੁੱਤਾਂ ਨੂੰ ਸਾਊ
ਮੇਲੇ ਤੁਸੀਂ ਜਾ ਆਓ।
ਵੇਖ ਆਵੋ ਮੇਲਾ,
ਤੇ ਜੁਆਕਾਂ ਨੂੰ ਵਿਖਾ ਆਓ।
ਡੰਗਰਾਂ ਨੂੰ ਜਾਣੋਂ ਪਹਿਲਾਂ,
ਪੱਠਾ-ਦੱਬਾ ਪਾ ਜਾਇਓ।
ਬੰਨ੍ਹ ਕੇ ਤੇ ਨਿੰਮ ਥੱਲੇ,
ਪਾਣੀ ਵੀ ਵਖਾ ਜਾਇਓ।
ਵਹੁਟੀਆਂ ਨੂੰ ਕਿਹਾ,
ਵੰਡ ਮੱਝਾਂ ਨੂੰ ਰਲਾ ਜਿਓ,
ਮੇਰੇ ਲਈ ਛੰਨਾ ਭਾਈ,
ਖੀਰ ਦਾ ਬਣਾ ਜਿਓ।
ਔਹਨੂੰ ਚੰਗੂ ਬੰਨ੍ਹ ਜਾਇਓ,
ਖੂੰਡਾ ਨਾ ਤੁੜਾਵੇ ਕਿਤੇ
ਬੂਰੀ ਨਾਲ ਬੈਠੀ ਜਿਹੜੀ
ਭੈਂਗੀ ਜਿਹੀ ਲਾਖੀ ਐ।
ਮੈਂ ਤਾਂ ਏਹੀ ਆਖਣਾ ਸੀ,
ਮੇਲਾ-ਗੇਲਾ ਵੇਖ ਆਵੋ।
ਰਤਨੇ ਨੇ ਦੱਸਿਆ ਸੀ,
ਅੱਜ ਵਈ ਵਿਸਾਖੀ ਐ।
ਆਹੋ ਵਈ ਵਿਸਾਖੀ ਐ।
ਜਾਗਰ ਨੇ ਨਾਰਾ ਮੀਣਾ,
ਪੁੱਜ ਕੇ ਸ਼ਿਗਾਰੇ ਨੇ।
ਪਾਈਆਂ ਘੁੰਗਰਾਲਾਂ,
ਸਿੰਗ ਚੋਪੜੇ ਸ਼ਿੰਗਾਰੇ ਨੇ,
ਝੱਗੀਆਂ ਦੇ ‘ਤੇ ਸ਼ੀਸ਼ੇ,
ਕਿੰਨੇ ਸੋਹਣੇ ਲਗਦੇ..।
ਲੋਗੜੀ ਦੇ ਫੁੱਲ ਕਿਵੇਂ,
ਝਾਲਰਾਂ ਨਾ’ ਸੱਜਦੇ।
ਗੱਡੀਆਂ ਦੀ ਦੌੜ ਹੋਣੀ,
ਮੇਲਾ ਮਸਾਂ ਆਇਆ ਏ।
ਜਾਗਰ ਦਾ ਚਿੱਤ,
ਬਿਨ-ਪੀਤੇ ਨਸ਼ਿਆਇਆ ਏ।
ਨਾਰੇ ਮੀਣੇ ਉਡਣਾ ਹੈ,
ਤੀਰ ਜਿਉਂ ਕਮਾਨ ‘ਚੋਂ।
ਪਟਕਾ ਅਤੇ ਝੰਡੀ ਅੱਜ,
ਲੈਣੇ ਨੇ ਮੈਦਾਨ ‘ਚੋਂ।
ਘਿਓ-ਨਾਲਾਂ ਦਿੱਤੀਆਂ,
ਤੇ ਚਾਰੀਆਂ ਨਹਾਰੀਆਂ।
ਨਾਰੇ ਮੀਣੇ ਦੇਣੀਆਂ ਨੇ,
ਸਿਰ ਆਈਆਂ ਵਾਰੀਆਂ।
ਜਾਗਰ ਨੂੰ ਏਹੇ ਪੁੱਤ,
ਜਾਨ ਤੋਂ ਪਿਆਰੇ ਨੇ।
ਮੇਲੇ ਵਾਲੀ ਝੀਲ,
ਬਣ ਸ਼ੂਕਦੇ ਸ਼ਿਕਾਰੇ ਨੇ।
ਸ਼ੌਕੀਆਂ ਵੀ ਵੇਖ ਵੇਖ,
ਲੁੱਟਣੇ ਨਜ਼ਾਰੇ ਨੇ।
ਜਿੱਤਣਾ ਹੀ ਜਿੱਤਣਾ,
ਇਹ ਅੱਗੇ ਕਿਤੇ ਹਾਰੇ ਨੇ।
ਸੇਰ ਲਹੂ ਵਧ ਜਾਣਾ,
ਗਜ਼ ਚੌੜੀ ਹਿੱਕ ਹੋਣੀ,
ਜਾਗਰ ਦੇ ਬਾਰੇ ਜਿਹੜੀ,
ਗੱਲ ਲੋਕਾਂ ਭਾਖੀ ਐ।
ਚਾਅ ਕਿੰਨਾ ਮੇਲੇ ਵਾਲਾ,
ਪਿੰਡ ‘ਚੋਂ ਮੁੰਢੀਰ ਭੱਜੀ।
ਰਾਹ ‘ਚ ਕਿਵੇਂ ਕੂਕੀ ਜਾਵੇ।
ਅੱਜ ਵਈ ਵਿਸਾਖੀ ਐ।
ਓ ਅੱਜ ਵਈ ਵਿਸਾਖੀ ਐ।।
ਗੱਤਕੇ ਦੇ ਪੈਂਤਰੇ ਤੇ..,
ਛਾਲਾਂ ਘੋਲ ਹੋਣੇ ਨੇ
ਬੋਰੀ ਕੌਡੀ ਦੌੜਾਂ,
ਹੋਰ ਸੈਅ ਕਲੋਲ ਹੋਣੇ ਨੇ।
ਮੋਢੇ ਨਾਲ ਮੋਢਾ ਮੇਲੇ,
ਸੱਜਣਾ ਨਾ’ ਵੱਜਣਾ।
ਵੇਖ ਵੇਖ ਸੱਜਣਾਂ ਨੂੰ
ਅੱਖਆਂ ਨਾ ਰੱਜਣਾ।
ਭੀੜ ‘ਚ ਅਹੁ ਹੱਥਾਂ ‘ਚੋਂ
ਰੁਮਾਲੇ ਵੱਟੇ ਗਏ ਨੇ।
ਕਦੋਂ ਦੇ ਸੀ ਬਚਦੇ ਜੋ,
ਮੇਲੇ ਪੱਟੇ ਗਏ ਨੇ।
ਚਾਹ ਕੇ ਕਿਤੇ ਤੱਤੀਆਂ,
ਜਲੇਬੀਆਂ ਕਢਾਈਆਂ ਨੇ,
ਪੂਰ ਹੀ ਪਕੌੜਿਆਂ ਦਾ,
ਮਾਂਜਤਾ ਦੋਂਹ ਬਾਈਆਂ ਨੇ।
ਉਡ ਪਏ ਚਿੰਡੋਲਾਂ ਤੇ,
ਚੁੰਨੀਆਂ ਗਰਾਰੇ ਨੇ।
ਆਸ਼ਕ ਵੀ ਹੇਠਾਂ ਖੜ੍ਹੇ।
ਕਰਦੇ ਇਸ਼ਾਰੇ ਨੇ।
ਮੇਲੇ ਉੱਤੇ ਸ਼ਰੇਆਮ,
ਦੇਸੀ ਦਾਰੂ ਬੁੱਕਦੀ,
ਪੁਲਸ ਤੋਂ ਬਿਫਰੀ,
ਜਵਾਨੀ ਕਿੱਥੇ ਝੁਕਦੀ।
ਫਿਰਦੀਆਂ ਟੋਲੀਆਂ ਨੇ,
ਬੱਕਰੇ ਬੁਲਾਉਂਦੀਆਂ।
ਨੈਣਾਂ ਵਾਲੇ ਹੱਥਾਂ ਵਾਲੇ,
ਪੇਚੇ ਕਿਵੇਂ ਪਾਉਂਦੀਆਂ।
ਅੰਵਾਣਿਆਂ ਵੀ ਡੰਝ ਲਾਹੀ,
ਜੇਬਾਂ ਜਦੋਂ ਹੋਈਆਂ ਖਾਲੀ,
ਚਿੱਤ ਲਾਉਣਾ ਟਿੱਬੇ ਛੋਹੀ,
ਕੋਟਲਾ ਛਪਾਕੀ ਐ।
ਮੁੜ ਆਇਆ ਬਚਪਨਾ,
ਜੁਆਨੀ ਹਾਏ ਚੇਤੇ ਆਈ।
ਜਦੋਂ ਪਤਾ ਲੱਗਿਆ ਕਿ,
ਅੱਜ ਜੀ ਵਿਸਾਖੀ ਐ।
ਹਾਂ ਵਈ ਵਿਸਾਖੀ ਐ।।
ਵਿੱਝੜ ਗਿਆ ਮੇਲਾ,
ਲੋਕੀਂ ਘਰਾਂ ਨੂੰ ਨੇ ਆਂਵਦੇ
ਥੱਕੇ ਥੱਕੇ ਪੈਰਾਂ ਸੰਗ,
ਵਾਟ ਨੇ ਮੁਕਾਂਵਦੇ।
ਖੁਸ਼ੀ ਖੁਸੀ ਰਾਹ ‘ਚ
ਖੁੱਲ੍ਹੇ ਬੋਤਲਾਂ ਦੇ ਡੱਟ ਨੇ।
ਜੁੱਟ ਬਣੇ ਦੋ,
ਇਕ ਦੂਜੇ ਤੋਂ ਨਾ ਘੱਟ ਨੇ।
ਵਿਹੰਦਿਆਂ ਹੀ ਵਿਹੰਦਿਆਂ,
ਕਈ ਵਾਰਦਾਤ ਹੋਈ ਏ।
ਚੀਕਾਂ ਲਲਕਾਰਿਆਂ ਨੇ,
ਚੱਕੀ ਕੋਈ ਝੋਈ ਏ।
ਡਾਂਗ ਅਤੇ ਗੰਡਾਸੀ ਸੰਦੀ,
ਖੁੱਲ੍ਹੀ ਖੇਡ ਚੱਲੀ ਏ,
ਕਣਕਾਂ ਨੇ ਦਹਿਲੀਆਂ,
ਤੇ ਦੜੀ ਹਰ ਬੱਲੀ ਏ।
ਲਹੂ ਦੀਆਂ ਰੇਤਾ ਵਿਚ,
ਵੱਗੀਆਂ ਤਤ੍ਹੀਰੀਆਂ,
ਚੱਟੀਆਂ ਸ਼ਰਾਬ ਸਭ,
ਸ਼ੀਰੀਆਂ ਸਕੀਰੀਆਂ।
ਰੋਂਵਦੇ ਸੁਹਾਗ ਭੈਣਾ,
ਰੋਂਦੇ ਪਏ ਵੀਰ ਨੇ।
ਮਾਪੇ ਅਤੇ ਬੱਚੇ,
ਮੂਲ ਧਰਦੇ ਨਾ ਧੀਰ ਨੇ।
ਸਰ੍ਹਵਾ ਤੇ ਛਾ ਗਏ,
ਹਨੇਰੇ ਲੱਖ ਸੋਗ ਦੇ,
ਥੰਮ੍ਹਦੇ ਨਾ ਨੀਰ ਵੇਖੋ,
ਕਿੱਲੇ ਬੱਧੀ ਜੋਗ ਦੇ।
ਗੱਲ ਵਧਦੀ ਬਤੈਤ,
ਪਰ੍ਹੇ ਲੱਗੀ ਜਾਂ ਪਚੈਤ।
ਫੇਰ ਬੁੱਧ ਸਿਹੁੰ ਨਿਹੰਗ ਨੇ,
ਸੁਣਾਈ ਆਣ ਸਾਖੀ ਐ।
ਅਸੀਂ ਖ਼ਾਲਸਾ ਜੀ ! ਰੋਕੇ,
ਅਸੀਂ ਕਿੰਨੀ ਵਾਰੀ ਟੋਕੇ,
ਤੁਸੀਂ ਮੋੜੇ ਕਦੇ ਮੁੜੇ?
ਥੋਡੀ ਆਹਾ ਈ ਵਿਸਾਖੀ ਐ?
ਹਲਾ ਵਈ! ਵਿਸਾਖੀ ਐ।
ਭੁੱਲੇ ਹੋਏ ਖ਼ਾਲਸਾ ਜੀ,
ਪਿੱਛਾ ਈ ਭੁਲਾਇਆ ਹੈ।
ਅਸਲੀ ਤਿਹਾਰ ਦਾ ਤਾਂ,
ਚੇਤਾ ਹੀ ਨਾ ਆਇਆ ਹੈ।
ਯਾਦ ਥੋਨੂੰ? ਪਿਤਾ ਜਦੋਂ
ਸੱਦੇ ਭਿਜਵਾਏ ਸੀ।
ਪ੍ਰੇਮ ਨਾਲ ਪਿਆਰੇ
ਦੂਰ ਦੂਰ ਤੋਂ ਬੁਲਾਏ ਸੀ।
ਕੱਢ ਕਿਰਪਾਨ ਫੇਰ
ਇਵੇਂ ਸੀ ਵੰਗਾਰਿਆ।
‘ਆਵੋ ਜੀਹਨੇ ਸੀਸ ਦੇਣਾ’
ਰੋਹ ਨਾ ਪੁਕਾਰਿਆ।
ਨਾਈ ਛੀਂਬਾ ਝਿਊਰ,
ਫੇਰ ਜੋ ਵੀ ਸਾਹਵੇਂ ਆ ਗਿਆ।
ਖੱਤਰੀ ਜਾਂ ਜੱਟ
ਸੀਸ ਦੇ ਕੇ ਸਿੱਖੀ ਪਾ ਗਿਆ।
ਅੰਮ੍ਰਿਤ ਇਕੋ ਬਾਟੇ ਵਿਚੋਂ
ਸਭ ਨੂੰ ਛਕਾਇਆ ਸੀ।
ਗੁਰੂ ਕੀਤਾ ਪੰਥ ਨੂੰ
ਤੇ ਚੇਲਾ ਅਖ਼ਵਾਇਆ ਸੀ।
ਸੰਦੇਸ਼ ਓਸ ਪਿਤਾ ਦਾ,
ਤੂੰ ਭੁੱਲ ਗਿਐਂ ਖ਼ਾਲਸਾ।
ਗੈਰ-ਪੈਰੀਂ ਤਦੇ ਹੀ ਤਾਂ,
ਰੁਲ ਰਿਹੈਂ ਖ਼ਾਲਸਾ।
ਕੌਮ ਨੂੰ ਹੈ ਲੱਗ ਗਈ,
ਚੌਧਰ-ਸਿਉਂਕ ਉਏ
ਸ਼ਾਨ ਰਹਿਜੇ ਪੰਥ ਦੀ,
ਕੋਈ ਸੋਚ ਲਾ ਵਿਉਂਤ ਉਏ।
ਭੁੱਲ ਪ੍ਰੇਮ ਦਾ ਨਾ ਤਾਨ,
ਨਾ ਓਏ ਛੱਡ ਕਿਰਪਾਨ,
ਕਰੇ ਜ਼ੁਲਮ ਦਾ ਜੁ ਨਾਸ਼,
ਮਜ਼ਲੂਮ ਵਾਲੀ ਰਾਖੀ ਐ
ਆਹਾ ਸੀ ਸੁਨੇਹਾ ਦੇਣਾ
ਗੁੱਝਾ ਪ੍ਰਤੱਖ ਜਾਣ
ਰੰਗਲਾ ਤਿਉਹਾਰ ਕਿੰਨਾ
ਨੂਰੀ ਅਤੇ ਖਾਕੀ ਐ।
ਅੱਜ ਓ ਵਿਸਾਖੀ ਹੈ।
ਹਾਂ ਅੱਜ ਜੀ ਵਿਸਾਖੀ ਐ।।
ਸਰਤਾਜ ਬਣਿਆ ਸਾਲ ਦਾ ਬੇਹਤਰੀਨ ਸੂਫੀ ਗਾਇਕ
ਜਲੰਧਰ/ਬਿਊਰੋ ਨਿਊਜ਼-
ਇਥੇ ਇਕ ਟੀਵੀ ਚੈਨਲ ਵੱਲੋਂ ਪੀਏਪੀ ਗਰਾਊਂਡ ਵਿੱਚ ਕਰਵਾਏ ਗਏ ਪੰਜਾਬੀ ਮਿਊਜ਼ਿਕ ਐਵਾਰਡ ਸਮਾਗਮ ਦੌਰਾਨ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਸਾਲ ਦੇ ਬੇਹਤਰੀਨ ਸੂਫੀ ਗਾਇਕ ਦੇ ਸਨਮਾਨ ਨਾਲ ਨਵਾਜਿਆ ਗਿਆ, ਜਦਕਿ ਸਾਲ ਦੌਰਾਨ ਬੇਹਤਰੀਨ ਮਨੋਰੰਜਨ ਕਰਨ ਦਾ ਤਾਜ ਗਿੱਪੀ ਗਰੇਵਾਲ ਦੇ ਸਿਰ ਅਤੇ ਸਾਲ ਦਾ ਬੇਹਤਰੀਨ ਭੰਗੜਾ ਗੀਤ ਗਾਉਣ ਦਾ ਸਿਹਰਾ ਰੌਸ਼ਨ ਪ੍ਰਿੰਸ ਦੇ ਸਿਰ ਸਜਾਇਆ ਗਿਆ।
ਇਸ ਤਰ੍ਹਾਂ ਹੀ ਸਾਲ ਦਾ ਸ਼ਾਨਦਾਰ ਰੁਮਾਂਟਿਕ ਗੀਤ ਗਾਉਣ ਬਦਲੇ ਹਾਰਡੀ ਸੰਧੂ ਨੂੰ, ਕਲੱਬ ਗੀਤ ਬੇਬੋ ਗਾਉਣ ਲਈ ਅਲਫਾਜ ਅਤੇ ਯੋ-ਯੋ ਹਨੀ ਸਿੰਘ ਨੂੰ ਅਤੇ ਸਾਲ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਗੀਤ ‘ਪਟੋਲਾ’ ਗਾਉਣ ਬਦਲੇ ਦਿਲਜੀਤ ਦੁਸਾਂਝ ਨੂੰ ਸਨਮਾਨਤ ਕੀਤਾ ਗਿਆ।
ਦੇਰ ਰਾਤ ਤੱਕ ਚੱਲੇ ਇਸ ਸਨਮਾਨ ਸਮਾਗਮ ਦੌਰਾਨ ਜਿੱਥੇ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਸਰੋਤਿਆਂ ਨੇ ਲੁਤਫ਼ ਲਿਆ ਉੱਥੇ ਹੀ ਪੰਜਾਬੀ ਗਾਇਕੀ ਦੇ ਸਿਰਮੋਰ ਗਾਇਕ ਗੁਰਦਾਸ ਮਾਨ ਦੀ ਲਾਈਵ ਪੇਸ਼ਕਾਰੀ ਨੇ ਸਟੇਡੀਅਮ ਵਿੱਚ ਮੌਜੂਦ ਹਰ ਕਿਸੇ ਨੂੰ ਥਿਰਕਣ ਲਈ ਮਜਬੂਰ ਕਰ ਦਿੱਤਾ।
ਆਪਣੇ ਪ੍ਰਸਿੱਧ ਗੀਤ ਛੱਲਾ ਤੋਂ ਲੈ ਕੇ ਹੋਰ ਨਵੇਂ ਪੁਰਾਣੇ ਗੀਤਾਂ ਦੀ ਛਹਿਬਰ ਲਾ ਕੇ ਗੁਰਦਾਸ ਮਾਨ ਨੇ ਆਪਣੀ ਪਰਪੱਕ ਗਾਇਕੀ ਦਾ ਲੋਹਾ ਮਨਵਾ ਦਿੱਤਾ। ਚੈਨਲ ਦੀ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੀ ਐਮ. ਸ਼ਿੰਦੇ ਅਤੇ ਗਰੁੱਪ ਦੇ ਡਾਇਰੈਕਟਰ ਪ੍ਰੈਜ਼ੀਡੈਂਟ ਰਵਿੰਦਰ ਨਰਾਇਣ ਨੇ ਇਸ ਮੌਕੇ ਸਨਮਾਨ ਹਾਸਲ ਕਰਨ ਵਾਲੇ ਸਮੁੱਚੇ ਕਲਾਕਾਰਾਂ ਅਤੇ ਸੰਗੀਤਕਾਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਦਿੱਤੇ ਹੋਰ ਵਰਗਾਂ ਵਿੱਚੋਂ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਬੇਹਤਰੀਨ ਸਾਊਂਡ ਰਿਕਾਰਡਿੰਗ ਲਈ ਸਮੀਰ ਚੈਰੋਗੋਇਨਕਰ ਨੂੰ, ਬੇਹਤਰੀਨ ਰਵਾਇਤੀ ਧਾਰਮਿਕ ਐਲਬਮ ਸਤਿਗੁਰ ਦਯਾ ਕਰੋ ਲਈ ਭਾਈ ਓਂਕਾਰ ਸਿੰਘ ਨੂੰ, ਬੇਹਤਰੀਨ ਗੈਰ ਰਵਾਇਤੀ ਧਾਰਮਿਕ ਐਲਬਮ ਗੁਰੂ ਕੀ ਕਸ਼ਿਸ਼ ਲਈ ਦਵਿੰਦਰ ਪਾਲ ਸਿੰਘ ਨੂੰ, ਧਾਰਮਿਕ ਗੀਤ ਪ੍ਰੇਮ ਖੇਲਣ ਦਾ ਚਾਓ ਲਈ ਬੇਹਤਰੀਨ ਸੰਗੀਤ ਵੀਡੀਓ (ਰਵਾਇਤੀ) ਲਈ ਭਾਈ ਨਿਰਮਲ ਸਿੰਘ ਨੂੰ ਅਤੇ ਗੈਰ ਰਵਾਇਤੀ ਧਾਰਮਿਕ ਗੀਤ ਲਾਡਲੀਆਂ ਫੌਜਾਂ ਅਤੇ ਸਰਦਾਰ ਦੀ ਬੇਹਤਰੀਨ ਸੰਗੀਤਕ ਵੀਡੀਓ ਲਈ ਵਿਕਰਮਜੀਤ ਸਿੰਘ ਸਾਹਨੀ ਅਤੇ ਸਤਿੰਦਰ ਸਰਤਾਜ ਨੂੰ ਸਾਂਝਾ ਸਨਮਾਨ ਦਿੱਤਾ ਗਿਆ।
ਗਿੱਪੀ ਗਰੇਵਾਲ ਤੇ ਸ਼ੈਰੀਮਾਨ ਵਲੋਂ ਸ਼ਿਕਾਗੋ ਵਿਚ ਲਾਈਵ ਸਟੇਜ ਸ਼ੋਅ 9 ਮਈ ਸ਼ੁੱਕਰਵਾਰ ਨੂੰ
ਸ਼ਿਕਾਗੋ/ਮੱਖਣ ਸਿੰਘ ਕਲੇਰ:
ਸਵੀ ਅਟੱਲ ਅਤੇ ਪਰਮਿੰਦਰ ਸਿੰਘ ਵਾਲੀਆ ਵਲੋਂ ਸਾਂਝੇ ਤੌਰ ‘ਤੇ ਸ਼ਿਕਾਗੋ ਵਿਖੇ 9 ਮਈ ਸ਼ੁੱਕਰਵਾਰ ਨੂੰ ਮਿਡਵੈਸਟ ਦੇ ਸਮੂਹ ਪੰਜਾਬੀਆਂ ਵਾਸਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਕਿ ਕੌਪਰਨਿਕਸ ਸੈਂਟਰ (Copernicus Center5216 W. Lawrence Ave. Chicago, IL-60630) ਵਿਚ ਹੋਵੇਗਾ। ਜਿਸ ਦਾ ਐਡਰੈਸ ਹੈ। ਇਸ ਲਾਈਵ ਸਟੇਜ ਸ਼ੋਅ ਦੀ ਹੋਰ ਜਾਣਕਾਰੀ ਲੈਣ ਵਾਸਤੇ ਸਵੀ ਅਟੱਲ ਨਾਲ ਫੋਨ 847-630-4916 ਅਤੇ ਪਰਮਿੰਦਰ ਸਿੰਘ ਵਾਲੀਆ ਨਾਲ ਫੋਨ 847-477-1613 ਦੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਰਮਿੰਦਰ ਸਿੰਘ ਵਾਲੀਆ ਵਲੋਂ ਸਭ ਕਲਚਰਲ ਅਤੇ ਸਪੋਰਟਸ ਕਲੱਬਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਜਾਂਦਾ ਹੈ ਕਿ ਸਭ ਹੁੰਮ ਹੁੰਮਾ ਕੇ ਇਸ ਸ਼ੋਅ ਤੇ ਪਹੁੰਚੋ ਜੀ।
ਸਤਿੰਦਰ ਸਰਤਾਜ ਨੇ ਇੰਗਲੈਂਡ ਲਾਈਆਂ ਰੌਣਕਾਂ
ਬਰਮਿੰਘਮ/ਬਿਊਰੋ ਨਿਊਜ਼:
ਪੰਜਾਬੀ ਸੂਫ਼ੀ ਗਾਇਕੀ ਵਿੱਚ ਅਪਣੀ ਵਿਲੱਖਣ ਥਾਂ ਬਣਾ ਚੁੱਕੇ ਸਤਿੰਦਰ ਸਰਤਾਜ ਅੱਜਕੱਲ੍ਹ ਇੰਗਲੈਂਡ ਦੇ ਟੂਰ ਤੇ ਆਪਣੀਆਂ ਮਹਿਫਲਾਂ ਵਿਚ ਖੂਬ ਰੌਣਕਾਂ ਲਾ ਰਹੇ ਹਨ। ਉਨ੍ਹਾਂ ਵੱਲੋਂ ਤਿੰਨ ਸ਼ੋਅ ਹੋ ਚੁੱਕੇ ਹਨ ਅਤੇ ਹਾਲੇ 3 ਸ਼ੋਅ ਬਾਕੀ ਹਨ। ਤਿੰਨਾਂ ਹੀ ਸ਼ੋਆਂ ਵਿਚ ਹਾਲ ਭਰੇ ਹੋਏ ਸਨ ਅਤੇ ਸਰੋਤਿਆਂ ਵੱਲੋਂ ਸਾਰੇ ਹੀ ਗੀਤਾਂ ਵਿਚ ਤਾੜੀਆਂ ਮਾਰ ਕੇ ਅਤੇ ਆਪ ਨਾਲ ਨਾਲ ਗਾ ਕੇ ਰੰਗ ਪੇਸ਼ ਕੀਤਾ ਗਿਆ।
ਇੰਗਲੈਂਡ ਦੇ ਪ੍ਰਮੋਟਰ ਆਸਾ ਸਿੰਘ ਧਾਲੀਵਾਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਉਮੀਦਾਂ ਨਾਲੋਂ ਵਧ ਕੇ ਸਰੋਤਿਆਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਇਸ ਨਾਲ ਸਤਿੰਦਰ ਸਰਤਾਜ ਅਤੇ ਸਾਡਾ ਹੌਂਸਲਾ ਵਧਿਆ ਹੈ। ਸਭ ਤੋਂ ਵੱਧ ਪ੍ਰਭਾਵਸ਼ਾਲੀ ਸ਼ੋਅ ਐਲਬਰਟ ਹਾਲ ਲੰਡਨ ਵਿਚ 2 ਮਈ ਨੂੰ ਹੋ ਰਿਹਾ ਹੈ, ਜਿਹੜਾ ਕਿ ਲੰਡਨ ਦਾ ਸਭ ਤੋਂ ਵਧੀਆ ਹਾਲ ਮੰਨਿਆ ਜਾਂਦਾ ਹੈ। ਇਸ ਹਫਤੇ ਲੈਸਟਰ ਅਤੇ ਬਰਮਿੰਘਮ ਦੇ ਸ਼ੋਆਂ ਨੂੰ ਵੀ ਭਾਰੀ ਹੁੰਗਾਰਾ ਮਿਲ ਰਿਹਾ ਹੈ।
ਵਾਰਿਸ ਭਰਾਵਾਂ ਦਾ ਸੈਕਰਾਮੈਂਟੋ ‘ਚ ਸ਼ੋਅ 4 ਮਈ ਨੂੰ
ਸੈਕਰਾਮੈਂਟ/ਹੁਸਨ ਲੜੋਆ ਬੰਗਾ:
ਪੰਜਾਬੀ ਸਭਿਆਚਾਰ ਨੂੰ ਰੂਪਮਾਨ ਕਰਦੀ ਸਾਫ਼ ਸੁਥਰੀ ਅਤੇ ਸੰਗੀਤਮਈ ਗਾਇਕੀ ਕਾਰਨ ਅਪਣੀ ਵਿਸ਼ੇਸ਼ ਪਛਾਣ ਰੱਖਣ ਵਾਲੇ ਵਾਰਸ ਭਰਾਵਾਂ ਵਲੋਂ ਅਪਣੇ ਅਮਰੀਕੀ ਦੌਰੇ ਦੌਰਾਨ ਕੈਲੀਫੋਰਨੀਆ ਵਿੱਚ ਅਪਣਾ ਸ਼ੋਅ 4 ਮਈ ਐਤਵਾਰ ਨੂੰ ਸੈਕਰਾਮੈਂਟੋ ਵਿਚ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪ੍ਰਬੰਧਕਾਂ ਵਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਤਰ੍ਹਾਂ 11 ਮਈ ਨੂੰ ਫਰਿਜ਼ਨੋ, 17 ਮਈ ਨੂੰ ਮਿਲਪੀਟਸ, 23 ਮਈ ਨੂੰ ਇੰਡੀਅਨ ਐਪਲਿਸ, 25 ਮਈ ਨੂੰ ਨਿਓ ਹੈਵਨ, 21 ਮਈ ਨੂੰ ਡੈਨਵਰ ਅਤੇ ਇਕ ਜੂਨ ਨੂੰ ਸੈਲਮਾ ਵਿਖੇ ਸ਼ੋਅ ਹੋਣ ਜਾ ਰਿਹਾ ਹੈ। ਅਮਰੀਕਾ ਵਿਚ ਕਾਫੀ ਸਮੇਂ ਤੋਂ ਵਾਰਸ ਭਰਾਵਾਂ ਦਾ ਕੋਈ ਸ਼ੋਅ ਨਹੀਂ ਹੋਇਆ। ਇਸ ਕਰਕੇ ਵੀ ਪੰਜਾਬੀਆਂ ਵਿਚ ਇਨ੍ਹਾਂ ਸ਼ੋਆਂ ਨੂੰ ਦੇਖਣ ਲਈ ਉਤਸੁਕਤਾ ਹੈ। ਹੁਣ ਤੱਕ ਡੈਲਸ, ਟੈਕਸਸ ਅਤੇ ਲੈਂਸਿੰਗ, ਮਿਸ਼ੀਗਨ ਵਿਚ ਹੋਏ ਸ਼ੋਆਂ ਨੇ ਦਰਸ਼ਕਾਂ ਦੀ ਆਮਦ ਦੇ ਰਿਕਾਰਡ ਤੋੜੇ।
ਅਮਰੀਕਾ ਵਿਚ ਅੱਜ ਕੱਲ੍ਹ ਵਾਰਿਸ ਭਰਾਵਾਂ ਦੇ ਵੱਖ ਵੱਖ ਸ਼ੋਆਂ ਵਿਚ ਪੰਜਾਬੀਆਂ ਦਾ ਭਾਰੀ ਇਕੱਠ ਉਮੜ ਰਿਹਾ ਹੈ। ਇਨ੍ਹਾਂ ਸ਼ੋਆਂ ਦੇ ਸਫ਼ਲ ਹੋਣ ਦੇ ਦੋ ਕਾਰਨ ਹਨ, ਜਿਨ੍ਹਾਂ ਵਿਚ ਪੰਜਾਬੀ ਸਾਫ਼ ਸੁਥਰੀ ਗਾਇਕੀ ਤੇ ਦੂਸਰਾ ਉਨ੍ਹਾਂ ਵਲੋਂ ਅਮਰੀਕਾ ਵਿਚ ਸ਼ੋਅ ਕਰਨ ਤੋਂ ਪਹਿਲਾਂ ਰਿਲੀਜ਼ ਕੀਤੀ ਵੀਡੀਓ। ਅਮਰੀਕਾ ਵਿਚ ਸ਼ੋਅ ਕਰਨ ਤੋਂ ਸਿਡਨੀ ਦੇਲਾਈਵ ਪ੍ਰੋਗਰਾਮ ਦੀ ਵੀਡੀਓ ਅਤੇ ਸੀਡੀ ਪਹਿਲਾਂ ਰਿਲੀਜ਼ ਕੀਤੀ ਹੋਣ ਕਰਕੇ ਵਾਰਿਸ ਭਰਾਵਾਂ ਦੀ ਗਾਇਕੀ ਦਾ ਅਨੁਭਵ ਕਰਕੇ ਪੰਜਾਬੀ ਸਰੋਤੇ ਸ਼ੋਆਂ ਤੋਂ ਪਹਿਲਾਂ ਉਨ੍ਹਾਂ ਨਾਲ ਜੁੜ ਰਹੇ ਹਨ। ਹੁਣ ਤੱਕ ਹੋਏ ਵੱਖ ਵੱਖ ਸ਼ੋਆਂ ਵਿਚ ਹਜ਼ਾਰਾਂ ਪੰਜਾਬੀਆਂ ਨੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਸ਼ਮੂਲੀਅਤ ਕੀਤੀ ਹੈ।
ਆਇਫਾ ਐਵਾਰਡ ‘ਚ ‘ਭਾਗ ਮਿਲਖਾ ਭਾਗ’ਦੀ ਝੰਡੀ
ਸਰਬੋਤਮ ਫਿਲਮ ਸਮੇਤ 5 ਐਵਾਰਡ, ਫਰਹਾਨ ਅਖ਼ਤਰ ਸਭ ਤੋਂ ਵਧੀਆ ਅਦਾਕਾਰ , ਚੇਨਈ ਐਕਸਪ੍ਰੈੱਸ ਲਈ ਦੀਪਿਕਾ ਸਰਬੋਤਮ ਅਦਾਕਾਰਾ
ਟਾਂਪਾ ਬੇਅ (ਅਮਰੀਕਾ)/ਬਿਊਰੋ ਨਿਊਜ਼- ਅਮਰੀਕਾ ਦੇ ਫਲੋਰਿਡਾ ਵਿਚ ਟਾਂਪਾ ਬੇਅ ਵਿਖੇ ਹੋਏ 15ਵੇਂ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡ (ਆਇਫਾ) ਵਿਚ ਉਡਣੇ ਸਿੱਖ ਐਥਲੀਟ ਮਿਲਖਾ ਸਿੰਘ ਦੀ ਜੀਵਨੀ ‘ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਦੀ ਝੰਡੀ ਰਹੀ। ਐਤਵਾਰ ਨੂੰ ਸਮਾਰੋਹ ਦੇ ਆਖਰੀ ਦਿਨ ਫਿਲਮ ਨੇ 5 ਐਵਾਰਡ ਜਿੱਤੇ। ਜਿਥੇ ‘ਭਾਗ ਮਿਲਖਾ ਭਾਗ’ ਨੂੰ ਸਰੋਬਤਮ ਫਿਲਮ ਦਾ ਐਵਾਰਡ ਹਾਸਿਲ ਹੋਇਆ, ਉਥੇ ਇਸ ਫਿਲਮ ‘ਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਫਰਹਾਨ ਅਖਤਰ ਨੂੰ ਸਰੋਬਤਮ ਅਦਾਕਾਰ, ਇਸ ਦੇ ਨਿਰਮਾਤਾ ਓਮਪ੍ਰਕਾਸ਼ ਮਹਿਰਾ ਨੂੰ ਸਰਬੋਤਮ ਡਾਇਰੈਕਟਰ ਦਾ ਐਵਾਰਡ ਦਿੱਤਾ ਗਿਆ। ਫਿਲਮ ਦੀ ਬੈਸਟ ਸਟੋਰੀ ਲਈ ਪ੍ਰਸੂਨ ਜੋਸ਼ੀ ਤੇ ਫਿਲਮ ਵਿਚ ਮਿਲਖਾ ਸਿੰਘ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਦਿੱਵਿਆ ਦੱਤਾ ਨੂੰ ਸਰਬੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਮਿਲਿਆ।
ਦੂਸਰੇ ਪਾਸੇ ਦੀਪਿਕਾ ਪਾਦੂਕੋਣ ਦਾ ਵੀ ਜਾਦੂ ਆਇਫਾ ਵਿਚ ਸਿਰ ਚੜ ਕੇ ਬੋਲਿਆ, ਦੀਪਿਕਾ ਜੋ ਕਿ ਸਰਬੋਤਮ ਅਦਾਕਾਰਾ ਲਈ ਤਿੰਨ ਸ੍ਰੇਣੀਆਂ ਵਿਚ ਨਾਮਜ਼ਦ ਸੀ, ਨੂੰ ਚੇਨਈ ਐਕਸਪ੍ਰੇਸ ਦੇ ਲਈ ਸਰੋਬਤਮ ਅਦਾਕਾਰਾ ਦੇ ਐਵਾਰਡ ਨਾਲ ਅਦਾਕਾਰ ਰਣਬੀਰ ਸਿੰਘ ਨੇ ਨਿਵਾਜ਼ਿਆ। ਦੀਪਿਕਾ ਨੂੰ ਸਾਲ ਦੇ ਸਰੋਬਤਮ ਮਨੋਰੰਜਕ ਕਲਾਕਾਰ (ਬੈਸਟ ਐਂਟਰਟੇਨਰ ਆਫ ਦੀ ਯੀਅਰ) ਦਾ ਐਵਾਰਡ ਵੀ ਦਿੱਤਾ ਗਿਆ। ਹੋਰਨਾਂ ਐਵਾਰਡਾਂ ਵਿਚ ਸਰਬੋਤਮ ਹਾਸਰਸ ਭੂਮਿਕਾ ਦਾ ਐਵਾਰਡ ਅਰਸ਼ਦ ਵਾਰਸੀ ਨੂੰ (ਜੌਲੀ ਐਲ. ਐਲ. ਬੀ.) ਲਈ, ਸਰਬੋਤਮ ਨੈਗਟਿਵ ਕਿਰਦਾਰ ਰਿਸ਼ੀ ਕਪੂਰ ਨੂੰ (ਡੀ ਡੇਅ) ਲਈ, ਸਰਬੋਤਮ ਸਹਾਇਕ ਅਦਾਕਾਰ ਅਦਿੱਤਯ ਰਾਏ ਕਪੂਰ ਨੂੰ, ਸਰਬੋਤਮ ਪਿੱਠਵਰਤੀ ਗਾਇਕ ਲਈ ਅਰਜੀਤ ਸਿੰਘ ਤੇ ਗਾਇਕਾ ਲਈ ਸ਼੍ਰੇਆ ਘੌਸ਼ਾਲ ਨੂੰ ਐਵਾਰਡ (ਆਸ਼ਿਕੀ-2) ਪ੍ਰਦਾਨ ਕੀਤੇ ਗਏ। ਸ਼ੋਅ ਦੌਰਾਨ ਬਾਲੀਵੁੱਡ ਦੇ ਕਲਕਾਰਾਂ ਪ੍ਰਿਯੰਕਾ ਚੋਪੜਾ, ਰਿਤਿਕ ਰੋਸ਼ਨ, ਰਣਬੀਰ ਸਿੰਘ, ਸ਼ਾਹਿਦ ਕਪੂਰ, ਦੀਪਿਕਾ ਪਾਦੂਕੋਣ, ਪ੍ਰਨਿਤੀ ਚੋਪੜਾ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਸਮਾਰੋਹ ਦੌਰਾਨ ਹਾਲੀਵੁੱਡ ਕਲਾਕਾਰ ਜੋਨ ਟ੍ਰੇਵਲੋਟਾ ਨੂੰ ਵੀ ਖਾਸ ਸਨਮਾਨ ਦਿੱਤਾ ਗਿਆ।
ਮਿਲਖਾ ਸਿੰਘ ਹੋਏ ਭਾਵੁਕ
ਆਇਫਾ ਸਮਾਰੋਹ ‘ਚ ਸ਼ਿਰਕਤ ਕਰਨ ਪੁੱਜੇ ਐਥਲੀਟ ਮਿਲਖਾ ਸਿੰਘ ਉਸ ਸਮੇਂ ਭਾਵੁਕ ਹੋ ਗਏ, ਜਦੋਂ ਉਨ੍ਹਾਂ ਦੀ ਜੀਵਨੀ ‘ਤੇ ਬਣੀ ਫ਼ਿਲਮ ‘ਭਾਗ ਮਿਲਖਾ ਭਾਗ’ ਨੂੰ ਸਰੋਬਤਮ ਫ਼ਿਲਮ ਦਾ ਐਵਾਰਡ ਮਿਲਿਆ। ਫ਼ਿਲਮ ਦੇ ਨਿਰਮਾਤਾ ਓਮਪ੍ਰਕਾਸ਼ ਮਹਿਰਾ ਨੇ ਇਹ ਐਵਾਰਡ ਮਿਲਖਾ ਸਿੰਘ ਨੂੰ ਸੌਂਪਦਿਆਂ ਕਿਹਾ ਕਿ ‘ਮੈਂ ਇਸ ਦਾ ਹੱਕਦਾਰ ਨਹੀਂ ਹਾਂ’। ਇਸ ਮੌਕੇ ਮਿਲਖਾ ਸਿੰਘ ਨੇ ਭਾਵੁਕ ਹੰਦਿਆਂ ਕਿਹਾ ਕਿ ਮੈਂ ਆਇਫਾ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਆਦਰ ਦਿੱਤਾ। ਉਨ੍ਹਾਂ ਕਿਹਾ ਕਿ ‘ਮੈ ਆਪਣੀ ਜਿੰਦਗੀ ਵਿਚ ਤਿੰਨ-ਚਾਰ ਵਾਰ ਰੋਇਆ ਹਾਂ, ਇਕ ਤਾਂ ਉਸ ਸਮੇਂ ਜਦੋਂ ਮੈਂ ਫ਼ਿਲਮ ਵੇਖੀ ਸੀ ਅਤੇ ਇਕ ਅੱਜ ਜਦੋਂ ਮੈਂ ਇਥੇ ਬੈਠਾ ਸੀ’।
ਸ਼ਤਰੂਘਨ ਸਿਨਹਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
ਬੇਟੀ ਸੋਨਾਕਸ਼ੀ ਸਿਨਹਾ ਨੇ ਦਿੱਤਾ ਪੁਰਸਕਾਰ
ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਤੇ ਹੁਣ ਨੇਤਾ ਸ਼ਤਰੂਘਨ ਸਿਨਹਾ ਨੂੰ ਉਨ੍ਹਾਂ ਵਲੋਂ ਭਾਰਤੀ ਸਿਨੇਮਾ ਵਿਚ ਪਾਏ ਗਏ ਯੋਗਦਾਨ ਦੇ ਬਦਲੇ ਆਇਫਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਿਨਹਾ ਨੂੰ ਇਹ ਐਵਾਰਡ ਆਪਣੇ ਪਿਤਾ ਨੂੰ ਦਿੱਤਾ। ਇਸ ਮੌਕੇ ਅਨਿਲ ਕਪੂਰ ਵੀ ਸੋਨਾਕਸ਼ੀ ਨਾਲ ਮੰਚ ‘ਤੇ ਸੀ। ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ ਨੇ 200 ਤੋਂ ਵੱਧ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ, ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਅਤੇ ਬੰਗਲਾ ਫਿਲਮਾਂ ਵਿਚ ਵੀ ਕੰਮ ਕੀਤਾ। ਇਸ ਮੌਕੇ ਟਾਂਪਾ ਬੇਅ ਦੇ ਮੇਅਰ ਬਾਬ ਬਕਹੋਰਮ ਵੀ ਮੰਚ ‘ਤੇ ਹਾਜ਼ਰ ਸਨ। ‘ਬਿਹਾਰੀ ਬਾਬੂ’ ਤੇ ‘ਸ਼ੌਟਗਨ ਸਿਨਹਾ’ ਦੇ ਨਾਲ ਜਾਣੇ ਜਾਂਦੇ ਸ਼ਤਰੂਘਨ ਸਿਨਹਾ ਨੇ ਇਹ ਐਵਾਰਡ ਬਿਹਾਰ ਦੇ ਲੋਕਾ ਖਾਸ ਕਰਕੇ ਪਟਨਾ ਵਾਲਿਆਂ ਦੇ ਲਈ ਸਮਰਪਿਤ ਕੀਤਾ।
ਪੰਜਾਬ ਦੀ ਪਹਿਲੀ ਲਘੂ ਫ਼ਿਲਮ ਕੌਮਾਂਤਰੀ ਮੇਲੇ ਲਈ ਚੁਣੀ
ਚੰਡੀਗੜ/ਬਿਊਰੋ ਨਿਊਜ਼-
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 15 ਤੋਂ 19 ਮਈ ਤਕ ਹੋਣ ਵਾਲੇ ’ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਸਾਊਥ ਏਸ਼ੀਆ’ ਅਤੇ ‘ਪੰਜਾਬੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਵਿੱਚ ਸਕਰੀਨਿੰਗ ਲਈ ਨੌਜਵਾਨ ਲੇਖਕ ਤੇ ਨਿਰਦੇਸ਼ਕ ਸੁਨੀਲ ਕਟਾਰੀਆ ਦੀ ਲਘੂ ਫ਼ਿਲਮ ‘ਔਨੇਸਟੀ ਇਜ਼ ਦਾ ਬੈੱਸਟ ਪਾਲਿਸੀ’ ਨੂੰ ਚੁਣਿਆ ਗਿਆ ਹੈ।
ਪੰਜਾਬ ‘ਚੋਂ ਚੁਣੀ ਗਈ ਇਹ ਫ਼ਿਲਮ ਨਿਵੇਕਲੀ ਕਿਸਮ ਦੀ ਹੈ। ਇਹ ਲਘੂ ਫ਼ਿਲਮ ਮਹਿਜ਼ 41 ਸਕਿੰਟਾਂ ਦੀ ਹੈ। ਫ਼ਿਲਮ ‘ਚ ਅੱਜ ਦੇ ਦੌਰ ਦੇ ਨੌਜਵਾਨਾਂ ਲਈ ਇਮਾਨਦਾਰੀ ਦੇ ਮਾਇਨੇ ਬਿਆਨੇ ਗਏ ਹਨ। ਫ਼ਿਰੋਜ਼ਪੁਰ ਵਾਸੀ ਸੁਨੀਲ ਕਟਾਰੀਆ ਦੀ ਇਸ ਫ਼ਿਲਮ ਦੀ ਖਾਸੀਅਤ ਇਹ ਵੀ ਹੈ ਕਿ ਇਹ ਮੂਕ ਫ਼ਿਲਮ ਹੈ। ਇਸ ਵਿੱਚ ਨਾ ਕੋਈ ਸੰਵਾਦ ਹਨ ਤੇ ਨਾ ਹੀ ਸੰਗੀਤ। ਸ੍ਰੀ ਕਟਾਰੀਆ ਦੀ ਇਸ ਪਲੇਠੀ ਲਘੂ ਫ਼ਿਲਮ ਨੂੰ ਫਰਵਰੀ ਵਿੱਚ ਜਲੰਧਰ ‘ਚ ਹੋਏ ‘ਪੰਜਾਬੀ ਸਿਨੇਮਾ ਗੋਲਡਨ ਔਨਰਜ਼’ ਵਿੱਚ ਵੀ ਸਕਰੀਨਿੰਗ ਲਈ ਚੁਣਿਆ ਜਾ ਗਿਆ। ਫ਼ਿਲਮ ਦੀ ਕਹਾਣੀ ਬਲਵਿੰਦਰ ਸਿੰਘ ਨੇ ਲਿਖੀ ਹੈ। ਇਸ ਵਿੱਚ ਨੇਹਾ ਸ਼ਰਮਾ ਤੇ ਰਾਮੀਸ਼ ਨਕਵੀ ਦੀ ਅਦਾਕਾਰੀ ਹੈ। ਸ੍ਰੀ ਕਟਾਰੀਆ ਦਾ ਕਹਿਣਾ ਹੈ ਕਿ ਕੌਮਾਂਤਰੀ ਫ਼ਿਲਮ ਮੇਲੇ ਲਈ ਪੰਜਾਬ ਤੋਂ ਇਸ ਲਘੂ ਫ਼ਿਲਮ ਦੀ ਚੋਣ ਹੋਣਾ ਪੰਜਾਬ ਤੇ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਇਹ ਫ਼ਿਲਮ ਦਰਸ਼ਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਮਜਬੂਰ ਕਰਦੀ ਹੈ।
ਮੀਡੀਆ ਵਿੱਚ ਲੰਮੇ ਸਮੇਂ ਤੋਂ ਸਰਗਰਮ ਸੁਨੀਲ ਕਟਾਰੀਆ ਮੌਜੂਦਾ ਸਮੇਂ ਵਿੱਚ ਇੱਕ ਨੈਸ਼ਨਲ ਟੀਵੀ ਚੈਨਲ ਸਮੂਹ ਨਾਲ ਬਤੌਰ ਟੀਵੀ ਪ੍ਰੋਡਿਊਸਰ ਤੇ ਐਂਕਰ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੂਰਦਰਸ਼ਨ ਜਲੰਧਰ ਤੇ ਆਲ ਇੰਡੀਆ ਰੇਡਿਓ ਪਟਿਆਲਾ ਲਈ ਵੀ ਕੰਮ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਉਹ ਪੰਜਾਬੀ ਫ਼ਿਲਮਾਂ ’ਤੇ ਪੀ ਐਚਡੀ ਵੀ ਕਰ ਰਹੇ ਹਨ।
ਸੰਕਾਰਾ ਆਈ ਫਾਊਂਡੇਸ਼ਨ ਵਲੋਂ ਸੋਨੂੰ ਨਿਗਮ ਦੇ ਸੰਗੀਤਕ ਪ੍ਰੋਗਰਾਮ 25 ਮਈ ਤੋਂ
ਸੈਨਹੋਜੇ/ਬਿਊਰੋ ਨਿਊਜ਼:
ਸੰਕਾਰਾ ਆਈ ਫਾਊਂਡੇਸ਼ਨ ਵਲੋਂ ਭਾਰਤੀ ਫਿਲਮੀ ਸੰਗੀਤ ਦੇ ਸਿਤਾਰੇ ਸੋਨੂੰ ਨਿਗਮ ਦੇ ਤਿੰਨ ਸੰਗੀਤਕ ਪ੍ਰੋਗਰਾਮ ਸੈਨਹੋਜੇ, ਸਿਆਟਲ ਅਤੇ ਲਾਸ ਏਂਜਲਸ ਵਿਖੇ ਕਰਵਾਏ ਜਾ ਰਹੇ ਹਨ। ਫਾਊਂਡੇਸ਼ਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪ੍ਰੋਗਰਾਮ 25 ਮਈ ਐਤਵਾਰ ਨੂੰ ਸੈਨਹੋਜੇ, 30 ਮਈ ਸ਼ੁੱਕਰਵਾਰ ਨੂੰ ਸਿਆਟਲ ਅਤੇ 31 ਮਈ ਸ਼ਨਿਚਰਵਾਰ ਨੂੰ ਲਾਸ ਏਂਜਲਸ ਵਿਖੇ ਹੋਣਗੇ। 30 ਜੁਲਾਈ 1973 ਨੂੰ ਭਾਰਤ ਵਿਚ ਹਰਿਆਣੇ ਦੇ ਸਨਅਤੀ ਸ਼ਹਿਰ ਫਰੀਦਾਬਾਦ ਵਿਚ ਜਨਮੇ ਸੋਨੂੰ ਨਿਗਮ ਇਕ ਅਦਾਕਾਰ, ਕਾਮੇਡੀਅਨ ਅਤੇ ਇਕ ਗਾਇਕ ਤੇ ਸੰਗੀਤਕਾਰ ਵਜੋਂ ਉਭਰੇ। ਉਹ ਪਹਿਲਾਂ 2012 ‘ਕਲੋਜ਼ ਟੂ ਮਾਈ ਹਾਰਟ’ ਨਾਂ ਦੇ ਸੰਗੀਤਕ ਪ੍ਰੋਗਰਾਮ ਲੈ ਕੇ ਆਏ ਸਨ। ਇਸ ਵਾਰ ਉਨ੍ਹਾਂ ਦੀਆਂ ਸੰਗੀਤਕ ਮਹਿਫ਼ਲਾਂ ਦਾ ਨਾਂ ‘ਕਲੋਜ਼ ਟੂ ਮਾਈ ਸੋਲ’ ਰੱਖਿਆ ਗਿਆ ਹੈ।
ਗ਼ਦਰ ਪਾਰਟੀ ਦਾ ਪੂਰਨ ਗੁਰਸਿੱਖ ਜਨਰਲ ਸਕੱਤਰ ਭਾਈ ਸੰਤੋਖ ਸਿੰਘ
19 ਮਈ ਬਰਸੀ ਤੇ ਵਿਸ਼ੇਸ਼
ਰਾਜਵਿੰਦਰ ਸਿੰਘ ਰਾਹੀ (98157-51332)
ਗ਼ਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਜੀਵਨ ਖਾਕੇ ਤੋਂ ਇਹ ਬਾਖੂਬੀ ਪਤਾ ਲੱਗ ਜਾਂਦਾ ਹੈ ਕਿ ਗ਼ਦਰ ਪਾਰਟੀ ਦਾ ਖਾਕਾ (Nature) ਅਤੇ ਚਲਣ (3haracter) ਕਿਹੋ ਜਿਹਾ ਸੀ ਅਤੇ ਗ਼ਦਰੀ ਬਾਬਿਆਂ ਦੇ ਸ਼ਖਸੀ ਕਿਰਦਾਰ ਕਿਹੋ ਜਿਹੇ ਸਨ। ਸਿੱਖ ਰਾਜਨੀਤੀ ਦੇ ਗੂੜ੍ਹ ਵਿਸ਼ਲੇਸ਼ਕ ਸ. ਅਜਮੇਰ ਸਿੰਘ ਅਤੇ ਮੇਰੇ ਵਲੋਂ ਗ਼ਦਰ ਲਹਿਰ ਦੇ ਸਿੱਖ ਖਾਸੇ ਬਾਰੇ ਢੇਰ ਸਾਰੇ ਤੱਥ ਅਤੇ ਸੱਚ ਸਾਹਮਣੇ ਲਿਆਉਣ ਦੇ ਬਾਵਜੂਦ ਵੀ ਖੱਬੇ ਪੱਖੀ ਕਾਮਰੇਡਾਂ ਵਲੋਂ ਅਜੇ ਵੀ ਜਿੱਦੀ ਅਤੇ ਖੋਰੀ ਢੰਗ ਨਾਲ ਇਹੋ ਰਾਗ ਅਲਾਪਿਆ ਜਾ ਰਿਹਾ ਹੈ ਕਿ ਗ਼ਦਰੀ ਬਾਬੇ ਧਰਮ ਨਿਰਪੱਖ (Secular) ਸਨ, ਗ਼ਦਰੀ ਬਾਬੇ ਰਾਸ਼ਟਰਵਾਦੀ (Nationalist) ਸਨ, ਉਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ ਆਦਿ, ਆਦਿ।
ਅਸੀਂ ਇਹ ਗੱਲ ਆਖਦੇ ਹਾਂ ਕਿ ਗ਼ਦਰ ਲਹਿਰ ਵਿਚ 90 ਫੀਸਦੀ ਤੋਂ ਵੱਧ ਸਿੱਖ ਸਨ ਜੋ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਨਾਲ ਅਟੁੱਟਰੂਪ ਵਿਚ ਜੁੜੇ ਹੋਏ ਸਨ। ਗ਼ਦਰ ਲਹਿਰ ਵਿਚ ਉਹ ਕਿਸੇ ਦੇ ਚੱਕੇ ਚਕਾਏ ਜਾਂ ਕਿਸੇ ਓਪਰੀ ਵਿਚਾਰਧਾਰਾ ਤੋਂ ਪ੍ਰੇਰਤ ਹੋ ਕੇ ਨਹੀਂ ਆਏ ਸੀ, ਜ਼ਬਰ ਜ਼ੁਲਮ ਵੁਰਧ ਲੜਨ ਦੀ ਪ੍ਰੇਰਨਾ ਉਨ੍ਹਾਂ ਨੇ ਆਪਣੇ ਧਰਮ ਅਤੇ ਵਿਰਸੇ ਕੋਲੋਂ ਪ੍ਰਾਪਤ ਕੀਤੀ ਸੀ, ਇਨ੍ਹਾਂ ਗ਼ਦਰੀ ਬਾਬਿਆਂ ਦਾ ਪ੍ਰਵਾਰਕ ਮਾਹੌਲ ਪੂਰੀ ਤਰ੍ਹਾਂ ਸਿੱਖੀ ਰੰਗ ਵਿਚ ਰੰਗਿਆ ਹੋਇਆ ਸੀ ਜਿਥੇ ਉਨ੍ਹਾਂ ਨੇ ਧਾਰਮਿਕ ਸੰਸਕਾਰ ਪ੍ਰਾਪਤ ਕੀਤੇ ਸਨ।
ਗ਼ਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਦਾ ਪ੍ਰਵਾਰਕ ਮਾਹੌਲ ਕਿਹੋ ਜਿਹਾ ਸੀ, ਉਸ ਦਾ ਉਸ ‘ਤੇ ਕਿਹੋ ਜਿਹਾ ਪ੍ਰਭਾਵ ਪਿਆ, ਇਕ ਗ਼ਦਰੀ ਬਾਬੇ ਦੀ ਲਿਖਤ ਤੋਂ ਇਹ ਸਭ ਸਪੱਸ਼ਟ ਹੋ ਜਾਵੇਗਾ ਕਿ ਭਾਈ ਸਾਹਿਬ ਨੂੰ ਵਿਰਸੇ ਵਿਚ ਕਿਹੋ ਜਿਹੇ ਸੰਸਕਾਰ ਮਿਲੇ ਸਨ। ਜਿਨ੍ਹਾਂ ਨੇ ਇਹੋ ਜਿਹੇ ਮਹਾਨ ਮਨੁੱਖ ਨੂੰ ਪੈਦਾ ਕੀਤਾ ਸੀ।
ਕੁਦਰਤੀ ਨਿਯਮਾਂ ਅਨੁਸਾਰ ਆਦਮੀ ਦੀ ਪੈਦਾਇਸ਼, ਰਿਹਾਇਸ਼ ਅਤੇ ਸ਼ੁਹਬਤ ਦਾ ਉਸ ਦੀ ਜ਼ਿੰਦਗੀ ਪਰ ਬਹੁਤ ਕੁਝ ਅਸਰ ਹੁੰਦਾ ਹੈ ਅਤੇ ਅਜਿਹੇ ਕੁਦਰਤੀ ਨਿਯਮ ਦਾ ਕਾਰਨ ਸੀ ਕਿ ਆਪ ਨੂੰ ਪ੍ਰਦੇਸੀ ਮੁਆਮਲਿਆਂ ਦੀ ਡੂੰਘੀ ਵਾਕਫੀਅਤ ਸੀ ਅਤੇ ਆਪ ਸ਼ਾਂਤ ਸੁਭਾਓ ਸਨ, ਕਿਉਂਕਿ ਆਪ ਜੀ ਦੀ ਪੈਦਾਇਸ਼ ਇਕ ਵੱਡੇ ਗੁਰਮੁਖ ਸਿੰਘ ਦੇ ਘਰ ਅਤੇ ਹਿੰਦੁਸਤਾਨ ਤੋਂ ਬਾਹਰ ਇਕ ਦੂਸਰੇ ਮੁਲਕ ਵਿਚ ਹੋਈ ਸੀ। ਗੁਲਾਮ ਹਿੰਦੁਸਤਾਨ ਤੋਂ ਬਾਹਰ ਪੈਦਾ ਹੋਣ ਕਰਕੇ ਆਪ ਜੀ ਨੂੰ ਜੰਮਣ ਗੁੜ੍ਹਤੀ ਹੀ ਆਜ਼ਾਦੀ ਦੇਵੀ ਦੀ ਮਿਲ ਚੁੱਕੀ ਸੀ, ਜਿਸ ਕਰਕੇ ਆਪ ਅੰਤਲੇ ਸਵਾਸਾਂ ਤੱਕ ਵੀ ਇਸ ਆਜ਼ਾਦੀ ਦੇਵੀ ਦਾ ਸਿਮਰਨ ਕਰਦੇ ਰਹੇ ਅਤੇ ਇਕ ਪਲ ਵੀ ਆਪ ਦੀ ਖਿਆਲ ਦੁਨਿਆਵੀ ਵਸਤੂਆਂ ਵੱਲ ਨਾ ਗਿਆ। ਆਪ ਦਾ ਜਨਮ ਸਿੰਗਪੁਰ ਟਾਪੂ ਵਿਚ ਗੁਰਮੁਖ ਫੌਜੀ ਸਿੰਘ ਭਾਈ ਜਵਾਲਾ ਸਿੰਘ ਦੇ ਘਰ ਤਕਰੀਬਨ ਸੰਨ 1893 ਵਿਚ ਹੋਇਆ ਸੀ। ਆਪ ਜੀ ਦੇ ਪਿਤਾ ਭਾਈ ਜਵਾਲਾ ਸਿੰਘ ਜੀ ਉਨ੍ਹਾਂ ਦਿਨਾਂ ਵਿਚ ਆਪ ਵੀ ਫੌਜ ਦੇ ਜਰਨੈਲ ਦੇ ਅਰਦਲੀ ਸਨ ਅਤੇ ਉਸ ਫੌਜ ਵਿਚ ਆਪ ਜੀ ਦਾ ਕਾਫ਼ੀ ਰਸੂਖ ਸੀ, ਇਸ ਤੋਂ ਬਿਨਾਂ ਆਪ ਬਾਣੀ ਦੇ ਬੜੇ ਪ੍ਰੇਮੀ ਸਨ ਅਤੇ ਪੂਰਨ ਗੁਰਸਿੱਖ ਸਨ। ਆਪ ਤਕਰੀਬਨ ਹਰ ਸਾਲ ਗੁਰਬਾਣੀ ਦਾ ਪਾਠ ਕਰਾਇਆ ਕਰਦੇ ਸਨ ਅਤੇ ਬੜੇ ਭਜਨੀਕ ਸਨ। ਇਸ ਦਾ ਅਸਰ ਭਾਈ ਸਾਹਿਬ ਜੀ ਹੋਰਾਂ ਪਰ ਹੋਇਆ ਕਿ ਆਪ ਆਪਣੀ ਜ਼ਿੰਦਗੀ ਵਿਚ ਸਾਰੇ ਸੰਸਾਰ ਦੀ ਯਾਤਰਾ ਕਰਦੇ ਹੋਏ ਅਤੇ ਆਪਣੇ ਜੀਵਨ ਦਾ ਬਹੁਤ ਸਾਰਾ ਹਿੱਸਾ ਪ੍ਰਦੇਸਾਂ ਵਿਚ ਗੁਜ਼ਾਰਦੇ ਹੋਏ ਜਿਥੇ ਕਿ ਸਿੱਖੀ ਦਾ ਅੰਸ਼ ਭੀ ਨਹੀਂ ਹੈ, ਸਿੱਖੀ ਧਰਮ ਤੋਂ ਨਹੀਂ ਡੋਲੇ ਅਤੇ ਵਾਹ ਲਗਦੀ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੋਟੀ ਬੀੜ ਆਪਣੇ ਪਾਸ ਰੱਖਦੇ ਰਹੇ ਜੋ ਕਿ ਇਸ ਵੇਲੇ ਵੀ ਆਪ ਜੀ ਦੇ ਘਰ ਮੌਜੂਦ ਹੈ। (ਕਿਰਤੀ ਜੂਨ 1927)
1903 ਵਿਚ ਭਾਈ ਸੰਤੋਖ ਸਿੰਘ ਦੇ ਪਿਤਾ ਸ. ਜਵਾਲਾ ਸਿੰਘ ਸਿੰਘਾਪੁਰ ਤੋਂ ਪੈਨਸ਼ਨ ਲੈ ਕੇ ਆਪਣੇ ਪਿੰਡ ਧਰਦਿਓ (ਨੇੜੇ ਬਾਬਾ ਬਕਾਲਾ, ਜ਼ਿਲ੍ਹਾ ਗੁਰਦਾਸਪੁਰ) ਵਿਚ ਆ ਗਏ। ਭਾਈ ਸੰਤੋਖ ਸਿੰਘ ਨੇ ਨੇੜਲੇ ਕਸਬੇ ਮਹਿਤੇ ਤੋਂ ਪ੍ਰਾਇਮਰੀ ਪਾਸ ਕਰਕੇ ਅਗਲੀ ਪੜ੍ਹਾਈ ਲਈ ਸ੍ਰੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਦਾਖ਼ਲਾ ਲੈ ਲਿਆ। ਜਿਥੋਂ 1908 ਵਿਚ ਮੈਟ੍ਰਿਕ ਅਤੇ 1910 ਵਿਚ ਪੰਜਾਬ ਯੂਨੀਵਰਸਿਟੀ ਤੋਂ ਐਫ਼.ਏ. ਪਾਸ ਕੀਤੀ। ਘਰਦਿਆਂ ਨੇ ਭਾਈ ਸਾਹਿਬ ਦਾ ਵਿਆਹ ਛੋਟੀ ਉਮਰ ਵਿਚ ਹੀ 1909 ਵਿਚ ਸ਼ਾਹਪੁਰ (ਸ੍ਰੀ ਅੰਮ੍ਰਿਤਸਰ) ਨਿਵਾਸੀ ਬੀਬੀ ਕੇਸਰ ਕੌਰ ਨਾਲ ਕਰ ਦਿੱਤਾ ਸੀ। 1910 ਵਿਚ ਭਾਈ ਸਾਹਿਬ ਦੇ ਘਰ ਬੇਟੇ ਨੇ ਜਨਮ ਲਿਆ ਜਿਸ ਦਾ ਨਾਂ ਤਾਰਾ ਸਿੰਘ ਰੱਖਿਆ ਗਿਆ।
1911 ਵਿਚ ਭਾਈ ਸੰਤੋਖ ਸਿੰਘ ਉਚੇਰੀ ਵਿਦਿਆ ਲਈ ਕੈਨੇਡਾ ਪਹੁੰਚ ਗਏ। 1911 ਵਿਚ ਹੀ ਅਮਰੀਕਾ ਦੀ ਸਿੱਖ ਸੰਗਤ ਵਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਦਾ ਉਪਰਾਲਾ ਕੀਤਾ ਗਿਆ। ਜਿਸ ਵਿਚ ਕੈਨੇਡਾ ਦੀ ਸੰਗਤ ਨੇ ਵੀ ਹੁੰਮ ਹੁਮਾ ਕੇ ਭਾਗ ਲਿਆ ਜਿਸ ਵਿਚ ਭਾਈ ਸੰਤੋਖ ਸਿੰਘ ਜੀ ਸਨ।
ਅਮਰੀਕਾ ਵਿਚ ਇਹ ਦਿਹਾੜਾ ਸਟਾਕਟਨ ਦੇ ਨੇੜੇ ਸੰਤ ਬਾਬਾ ਵਸਾਖਾ ਸਿੰਘ ਅਤੇ ਬਾਬਾ ਜਵਾਲਾ ਸਿੰਘ ਵਲੋਂ ਚਲਾਏ ਜਾਂਦੇ ਹੋਲਟ ਫਾਰਮ ਉਪਰ ਬੜੀ ਧੂਮ ਧਾਮ ਨਾਲ ਮਨਾਇਆ, ਜਿਥੇ ਸਟਾਕਟਨ ਵਿਚ ਗੁਰੂਘਰ ਉਸਾਰਨ ਦਾ ਗੁਰਮਤਾ ਪਾਸ ਕੀਤਾ ਗਿਆ। ਸਿੱਖ ਸੰਗਤ ਵਲੋਂ ਇਹ ਗੁਰੂ 1913 ਵਿਚ ਤਿਆਰ ਕੀਤਾ ਗਿਆ। ਇਸ ਦੀ ਉਸਾਰੀ ਵਿਚ ਭਾਈ ਸੰਤੋਖ ਸਿੰਘ ਨੇ ਵਿਤੋਂ ਵੱਧ ਸੇਵਾ ਕੀਤੀ। ਹੋਲਟ ਫਾਰਮ ਤੇ ਭਾਈ ਸੰਤੋਖ ਸਿੰਘ ਦਾ ਮੇਲ ਸੰਤ ਬਾਬਾ ਵਸਾਖਾ ਸਿੰਘ ਅਤੇ ਜਵਾਲਾ ਸਿੰਘ ਨਾਲ ਐਸਾ ਹੋਇਆ ਕਿ ਉਹ ਉਨ੍ਹਾਂ ਦਾ ਹੀ ਬਣ ਕੇ ਰਹਿ ਗਿਆ। ਇਹ ਇਕ ਅਨੋਖਾ ਮੇਲ ਸੀ। ਸੰਤ ਬਾਬਾ ਵਸਾਖਾ ਸਿੰਘ ਅਤੇ ਜਵਾਲਾ ਸਿੰਘ ਭਾਈ ਸੰਤੋਖ ਸਿੰਘ ਦੇ ਬਾਪ ਦੀ ਉਮਰ ਦੇ ਸਨ ਅਤੇ ਭਾਈ ਸੰਤੋਖ ਸਿੰਘ ਦੀ ਉਮਰ ਮਹਿਜ ਅਠਾਰਾਂ ਸਾਲਾਂ ਦੀ ਸੀ। ਜੋ ਖੇਡਣ ਮੱਲ੍ਹਣ ਤੇ ਖਰਮਸਤੀਆਂ ਕਰਨ ਦੀ ਉਮਰ ਗਿਣੀ ਜਾਂਦੀ ਹੈ। ਪਰ ਬਾਬਾ ਬੁੱਢਾ ਜੀ ਵਾਂਗ ਭਾਈ ਸੰਤੋਖ ਸਿੰਘ ਛੋਟੀ ਉਮਰ ਤੋਂ ਹੀ ਬੇਹੱਦ ਗੰਭੀਰ ਅਤੇ ਨਾਮਰੱਤੀ ਸ਼ਖਸੀਅਤ ਬਣ ਚੁੱਕੇ ਸਨ। ਇਨ੍ਹਾਂ ਤਿੰਨਾਂ ਸ਼ਖਸੀਅਤਾਂ ਦਾ ਮੇਲ ਰੂਹਾਨੀ ਮੇਲ ਸੀ। ਗੁਰਬਾਣੀ ਅਨੁਸਾਰ :
ਸਿਖ ਹੰਸ ਸਰਵਰਿ ਇਕਠੇ ਹੋਏ
ਸਤਿਗੁਰ ਕੈ ਹੁਕਮਾਵੈ।
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ,
ਖਾਇ ਖਰਚ ਰਹੇ ਤੋਟਿ ਨਾ ਆਵੈ।
1912 ਵਿਚ ਇਨ੍ਹਾਂ ਤਿੰਨਾਂ ਗੁਰਮੁਖਾਂ ਦੀ ਪਹਿਲ ਕਦਮੀ ਤੇ ਇਕ ਸਭਾ ਬਣਾਈ ਗਈ ਜਿਸ ਦਾ ਮਕਸਦ ਭਾਰਤ ਨੂੰ ਅੰਗਰੇਜ਼ ਬਸਤੀਵਾਦੀਆਂ ਤੋਂ ਮੁਕਤ ਕਰਾਉਣਾ ਮਿਥਿਆ ਗਿਆ। ਸੰਤ ਬਾਬਾ ਵਸਾਖਾ ਸਿੰਘ, ਬਾਬਾ ਜਵਾਲਾ ਸਿੰਘ ਅਤੇ ਭਾਈ ਸੰਤੋਖ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਖੜ੍ਹ ਕੇ ਆਪਣੇ ਜੀਵਨ ਲੋਕ ਸੇਵਾ ਲਈ ਅਰਪਣ ਕਰਨ ਦੇ ਪ੍ਰਣ ਕੀਤੇ ਗਏ ਜੋ ਇਨ੍ਹਾਂ ਵਲੋਂ ਅਖ਼ੀਰਲੇ ਦਮ ਤੱਕ ਨਿਭਾਇਆ ਗਿਆ।
ਅਪ੍ਰੈਨ 1913 ਵਿਚ ਗ਼ਦਰ ਪਾਰਟੀ ਦਾ ਗਠਨ ਹੋਇਆ ਤਾਂ ਇਹ ਤਿੰਨੇ ਗੁਰਮੁਖ ਉਸ ਵਿਚ ਸ਼ਾਮਲ ਹੋ ਗਏ। ਮਾਰਚ 1914 ਵਿਚ ਲਾਲਾ ਹਰਦਿਆਲ ਗ਼ਦਰ ਪਾਰਟੀ ਨੂੰ ਅੱਧਵਾਟੇ ਛੱਡ ਕੇ ਦੌੜ ਗਿਆ ਤਾਂ ਜਨਰਲ ਸਕੱਤਰ ਦੀ ਭਾਰੀ ਜ਼ਿੰਮੇਵਾਰੀ ਭਾਈ ਸੰਤੋਖ ਸਿੰਘ ਦੇ ਸਿਰ ਆ ਪਈ। ਉਸ ਵਕਤ ਭਾਈ ਸਾਹਿਬ ਦੀ ਉਮਰ ਸਿਰਫ਼ ਇੱਕੀ ਸਾਲ ਸੀ। ਅਗਸਤ 1914 ਵਿਚ ਪਹਿਲੀ ਸੰਸਾਰ ਜੰਗ ਲੱਗ ਗਈ ਤਾਂ ਪਾਰਟੀ ਮੂਹਰੇ ਇਹ ਅਹਿਮ ਸੁਆਲ ਆ ਖੜ੍ਹਾ ਹੋਇਆ ਕਿ ਹੁਣ ਅੰਗਰੇਜ਼ ਸਾਮਰਾਜ ਹਰ ਮੋਰਚੇ ਤੇ ਕਸੂਤਾ ਫਸ ਗਿਆ ਹੈ, ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣ ਲਈ ਕੁਝ ਕੀਤਾ ਜਾਵੇ ਜਾਂ ਹੱਥ ਤੇ ਹੱਥ ਧਰ ਕੇ ਬੈਠਿਆ ਜਾਵੇ?
ਫੈਸਲੇ ਦੀ ਇਹ ਨਿਰਣਾਇਕ ਘੜੀ ਭਾਈ ਸੰਤੋਖ ਸਿੰਘ ਸਾਹਮਣੇ ਬਤੌਰ ਇਕ ਇਨਕਲਾਬੀ ਆਗੂ ਉਸ ਦਾ ਪਹਿਲਾ ਅਤੇ ਵੱਡਾ ਇਮਤਿਹਾਨ ਸੀ। ਨਿੱਜੀ ਹੈਸੀਅਤ ਵਿਚ ਇਹ ਉਸ ਦੇ ਇਰਾਦੇ ਦੀ ਪਕਿਆਈ, ਕੁਰਬਾਨੀ, ਜਜ਼ਬੇ ਅਤੇ ਜਿਗਰੇ ਦੀ ਅਗਨ ਪ੍ਰੀਖਿਆ ਸੀ। ਆਗੂ ਹੋਣ ਦੀ ਹੈਸੀਅਤ ਵਿਚ ਉਸ ਦੇ ਸਾਹਮਣੇ ਜਥੇਬੰਦੀ ਨੂੰ ਪੇਸ਼ ਹਾਲਾਤ ਦੇ ਅਨੁਕੂਲ ਯੋਗ ਰਹਿਨੁਮਾਈ ਦੇਣ, ਅਰਥਾਤ ਮਾਨਸਿਕ ਠਰ੍ਹੰਮਾ ਕਾਇਮ ਰੱਖਦੇ ਹੋਏ ਬਾਹਰਮੁਖੀ ਹਕੀਕਤ ਤੇ ਸੰਭਾਵਨਾਵਾਂ ਦਾ ਸਹੀ ਨਾਪ ਲੈ ਕੇ ਢੁਕਵੀਂ ਰਣਨੀਤੀ ਤੇ ਪੈਂਤੜੇਬਾਜ਼ੀ ਅਪਨਾਉਣ ਦਾ ਸਵਾਲ ਖੜ੍ਹਾ ਹੋ ਗਿਆ ਸੀ ਇਸ ਪਰਖ ‘ਤੇ ਪੂਰਾ ਉਤਰ ਕੇ ਹੀ ਭਾਈ ਸੰਤੋਖ ਸਿੰਘ ਪਾਰਟੀ ਅੰਦਰ ਆਪਣੀ ਇਨਕਲਾਬੀ ਅਥਾਰਟੀ ਪੱਕੇ ਪੈਰੀਂ ਕਰ ਸਕਦਾ ਸੀ ਅਤੇ ਉਹ ਇਸ ਪਰਖ ਦੀ ਘੜੀ ਵਿਚ ਪੂਰਾ ਉਤਰਿਆ।
ਗ਼ਦਰ ਪਾਰਟੀ ਵਲੋਂ ਇਸ ਇਤਿਹਾਸਕ ਮੌਕਾ ਮੇਲ (conjucture) ਦਾ ਫਾਇਦਾ ਉਠਾਉਣ ਲਈ ਪੰਜਾਬ ਵੱਲ ਵਹੀਰਾਂ ਘੱਤੀਆਂ ਗਈਆਂ ਤੇ ਉਥੇ ਫੌਜਾਂ ਦੀ ਮਦਦ ਨਾਲ ਗ਼ਦਰ ਕਰਨ ਦਾ ਯਤਨ ਕੀਤਾ ਗਿਆ। ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਪਾਰਟੀ ਸਫ਼ਲਤਾ ਦੇ ਐਨ ਨੇੜੇ ਪਹੁੰਚ ਕੇ ਅਸਫ਼ਲਤਾ ਦੇ ਖੂਹ ਵਿਚ ਜਾ ਡਿੱਗੀ। ਭਾਈ ਸੰਤੋਖ ਸਿੰਘ ਨੇ ਖੁਦ ਸਿੰਘਾਪੁਰ, ਮਿਆਂਮਾਰ ਬਰਮਾ ਆਦਿ ਦੇ ਪੂਰਬੀ ਫਰੰਟਾਂ ਤੇ ਜਾ ਕੇ ਪਾਰਟੀ ਦੀ ਅਗਵਾਈ ਸੰਭਾਲੀ ਪਰ ਇਥੇ ਵੀ ਸਫ਼ਲਤਾ ਨਾ ਮਿਲ ਸਕੀ, ਕਿਸੇ ਤਰ੍ਹਾਂ ਭਾਈ ਸਾਹਿਬ ਅਮਰੀਕਾ ਵਾਪਸ ਆ ਗਏ। ਇਥੇ ਅਮਰੀਕਾ ਵਿਚ, ਅਮਰੀਕਾ ਸਰਕਾਰ ਨੇ ਬਰਤਾਨੀਆ ਦੇ ਦਬਾਓ ਹੇਠ ਆ ਕੇ ਗ਼ਦਰੀਆਂ ਤੇ ਸਾਨਫਰਾਂਸਿਸਕੋ ਸਾਜਿਸ਼ ਕੇਸ ਹੋਰ ਮੁਕੱਦਮਾ ਚਲਾਇਆ ਜਿਸ ਵਿਚ ਬਹੁਤ ਸਾਰੇ ਗ਼ਦਰੀਆਂ ਨੂੰ ਸਜ਼ਾਵਾਂ ਹੋਈਆਂ। ਭਾਈ ਸੰਤੋਖ ਸਿੰਘ ਨੇ ਇੱਕੀ ਮਹੀਨੇ ਦੀ ਕੈਦ ਮੈਕਨੀਲ ਟਾਪੂ ਤੇ ਕੱਟੀ। ਜੇਲ੍ਹ ਵਿਚ ਹੀ ਭਾਈ ਸਾਹਿਬ ਨੇ ਮਾਰਸਕਵਾਦੀ ਸਾਹਿਤ ਦੀ ਅਧਿਐਨ ਕੀਤਾ। ਉਹ ਰੂਸੀ ਇਨਕਲਾਬ ਅਤੇ ਉਸ ਦੇ ਸਾਝੀਵਾਲਤਾ ਦੇ ਵਿਚਾਰ ਤੋਂ ਬਹੁਤ ਪ੍ਰਭਾਵਤ ਸੀ।
1922 ਵਿਚ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਨੂੰ ਰੂਸ ਜਾ ਕੇ ਚੌਥੀ ਕਮਿਊਨਿਸਟ ਇੰਟਰਨੈਸ਼ਨਲ ਕਾਨਫਰੰਸ ਵਿਚ ਭਾਗ ਲੈਣ ਦਾ ਸੱਦਾ ਪੱਤਰ ਮਿਲਿਆ। ਪਰ ਉਨ੍ਹਾਂ ਲਈ ਦਾਹੜੀ ਕੇਸ ਕਟਵਾਉਣ ਦੀ ਸ਼ਰਤ ਰੱਖ ਦਿੱਤੀ ਗਈ। ਕਿਉਂਕਿ ਥਾਂ ਥਾਂ ਬਰਤਾਨਵੀ ਜਾਸੂਸਾਂ ਦਾ ਜਾਲ ਵਿਛਿਆ ਹੋਇਆ ਸੀ ਅਤੇ ਉਨ੍ਹਾਂ ਦੇ ਸੌਖਿਆਂ ਹੀ ਫੜੇ ਜਾਣ ਦਾ ਖਤਰਾ ਸੀ। ਪਰ ਭਾਈ ਸੰਤੋਖ ਸਿੰਘ ਹੋਰਾਂ ਨੇ ਦਾਹੜੀ ਕੇਸ ਕਟਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਅਖ਼ੀਰ ਉਹ ਆਪਣੇ ਸਿੱਖੀ ਸਰੂਪ ਸਮੇਤ ਹੀ ਜਾਨ ਗਵਾਉਣ ਦਾ ਖਤਰਾ ਮੁੱਲ ਲੈ ਕੇ ਰੂਸ ਪਹੁੰਚ ਗਏ। ਰੂਸ ਵਿਚ ਉਹ ਲੈਨਿਲ ਨੂੰ ਮਿਲੇ, ਚੌਥੀ ਇੰਟਰਨੈਸ਼ਨਲ ਕਾਨਫਰੰਸ ਵਿਚ ਭਾਗ ਲਿਆ ਅਤੇ ਸਾਂਝੀਵਾਲਤਾ ਦੇ ਸਿਸਟਮ ਨੂੰ ਅੱਖਾਂ ਨਾਲ ਤੱਕਿਆ। ਇਥੋਂ ਪ੍ਰੇਰਨਾ ਪ੍ਰਾਪਤ ਕਰਕੇ ਉਨ੍ਹਾਂ ਨੇ ਪੰਜਾਬ ਵੱਲ ਮੂੰਹ ਕੀਤਾ। ਪਤਾ ਨਹੀਂ ਭਾਈ ਸੰਤੋਖ ਸਿੰਘ ਹੋਰਾਂ ਦੇ ਅੰਦਰ ਕਿਹੋ ਜਿਹੀ ਅੱਗ ਬਲਦੀ ਹੋਵੇਗੀ, ਜਿਹੜੇ ਉਹ ਮੌਤ ਦੀ ਵੀ ਪ੍ਰਵਾਹ ਨਹੀਂ ਕਰਦੇ ਸਨ। ਪਹਿਲੀ ਗੱਲ ਤਾਂ ਅਫ਼ਗਾਨਿਯਤਾਨ ਦੇ ਰਸਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਝਾਗ ਕੇ ਪੰਜਾਬ ਪਹੁੰਚਣਾ ਹੀ ਨਾਮੁਮਕਿਨ ਸੀ। ਜੇਕਰ ਪੰਜਾਬ ਪਹੁੰਚ ਵੀ ਜਾਂਦੇ ਤਾਂ ਗ੍ਰਿਫ਼ਤਾਰ ਹੋਣ ਉਪਰੰਤ ਅੰਰਗੇਜ਼ਾਂ ਨੇ ਉਨ੍ਹਾਂ ਨੂੰ ਜ਼ਰੂਰ ਫਾਹੇ ਟੰਗ ਦੇਣਾ ਸੀ। ਇਸ ਤੋਂ ਪਹਿਲਾਂ ਉਸ ਦੇ ਸਾਥੀਆਂ ਨਾਲ ਇਹੋ ਹੋਣੀ ਵਰਤ ਚੁੱਕੀ ਸੀ। ਪਰ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਅਫ਼ਗਾਨਿਸਤਾਨ ਪਹੁੰਚ ਗਏ ਉਥੇ 1913 ਵਿਚ ਪੰਜਾਬ ਵੱਲ ਆਉਂਦਿਆਂ ਭਾਈ ਰਤਨ ਸਿੰਘ ਤਾਂ ਬਚ ਗਿਆ ਪਰ ਭਾਈ ਸੰਤੋਖ ਸਿੰਘ ਨੂੰ ਅੰਗਰੇਜ਼ ਸਿਪਾਹੀਆਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਲਿਆ ਕੇ ਕੇਸ ਕੱਟਣ ਲਈ ਉਸ ਉਪਰ ਅੰਨਾ ਤਸ਼ੱਦਦ ਕੀਤਾ ਗਿਆ। ਉਸ ਵਕਤ ਅਕਾਲੀ ਲਹਿਰ ਜ਼ੋਰਾਂ ਤੇ ਹੋਣ ਕਰਕੇ ਅੰਰਗੇਜ਼ ਉਸ ਨੂੰ ਜਾਨੋਂ ਤਾਂ ਨਾ ਮਾਰ ਸਕੇ ਪਰ ਛੋਟਾ ਮੋਟਾ ਕੇਸ ਪਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਜਿਥੋਂ ਭਾਈ ਸਾਹਿਬ ਦੀ ਜ਼ਮਾਨਤ ਹੋ ਗਈ ਅਤੇ ਉਹ ਦੋ ਸਾਲ ਲਈ ਪਿੰਡ ਵਿਚ ਜੂਹਬੰਦ ਹੋ ਗਏ। ਜੂਹਬੰਦੀ ਖਤਮ ਹੋਣ ਤੇ ਉਹ ਸ੍ਰੀ ਅੰਮ੍ਰਿਤਸਰ ਚਲੇ ਗਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਕਮਰਾ ਲੈ ਲਿਆ ਜਿਥੇ ਆਪਣੀ ਪਤਨੀ ਨੂੰ ਵੀ ਲੈ ਗਏ। ਉਸ ਨੂੰ ਨਾਲ ਲੈ ਕੇ ਉਹ ਸੁਬ੍ਹਾ ਸ਼ਾਮ ਸ੍ਰੀ ਦਰਬਾਰ ਸਾਹਿਬ ਕੀਰਤਨ ਸਰਵਣ ਕਰਨ ਜਾਇਆ ਕਰਦੇ ਸਨ।
ਫਰਵਰੀ 1926 ਵਿਚ ਭਾਈ ਸਾਹਿਬ ਨੇ ਗੁਰਮੁਖੀ ਵਿਚ ਮਾਰਕਸੀ ਵਿਚਾਰਾਂ ਦਾ ਪਹਿਲਾ ਪਰਚਾ ‘ਕਿਰਤੀ’ ਕੱਢਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈ ਕੇ ੇਸ਼ੁਰੂ ਕੀਤਾ ਗਿਆ ਅਤੇ ਵਾਕ ਦਾ ਪਹਿਲਾ ਸ਼ਬਦ ਪਰਚੇ ਉਪਰ ਛਾਪਿਆ ਗਿਆ। ਜਿਹੜੇ ਕਾਮਰੇਡ ਇਹ ਡੌਂਡੀ ਪਿੱਟਦੇ ਫਿਰਦੇ ਹਨ ਕਿ ਗ਼ਦਰੀ ਬਾਬੇ ਤਾਂ ਨਾਸਤਿਕ ਸਨ, ਉਹ ਧਰਮ ਨੂੰ ਛੱਡ ਗਏ ਸਨ, ਉਨ੍ਹਾਂ ਨੂੰ ਸੀਸ਼ਾ ਵਿਖਾਉਣ ਲਈ ‘ਕਿਰਤੀ’ ਦਾ ਟਾਈਟਲ ਪੰਨਾ ਹੂ ਬ ਹੂ ਛਾਪ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਉਹ ਤਾਂ ਹਮੇਸ਼ਾ ਪ੍ਰੇਰਨਾ ਹੀ ਗੁਰਬਾਣੀ ਤੋਂ ਲੈਂਦੇ ਸਨ।
ਇਹ ਗੱਲ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿਚ ਭਾਈ ਸੰਤੋਖ ਸਿੰਘ ਵਲੋਂ ਆਪਣਾ ਆਧਾਰ ਸਿੱਖਾਂ ਵਿਚ ਉਸਾਰਿਆ ਗਿਆ। ਉਸ ਦੇ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਵਰਗੇ ਅਕਾਲੀ ਆਗੂਆਂ ਨਾਲ ਖਾਸ ਸਬੰਧ ਸਨ। ਉਸ ਨੇ ਅੱਜ ਕੱਲ੍ਹ ਦੇ ਕਾਮਰੇਡਾਂ ਵਾਂਗ ਅੱਖਾ ਤੇ ਪੱਟੀ ਨਹੀਂ ਸੀ ਬੰਨ੍ਹੀ ਹੋਈ, ਜਿਹੜੇ ਗਧੇ ਘੋੜੇ ਨੂੰ ਇਕੋ ਰੱਸੇ ਨਾਲ ਬੰਨ੍ਹਦੇ ਹਨ। ਭਾਈ ਸੰਤੋਖ ਸਿੰਘ ਸਾਹਮਣੇ ਇਤਿਹਾਸ ਦਾ ਠੋਸ ਤਜ਼ਰਬਾ ਪਿਆ ਸੀ, ਗ਼ਦਰ ਲਹਿਰ ਦੀ ਰੀੜ੍ਹ ਦੀ ਹੱਡੀ ਸਿੱਖ ਹੀ ਸਨ। ਇਤਿਹਾਸ ਵਿਚ ਸਿੱਖਾਂ ਨੇ ਸਦੀਆਂ ਬੱਧੀ ਸੰਘਰਸ਼ ਕੀਤਾ ਸੀ। ਹੁਣ ਉਸ ਦੇ ਸਾਹਮਣੇ ਹੀ ਸਿੱਖਾਂ ਨੇ ਆਪਣੇ ਗੁਰੂਘਰ ਬ੍ਰਾਹਮਣਵਾਦੀ ਮਹੰਤਾਂ ਕੋਲੋਂ ਆਜ਼ਾਦ ਕਰਵਾਏ ਸਨ। ਗੁਰਦੁਆਰਾ ਐਕਟ ਬਣਵਾਇਆ ਸੀ, ਜਿਹੜਾ ਉਨ੍ਹਾਂ ਨੇ ਸਭ ਤੋਂ ਵੱਡਾ ਇਤਿਹਾਸਕ ਕਾਰਨਾਮਾ ਕਰ ਵਿਖਾਇਆ ਸੀ, ਉਹ ਸੀ ਸ਼੍ਰੋਮਣੀ ਕਮੇਟੀ ਦੇ ਰੂਪ ਵਿਚ ਸਟੇਟ ਅੰਦਰ ਖੁਦਮੁਖਤਿਆਰ (1utonomous) ਸਟੇਟ ਦੀ ਸਥਾਪਨਾ ਕਰ ਲੈਣੀ। ਭਾਈ ਸੰਤੋਖ ਸਿੰਘ ਨੂੰ ਪਤਾ ਸੀ ਕਿ ਕਿਸੇ ਅਮੂਰਤਕ ਇਨਕਲਾਬ ਨੂੰ ਅਮਲ ਵਿਚ ਢਾਲਣ ਲਈ ਸਿੱਖ ਹੀ ਲੜਾਕੂ ਸ਼ਕਤੀ (6ighting 6orce) ਬਣਨਗੇ। ਉਸ ਨੇ ਆਪਣੀਆਂ ਲਿਖਤਾਂ ਵਿਚ ਜੋ ਵੀ ਗੱਲ ਕੀਤੀ ਹੈ ਉਹ ਸਿੱਖੀ ਮੁਹਾਵਰੇ ਰਾਹੀਂ ਕੀਤੀ ਹੈ। ਸਫ਼ਰਾਂ ਦੇ ਕਸ਼ਟ, ਪੁਲਿਸ ਤਸ਼ੱਦਦ ਅਤੇ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਿਆ। ਗਦਰੀ ਬਾਬਿਆਂ ਨੇ ਬਹੁਤ ਇਲਾਜ ਕਰਵਾਇਆ ਪਰ ਕੋਈ ਮੋੜ ਨਾ ਪੈ ਸਕਿਆ। ਬਾਬਾ ਕਰਮ ਸਿੰਘ ਚੀਮਾ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਭਾਈ ਸਾਹਿਬ ਦੀ ਦਿਨ ਰਾਤ ਸੇਵਾ ਕੀਤੀ ਪਰ 19 ਮਈ 1927 ਨੂੰ ਸਵੇਰੇ ਦੇ 7 ਵੱਜ ਕੇ 40 ਮਿੰਟ ਤੇ ਭਾਈ ਸੰਤੋਖ ਸਿੰਘ ਪੰਜ ਭੂਤਕ ਸਰੀਰ ਨੂੰ ਅਲਵਿਦਾ ਆਖ ਗਏ।
ਮਈ 1928 ਵਿਚ ਉਨ੍ਹਾਂ ਦੇ ਇਕਲੌਤੇ ਪੁੱਤਰ ਭਾਈ ਤਾਰਾ ਸਿੰਘ ਦਾ ਵਿਆਹ ਕਰ ਦਿੱਤਾ ਗਿਆ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰੀ ਸੀ। 1929 ਵਿਚ ਭਾਈ ਤਾਰਾ ਸਿੰਘ ਤੇ ਭਾਈ ਸੰਤੋਖ ਸਿੰਘ ਦਾ ਚਚੇਰਾ ਭਰਾ ਨੰਬਰਦਾਰ ਸੁਮੰਦ ਸਿੰਘ ਲਾਰੀ ਰਾਹੀਂ ਸ੍ਰੀ ਅੰਮ੍ਰਿਤਸਰ ਤੋਂ ਪਿੰਡ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਲਾਰੀ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਦੋਨਾਂ ਦੀ ਹੀ ਮੌਤ ਹੋ ਗਈ। ਭਾਈ ਸੰਤੋਖ ਸਿੰਘ ਦਾ ਇਕਲੌਤਾ ਚਿਰਾਗ ਵੀ ਕੁਦਰਤ ਨੇ ਖੋਹ ਲਿਆ ਸੀ। ਪਿੱਛੇ ਨੂੰਹ ਸੱਸ ਦੋ ਵਿਧਵਾਵਾਂ ਘਰ ਵਿਚ ਰਹਿ ਗਈਆਂ ਸਨ। ਬੀਬੀ ਕੇਸਰ ਕੌਰ ਨੇ ਸਾਰੀ ਉਮਰ ਕਸ਼ਟ ਝੱਲੇ ਸਨ, ਅਖ਼ੀਰ ਉਹ ਵੀ ਘੁਮਾਣ ਪਿੰਡ ਦਵਾਈ ਲੈਣ ਗਈ ਪੂਰੀ ਹੋ ਗਈ। ਭਾਈ ਸੰਤੋਖ ਸਿੰਘ ਦੀ ਨੂੰਹ ਬੀਬੀ ਜਸਵੰਤ ਕੌਰ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਸੀ।
ਭਾਈ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ
ਭਾਈ ਸੰਤੋਖ ਸਿੰਘ ਨੇ ‘ਕਿਰਤੀ’ ਪਰਚਾ ਸ਼ੁਰੂ ਕਰਕੇ ਕਿਰਤੀ ਲਹਿਰ ਬਨਾਮ ਕਮਿਊਨਿਸਟ ਲਹਿਰ ਦਾ ਨਾਤਾ ਸਿੱਖੀ ਨਾਲ ਜੋੜਿਆ ਸੀ। ਪਰ ਉਨ੍ਹਾਂ ਦੀ ਬੇਵਕਤੀ ਮੌਤ ਤੋਂ ਬਾਅਦ ਇਤਫਾਕਨ ‘ਕਿਰਤੀ’ ਦੀ ਕਮਾਂਡ ਕਾਮਰੇਡ ਸੋਹਣ ਸਿੰਘ ਜੋਸ਼ ਦੇ ਹੱਥ ਆ ਗਈ। ਉਸ ਨੇ ਅਗਲੇ ਮਹੀਨੇ ਹੀ ਪਰਚੇ ਉਪਰੋਂ ਗੁਰਬਾਣੀ ਦਾ ਸ਼ਬਦ ‘ਆਪਣ ਹਥੀ ਆਪਣਾ ਆਪੇ ਹੀ ਕਾਜ਼ ਸਵਾਰੀਐ’ ਲਾਹ ਦਿੱਤਾ ਤੇ ਉਸ ਦੀ ਥਾਂ ਮਾਰਕਸ ਦੀ ਟੂਕ ਲਿਖ ਦਿੱਤੀ, ਦੁਨੀਆ ਭਰ ਦੇ ਮਜ਼ਦੂਰੋਂ ਇਕ ਹੋ ਜਾਓ।
ਜੋਸ਼ ਨੇ ਕਮਿਊਨਿਸਟ ਲਹਿਰ ਦਾ ਨਾਤਾ ਸਿੱਖੀ ਨਾਲੋਂ ਤੋੜ ਕੇ ਭਾਰਤੀ ਰਾਸ਼ਟਰਵਾਦ ਨਾਲ ਜੋੜ ਦਿੱਤਾ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹੌਲੀ ਹੌਲੀ ਕਮਿਊਨਿਸਟ ਭਾਰਤੀ ਸਟੇਟ ਦਾ ਅੰਗ ਬਣ ਗਏ, ਜਿਸ ਦੀ ਮਿਸਾਲ ਪੰਜਾਬ ਵਿਚ ਸਾਹਮਣੇ ਹੈ।
ਭਾਈ ਸੰਤੋਖ ਸਿੰਘ ਅਤੇ ਸ਼ਹੀਦ ਭਗਤ ਸਿੰਘ
ਸ਼ਹੀਦ ਭਗਤ ਸਿੰਘ ਦੇ ਪ੍ਰਸੰਸਕ ਵਿਦਵਾਨਾਂ ਵਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਭਗਤ ਸਿੰਘ ਨੇ ‘ਕਿਰਤੀ’ ਵਿਚ ਕੰਮ ਕੀਤਾ ਸੀ। ਉਸ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ‘ਕਿਰਤੀ’ ਵਿਚ ਛਪੀਆਂ ਕੁਝ ਬੇਨਾਮ ਲਿਖਤਾਂ ਨੂੰ ਵੀ ਭਗਤ ਸਿੰਘ ਦੇ ਨਾਂ ਨਾਲ ਜੋੜ ਦਿੱਤਾ ਹੈ। ਭਾਈ ਸੰਤੋਖ ਸਿੰਘ, ਭਗਤ ਸਿੰਘ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦਾ ਸੀ, ਗਦਰੀ ਬਾਬਾ ਇੰਦਰ ਸਿੰਘ ਕਿਰਤੀ ਦੀ ਇਸ ਲਿਖਤ ਤੋਂ ਸਪੱਸ਼ਟ ਹੋ ਜਾਵੇਗਾ।
ਜਿਸ ਹਾਲਤ ਵਿਚ ਮੈਂ ਭਾਈ ਜੀ ਨੂੰ ਦੇਖਿਆ ਉਹ ਤਪਦਿਕ ਦੇ ਮਰੀਜ਼ ਸਨ, ਖੰਗਾਰ ਵਿਚ ਲਹੂ ਆਉਂਦਾ ਸੀ। ਇਯ ਹਾਲਤ ਵਿਚ ਭਾਈ ਸੰਤੋਖ ਸਿੰਘ ਨੇ ਮੰਜੇ ਤੇ ਪੈ ਕੇ ਕਿਰਤੀ ਸ਼ੁਰੂ ਕੀਤਾ। ਮੈਨੂੰ ਕੋਲ ਕੁਰਸੀ ਤੇ ਬਿਠਾ ਲੈਂਦੇ ਸਨ। ਪਹਿਲਾਂ ਅਖ਼ਬਾਰ ਸੁਣਦੇ ਸਨ, ਫੇਰ ਡਾਕ ਸੁਟਦੇ ਸਨ ਫੇਰ ਕਹਿੰਦੇ ਚੱਕ ਕਲਮ ਲਿਖ, ਮੈਨੂੰ ਯਾਦ ਹੈ ਇਕ ਦਿਨ ਮੈਂ ਕਿਹਾ ਆਹ ਇਕ ਚਿੱਠੀ ਆਈ ਹੈ। ਸ. ਅਜੀਤ ਸਿੰਘ ਜਲਾਵਤਨ ਦੇ ਭਤੀਜੇ ਭਗਤ ਸਿੰਘ ਦੀ। ਸੁਣਾ ਪੜ੍ਹ ਕੇ ਭਾਈ ਸਾਹਿਬ ਨੇ ਕਿਹਾ, ਮੈਂ ਪੜ੍ਹ ਕੇ ਸੁਣਾਈ। ਸੁੱਟ ਦੇ ਟੋਕਰੀ ਵਿਚ ਭਾਈ ਸਾਹਿਬ ਬੋਲੇ, ਮੈਂ ਕਿਹਾ ਜੀ ਉਹ ਦੇਸ਼ ਭਗਤਾਂ ਦਾ ਪਰਿਵਾਰ ਹੈ। ਕੀ ਉਸ ਦੇ ਵਿਚਾਰ ਸਾਡੇ ਵਿਚਾਰਾਂ ਨਾਲ ਨਹੀਂ ਮਿਲਦੇ? ਮੈਂ ਫੇਰ ਪੁੱਛਿਆ ਸਾਡੇ ਵਿਚਾਰ ਕੀ ਹਨ? ਅਤੇ ਉਨ੍ਹਾਂ ਦੇ ਵਿਚਾਰ ਕੀ ਹਨ? ਭਾਈ ਸਾਹਿਬ ਨੇ ਮੈਨੂੰ ਸਮਝਾਇਆ ਕਿ ਉਹ (ਭਗਤ ਸਿੰਘ) ਕਹਿੰਦਾ ਹੈ ਕਿ ਸੂਰਮੇ ਇਤਿਹਾਸ ਨੂੰ ਬਣਾਉਂਦੇ ਹਨ ਪਰ ਅਸੀਂ ਕਹਿੰਦੇ ਹਾਂ ਕਿ ਇਤਿਹਾਸ ਸੂਰਮਿਆਂ ਨੂੰ ਬਣਾਉਂਦਾ ਹੈ ਅਤੇ ਇਤਿਹਾਸ ਨੂੰ ਕੌਣ ਬਣਾਉਂਦਾ ਹੈ? ਮੈਂ ਪੁੱਛਿਆ। ਇਤਿਹਾਸ ਨੂੰ ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲਿਆਂ ਦਾ ਘੋਲ ਬਣਾਉਂਦਾ ਹੈ। ਲੁੱਟਣ ਵਾਲੇ ਤੇ ਲੁੱਟੇ ਜਾਣ ਵਾਲਿਆਂ ਦਾ ਘੋਲ ਜਦ ਤੋਂ ਇਨਸਾਨ ਨੇ ਸੁਸਾਇਟੀ ਬਣਾਈ ਕਿਸੇ ਨਾ ਕਿਸੇ ਸ਼ਕਲ ਵਿਚ ਚੱਲਿਆ ਆਉਂਦਾ ਹੈ। ਇਸ ਨੂੰ ਜਮਾਤੀ ਘੋਲ ਕਹਿੰਦੇ ਹਨ। ਇਹ ਜਮਾਤੀ ਘੋਲ ਹੈ ਜਿਸ ਵਿਚੋਂ ਸੂਰਮੇ ਨਿਕਲਦੇ ਹਨ। ਇਹ ਹੀ ‘ਕਿਰਤੀ’ ਦੀ ਬੁਨਿਆਦੀ ਨੀਤੀ ਹੈ।
ਸੱਚਾ ਸੁੱਚਾ ਗੁਰਸਿੱਖ ਭਾਈ ਸੰਤੋਖ ਸਿੰਘ
ਆਪ ਦੇ ਖਿਆਲਾਤ ਸਬੰਧੀ ਇਹ ਜ਼ਾਹਰ ਕਰਨਾ ਬੜਾ ਜ਼ਰੂਰੀ ਹੈ ਕਿ ਆਪ ਸੋਸ਼ਲਿਜ਼ਮ ਦੇ ਨਾਲ ਨਾਲ ਮਜ਼੍ਹਹਬ ਤੇ ਵੀ ਪੂਰਾ ਵਿਸ਼ਵਾਸ਼ ਰੱਖਦੇ ਸਨ। ਖ਼ਤਰਨਾਕ ਤੋਂ ਖਤਰਨਾਕ ਸਮੇਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੋਟੀ ਬੀੜ ਆਪ ਸਦਾ ਨਾਲ ਰੱਖਦੇ ਸਨ। ਕੋਈ ਕੰਮ ਸ੍ਰੀ ਗੁਰੂ ਸਾਹਿਬ ਦੀ ਆਗਿਆ ਲਏ ਬਿਨਾਂ ਨਹੀਂ ਕਰਦੇ। ਇਥੋਂ ਤੱਕ ਕਿ ਕਿਰਤੀ ਅਖ਼ਬਾਰ ਨੂੰ ਜਾਰੀ ਕਰਨ ਲੱਗਿਆਂ ਵੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਜੋ ਅਖ਼ਬਾਰ ਦੇ ਪਹਿਲੇ ਪਰਚੇ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ। ਆਪ ਬੜੀ ਸਾਦਾ ਜ਼ਿੰਦਗੀ ਗੁਜ਼ਾਰਦੇ ਸਨ।
(ਬਾਬਾ ਹਰਜਾਪ ਸਿੰਘ, ਪ੍ਰਧਾਨ ਗ਼ਦਰ ਪਾਰਟੀ 1920)
ਕਵਿਤਾ ਸ਼ਾਮ ‘ਚ ਦੋ ਕਵੀਆਂ ਨੇ ਰੰਗ ਬੰਨਿਆ
ਸਰੀ/ਬਿਊਰੋ ਨਿਊਜ਼:
ਮਈ ਮਹੀਨੇ ਦੀ ਜਾਰਜ ਮੈਕੀ ਲਾਇਬਰੇਰੀ ਵਿਚ ਕਵਿਤਾ ਸ਼ਾਮ ਵਿਚ ਦੋ ਕਵੀ ਸਰੋਤਿਆਂ ਦੇ ਸਨਮੁਖ ਹੋਏ, ਇਹ ਸਨ ਕੁਲਦੀਪ ਬਾਸੀ ਤੇ ਗੁਰਮੇਲ ਸਿੰਘ ਘੁਮਾਣ। ਪ੍ਰੋਗਰਾਮ ਦੇ ਸ਼ੁਰੁਆਤ ਵਿਚ ਚਿਤਰਕਾਰ ਜਰਨੈਲ ਸਿੰਘ ਨੇ ਸ਼ਾਇਰ ਗੁਰਮੇਲ ਸਿੰਘ ਘੁਮਾਣ ਨੂੰ ਵਧਾਈ ਦਿੰਦਿਆਂ ਸਰੋਤਿਆਂ ਨਾਲ ਜਾਣ ਪਛਾਣ ਕਰਾਈ ਤੇ ਉਹਨਾਂ ਦੀਆਂ ਦੋ ਪੁਸਤਕਾਂ ਦੇ ਰੀਲੀਜ਼ ਹੋਣ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਤੀ। ਇਸ ਵਿਚ ਇਕ ਪੁਸਤਕ ਕਹਾਣੀਆਂ ਦੀ ਅਤੇ ਦੂਸਰੀ ਪੁਸਤਕ ਕਵਿਤਾ ਸੰਗ੍ਰਹਿ ਸੀ। ਇਸ ਤੋਂ ਬਾਦ ਗੁਰਮੇਲ ਸਿੰਘ ਸਰੋਤਿਆਂ ਦੇ ਸਨਮੁਖ ਹੋਏ ਤੇ ਅਪਣੇ ਜੀਵਨ ਸਫਰ ਦੇ ਨਾਲ ਨਾਲ ਸਾਹਿਤ ਤੇ ਸਮਾਜ ਵਿਚ ਕਵਿਤਾ ਤੇ ਸਿਹਤ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜੀਵਨ ਦਾ ਯਥਾਰਥ ਹੀ ਪੇਸ਼ ਕਰਨਾ ਸਾਹਿਤ ਦਾ ਮੰਤਵ ਹੈ, ਪਰ ਜੇ ਕੋਈ ਸਾਹਿਤਕਾਰ ਇਹ ਪੇਸ਼ਕਤਰੀ ਅਪਣੀਆਂ ਰਚਨਾਵਾਂ ਵਿਚ ਨਹੀਂ ਕਰਦਾ ਤਾਂ ਇਸਦਾ ਮਤਲਬ ਹੈ ਉਹ ਅਪਣੀ ਜ਼ਿਮੇਵਾਰੀ ਤੋਂ ਭਜ ਰਿਹਾ ਹੈ।ਉਹਨਾਂ ਅਪਣੀਆਂ ਰਚਨਾਵਾਂ ਵੀ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ।
ਇਸ ਤੋਂ ਬਾਅਦ ਦੂਸਰੇ ਕਵੀ ਸਨ ਕੁਲਦੀਪ ਬਾਸੀ , ਜਿਨ੍ਹਾਂ ਦੀਆਂ ਦੋ ਪੁਸਤਕਾਂ ਛਪ ਚੁਕੀਆਂ ਹਨ , ਇਨ੍ਹਾਂ ਦੀ ਜਾਣ ਪਛਾਣ ਮੋਹਨ ਗਿਲ ਨੇ ਕਰਵਾਈ ।ਕੁਲਦੀਪ ਬਾਸੀ ਨੇ ਅਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਟੈਲੀਵਿਜ਼ਨ ਤੇ ਚਲ ਰਹੇ ਅਪਣੇ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜ਼ਿੰਦਗੀ ਵਿਚ ਯਥਾਰਥ ਦੀ ਪੇਸ਼ਕਾਰੀ ਤਾਂ ਜ਼ਰੂਰੀ ਹੈ ਹੀ ਪਰ ਇਕਲੇ ਯਥਾਰਥ ਨਾਲ ਸਾਹਿਤ ਨਹੀਂ ਬਣਦਾ, ਉਸ ਵਿਚ ਕਲਪਨਾ ਦੀ ਚਾਸ਼ਨੀ ਮਿਲ ਕੇ ਹੀ ਵਧੀਆ ਸਾਹਿਤਕ ਕਿਰਤ ਬਣਦੀ ਹੈ। ਉਹਨਾਂ ਅਪਣੀਆਂ ਮਿਨੀ ਕਹਾਣੀਆਂ ਤੇ ਕਾਵਿ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਨਾਵਲਕਾਰ ਜਰਨੈਲ ਸਿੰਘ ਸੇਖਾ, ਇੰਦਰਜੀਤ ਸਿੰਘ ਧਾਮੀ, ਗੁਰਦਰਸ਼ਨ ਬਾਦਲ, ਜਗਦੇਵ ਸਿੰਘ ਸੰਧੂ, ਅਮਰਜੀਤ ਸ਼ਾਂਤ, ਸ੍ਰੀਮਤੀ ਜੌਹਲ, ਸ੍ਰੀ ਬਰਾੜ ਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ। ਲਿੰਕ ਅਖਬਾਰ ਦੇ ਐਡੀਟਰ ਪਾਲ ਢਿਲੋਂ ਨੇ ਵਿਸ਼ੇਸ਼ ਤੌਰ ਤੇ ਇਸ ਸਾਰੇ ਪ੍ਰੋਗਰਾਮ ਨੂੰ ਫਿਲਮਬਧ ਕੀਤਾ। ਅਖੀਰ ਵਿਚ ਮੋਹਨ ਗਿਲ ਨੇ ਜਾਰਜ ਮੈਕੀ ਲਾਇਬਰੇਰੀ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਆਏ ਹੋਏ ਸਰੋਤਿਆਂ ਦਾ ਇਸ ਵਿਚ ਸ਼ਮੂਲੀਅਤ ਲਈ ਧੰਨਵਾਦ ਨਾਲ ਇਹ ਸ਼ਾਮ ਸਮਾਪਤ ਹੋਈ।
ਦੇਸੀ ਰਾਕਸਟਾਰ ਅਮਰੀਕਾ ‘ਚ 7 ਜੂਨ ਤੋਂ 22 ਜੂਨ ਤਕ ਸ਼ੋਅ ਕਰਨਗੇ
ਗਿੱਪੀ ਗਰੇਵਾਲ ਅਤੇ ਸ਼ੈਰੀ ਮਾਨ ਸ਼ਿਕਾਗੋ, ਕਲੀਵਲੈਂਡ, ਬੇਕਰਜ਼ਫੀਲਡ,
ਨਿਊਯਾਰਕ, ਸੈਨਹੋਜ਼ੇ ਤੇ ਫਰਿਜ਼ਨੋ ‘ਚ ਕਰਨਗੇ ਲੋਕਾਂ ਦਾ ਭਰਪੂਰ ਮਨੋਰੰਜਨ
ਸ਼ਿਕਾਗੋ/ ਬਿਊਰੋ ਨਿਊਜ਼:
ਜੈ ਇੰਟਰਨੇਟਮੈਂਟ ਪ੍ਰੋਡੱਕਸ਼ਨ ਅਤੇ ਫਰਿਜ਼ਨੋ ਪੰਜਾਬ ਅਲਾਇੰਸ ਗੁਰੱਪ ਵੱਲੋਂ ਕਰਵਾਏ ਪ੍ਰੋਗਰਾਮ ‘ਦੇਸੀ ਰਾਕਸਟਾਰ’ ਤਹਿਤ ਪੰਜਾਬੀ ਦੇ ਦੋ ਪ੍ਰਸਿੱਧ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਸ਼ੈਰੀ ਮਾਨ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ 7 ਜੂਨ ਤੋਂ 22 ਜੂਨ ਤੱਕ ਲਗਾਤਾਰ 6 ਸ਼ੋਅ ਕਰਕੇ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਪਾਬਲਾ ਨੇ ਦੱਸਿਆ ਕਿ ‘ਦੇਸੀ ਰਾਕਸਟਾਰ’ ਲੜੀ ਤਹਿਤ ਗਿੱਪੀ ਗਰੇਵਾਲ ਅਤੇ ਸ਼ੈਰੀ ਮਾਨ ਦੇ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਵਿਚੋਂ ਪਹਿਲਾਂ ਸ਼ੋਅ 7 ਜੂਨ ਸ਼ਿਕਾਗੋ ਵਿਖੇ ਹੋਵੇਗਾ। ਇਸ ਤੋਂ ਬਾਅਦ 8 ਜੂਨ ਨੂੰ ਕਲੀਵਲੈਂਡ ਵਿਖੇ, 13 ਜੂਨ ਨੂੰ ਬੇਕਰਜ਼ਫੀਲਡ ਵਿਖੇ, 14 ਜੂਨ ਨੂੰ ਸੈਨਹੋਜ਼ੇ ਵਿਖੇ, 15 ਜੂਨ ਨੂੰ ਫਰਿਜ਼ਨੋ ਵਿਚ ਅਤੇ ਆਖਰੀ ਸ਼ੋਅ 22 ਜੂਨ ਨੂੰ ਨਿਊਯਾਰਕ ਵਿਖੇ ਹੋਵੇਗਾ। ਉਹਨਾਂ ਦੱਸਿਆ ਕਿ ਇਹਨਾਂ ਸ਼ੋਆਂ ਬਾਰੇ ਹੋਰ ਜਾਣਕਾਰੀ ਹਾਸਿਲ ਕਰਨ ਲਈ (650)-422-0982 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।