ਸਰੀ/ਬਿਊਰੋ ਨਿਊਜ਼:
ਮਈ ਮਹੀਨੇ ਦੀ ਜਾਰਜ ਮੈਕੀ ਲਾਇਬਰੇਰੀ ਵਿਚ ਕਵਿਤਾ ਸ਼ਾਮ ਵਿਚ ਦੋ ਕਵੀ ਸਰੋਤਿਆਂ ਦੇ ਸਨਮੁਖ ਹੋਏ, ਇਹ ਸਨ ਕੁਲਦੀਪ ਬਾਸੀ ਤੇ ਗੁਰਮੇਲ ਸਿੰਘ ਘੁਮਾਣ। ਪ੍ਰੋਗਰਾਮ ਦੇ ਸ਼ੁਰੁਆਤ ਵਿਚ ਚਿਤਰਕਾਰ ਜਰਨੈਲ ਸਿੰਘ ਨੇ ਸ਼ਾਇਰ ਗੁਰਮੇਲ ਸਿੰਘ ਘੁਮਾਣ ਨੂੰ ਵਧਾਈ ਦਿੰਦਿਆਂ ਸਰੋਤਿਆਂ ਨਾਲ ਜਾਣ ਪਛਾਣ ਕਰਾਈ ਤੇ ਉਹਨਾਂ ਦੀਆਂ ਦੋ ਪੁਸਤਕਾਂ ਦੇ ਰੀਲੀਜ਼ ਹੋਣ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਤੀ। ਇਸ ਵਿਚ ਇਕ ਪੁਸਤਕ ਕਹਾਣੀਆਂ ਦੀ ਅਤੇ ਦੂਸਰੀ ਪੁਸਤਕ ਕਵਿਤਾ ਸੰਗ੍ਰਹਿ ਸੀ। ਇਸ ਤੋਂ ਬਾਦ ਗੁਰਮੇਲ ਸਿੰਘ ਸਰੋਤਿਆਂ ਦੇ ਸਨਮੁਖ ਹੋਏ ਤੇ ਅਪਣੇ ਜੀਵਨ ਸਫਰ ਦੇ ਨਾਲ ਨਾਲ ਸਾਹਿਤ ਤੇ ਸਮਾਜ ਵਿਚ ਕਵਿਤਾ ਤੇ ਸਿਹਤ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜੀਵਨ ਦਾ ਯਥਾਰਥ ਹੀ ਪੇਸ਼ ਕਰਨਾ ਸਾਹਿਤ ਦਾ ਮੰਤਵ ਹੈ, ਪਰ ਜੇ ਕੋਈ ਸਾਹਿਤਕਾਰ ਇਹ ਪੇਸ਼ਕਤਰੀ ਅਪਣੀਆਂ ਰਚਨਾਵਾਂ ਵਿਚ ਨਹੀਂ ਕਰਦਾ ਤਾਂ ਇਸਦਾ ਮਤਲਬ ਹੈ ਉਹ ਅਪਣੀ ਜ਼ਿਮੇਵਾਰੀ ਤੋਂ ਭਜ ਰਿਹਾ ਹੈ।ਉਹਨਾਂ ਅਪਣੀਆਂ ਰਚਨਾਵਾਂ ਵੀ ਸਰੋਤਿਆਂ ਸਾਹਮਣੇ ਪੇਸ਼ ਕੀਤੀਆਂ।
ਇਸ ਤੋਂ ਬਾਅਦ ਦੂਸਰੇ ਕਵੀ ਸਨ ਕੁਲਦੀਪ ਬਾਸੀ , ਜਿਨ੍ਹਾਂ ਦੀਆਂ ਦੋ ਪੁਸਤਕਾਂ ਛਪ ਚੁਕੀਆਂ ਹਨ , ਇਨ੍ਹਾਂ ਦੀ ਜਾਣ ਪਛਾਣ ਮੋਹਨ ਗਿਲ ਨੇ ਕਰਵਾਈ ।ਕੁਲਦੀਪ ਬਾਸੀ ਨੇ ਅਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਟੈਲੀਵਿਜ਼ਨ ਤੇ ਚਲ ਰਹੇ ਅਪਣੇ ਪ੍ਰੋਗਰਾਮਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜ਼ਿੰਦਗੀ ਵਿਚ ਯਥਾਰਥ ਦੀ ਪੇਸ਼ਕਾਰੀ ਤਾਂ ਜ਼ਰੂਰੀ ਹੈ ਹੀ ਪਰ ਇਕਲੇ ਯਥਾਰਥ ਨਾਲ ਸਾਹਿਤ ਨਹੀਂ ਬਣਦਾ, ਉਸ ਵਿਚ ਕਲਪਨਾ ਦੀ ਚਾਸ਼ਨੀ ਮਿਲ ਕੇ ਹੀ ਵਧੀਆ ਸਾਹਿਤਕ ਕਿਰਤ ਬਣਦੀ ਹੈ। ਉਹਨਾਂ ਅਪਣੀਆਂ ਮਿਨੀ ਕਹਾਣੀਆਂ ਤੇ ਕਾਵਿ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਨਾਵਲਕਾਰ ਜਰਨੈਲ ਸਿੰਘ ਸੇਖਾ, ਇੰਦਰਜੀਤ ਸਿੰਘ ਧਾਮੀ, ਗੁਰਦਰਸ਼ਨ ਬਾਦਲ, ਜਗਦੇਵ ਸਿੰਘ ਸੰਧੂ, ਅਮਰਜੀਤ ਸ਼ਾਂਤ, ਸ੍ਰੀਮਤੀ ਜੌਹਲ, ਸ੍ਰੀ ਬਰਾੜ ਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ। ਲਿੰਕ ਅਖਬਾਰ ਦੇ ਐਡੀਟਰ ਪਾਲ ਢਿਲੋਂ ਨੇ ਵਿਸ਼ੇਸ਼ ਤੌਰ ਤੇ ਇਸ ਸਾਰੇ ਪ੍ਰੋਗਰਾਮ ਨੂੰ ਫਿਲਮਬਧ ਕੀਤਾ। ਅਖੀਰ ਵਿਚ ਮੋਹਨ ਗਿਲ ਨੇ ਜਾਰਜ ਮੈਕੀ ਲਾਇਬਰੇਰੀ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਆਏ ਹੋਏ ਸਰੋਤਿਆਂ ਦਾ ਇਸ ਵਿਚ ਸ਼ਮੂਲੀਅਤ ਲਈ ਧੰਨਵਾਦ ਨਾਲ ਇਹ ਸ਼ਾਮ ਸਮਾਪਤ ਹੋਈ।
↧
ਕਵਿਤਾ ਸ਼ਾਮ ‘ਚ ਦੋ ਕਵੀਆਂ ਨੇ ਰੰਗ ਬੰਨਿਆ
↧