ਪ੍ਰੋ. ਸ਼ੇਰ ਸਿੰਘ ਕੰਵਲ
ਪੰਜਾਬ ਤੇ ਪੰਜਾਬ ਵਿਚੋਂ ਵੀ ਖਾਸ ਕਰਕੇ ਮਾਲਵਾ ਮੇਲਿਆਂ ਦੀ ਰੰਗ ਭੂਮੀ ਹੈ। ਮਾਲਵੇ ਵਿਚੋਂ ਵੀ ਇਹ ਮਾਣ ਜ਼ਿਲ੍ਹਾ ਲੁਧਿਆਣਾ ਨੂੰ ਜਾਂਦਾ ਹੈ ਕਿ ਇਸ ਦੀ ਹਿੱਕੜੀ ਤੇ ਪੰਜਾਬ ਦਾ ਕਹਿੰਦਾ ਕਹਾਉਂਦਾ ਮੇਲਾ ਲਗਦਾ ਹੈ-ਛਪਾਰ ਦਾ ਮੇਲਾ।
ਜੋ ਅਨੰਤ ਚੌਦਸ ਭਾਵ ਭਾਦਰੋਂ ਸੁਦੀ ਚੌਦੇਂ ਨੂੰ ਥਾਣਾ ਡੇਹਲੋਂ, ਬਲਾਕ ਪੱਖੋਵਾਲ ਵਿਚ ਅਹਿਮਦਗੜ੍ਹ-ਰਾਏਕੋਟ ਸੜਕ ‘ਤੇ, ਅਹਿਮਦਗੜ੍ਹ ਤੋਂ ਤਿੰਨ ਕਿਲੋਮੀਟਰ ਪੱਛਮ ਵੱਲ ਸਥਿਤ ਪਿੰਡ ਛਪਾਰ ਤੋਂ ਲੋਹਟਬੱਦੀ ਵਾਲੇ ਪਾਸੇ ਡੇਢ ਕੁ ਫਰਲਾਂਗ ਦੂਰ ਗੁੱਗੇ ਦੀ ਮਾੜੀ ਤੇ ਲੱਗਦਾ ਹੈ।
ਇਕ ਦੰਦ ਕਥਾ ਅਨੁਸਾਰ ਗੁੱਗਾ ਜਾਂ ‘ਗੁੱਗਾ ਬੀਰ’ ਜਿਸ ਨੂੰ ਮਗਰੋਂ ‘ਗੁੱਗਾ ਪੀਰ’ ਜਾਂ ‘ਜ਼ਾਹਰ ਪੀਰ’ ਕਿਹਾ ਜਾਣ ਲੱਗਾ, ਗੜ੍ਹ ਦਦਰੇੜਾ (ਬੀਕਾਨੇਰ) ਦੇ ਚੌਹਾਨ, ਰਾਜੇ ਜੇਵਰ ਦੇ ਘਰ ਉਸ ਦੀ ਰਾਣੀ ਬਾਛਲ ਦੇ ਪੇਟੋਂ ਗੋਰਖਨਾਥ ਦੇ ਗੁੱਗਲ ਦੇਣ ‘ਤੇ, ਬਾਰਵੀਂ ਸਦੀ ਦੇ ਇਰਦ ਗਿਰਦ, ਸਾਵਣ ਸੁਦੀ ਤਰੌਦਸ਼ੀ ਨੂੰ ਪੈਦਾ ਹੋਇਆ ਤੇ ਗੁੱਗਲ ਤੋਂ ਹੀ ਇਸ ਦਾ ਨਾਂ ਗੁੱਗਾ ਰੱਖਿਆ ਗਿਆ। ਇਸ ਨੇ ਆਪਣੀ ਮਾਸੀ ਦੇ ਜੋੜੇ ਪੁੱਤਰਾਂ ਅਰਜਨ ਅਤੇ ਸੁਰਜਣ ਨੂੰ ਮਾਰ ਦਿੱਤਾ ਜਿਹੜੇ ਧੂਪ ਨਗਰ ਦੇ ਰਾਜੇ ਸੰਜਯ ਦੀ ਲੜਕੀ ਸੀਰੀਅਲ ਦੇ ਗੁੱਗੇ ਨਾਲ ਵਿਆਹ ਹੋਣ ਤੇ ਚਿੜਦੇ ਸਨ। ਮਗਰੋਂ ਆਪਣੀ ਮਾਂ ਵਲੋਂ ਅੱਖਾਂ ਤੋਂ ਦੂਰ ਹੋਣ ਲਈ ਕਹਿਣ ਤੇ ਗੁੱਗੇ ਨੇ ਧਰਤੀ ਵਿਚ ਗਰਕ ਹੋਣ ਦਾ ਫੈਸਲਾ ਕਰ ਲਿਆ। ਪਰ ਹਿੰਦੂ ਹੋਣ ਕਰਕੇ ਧਰਤੀ ਨੇ ਜਦ ਵਿਹਲ ਨਾ ਦਿੱਤੀ ਤਾਂ ਇਸ ਨੇ ਖੁਆਜ਼ਾ ਮੁਹੀਉਦੀਨ ਰਾਜ਼ੀ (ਬਠਿੰਡਾ) ਪਾਸੋਂ ਇਸਲਾਮ ਧਾਰਨ ਕਰ ਲਿਆ ਅਤੇ ਘੋੜੇ ਸਮੇਤ ਕਬਰ ਵਿਚ ਸਮਾ ਗਿਆ। ਕੁਝ ਲੋਕਾਂ ਅਨੁਸਾਰ ਗੜ੍ਹ ਦਦਰੇੜੇ ਦੀ ਇਸ ਮਾੜੀ ਤੋਂ ਮਿੱਟੀ ਲਿਆ ਕੇ ਹੀ ਛਪਾਰ ਦੀ ਮਾੜੀ ਸਥਾਪਤ ਕੀਤੀ ਗਈ ਹੈ।
ਛਪਾਰ ਨਜ਼ਦੀਕ ਸਥਿਤ ਇਸ ਮਾੜੀ ਵਾਲੀ ਥਾਂ ਮੇਲਾ ਲੱਗਣ ਬਾਰੇ ਵੀ ਇਕ ਦੰਦ ਕਥਾ ਪ੍ਰਚਲਤ ਹੈ। ਜਿਸ ਅਨੁਸਾਰ ਦੋ ਕੁ ਸੌ ਸਾਲ ਪਹਿਲੋਂ ਇਹ ਜ਼ਮੀਨ ਛਪਾਰ ਦੇ ਇਕ ਸੇਖੋਂ ਸਰਦਾਰ ਦੀ ਸੀ। ਉਸ ਦੀ ਪਤਨੀ ਜਦ ਆਪਣੇ ਬੱਚੇ ਨੂੰ ਸੁਆ ਕੇ ਖੇਤਾਂ ਵਿਚ ਕਪਾਹ ਚੁਗਿਆ ਕਰੇ ਤਾਂ ਇਕ ਨਾਗ ਫੰਨ ਖਲਾਰ ਕੇ ਬੱਚੇ ਨੂੰ ਛਾਂ ਆਣ ਕੀਤਾ ਕਰੇ। ਪਰ ਇਕ ਦਿਨ ਇਕ ਰਾਹੀ ਨੇ ਸੱਪ ਨੂੰ ਇੰਜ ਵੇਖ ਕੇ ਮਾਰ ਦਿੱਤਾ ਅਤੇ ਉਸ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਸਾਰੀ ਕਹਾਣੀ ਸੁਣਾਈ। ਜਦੋਂ ਉਨ੍ਹਾਂ ਪਿਛੋਂ ਵੇਖਿਆ ਤਾਂ ਬੱਚਾ ਵੀ ਮਰਿਆ ਪਿਆ ਸੀ। ਇਹ ਘਟਨਾ ਅਨੰਤ ਚੌਦਸ ਨੂੰ ਵਾਪਰੀ। ਬੱਚੇ ਤੇ ਨਾਗ ਨੂੰ ਇਕੱਠੇ ਦਫ਼ਨਾਇਆ ਗਿਆ। ਮੌਤ ਤੋਂ ਚੌਧਵੀਂ ਰਾਤ ਬੱਚੇ ਨੇ ਮਾਂ ਨੂੰ ਸੁਪਨੇ ਵਿਚ ਦੱਸਿਆ ਕਿ ਉਹ ਗੁੱਗੇ ਦਾ ਅਵਤਾਰ ਸੀ ਅਤੇ ਸੱਪ ਉਸ ਦਾ ਰਖਵਾਲਾ। ਉਸ ਨੇ ਮਾਂ ਨੂੰ ਉਹ ਜ਼ਮੀਨ ਬ੍ਰਾਹਮਣ ਨੂੰ ਦੇਣ ਅਤੇ ਆਪਣੀ ਕਬਰ ਬਣਾਉਣ ਲਈ ਵੀ ਕਿਹਾ। ਮਾਪਿਆਂ ਦੇ ਇੰਜ ਹੀ ਕਰਨ ਤੇ ਬੱਚੇ-ਗੁੱਗੇ ਨੇ ਬ੍ਰਾਹਮਣ ਨੂੰ ਵੀ ਸੁਪਨੇ ਵਿਚ ਮਾੜੀ ਬਣਵਾਉਣ ਲਈ ਕਿਹਾ ਅਤੇ ਵਰ ਦਿੱਤਾ ਕਿ ਇਥੇ ਸੱਪ ਦੇ ਡੰਗੇ ਰਾਜ਼ੀ ਹੋਣਗੇ ਅਤੇ ਸੁੱਖਾਂ ਪੂਰੀਆਂ ਹੋਇਆ ਕਰਨਗੀਆਂ। ਬ੍ਰਾਹਮਣ ਨੇ ਫਿਰ ਲੋਕਾਂ ਦੀ ਮਦਦ ਨਾਲ ਮਾੜੀ ਬਣਾਈ। ਮਗਰੋਂ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਦੇ ਇਕ ਵਜ਼ੀਰ ਨੇ ਪੁੱਤਰ ਹੋਣ ਦੀ ਸੁੱਖ ਪੂਰੀ ਹੋਣ ਤੇ ਮਾੜੀ ਦੀ ਚੰਗੀ ਇਮਾਰਤ ਬਣਵਾਈ ਜੋ 70-80 ਵਰ੍ਹੇ ਪਹਿਲੋਂ ਢਹਿ ਗਈ। ਮੌਜੂਦਾ ਇਮਾਰਤ 1923 ਵਿਚ ਸੇਖੋਆਂ ਦੇ ਪ੍ਰੇਹਤ ਪੁਜਾਰੀਆਂ ਨੇ ਬਣਵਾਈ।
ਮੇਲੇ ਤੇ ਹਫ਼ਤਾ ਭਰ ਪਹਿਲੋਂ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਉਂ ਜਿਉਂ ਮੇਲਾ ਨੇੜੇ ਆਉਂਦਾ ਹੈ ਸਰਕਸ, ਚਿੜੀਆ-ਘਰ, ਚੰਡੋਲੇ ਆਦਿ ਪੁੱਜਣੇ ਸ਼ੁਰੂ ਹੋ ਜਾਂਦੇ ਹਨ। ਹਲਵਾਈ,ਵਣਜਾਰੇ, ਦੰਦਸਾਜ਼, ਫੋਟੋਗ੍ਰਾਫਰ, ਜੋਤਸ਼ੀ, ਜੋਗੀ,ਦਵਾਈਆਂ ਤੇ ਹੋਰ ਲਟਾ ਪਟਾ ਵੇਚਣ ਵਾਲੇ ਆ ਡੇਰਾ ਜਮਾਉਂਦੇ ਹਨ। ਰਾਜਸੀ ਕਾਨਫਰੰਸਾਂ ਕਰਨ ਵਾਲੀਆਂ ਪਾਰਟੀਆਂ ਤੇ ਦੁਕਾਨਾਂ ਵਾਲੇ ਆਪਣੇ ਆਪਣੇ ਸ਼ਮਿਆਨੇ, ਤੰਬੂ ਕਨਾਤਾਂ ਤੇ ਟੈਂਟ ਆ ਗੱਡਦੇ ਹਨ। ਮਾੜੀ ਦੇ ਇਰਦ ਗਿਰਦ ਮਾਨੋ ਤੰਬੂਆਂ ਟੈਂਟਾਂ ਦਾ ਇਕ ਝੁਰਮਟ ਪੈ ਜਾਂਦਾ ਹੈ। ਇਕ ਸ਼ਹਿਰ ਵਸ ਜਾਂਦਾ ਹੈ। ਮੇਲੇ ਤੋਂ ਇਕ ਦਿਨ ਪਹਿਲੋਂ ਚੌਕੀਆਂ ਹੁੰਦੀਆਂ ਹਨ। ਲੋਕ ਆਪਣੇ ਪਸ਼ੂਆਂ ਨੂੰ ਲਿਆ ਕੇ ਸੱਪ ਲੜਨ ਤੋਂ ਚੌਕੀਆਂ ਭਰਵਾਉਂਦੇ ਹਨ। ਮੇਲੇ ਦੇ ਤਿੰਨੇ ਦਿਨ ਸ਼ਰਧਾਲੂ ਮਾੜੀ ਦੇ ਸਾਹਮਣੇ ਸੱਤ ਸੱਤ ਵਾਰੀ ਮਿੱਟੀ ਕੱਢ ਕੇ ਅੰਦਰ ਗੁੱਗੇ ਤੇ ਸੱਪ ਦੀ ਮੂਰਤੀ ਨੂੰ ਮੱਥਾ ਟੇਕ ਕੇ ਪਤਾਸੇ, ਸੇਵੀਆਂ ਕਣਕ ਦੇ ਗੁੜ ਆਦਿ ਚੜ੍ਹਾਉਂਦੇ ਹਨ। ਪਹਿਲੋ ਪਹਿਲ ਵਛੇਰੇ ਅਤੇ ਬੱਕਰੇ ਵੀ ਚੜ੍ਹਾਏ ਜਾਂਦੇ ਸਨ। ਕਈ ਵੇਰ ਸੁੱਖ ਲਾਹੁਣ ਲਈ ਚਾਂਦੀ ਦੇ ਸੱਪ, ਜੂੰਆਂ ਤੇ ਕੀੜੀਆਂ ਵੀ ਚੜ੍ਹਾਈਆਂ ਜਾਂਦੀਆਂ ਹਨ। ਸੁੱਖਣਾ ਲਾਹ ਕੇ, ਟੱਲ ਖੜਕਾ ਕੇ ਸ਼ਰਧਾਲੂ ਬਾਹਰ ਬੈਠੇ ਭਗਤਾਂ ਅਤੇ ਗਰੀਬ ਗੁਰਬਿਆਂ ਨੂੰ ਪ੍ਰਸ਼ਾਦ ਵੰਡਦੇ ਹਨ। ਮਰਾਸੀ ਢੋਲ ਕੁੱਟਦੇ ਤੇ ਸ਼ਰਧਾਵਾਨ ਪਾਰਟੀਆਂ ਭਜਨ ਅਤੇ ਭੇਟਾ ਗਾਉਂਦੀਆਂ ਹਨ। ਕਈ ਸੰਗਲਾਂ ਤੇ ਚਿਮਟਿਆਂ ਨਾਲ ਆਪਣੇ ਸਰੀਰ ਕੁੱਟਦੇ ਗੁੱਗੇ ਨੂੰ ਖੁਸ਼ ਕਰਦੇ ਹਨ। ਕਈ ਹੋਰ ਉਚੇ ਲੰਬੇ ਬਾਂਸਾਂ ‘ਤੇ ਮੋਰ ਦੇ ਖੰਭ ਬੰਨ੍ਹ ਕੇ ਮਾੜੀ ਸਾਹਵੇਂ ਖੜ੍ਹੇ ਆਪਣੀ ਹਾਜ਼ਰੀ ਲਵਾਉਂਦੇ ਹਨ। ਔਰਤਾਂ ਦਾ ਮੇਲਾ ਅਖ਼ੀਰਲੇ ਦਿਨ ਹੁੰਦਾ ਹੈ। ਮੇਲੇ ਤੋਂ ਇਕ ਮਹੀਨਾ ਬਾਅਦ ਇਕ ਛੋਟਾ ਮੇਲਾ ਵੀ ਹੁੰਦਾ ਹੈ। ਇਕ ਦਿਨ ਚੌਕੀਆਂ ਅਤੇ ਦੂਸਰੇ ਦਿਨ ਮੇਲਾ। ਜੇ ਕਦੇ ਸੱਪ ਦੇ ਜ਼ਹਿਰ ਨਾਲ ਛਾਲਾ ਹੋ ਕੇ ਕਿਸੇ ਤੇ ਗੁੱਗੇ ਬਾਬੇ ਦੀ ਮਿਹਰ ਹੋ ਜਾਵੇ ਤਾਂ ਉਹ ਮਾੜੀ ਕੋਲ ਆ ਲੇਟਦਾ ਹੈ ਅਤੇ ਉਠਦਾ ਉਦੋਂ ਹੀ ਹੈ ਜਦੋਂ ਗੁੱਗਾ ਆਪਣੀ ਨੀਲੀ ਘੋੜੀ ਤੇ ਸਵਾਰ ਹੋ ਕੇ ਉਸ ਨੂੰ ਘਰ ਜਾਣ ਨੂੰ ਕਹਿੰਦਾ ਹੈ ਅਤੇ ਦੱਸਦੇ ਹਨ ਕਿ ਫਿਰ ਉਹ ਰਾਜ਼ੀ ਹੋ ਜਾਂਦਾ ਹੈ।
ਮੇਲੇ ਦੇ ਤਿੰਨੇ ਦਿਨ ਮੇਲਾ ਪੂਰਾ ਭਰਦਾ ਹੈ। ਸਾਰੇ ਪੰਜਾਬ ਅਤੇ ਖਾਸ ਕਰਕੇ ਬਾਂਗਰ, ਜਾਖਲ ਅਤੇ ਲਹਿਰੇਗਾਗੇ ਆਦਿ ਦੇ ਜੰਗਲ ਦੇ ਇਲਾਕੇ ਦੇ ਲੋਕ ਹੁੰਮ ਹੁੰਮਾ ਕੇ ਮੇਲਾ ਵੇਖਣ ਪੁੱਜਦੇ ਹਨ। ਮਾੜੀ ਤੇ ਸ਼ਰਧਾਲੂ ਸੁੱਖਣਾ ਲਾਹੁੰਦੇ ਪਰ ਬਾਜ਼ਾਰ ਵਿਰ ਮੇਲੀਆਂ ਦੀਆਂ ਟੋਲੀਆਂ ਭੰਗੜੇ ਅਤੇ ਬੋਲੀਆਂ ਪਾਉਂਦੀਆਂ, ਖਰੂਦ ਕਰਦੀਆਂ ਅਤੇ ਖਾਣ ਪੀਣ ਦੇ ਗੁਲਸ਼ੱਰੇ ਉਡਾਉਂਦੀਆਂ ਹਨ। ਬਾਹਰ ਵੱਡੇ ਵੱਡੇ ਪੰਡਾਲਾਂ ਵਿਚ ਰਾਜਸੀ ਨੇਤਾ ਲੋਕਾਂ ਨੂੰ ਸਬਜ਼ਬਾਗ ਦਿਖਾਉਂਦੇ ਹਨ।
ਵੰਡ ਤੋਂ ਪਹਿਲਾਂ ਜਦੋਂ ਅਹਿਮਦਗੜ੍ਹ, ਮਲੇਰਕੋਟਲੇ ਦਾ ਇਕ ਹਿੱਸਾ ਸੀ ਤਾਂ ਇਸ ਮੇਲੇ ਦੀ ਚੜ੍ਹਤ ਨਿਆਰੀ ਹੀ ਸੀ। ਨਵਾਬ ਮਲੇਰਕੋਟਲੇ ਨੂੰ ‘ਤਹਿ ਬਾਜ਼ਾਰੀ’ ਤੋਂ ਹੀ ਲੱਖਾਂ ਦੀ ਆਮਦਨ ਸੀ। ਮੇਲਾ ਅਹਿਮਦਗੜ੍ਹ ਤੀਕ ਖਿਲਰਿਆ ਹੁੰਦਾ ਸੀ। ਮੇਲੇ ਦੇ ਦਿਨਾਂ ਵਿਚ ਇਥੇ ਇਕ ਇਕ ਲੱਖ ਦੀ ਸ਼ਰਾਬ ਹੀ ਵਿਕ ਜਾਂਦੀ ਸੀ। ਸੈਂਕੜੇ ਕੱਵਾਲ, ਨਕਲੀਏ, ਨਚਾਰ ਅਤੇ ਨਾਚੀਆਂ ਮੇਲੇ ਤੇ ਧੂਮ ਧੜੱਕੇ ਨਾਲ ਪਹੁੰਚਦੇ ਸਨ। ਭਾਰਤ ਭਰ ਦੇ ਜੁਆਰੀਏ ਭਮੱਕੜਾਂ ਵਾਂਗ ਇਥੇ ਇਕੱਠੇ ਹੁੰਦੇ ਸਨ। ਵੰਡ ਵੇਲੇ ਕੱਵਾਲਾਂ, ਨਚਾਰਾਂ ਅਤੇ ਨਾਚੀਆਂ ਦੇ ਸਰਹੱਦੋਂ ਪਾਰ ਤੁਰ ਜਾਣ ਪਿਛੋਂ ਮੇਲੇ ਵਿਚ ਇਕ ਖਿਲਾਅ ਪੈਦਾ ਹੋ ਗਿਆ ਜਿਸ ਨੂੰ ਤਾਂ ਭਰਿਆ ਨਹੀਂ ਜਾ ਸਕਦਾ ਪਰ ਛਪਾਰ ਦਾ ਮੇਲਾ ਫਿਰ ਵੀ ਮੇਲਾ ਹੀ ਹੈ।
ਮੈਂ ਇਸ ਮੇਲੇ ਵਿਚ ਪੰਜਾਬ ਦੇ ਹੋਰਨਾਂ ਮੇਲਿਆਂ ਨਾਲੋਂ ਵਿਲੱਖਣ ਵਿਸ਼ੇਸ਼ਤਾਵਾਂ ਵੇਖੀਆਂ ਹਨ। ਪਹਿਲੀ ਇਹ ਕਿ ਮੇਲੇ ਤੋਂ ਪਹਿਲਾਂ ਚੌਂਕੀਆਂ ਵਾਲੇ ਦਿਨ ਮਾੜੀ ਤੋਂ ਅਹਿਮਦਗੜ੍ਹ ਵੱਲ ਇਥੇ ਗਧਿਆਂ ਦੀ ਇਕ ਭਾਰੀ ਮੰਡੀ ਲਗਦੀ ਹੈ। ਓਨੀ ਹੀ ਭਾਰੀ ਜਿੰਨਾ ਭਾਰਾ ਕਿ ਮਗਰੋਂ ਬੰਦਿਆਂ ਦਾ ਮੇਲਾ। ਗਧਿਆਂ, ਖੱਚਰਾਂ ਅਤੇ ਘੋੜਿਆਂ ਦੇ ਦੀਵਾਨੇ ਵਪਾਰੀ ਲੱਕਾਂ ਨਾਲ ਰੁਪਏ ਬੰਨ੍ਹ ਕੇ ਗੇੜੇ ਦਿੰਦੇ ਹਨ।
ਦੂਸਰੇ, ਇਸ ਮੇਲੇ ਤੇ ਇਕ ਖਾਸ ਕਿਸਮ ਦੀ ਮਠਿਆਈ ‘ਖਜਲਾ’ ਬਹੁਤ ਵਿਕਦੀ ਹੈ। ਵੱਡੇ ਵੱਡੇ ਥਾਲਾਂ ਵਿਚ ਭੇਲੀਆਂ ਵਰਗੇ ਖਜ਼ਲੇ ਦੇ ਫੁੱਲਵੇਂ, ਪੂੜੇ ਵਰਗੇ ਚਿਣੇ ਹੋਏ ਰੋਟਾਂ ਜਿਹਾ ਵਿਚਕਾਰ ਬੈਠੇ ਹਟਵਾਣੀਏ ਬਿਲ ਬਤੌਰੀਆਂ ਵਾਂਗ ਝਾਕਦੇ ਹਨ। ਕਿਸੇ ਟੋਲੀ ਦਾ ਕੋਈ ਮਨਚਲਾ ਮੇਲੀ ਨਾਲ ਦੇ ਸਾਥੀ ਨੂੰ ਥਾਲ ਤੇ ਧੱਕਾ ਦੇ ਦਿੰਦਾ ਹੈ ਤਾਂ ਲਾਲੇ ਦਾ ਸਾਰਾ ਜੁਗਾੜ ਹੀ ਪਟਿਆ ਜਾਂਦਾ ਹੈ।
ਤੀਸਰੀ ਤੇ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਮੇਲੇ ਵਿਚ ਪੈਂਦੀਆਂ ਬੋਲੀਆਂ। ਉਂਝ ਤਾਂ ਦਿਨੇ ਹੀ ਬਾਜ਼ਾਰ ਵਿਚ (ਕਈ ਵੇਰ ਤਾਂ ਆਪਣੇ ਖਾਸ ਹਰੇ ਜਾਂ ਪੀਲੇ ਧੂਵੇਂ ਚਾਦਰਿਆਂ ਤੇ ਸੰਦਲੀ ਜਾਂ ਹਰੀਆਂ ਪੱਗਾਂ ਵਾਲੇ) ਗੱਭਰੂ ਢੋਲਕ, ਚਿਮਟੇ, ਸੱਪ ਅਤੇ ਕਾਟੋਆਂ ਖੜਕਾਉਂਦੇ ਟੋਲੀਆਂ ਵਿਚ ਨੱਚਦੇ, ਟਪਦੇ ਖੌਰੂ ਪਾਉਂਦੇ ਹੋਏ ਬੋਲੀਆਂ ਪਾਉਂਦੇ ਜਾਂਦੇ ਹਨ। ਪਰ ਬੋਲੀਆਂ ਦਾ ਅਸਲੀ ਰੰਗ ਰਾਤ ਨੂੰ ਹੀ ਉਘੜਦਾ ਹੈ। ਰਾਤ ਦੀਆਂ ਬੋਲੀਆਂ ਜਿਹੜਾ ਸੁਣੇ ਉਹ ਵੀ ਪਛਤਾਵੇ ਜਿਹੜਾ ਨਾ ਸੁਣੇ ਉਹ ਵੀ ਪਛਤਾਵੇ। ਜਿੰਨੀ ਅਸ਼ਲੀਲ ਤੇ ਚੋਂਦੀ ਚੋਂਦੀ ਬੋਲੀ ਇਸ ਮੇਲੇ ਵਿਚ ਪੈਂਦੀ ਹੈ, ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਕਿਤੇ ਹੋਰ ਨਹੀਂ ਪੈਂਦੀ। ਇਨ੍ਹਾਂ ਬੋਲੀਆਂ ਦਾ ਵਿਸ਼ਾ ਆਮ ਕਰਕੇ ਦਿਓਰ ਭਰਜਾਈ, ਜੀਜਾ-ਸਾਲੀ ਤੇ ਨੂੰਹ-ਸਹੁਰੇ ਦੇ ਨਜਾਇਜ਼ ਸਬੰਧਾਂ, ਅੱਗ ਲਾਉਂਦੇ ਹੁਸਨ ਦਾ ਜ਼ੁਲਮ ਜਾਂ ਛੜਿਆਂ ਦੇ ਕੀਰਨੇ ਹੁੰਦਾ ਹੈ। ਗੁਪਤ ਅੰਗਾਂ ਦੀ ਮੁਹਾਰਨੀ ਹਰੇਕ ਬੋਲੀ ਵਿਚ ਚਟਖਾਰੇ ਲਾ ਲਾ ਕੇ ਪੜ੍ਹੀ ਜਾਂਦੀ ਹੈ। ਪਿੰਡ ਦਾ ਕੋਈ ਛੜਾ ਛਾਂਟ ਅਮਲੀ ਸਾਲ ਭਰ ਨਵੀਆਂ ਨਵੀਆਂ ਬੋਲੀਆਂ ਜੋੜਦਾ ਹੈ ਅਤੇ ਮੇਲੇ ਵਿਚ ਰਾਤ ਦੇ ਅਖਾੜੇ ਵਿਚ ਉਹ ਹੱਥ ਵਿਚ ਛਟੀ ਜਿਹੀ ਫੜ ਕੇ ਲੰਬੀ ਬੋਲੀ ਝੂਮ ਝੂਮ ਕੇ ਗੇੜਾ ਬੰਨ੍ਹ ਕੇ ਪਾਉਂਦਾ ਹੈ ਅਤੇ ਬੋਲੀ ਦੇ ਆਖ਼ਰੀ ਬੋਲਾਂ ਨੂੰ ਢੋਲ, ਛੈਣੇ ਅਤੇ ਸੱਪਾਂ ਦੀ ਖੜਕਾਹਟ ਨਾਲ ਉਸ ਦੀ ਟੋਲੀ ਦੇ ਬਾਕੀ ਗੱਭਰੂ ਚਾਨਣੀ ਰਾਤ ਦੀ ਫਿਜ਼ਾ ਵਿਚ ਅੰਬਰ ਤੀਕ ਪਹੁੰਚਾ ਦਿੰਦੇ ਹਨ। ਇਹੋ ਜਿਹੀਆਂ ਦਰਜਨਾਂ ਟੋਲੀਆਂ ਰਾਤ ਭਰ ਮੇਲੇ ਦੀ ਜੂਹ ਖੁਰਦਰੂ ਪਾਉਂਦੀਆਂ ਹਨ। ਮੇਰਾ ਵਿਚਾਰ ਹੈ ਕਿ ਜੇ ਕਿਸੇ ਨੇ ਪੰਜਾਬੀਆਂ ਦੇ ਸਗਲੇ ਭਿੱਤ ਖੋਲ੍ਹ ਕੇ ਉਨ੍ਹਾਂ ਦੇ ਧੁਰ ਅੰਦਰ ਵਸਦੇ ਨਗਨ ਪਲਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨੇ ਹੋਣ ਤਾਂ ਉਸ ਨੂੰ ਮਰਨ ਤੋਂ ਪਹਿਲਾਂ ਇਕ ਵਾਰ ਛਪਾਰ ਦਾ ਮੇਲਾ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਤੇ ਉਹ ਵੀ ਰਾਤ ਨੂੰ।
The post ਛਪਾਰ ਦਾ ਮੇਲਾ appeared first on Quomantry Amritsar Times.