ਕਿਸੇ ਕਲਾਕਾਰ ਵੱਲੋਂ ਗਾਏ ਜਾਂਦੇ ਸੂਫ਼ੀ ਕਲਾਮ ਦੇ ਆਖਰੀ ਅੰਤਰੇ ‘ਚ ਜਦੋਂ ‘ਦੀਵਾਨਾ’ ਨਾਂਅ ਆਉਣਾ ਤਾਂ ਉਸ ਦੀਵਾਨੇ ਦੀ ਤਸਵੀਰ ਮੈਂ ਆਪਣੇ ਜ਼ਿਹਨ ‘ਚ ਝਰੀਟਣੀ ਸ਼ੁਰੂ ਕਰ ਦੇਣੀ। ਇੱਕ-ਦੋ ਨਹੀਂ, ਦਸ-ਬਾਰਾਂ ਕਲਾਕਾਰਾਂ ਮੂੰਹੋਂ ‘ਦੀਵਾਨਾ-ਦੀਵਾਨਾ’ ਸੁਣਿਆ ਸੀ। ਕਲਾਮ ਦੇ ਬੋਲਾਂ ਮੁਤਾਬਕ ਮੈਂ ਸੋਚਦਾ ਕਿ ਉਹ ਮਸਤ-ਮਲੰਗ ਬੰਦਾ ਹੋਏਗਾ ਉਹ, ਚੜ੍ਹੀ-ਲੱਥੀ ਦੀ ਬਹੁਤੀ ਪ੍ਰਵਾਹ ਨਹੀਂ ਹੋਏਗੀ, ਮਜਾਰਾਂ ‘ਤੇ ਘੁੰਮਦਾ ਹੋਏਗਾ, ਧੁੱਪ-ਛਾਂ ਤੋਂ ਬੇਖ਼ਬਰ ਹੋਣਾ…ਪਾਕਿਸਤਾਨੀ ਸੂਫ਼ੀ ਗਾਇਕ ਸਾਈਂ ਜ਼ਹੂਰ ਵਾਂਗ।
ਫੇਰ ਪਤਾ ਲੱਗਾ ਕਿ ਉਸ ਦੀ ਸ਼ਖਸੀਅਤ ਮੇਰੀ ਸੋਚ ਤੋਂ ਬਿਲਕੁਲ ਉਲਟ ਹੈ। ਰਹਿੰਦਾ ਘਰ ‘ਚ ਹੀ ਏ, ਤੁਰਨ- ਫਿਰਨ ਦੇ ਹੁਣ ਸਮਰੱਥ ਨਹੀਂ, ਪਰ ਜਿਊਂਦਾ ਫੱਕਰਾਂ ਵਾਂਗ ਹੀ ਹੈ। ਅਗਲੀ ਜਾਣਕਾਰੀ ਕੁਝ ਹੋਰ ਸੱਜਣਾਂ ਤੋਂ ਮਿਲੀ ਕਿ ਉਸ ਦਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬੱਠੀਆਂ ਬ੍ਰਾਹਮਣਾਂ ਹੈ ਤੇ ਪਿਛਲੇ ਇੱਕ ਦਹਾਕੇ ਤੋਂ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ।
ਹੁਣ ਸਵਾਲ ਬੱਠੀਆਂ ਬ੍ਰਾਹਮਣਾਂ ਪਹੁੰਚਣ ਦਾ ਸੀ। ਕਈ ਵਾਰ ਪ੍ਰੋਗਰਾਮ ਬਣਿਆ ਤੇ ਕਈ ਵਾਰ ਖੁੰਝਿਆ। ਇੱਕ ਦਿਨ ਇਰਾਦਾ ਪੱਕਾ ਕਰਕੇ ਮੋਟਰਸਾਈਕਲ ‘ਤੇ ਹੁਸ਼ਿਆਰਪੁਰ ਪਹੁੰਚ ਗਿਆ ਤੇ ਪੁੱਛਦਿਆਂ-ਪੁਛਾਉਂਦਿਆਂ ਬੱਠੀਆਂ ਬ੍ਰਾਹਮਣਾਂ ਵੀ ਲੱਭ ਲਿਆ।
ਪਿੰਡ ਦੇ ਮੋੜ ‘ਤੇ ਤਿੰਨ-ਚਾਰ ਤੀਵੀਂਆਂ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਮੈਂ ਪੁੱਛਿਆ, ‘ਆਰ.ਪੀ.ਦੀਵਾਨਾ ਦੇ ਘਰ ਜਾਣੈ…।’
ਇੱਕ ਜਣੀ ਪਾਣੀ ਵਾਲੀ ਬਾਲਟੀ ਥੱਲੇ ਰੱਖਦਿਆਂ ਬੋਲੀ, ‘ਕਿਹੜਾ ਦੀਵਾਨਾ…ਕਿਤੇ ਉਹ ਤਾਂ ਨਹੀਂ ਜਿਹੜਾ ਗਾਣੇ ਲਿਖਦੈ…ਉਨ੍ਹਾਂ ਦਾ ਘਰ ਤਾਂ ਪਿੱਛੇ ਰਹਿ ਗਿਐ…ਛੋਟੀ ਜਹੀ ਗਲੀ ਵਿੱਚ…ਸਾਹਮਣਲਾ ਘਰ ਉਹਦਾ ਹੀ ਏ…।’
ਉਥੇ ਪਹੁੰਚ ਗਿਆ। ਲੰਮੀ ਗਲੀ ਮਸੀਂ ਸਾਢੇ ਕੁ ਤਿੰਨ ਫੁੱਟ ਚੌੜੀ, ਜਿਵੇਂ ਗੁਫ਼ਾ ‘ਚ ਜਾਣ ਵਾਲੀ ਸੁਰੰਗ ਹੋਵੇ। ਸਕੂਟਰ ਜਾਂ ਮੋਟਰਸਾਈਕਲ ਗਲੀ ‘ਚ ਖੜ੍ਹਾ ਹੋਵੇ ਤਾਂ ਬੰਦਾ ਕੰਧ ਨਾਲ ਕਹਿ ਕੇ ਅੱਗੇ ਲੰਘ ਸਕੇਗਾ। ਨੁੱਕਰ ‘ਚ ਇੱਕ ਛੋਟਾ ਜਿਹਾ ਕਮਰਾ ਤੇ ਲੱਕੜ ਦੇ ਦੀਵਾਨ ‘ਤੇ ਇੱਕ ਬਜ਼ੁਰਗ ਚਿੱਟੇ ਕੱਪੜੇ ਪਹਿਨੀ ਲੰਮਾ ਪਿਆ ਹੈ। ਦੁੱਧ ਰੰਗੇ ਵਾਲ਼, ਦਾੜ੍ਹੀ-ਮੁੱਛਾਂ ਸਫ਼ਾ ਚੱਟ, ਸਿਰਹਾਣੇ ਡਾਇਰੀ-ਪੈੱਨ, ਮੋਬਾਈਲ ਤੇ ਹੋਰ ਨਿੱਕ-ਸੁੱਕ। ਉਸ ਦੇ ਵਾਲ਼ ਤੇ ਕੱਪੜੇ ਇਕੋ ਜਹੇ ਨੇ। ਇੱਕ ਬਜ਼ੁਰਗ ਔਰਤ ਕੋਲ ਬੈਠੀ ਹੈ। ਉਸ ਦੇ ਵਾਲ਼ ਉਲਝੇ ਹੋਏ ਨੇ ਤੇ ਝੁਰੜੀਆਂ ਵਾਲਾ ਚਿਹਰਾ ਥੱਕਿਆ-ਟੁੱਟਿਆ ਜਾਪ ਰਿਹੈ। ਉਹ ਬਿਲਕੁਲ ਮੇਰੀ ਦਾਦੀ ਹਰਨਾਮ ਕੌਰ ਵਰਗੀ ਹੈ, ਜਿਹੜੀ ਹੁਣ ਇਸ ਦੁਨੀਆ ‘ਤੇ ਨਹੀਂ।
ਕਮਰੇ ਦੇ ਇੱਕ ਪਾਸੇ ਪਿੱਤਲ ਦੇ ਪੰਜ-ਸੱਤ ਭਾਂਡੇ ਨੇ। ਛੋਟੀ ਜਹੀ ਪੇਟੀ ‘ਤੇ ਲੱਕੜ ਦਾ ਟਰੰਕ ਰੱਖਿਆ ਹੋਇਐ। ਕੰਧਾਂ ‘ਤੇ ਕੁਝ ਕੁ ਤਸਵੀਰਾਂ ਫਰੇਮ ਕਰਾ ਕੇ ਟੰਗੀਆਂ ਨੇ। ਇੱਕ ਪਾਸੇ ਸਨਮਾਨ ਨਿਸ਼ਾਨੀਆਂ ਪਈਆਂ ਨੇ, ਜਿਨ੍ਹਾਂ ਦੀ ਚਮਕ ਧੂੜ ਨਾਲ ਗੁਆਚੀ ਹੋਈ ਏ।
‘ਆ ਗਏ ਓ…ਬਹੁਤੀ ਦੂਰ ਤਾਂ ‘ਨੀਂ ਲੱਗਾ ਪਿੰਡ…ਬੈਠ ਜੋ…ਆਜੋ।’ ਬਜ਼ੁਰਗ ਲੇਟਿਆਂ ਤੋਂ ਬੈਠਿਆਂ ਹੁੰਦਾ ਬੋਲਿਆ।
‘ਲੱਭ ਹੀ ਲਿਆ ਔਖਿਆਂ-ਸੌਖਿਆਂ…।’ ਮੈਂ ਲੰਮਾ ਸਾਹ ਲੈਂਦਿਆਂ ਕਿਹਾ।
ਏਨੇ ਨੂੰ ਉਸ ਦਾ ਫੋਨ ਖੜਕਿਆ। ਦੋ ਕੁ ਮਿੰਟ ਗੱਲ ਚੱਲੀ। ਹੁੰਗਾਰੇ ਤੋਂ ਜਾਪਦਾ ਸੀ ਕਿ ਕਿਸੇ ਗਵੱਈਏ ਦਾ ਫੋਨ ਹੈ। ‘ਕੋਈ ਨਾ, ਕੋਈ ਨਾ…ਆਸ਼ੀਰਵਾਦ ਨੂੰ ਕਿਹੜਾ ਮੈਂ ਗੁਰੂ ਜਾਂ ਪੀਰ ਹਾਂ…ਜਿੰਨੇ ਜੋਗੇ ਹੋਏ ਮੱਦਦ ਕਰਾਂਗੇ…ਮੈਨੂੰ ਮਿਲਣ ਵਾਲੇ ਸੱਜਣ ਆਏ ਨੇ…ਫੇਰ ਗੱਲ ਕਰਿਓ…ਓ.ਕੇ, ਬਾਏ…।’
ਮੇਰੇ ਵੱਲ ਮੂੰਹ ਕਰ ਬੋਲਿਆ, ‘ਤਰਨਤਾਰਨੋਂ ਗਾਉਣ ਵਾਲਾ ਸੀ, ਕਹਿੰਦਾ ਸਾਡੀ ਬੇੜੀ ਪਾਰ ਲਾ ਦਿਓ…ਮੈਂ ਕੋਈ ਮਲਾਹ ਆਂ…ਕਲਾਮ ਦੇ ਸਕਦਾਂ ਇੱਕ-ਦੋ…ਗਾਉਣਾ ਤਾਂ ਇਨ੍ਹਾਂ ਆਪ ਹੀ ਐ…ਖੁਦ ‘ਤੇ ਭਰੋਸਾ ਨਹੀਂ ਕਰਦੇ…ਕਮਾਲ ਨੇ ਇਹ ਲੋਕ…ਮੈਨੂੰ ਵਡਿਆ ਕੇ ਆਪਣਾ ਕੰਮ ਕਢਾ ਲੈਂਦੇ ਨੇ…।’
‘ਇਹ ਆਪਣੀ ਕੁੱਲੀ ਐ ਛੋਟੀ ਜਹੀ…ਏਥੇ ਹੀ ਆ ਜਾਂਦੈ ਜੀਹਨੇ ਮਿਲਣਾ ਹੋਵੇ…ਮੁਸ਼ਾਇਰੇ ਜਾਂ ਦਰਬਾਰ ‘ਤੇ ਸੱਦਣ ਵਾਲੇ ਗੱਡੀ ਭੇਜ ਦਿੰਦੇ ਨੇ…ਹੁਣ ਤੁਰਿਆ ਨਹੀਂ ਜਾਂਦਾ…ਵਾਕਰ ਨਾਲ ਮਾੜਾ-ਮੋਟਾ ਗਲੀ ‘ਚ ਤੁਰ ਲੈਨਾਂ…।’
ਪਜਾਮਾ ਉਤਾਂਹ ਕਰ ਖੱਬੀ ਲੱਤ ਦਿਖਾਉਂਦਿਆਂ ਬੋਲਿਆ, ‘ਲੱਤ ਤਿੰਨ ਥਾਂਵਾਂ ਤੋਂ ਟੁੱਟ ਗਈ ਕਈ ਸਾਲ ਪਹਿਲਾਂ…ਸੱਤ ਵਾਰ ਅਪ੍ਰੇਸ਼ਨ ਹੋਇਆ…ਪੰਜ ਲੱਖ ਰੁਪਿਆ ਲੱਗਾ, ਪਰ ਡਾਕਟਰ ਤੋਂ ਲੱਤ ਠੀਕ ਨਹੀਂ ਹੋਈ…ਵੱਖੀ ‘ਚੋਂ ਹੱਡੀਆਂ ਕੱਢ ਕੇ ਪਾਈਆਂ ਸੀ ਇਹਦੇ ‘ਚ…ਲੱਤ ‘ਚ ਜਿਹੜਾ ਡੂੰਘ ਦਿਸਦੈ, ਬੜਾ ਦੁੱਖ ਦਿੰਦੈ ਕਈ ਵਾਰ…ਹੁਣ ਵੀ੩ਪੈਰ ਸੁੱਜ ਕੇ ਭੜੋਲੇ ਵਰਗਾ ਹੋਇਆ ਰਹਿੰਦੈ…ਤੇਰਾਂ ਸਾਲ ਤੋਂ ਮੰਜੇ ‘ਤੇ ਹੀ ਆਂ…ਕਿਸਮਤ ਦੀ ਖੇਡ ਐ ਸਾਰੀ…।’
ਸੱਚੀਂ ਪੈਰ ਉਸਦਾ ਡਬਲਰੋਟੀ ਵਰਗਾ ਬਣਿਆ ਹੋਇਆ ਸੀ ਤੇ ਲੱਤ ‘ਚ ਥਾਂ-ਥਾਂ ਚਿੱਬ ਪਏ ਹੋਏ ਸਨ।
ਮਾਹੌਲ ਬਦਲਣ ਲਈ ਮੈਂ ਹੋਰ ਗੱਲ ਸ਼ੁਰੂ ਕੀਤੀ, ‘ਬੜੇ ਕਲਾਮ ਸੁਣੇ ਨੇ ਤੁਹਾਡੇ…ਕੁਝ ਨਵਾਂ ਵੀ ਲਿਖਿਆ ਕਿ ਨਹੀਂ…?’
‘ਕਲਾਮ ਹੀ ਲਿਖਣੇ ਆ, ਹੋਰ ਕੀ ਕਰਨੈ…ਸਾਰੀ ਉਮਰ ਇਹੀ ਕੀਤਾ…ਹੁਣ ਘੱਟ ਲਿਖਿਆ ਜਾਂਦੈ, ਅੱਖ ਜਵਾਬ ਦੇ ਗਈ ਐ…ਬੜਾ ਪੈਸਾ ਪੱਟਿਆ ਇਹਦੇ ‘ਤੇ…ਗਵੱਈਆਂ ਨੂੰ ਰਾਹ ਦਿਖਾਉਂਦੇ-ਦਿਖਾਉਂਦੇ ਆਪਣਾ ਰਾਹ ਬੰਦ ਕਰ ਬੈਠੇ ਆਂ…ਕਦੇ-ਕਦਾਈਂ ਲਿਖ ਲਈਦਾ…ਕੀ ਪਤਾ ਕਦੋਂ ਕੀ ਫੁਰ ਪਵੇ…ਤੂੰ ਆਪਣੀ ਕਾਪੀ ‘ਤੇ ਲਿਖੀ ਜਾਹ ਮੈਂ ਜੋ-ਜੋ ਦੱਸਾਂ…।’
‘ਘਰ ‘ਚ ਕਿਸੇ ਨੂੰ ਲਿਖਣ ਦਾ ਸ਼ੌਕ ਨਹੀਂ ਸੀ…ਮੈਂ ਪੰਦਰਾਂ ਸਾਲ ਦੀ ਉਮਰ ‘ਚ ਪਹਿਲਾ ਕਲਾਮ ਲਿਖਿਆ ਸੀ…ਜਵਾਨੀ ਫੁੱਟ ਰਹੀ ਸੀ, ਮਨ ਉੱਡੂੰ-ਉੱਡੂੰ ਕਰਦਾ ਸੀ…ਜੋ ਠੀਕ ਲੱਗਦਾ ਲਿਖ ਲੈਂਦਾ…ਪੰਜਾਬੀ ਗਾਣੇ ਵੀ ਲਿਖੇ, ਪਰ ਛੇਤੀ ਹੀ ਮੈਨੂੰ ਗਿਆਨ ਹੋ ਗਿਆ ਕਿ ਇਹ ਪਛਾਣ ਦੇਣ ਦੇ ਸਮਰੱਥ ਨਹੀਂ…ਸੂਫ਼ੀ ਕਲਾਮ ਸੁਣਨੇ ਚੰਗੇ ਲੱਗਦੇ ਸੀ ਤੇ ਧਿਆਨ ਓਧਰ ਲਾ ਲਿਆ…ਵੰਡ ਵੇਲ਼ੇ ਮੈਂ ਵੀਹ ਕੁ ਸਾਲ ਦਾ ਸੀ…ਦਰਦ ਦੀ ਪੰਡ ਮੋਢਿਆਂ ‘ਤੇ ਚੁੱਕ ਸਾਰਾ ਟੱਬਰ ਏਧਰ ਆ ਗਿਆ…ਬੜਾ ਦਿਲ ਕੀਤਾ ਉਸ ਦਰਦ ਨੂੰ ਲਿਖਣ ਲਈ, ਪਰ ਜਦੋਂ ਲਿਖਣਾ ਚਾਹਿਆ ਹੱਥ ਕੰਬਣ ਲੱਗ ਗਿਆ…ਕਿੰਨਾ ਭਿਆਨਕ ਵੇਲ਼ਾ ਸੀ ਉਹ…ਹੁਣ ਤੱਕ ਛੇ ਕੁ ਹਜ਼ਾਰ ਕਲਾਮ ਲਿਖੇ ਨੇ…ਬੜਿਆਂ ਨੇ ਗਾਏ…ਰਿਕਾਰਡਿੰਗ ਵੱਲ ਬਹੁਤਾ ਧਿਆਨ ਨਹੀਂ ਦਿੱਤਾ…ਕਲਾਕਾਰ ਵੀਹ-ਵੀਹ, ਤੀਹ-ਤੀਹ ਕਲਾਮ ‘ਕੱਠੇ ਵੀ ਲਿਜਾਂਦੇ ਰਹੇ…ਕੋਈ ਰਿਕਾਰਡ ਹੋ ਜਾਂਦਾ ਤੇ ਬਾਕੀ ਸਟੇਜਾਂ ਵਾਸਤੇ ਹੁੰਦੇ…ਨੁਸਰਤ ਫ਼ਤਹਿ ਅਲੀ ਖ਼ਾਨ ਕੋਲ ਵੀ ਮੇਰੇ ਨੌਂ ਕਲਾਮ ਗਏ ਸਨ, ਉਨ੍ਹਾਂ ਬਹੁਤ ਪਸੰਦ ਕੀਤੇ…ਪਰ ਮਾੜੀ ਕਿਸਮਤ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਤੇ ਮੇਰੇ ਮਨ ਦੀ ਰੀਝ ਵਿੱਚੇ ਰਹਿ ਗਈ…ਪਰ ਇਹ ਗੱਲ ਸੱਚੀ ਐ ਕਿ ਲਿਖਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ…ਜਲੰਧਰ ਦੀਆਂ ਦੋ ਭੈਣਾਂ ਨੂੰ ਕਈ ਕਲਾਮ ਦਿੱਤੇ…ਪਰ ਗੁਣ ਕਿਸੇ ਨੇ ਨਹੀਂ ਪਾਇਆ…।’
ਏਨਾ ਕੁ ਦੱਸ ਪਰਵਾਨੇ ਨੇ ਚੁੱਪ ਵੱਟ ਲਈ, ਜਿਵੇਂ ਮਨ ਭਰ ਆਇਆ ਹੋਵੇ। ਫੇਰ ਘਰਵਾਲੀ ਨੂੰ ‘ਵਾਜ਼ ਮਾਰੀ, ‘ਸੁਣਦੀ ਏਂ…ਸੁਣ ਵੀ ਲਿਆ ਕਰੋ…ਮੁੰਡਾ ਦੂਰੋਂ ਆਇਐ, ਠੰਢਾ-ਠੁੰਢਾ ਪਿਆ ਦੇ…ਮੇਰੇ ਲਈ ਵੀ ਲੈ ਆਵੀਂ…।’
ਗੱਲ ਫੇਰ ਸ਼ੁਰੂ ਹੋ ਗਈ, ‘ਮੈਂ ਡਾਕਖਾਨੇ ਵਿੱਚ ਨੌਕਰੀ ਕੀਤੀ ਏ…ਉਥੋਂ ਜਿੰਨੀ ਕੁ ਪੈਨਸ਼ਨ ਆਉਂਦੀ ਏ, ਗੁਜ਼ਾਰਾ ਚੱਲੀ ਜਾਂਦੈ…ਗਾਉਣ ਵਾਲੇ ਮਿਹਨਤ ਦਾ ਪੂਰਾ ਮੁੱਲ ਨਹੀਂ ਦੇਂਦੇ…ਇੱਕ ਗਾਇਕ ਮੈਥੋਂ ਪੰਜ ਕਲਾਮ ਲੈ ਕੇ ਕਹਿੰਦਾ ਇਕਵੰਜਾ ਸੌ ਦੇ ਦਿਆਂਗਾਂ…ਪਰ ਜਾਂਦਿਆਂ ਪੰਜ ਸੌ ਫੜਾ ਕੇ ਕਹਿੰਦਾ, ‘ਛਿਆਲੀ ਸੌ ਬਾਅਦ ‘ਚ ਭੇਜ ਦਿੰਦੇ ਹਾਂ’ ਤੇ ਅੱਜ ਤੱਕ ਉਸ ਦੀ ‘ਬਾਅਦ’ ਨਹੀਂ ਆਈ…।’
‘ਬਚਪਨ ਦੇ ਵੇਲ਼ੇ ਦੀ ਗੱਲ ਸੁਣਾ ਦਿਓ…।’
‘ਜਨਮ ਮੇਰਾ ਪਾਕਿਸਤਾਨ ਵਿੱਚ ਹੋਇਆ, ਜ਼ਿਲ੍ਹਾ ਮਿੰਟਗੁੰਮਰੀ ਦੇ ਚੱਕ ਨੰਬਰ 76, 5-ਆਰ ‘ਚ। ਕੁਝ ਕੁ ਪੜ੍ਹਾਈ ਉਧਰ ਕੀਤੀ ਤੇ ਬਾਕੀ ਰਹਿੰਦੀ ਏਧਰ ਆ ਕੇ। ਪੜ੍ਹਨ ਦਾ ਸ਼ੌਕ ਬਹੁਤ ਸੀ। ਬੀ.ਏ ਕਲਾਸੀਕਲ ਗਾਇਕੀ ਨਾਲ ਕੀਤੀ। ਉਨ੍ਹਾਂ ਵੇਲਿਆਂ ‘ਚ ਅੱਠ ਜਾਂ ਦਸ ਪੜ੍ਹੇ ਦੀ ਬਥੇਰੀ ਵੁੱਕਤ ਸੀ, ਪਰ ਮੈਨੂੰ ਪੜ੍ਹਨ ਦੀ ਚੇਟਕ ਸੀ। ਰੋਟੀ-ਰੋਜ਼ੀ ਲਈ ਹੱਥ-ਪੈਰ ਮਾਰਨੇ ਸ਼ੁਰੂ ਕੀਤੇ ਤਾਂ ਡਾਕਖ਼ਾਨੇ ‘ਚ ਨੌਕਰੀ ਮਿਲ ਗਈ। 39 ਸਾਲ ਨੌਕਰੀ ਮਗਰੋਂ ਹੁਸ਼ਿਆਰਪੁਰ ਦੇ ਡਾਕਖਾਨੇ ‘ਚੋਂ ਸੇਵਾਮੁਕਤ ਹੋਇਆਂ। ਨੌਕਰੀ ਮੌਕੇ ਵੀ ਚਿੱਠੀਆਂ ਬਾਰੇ ਘੱਟ ਤੇ ਕਲਾਮਾਂ ਬਾਰੇ ਵੱਧ ਸੋਚਦਾ ਸੀ ਮੈਂ।’
ਮੈਂ ਪੁੱਛਿਆ, ‘ਜਦੋਂ ਤੁਹਾਡੇ ‘ਤੇ ਜਵਾਨੀ ਸੀ, ਉਦੋਂ ਚੱਕਵੇਂ ਗੀਤ ਲਿਖਣ ਬਾਰੇ ਨਹੀਂ ਸੋਚਿਆ…ਤੁਹਾਡੇ ਵੇਲ਼ੇ ਤਾਂ ਬੜੇ ਚੱਲਦੇ ਸੀ ਉਹ…?’
‘ਚੱਕਵੇਂ ਤਾਂ ਨਹੀਂ, ਪਰ ਸਧਾਰਨ ਗੀਤ ਜ਼ਰੂਰ ਲਿਖੇ ਸੀ ਆਸ਼ਕੀ-ਮਾਸ਼ੂਕੀ ਵਾਲੇ। ਉਹ ਰਿਕਾਰਡ ਨਹੀਂ ਕਰਾਏ। ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਨ੍ਹਾਂ ਦੀ ਉਮਰ ਬਹੁਤੀ ਨਹੀਂ। ਅੱਜ ਮਸ਼ਹੂਰ ਹੋਣਗੇ ਤਾਂ ਸਾਲ ਤੱਕ ਕਿਸੇ ਨੂੰ ਚੇਤਾ ਨਹੀਂ ਆਉਣਾ। ਪੀਰਾਂ ਦੀਆਂ ਮਜਾਰਾਂ ‘ਤੇ ਜਾਣਾ ਤੇ ਕੱਵਾਲੀਆਂ ਸੁਣਨਾ ਮੈਨੂੰ ਸ਼ੁਰੂ ਤੋਂ ਹੀ ਚੰੰਗਾ ਲੱਗਦਾ ਸੀ। ਕਿੱਸੇ ਬਹੁਤ ਪੜ੍ਹਦਾ ਸੀ ਮੈਂ। ਫੇਰ ਮੇਰਾ ਪੂਰਾ ਧਿਆਨ ਸੂਫ਼ੀ ਕਲਾਮਾਂ ਵੱਲ ਹੋ ਗਿਆ ਤੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਨ੍ਹਾਂ ਕਲਾਮਾਂ ਕਰਕੇ ਭਾਵੇਂ ਮੇਰੀ ਆਰਥਿਕਤਾ ਬਹੁਤੀ ਨਹੀਂ ਸੁਧਰੀ…ਪਰ ਮੈਨੂੰ ਲੋਕ ਕਲਾਮਾਂ ਵਾਲੇ ‘ਦੀਵਾਨੇ’ ਵਜੋਂ ਜਾਣਦੇ ਨੇ…।’
ਉਮਰ ਵੱਡੀ ਹੋਣ ਕਰਕੇ ਦੀਵਾਨਾ ਨੂੰ ਬਹੁਤੀਆਂ ਗੱਲਾਂ ਦਾ ਚੇਤਾ ਨਹੀਂ। ਬਹੁਤਾ ਜ਼ੋਰ ਪਾਉਣ ‘ਤੇ ਉਸ ਨੂੰ ਮਸੀਂ ਦੋ-ਚਾਰ ਕਲਾਮ ਚੇਤੇ ਆਉਂਦੇ ਨੇ। ਪੰਜ ਭਾਸ਼ਾਵਾਂ ਦਾ ਉਹ ਗਿਆਤਾ ਹੈ ਪੰਜਾਬੀ, ਅੰਗਰੇਜ਼ੀ, ਉਰਦੂ, ਹਿੰਦੀ ਤੇ ਫ਼ਾਰਸੀ। ਬਹੁਤ ਸਾਰੇ ਕਲਾਮਾਂ ਵਿੱਚ ਉਸ ਨੇ ਉਰਦੂ ਤੇ ਫਾਰਸੀ ਦੇ ਸ਼ਬਦ ਵਰਤੇ ਨੇ ਤੇ ਇਸ ਬਾਬਤ ਉਸ ਦਾ ਕਹਿਣਾ ਏ, ‘ਸ਼ਾਇਰ ਨੂੰ ਵੱਧ ਤੋਂ ਵੱਧ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਨੇ। ਕਿਤੇ ਪੰਜਾਬੀ ਦਾ ਸ਼ਬਦ ਫਿੱਟ ਨਾ ਹੋਵੇ ਤਾਂ ਉਰਦੂ ਦਾ ਵਰਤਿਆ ਜਾ ਸਕਦੈ, ਫਾਰਸੀ ਦਾ ਵਰਤਿਆ ਜਾ ਸਕਦੈ…ਸ਼ਾਇਰੀ ਦਾ ਸਬੰਧ ਖਿਆਲ ਨਾਲ ਹੈ ਤਾਂ ਪ੍ਰਗਟਾਵੇ ਲਈ ਭਾਸ਼ਾ ਵੀ ਘੱਟ ਅਹਿਮੀਅਤ ਨਹੀਂ ਰੱਖਦੀ…।’
ਦੀਵਾਨਾ ਦੇ ਕਲਾਮ ਸੁਣਿਆ ਉਸ ਦੀ ਸੋਚ ਦਾ ਪਤਾ ਲੱਗ ਜਾਂਦੈ ਕਿ ਕਿੰਨਾ ਆਸਤਿਕ ਹੈ ਉਹ। ‘ਸਾਈਂ’, ‘ਖੁਦਾ’, ‘ਅੱਲ੍ਹਾ’, ‘ਯਾਰ’ ਸ਼ਬਦ ਉਸ ਦੇ ਕਲਾਮਾਂ ਵਿੱਚ ਅਕਸਰ ਆਉਂਦੇ ਨੇ। ਬਹੁਤੇ ਕਲਾਮਾਂ ਦੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਹਕੀਕੀ ਇਸ਼ਕ ਦੀ ਮੱਸ ਵਾਲਾ ਉਸ ਨੂੰ ਹਕੀਕੀ ਰੂਪ ‘ਚ ਲੈਂਦਾ ਏ ਤੇ ਮਿਜਾਜ਼ੀ ਵਾਲਾ ਆਪਣੀ ਸੋਚ ਤੇ ਸੁਆਦ ਮੁਤਾਬਕ। ਦੀਵਾਨਾ ਦਾ ਕਹਿਣੈ, ‘ਸਾਰੀ ਦੁਨੀਆ ਇਕੋ ਜਹੀ ਨਹੀਂ…ਸੁਣਨ ਵਾਲੇ ਵੀ ਭਾਂਤ ਸੁਭਾਂਤੇ ਨੇ…ਗਾਇਕੀ ਦੀ ਲੋੜ ਸਭ ਨੂੰ ਹੈ, ਬਸ ਲਿਖਣਾ ਇਉਂ ਚਾਹੀਦੈ ਕਿ ਸਾਰਿਆਂ ਨੂੰ ਆਪਣੇ ਹੱਕ ਦੀ ਗੱਲ ਜਾਪੇ…।’
ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਵੱਲੋਂ ਦੀਵਾਨਾ ਦਾ ਗਾਇਆ ‘ਤੂੰ ਮੰਨ ਜਾਂ ਨਾ ਮੰਨ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ’ ਉਸ ਦੀ ਸੋਚ ਬਾਰੇ ਦੱਸ ਦਿੰਦੈ। ਬੋਲ ਨੇ :
ਤੂੰ ਮੰਨ ਜਾਂ ਨਾ ਮੰਨ ਦਿਲਦਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ।
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਅਪਨੇ ਤਨ ਕੀ ਖਾਕ ਉਡਾਈ,
ਤਬ ਮੈਂ ਇਸ਼ਕ ਕੀ ਮੰਜ਼ਲ ਪਾਈ।
ਮੇਰੀ ਸਾਸੋਂ ਕਾ ਬੋਲੇ ਇਕਤਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਤੁਝ ਬਿਨ ਜੀਨਾ ਬੀ ਕਿਆ ਜੀਨਾ,
ਤੇਰੀ ਚੌਖਟ ਮੇਰਾ ਮਦੀਨਾ।
ਕਹੀਂ ਔਰ ਨਾ ਸਜਦਾ ਗਵਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਹਸਤੇ ਹਸਤੇ ਹਰ ਗ਼ਮ ਲੇਨਾ,
ਰਾਜ਼ੀ ਤੇਰੀ ਰਜ਼ਾ ਮੇਂ ਰਹਿਨਾ,
ਤੂਨੇ ਮੁਝਕੋ ਸਿਖਾਇਆ ਹੈ ਯਾਰਾ,
ਅਸਾਂ ਤੇ ਤੈਨੂੰ ਰੱਬ ਮੰਨਿਆ…।
ਦੀਵਾਨਾ ਦੇ ਬਹੁਤ ਸਾਰੇ ਕਲਾਮ ਸ਼ੌਕ ਅਲੀ ਮਤੋਈ, ਸਰਦਾਰ ਅਲੀ, ਸਲੀਮ, ਨੂਰਾਂ ਭੈਣਾਂ, ਲਖਵਿੰਦਰ ਵਡਾਲੀ ਤੇ ਹੋਰ ਕਲਾਕਾਰਾਂ ਨੇ ਗਾਏ ਨੇ। ਕਲਾਮ ਰਿਕਾਰਡ ਕਰਾਉਣ ਦੀ ਉਸ ਨੇ ਪ੍ਰਵਾਹ ਨਹੀਂ ਕੀਤੀ। ‘ਰਿਕਾਰਡ ਕਰਾ ਕੇ ਵੀ ਕੀ ਖੱਟ ਲੈਣਾ ਏ…ਸਟੇਜ ‘ਤੇ ਗਾਈ ਜਾਂਦੇ ਨੇ ਕਲਾਕਾਰ, ਬਸ ਬਹੁਤ ਐ ਏਨਾ…ਲੋਕ ਸਭ ਜਾਣਦੇ ਨੇ ਕਿ ਕੀਹਦਾ ਕੀ ਲਿਖਿਆ ਹੋਇਐ…।’
‘ਨਵਾਂ ਕਲਾਮ ਲਿਖਿਆਂ ਕਿੰਨੀ ਕੁ ਦੇਰ ਹੋ ਗਈ…?’ ਜਵਾਬ ‘ਚ ਕਹਿੰਦੈ, ‘ਅੱਖ ਦੀ ਰੌਸ਼ਨੀ ਚਲੀ ਗਈ ਸੀ ਮੇਰੀ, ਹੁਣ ਜਲੰਧਰੋਂ ਇਲਾਜ ਚੱਲਦੈ…ਵੀਹ ਕੁ ਫ਼ੀਸਦੀ ਰੌਸ਼ਨੀ ਪਰਤੀ ਏ…ਮੁੜ ਸੋਚਣਾ-ਲਿਖਣਾ ਸ਼ੁਰੂ ਕੀਤੈ। ਜਦੋਂ ਕੁਝ ਲਿਖਵਾਉਣ ਹੋਵੇ ਤਾਂ ਪੋਤੇ ਜਾਂ ਪੋਤੀ ਨੂੰ ‘ਵਾਜ਼ ਮਾਰ ਲੈਨਾਂ, ਉਹ ਲਿਖ ਦੇਂਦੇ ਨੇ।’
ਮੈਂ ਕਿਹਾ, ‘ਸੁਣਾ ਦਿਓ ਕੁਝ ਫੇਰ…?’ ਤਾਂ ਉਹ ਖੰਘੂਰਾ ਮਾਰ ਕੇ ਗਲ਼ਾ ਸੈੱਟ ਕਰਦਾ ਏ।
ਇਨ੍ਹਾਂ ਭੋਲੀਆਂ ਭਾਲੀਆਂ ਸੂਰਤਾਂ ਨੇ,
ਸਾਰਾ ਹੀ ਜ਼ਮਾਨਾ ਲੁੱਟਿਆ ਏ।
ਰਿੰਦਾਂ ਦੀ ਮਹਿਫ਼ਲ ਲੁੱਟੀ ਏ,
ਸਾਕੀ ਦਾ ਮੈਖਾਨਾ ਲੁੱਟਿਆ ਏ।
ਲੁੱਟ ਲੈਂਦੇ ਨੂਰ ਇਲਾਹੀ ਨੂੰ,
ਸ਼ਾਹਾਂ ਦੀ ਸ਼ਹਿਨਸ਼ਾਹੀ ਨੂੰ,
ਛੱਡ ਗੱਲ ਤੂੰ ਮਸਜਿਦ, ਮੰਦਰ ਦੀ,
ਕਾਬਾ ਬੁੱਤਖਾਨਾ ਲੁੱਟਿਆ ਏ।
ਇਹ ਭੇਦ ਇਸ਼ਕ ਦਾ ਪਾ ਲੈਂਦੇ,
ਨੱਚ-ਨੱਚ ਕੇ ਯਾਰ ਮਨਾ ਲੈਂਦੇ।
ਇਨ੍ਹਾਂ ਰੱਬ ਦੇ ਪਹਿਰੇਦਾਰਾਂ ਨੇ,
ਰੱਬ ਦਾ ਵੀ ਘਰਾਣਾ ਲੁੱਟਿਆ ਏ।
ਗੱਲ ਇਸ਼ਕ ਦੀ ਲਿਖਿਆਂ ਮੁੱਕਦੀ ਨਹੀਂ,
ਸ਼ਾਇਰ ਦੀ ਕਲਮ ਵੀ ਰੁਕਦੀ ਨਹੀਂ,
ਇਨ੍ਹਾਂ ਮੂੰਹ ਦਿਆਂ ਮਿੱਠਿਆਂ ਚੋਰਾਂ ਨੇ,
‘ਬੱਠੀਆਂ’ ਦਾ ‘ਦੀਵਾਨਾ’ ਲੁੱਟਿਆ ਏ।
ਦੀਵਾਨਾ ਦੀਆਂ ਡਾਇਰੀਆਂ ਦੇਖ ਪਤਾ ਲੱਗਦੈ ਕਿ ਕਿੰਨਾ ਕੁਝ ਉਸ ਨੇ ਲਿਖਿਆ ਏ। ਡਾਇਰੀਆਂ ਵਿੱਚ ਲਿਖਿਆ ਆਮ ਬੰਦਾ ਨਹੀਂ ਪੜ੍ਹ ਸਕਦਾ। ਸਿਆਣਿਆਂ ਦੇ ਕਹਿਣ ਵਾਂਗ, ‘ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣਦੀ ਏ’, ਉਵੇਂ ਆਪਣਾ ਲਿਖਿਆ ਸਿਰਫ਼ ਦੀਵਾਨਾ ਹੀ ਪੜ੍ਹ ਸਕਦੈ। ਇੱਕ ਡੇਰਾ ਸੰਚਾਲਕ ਵੱਲੋਂ ਉਸ ਦੀ ਕਿਤਾਬ ਛਪਵਾਈ ਗਈ ਹੈ, ਜਿਸ ਵਿੱਚ ਸੂਫ਼ੀ ਕਲਾਮ ਨੇ ਤੇ ਦੋ ਕਿਤਾਬਾਂ ਛਪਾਈ ਅਧੀਨ ਨੇ। ਕਹਿੰਦਾ ਏ, ‘ਲਿਖਿਆ ਬਹੁਤ ਏ…ਕਲਾਕਾਰਾਂ ਨੂੰ ਦਿੱਤਾ ਬਹੁਤ ਏ…ਪਰ ਹੁਣ ਉਮਰ ਨੇ ਯਾਦ ਸ਼ਕਤੀ ਮਾਰ ਦਿੱਤੀ ਏ…ਦਿਨਕਟੀ ਕਰਦਾ ਹਾਂ ਬਸ ਹੁਣ…ਯਾਦ ਰੱਖਣਾ ਗਾਉਣ ਵਾਲਿਆਂ ਦਾ ਕੰਮ ਏ, ਲਿਖਣ ਵਾਲਿਆਂ ਦਾ ਨਹੀਂ…।’
ਦੀਵਾਨਾ ਹੁਰੀਂ ਸੱਤ ਭਰਾ ਸਨ, ਜਿਨ੍ਹਾਂ ਵਿਚੋਂ ਪੰਜਾਂ ਦੀ ਮੌਤ ਹੋ ਚੁੱਕੀ ਏ। ਇੱਕ ਡਾਕਟਰ ਭਰਾ ਨੂੰ ਲਿਖਣ ਦਾ ਸ਼ੌਕ ਸੀ, ਉਹ ਵੀ ਨਹੀਂ ਰਿਹਾ। ਪਰਵਾਰ ਵਿੱਚ ਹੁਣ ਕਿਸੇ ਨੂੰ ਲਿਖਣ ਦਾ ਸ਼ੌਕ ਨਹੀਂ, ਨਾ ਪੁੱਤਾਂ ਨੂੰ, ਨਾ ਧੀਆਂ ਨੂੰ ਤੇ ਨਾ ਹੀ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨੂੰ।
ਕਈ ਦਰਬਾਰਾਂ ‘ਤੇ ਦੀਵਾਨਾ ਨੂੰ ਸਨਮਾਨਿਆ ਗਿਆ। ਤਿੰਨ ਵਾਰ ਬਾਬਾ ਬੁੱਲ੍ਹੇ ਸ਼ਾਹ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਐ। ਕਮਰੇ ਦੀ ਛੋਟੀ ਜਹੀ ਅੰਗੀਠੀ ‘ਤੇ ਸਨਮਾਨ ਚਿੰਨ੍ਹ ਇੱਕ-ਦੂਜੇ ‘ਤੇ ਰੱਖੇ ਹੋਏ ਨੇ। ਇੱਕ-ਦੋ ਸਨਮਾਨ ਚਿੰਨ੍ਹ ਫਰੇਮ ਕਰਾਏ ਹੋਏ ਨੇ। ਦੀਵਾਨਾ ਆਖਦੈ, ‘ਅਸਲ ਸਨਮਾਨ ਲੋਕਾਂ ਵੱਲੋਂ ਮਿਲਦਾ ਸੀ…ਜਦੋਂ ਮਹਿਫ਼ਲਾਂ ‘ਚ ਜਾ ਕੇ ਗਾਉਂਦਾ ਸਾਂ ਤਾਂ ਧੰਨ-ਧੰਨ ਹੋ ਜਾਂਦੀ ਸੀ, ਹੁਣ ਵਕਤ ਨੂੰ ਧੱਕਾ ਦੇਣ ਵਾਲੀ ਗੱਲ ਏ…।’
ਵਾਰ-ਵਾਰ ਦੀਵਾਨਾ ਵੱਲੋਂ ਕਹੀ ਇਹ ਗੱਲ ਮੈਨੂੰ ਯਾਦ ਆਉਂਦੀ ਹੈ, ‘ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਮੇਰੀ ਮੱਦਦ ਕਰੋ…ਤੁਹਾਡੇ ਹਾਲਾਤ ਬਾਰੇ ਸਭ ਨੂੰ ਪਤਾ ਹੀ ਹੁੰਦੈ। ਏਥੇ ਪੱਥਰਾਂ ਨੂੰ ਪੂਜਿਆਂ ਜਾਂਦੈ, ਬੰਦਿਆਂ ਨੂੰ ਨਹੀਂ…ਇਹ ਪੱਥਰ ਦਿਲ ਦੁਨੀਆ ਪੱਥਰ ਪੂਜ ਕੇ ਹੀ ਖੁਸ਼ ਰਹਿੰਦੀ ਏ…ਚਲੋ ਸਭ ਦਾ ਭਲਾ ਹੋਵੇ…ਆਪਾਂ ਕੌਣ ਹੁੰਦੇ ਆਂ ਕਿਸੇ ਨੂੰ ਮੰਦਾ ਚੰਗਾ ਕਹਿਣ ਵਾਲੇ…।’
ਮੈਂ ਸੋਚਦਾ ਹਾਂ ਕਿ ਕਿੰਨੇ ਮਹਾਨ ਨੇ ਦੀਵਾਨਾ ਵਰਗੇ ਲੋਕ, ਰਾਮ ਪਿਆਰੇ ਨੂੰ ‘ਆਰ ਪੀ’ ਕਰ ਲੈਂਦੇ ਨੇ ਤੇ ਲਿਖਣ ਨਾਲ ਏਨੀ ਦੀਵਾਨਗੀ ਕਿ ਤਖੱਲਸ ‘ਦੀਵਾਨਾ’ ਰੱਖ ਲੈਂਦੇ ਨੇ, ਪਰ ਇਨ੍ਹਾਂ ਦੀ ਦੀਵਾਨਗੀ ਦੀ ਕਦਰ ਕਰਨ ਵਾਲੇ ਲੋਕ ਲੱਭਣੇ ਕਿੰਨੇ ਔਖੇ ਹਨ।
- ਸਵਰਨ ਸਿੰਘ ਟਹਿਣਾ
98141-78883 ਮੋ.
The post ਸਾਰੀ ਉਮਰ ਸੂਫ਼ੀ ਕਲਾਮਾਂ ਲੇਖੇ ਲਾਉਣ ਵਾਲੇ ਆਰ.ਪੀ.ਦੀਵਾਨਾ ਦੀ ਅਵਾਜ਼ਾਰੀ appeared first on Quomantry Amritsar Times.