ਹਾਲੀਵੁੱਡ ਦੇ ਦੋ ਐਕਟਰਾਂ ਦੀ ਵੀ ਫ਼ਿਲਮ ‘ਚ ਹੋਵੇਗੀ ਅਹਿਮ ਭੂਮਿਕਾ
ਚੰਡੀਗੜ੍ਹ/ ਕਰਮਜੀਤ ਸਿੰਘ (ਮੋਬਾਇਲ : 99150-91063)
ਸੰਨ 1849 ਵਿੱਚ ਪੰਜਾਬ ਅੰਗਰੇਜ਼ਾਂ ਦੇ ਰਾਜ ਵਿੱਚ ਸ਼ਾਮਲ ਹੋ ਜਾਣ ਪਿਛੋਂ ਖ਼ਾਲਸਾ ਪੰਥ ਦੇ ਦਰਦ ਦੀ ਦਾਸਤਾਨ ਹੁਣ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਰਾਹੀਂ ਫ਼ਿਲਮੀ ਪਰਦੇ ਉਤੇ ਛੇਤੀ ਹੀ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਇਤਿਹਾਸਕ ਅਤੇ ਕਲਾਤਮਕ ਫਿਲਮ ਦੇ ਨਾਇਕ ਵਜੋਂ ਪੰਜਾਬੀ ਦੇ ਉਘੇ ਤੇ ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ ਮਹਾਰਾਜਾ ਦਲੀਪ ਸਿੰਘ ਦਾ ਰੋਲ ਅਦਾ ਕਰਨਗੇ ਜਦ ਕਿ ਹਾਲੀਵੁੱਡ ਜਗਤ ਦੇ ਦੋ ਐਕਟਰਾਂ ਵਿਚ ਇੱਕ ਲਾਰਡ ਡਲਹੌਜ਼ੀ ਦੇ ਰੋਲ ਵਿਚ ਸਾਹਮਣੇ ਆਏਗਾ। ਮਹਾਰਾਣੀ ਜਿੰਦਾਂ ਦੇ ਅਹਿਮ ਰੋਲ ਲਈ ਕਿਸੇ ਨਾਮੀ ਅਤੇ ਸਮਰੱਥ ਅਦਾਕਾਰਾ ਦੀ ਭਾਲ ਕੀਤੀ ਜਾ ਰਹੀ ਹੈ ਜਦੋਂ ਕਿ ਬਹੁਤੇ ਪੰਜਾਬੀ ਅਦਾਕਾਰ ਇੰਗਲੈਂਡ ਵਿਚੋਂ ਹੀ ਲਏ ਜਾਣਗੇ।
ਇਨਾਮ ਜੇਤੂ ਡੈਰਨ ਬੌਲਟਨ ਦਾ ਇਸ ਫਿਲਮ ਦੀ ਟੀਮ ਦਾ ਹਿੱਸਾ ਹੋਣਾ ਬੜੀ ਅਹਿਮ ਗੱਲ ਹੈ।
ਫ਼ਿਲਮ ਵਿੱਚ ਨੁਸਰਤ ਫਤਹਿ ਅਲੀ ਖਾਂ ਦੇ ਕੁਝ ਅਜਿਹੇ ਗੀਤ ਵੀ ਸ਼ਾਮਲ ਕੀਤੇ ਗਏ ਹਨ ਜੋ ਅਜੇ ਤੱਕ ਕਿਸੇ ਐਲਬਮ ਵਿੱਚ ਸ਼ਾਮਲ ਨਹੀਂ ਹਨ। ਫ਼ਿਲਮ ਦੀ ਪ੍ਰੋਡੱਸ਼ਕਨ ਟੀਮ ਵਾਲੇ ਨਾਮੀ ਅਦਾਕਾਰਾਂ ਅਤੇ ਹੋਰਨਾਂ ਹਸਤੀਆਂ ਨੂੰ ਇਸ ਇਤਿਹਾਸਕ ਫਿਲਮ ਦਾ ਹਿੱਸਾ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਸਰਗਰਮ ਹਨ ਅਤੇ ਸਬੰਧਤ ਵਿਅਕਤੀਆਂ ਨਾਲ ਤਾਲਮੇਲ ਰੱਖ ਰਹੇ ਹਨ।
ਪਤਾ ਲੱਗਾ ਹੈ ਕਿ ਇਸ ਫ਼ਿਲਮ ਦੀ ਸਕਰਿਪਟ ਲਗਭਗ ਤਿਆਰ ਹੈ ਅਤੇ ਕਿਸੇ ਵੀ ਸਮੇਂ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਕੁਝ ਦਿਨਾਂ ਵਿਚ ਇਸ ਫ਼ਿਲਮ ਸਬੰਧੀ ਸਾਰੇ ਵੇਰਵੇ ਮੀਡੀਆ ਨੂੰ ਦੇ ਦਿੱਤੇ ਜਾਣਗੇ।
ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਕ੍ਰਿਸਚਨ ਧਰਮ ਵਿਚ ਲਿਆਉਣ ਬਾਰੇ ਭਾਰਤ ਦੇ ਤਤਕਾਲੀ ਗਵਰਨਰ ਜਨਰਲ ਲਾਰਡ ਡਲਹੌਜ਼ੀ ਅਤੇ ਸਬੰਧਿਤ ਪਾਦਰੀ ਵਿਚ ਖਤੋ ਖਿਤਾਬਤ ਹੁੰਦਾ ਰਿਹਾ ਸੀ ਅਤੇ ਇਹ ਲਿਖਤਾਂ ਬਕਾਇਦਾ ਤੱਥ ਰੂਪ ਵਿਚ ਮੌਜੂਦ ਹਨ।
↧
ਹਾਲੀਵੁੱਡ ਦੀ ਫਿਲਮ ‘ਚ ਸਤਿੰਦਰ ਸਰਤਾਜ ਨਿਭਾਏਗਾ ਮਹਾਰਾਜਾ ਦਲੀਪ ਸਿੰਘ ਦਾ ਰੋਲ
↧