Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਗ਼ਦਰ ਪਾਰਟੀ ਦਾ ਪੂਰਨ ਗੁਰਸਿੱਖ ਜਨਰਲ ਸਕੱਤਰ ਭਾਈ ਸੰਤੋਖ ਸਿੰਘ

$
0
0

Bhai Santokh Singh

19 ਮਈ ਬਰਸੀ ਤੇ ਵਿਸ਼ੇਸ਼

ਰਾਜਵਿੰਦਰ ਸਿੰਘ ਰਾਹੀ (98157-51332)
ਗ਼ਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਜੀਵਨ ਖਾਕੇ ਤੋਂ ਇਹ ਬਾਖੂਬੀ ਪਤਾ ਲੱਗ ਜਾਂਦਾ ਹੈ ਕਿ ਗ਼ਦਰ ਪਾਰਟੀ ਦਾ ਖਾਕਾ (Nature) ਅਤੇ ਚਲਣ (3haracter) ਕਿਹੋ ਜਿਹਾ ਸੀ ਅਤੇ ਗ਼ਦਰੀ ਬਾਬਿਆਂ ਦੇ ਸ਼ਖਸੀ ਕਿਰਦਾਰ ਕਿਹੋ ਜਿਹੇ ਸਨ। ਸਿੱਖ ਰਾਜਨੀਤੀ ਦੇ ਗੂੜ੍ਹ ਵਿਸ਼ਲੇਸ਼ਕ ਸ. ਅਜਮੇਰ ਸਿੰਘ ਅਤੇ ਮੇਰੇ ਵਲੋਂ ਗ਼ਦਰ ਲਹਿਰ ਦੇ ਸਿੱਖ ਖਾਸੇ ਬਾਰੇ ਢੇਰ ਸਾਰੇ ਤੱਥ ਅਤੇ ਸੱਚ ਸਾਹਮਣੇ ਲਿਆਉਣ ਦੇ ਬਾਵਜੂਦ ਵੀ ਖੱਬੇ ਪੱਖੀ ਕਾਮਰੇਡਾਂ ਵਲੋਂ ਅਜੇ ਵੀ ਜਿੱਦੀ ਅਤੇ ਖੋਰੀ ਢੰਗ ਨਾਲ ਇਹੋ ਰਾਗ ਅਲਾਪਿਆ ਜਾ ਰਿਹਾ ਹੈ ਕਿ ਗ਼ਦਰੀ ਬਾਬੇ ਧਰਮ ਨਿਰਪੱਖ (Secular) ਸਨ, ਗ਼ਦਰੀ ਬਾਬੇ ਰਾਸ਼ਟਰਵਾਦੀ (Nationalist) ਸਨ, ਉਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ ਆਦਿ, ਆਦਿ।
ਅਸੀਂ ਇਹ ਗੱਲ ਆਖਦੇ ਹਾਂ ਕਿ ਗ਼ਦਰ ਲਹਿਰ ਵਿਚ 90 ਫੀਸਦੀ ਤੋਂ ਵੱਧ ਸਿੱਖ ਸਨ ਜੋ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਨਾਲ ਅਟੁੱਟਰੂਪ ਵਿਚ ਜੁੜੇ ਹੋਏ ਸਨ। ਗ਼ਦਰ ਲਹਿਰ ਵਿਚ ਉਹ ਕਿਸੇ ਦੇ ਚੱਕੇ ਚਕਾਏ ਜਾਂ ਕਿਸੇ ਓਪਰੀ ਵਿਚਾਰਧਾਰਾ ਤੋਂ ਪ੍ਰੇਰਤ ਹੋ ਕੇ ਨਹੀਂ ਆਏ ਸੀ, ਜ਼ਬਰ ਜ਼ੁਲਮ ਵੁਰਧ ਲੜਨ ਦੀ ਪ੍ਰੇਰਨਾ ਉਨ੍ਹਾਂ ਨੇ ਆਪਣੇ ਧਰਮ ਅਤੇ ਵਿਰਸੇ ਕੋਲੋਂ ਪ੍ਰਾਪਤ ਕੀਤੀ ਸੀ, ਇਨ੍ਹਾਂ ਗ਼ਦਰੀ ਬਾਬਿਆਂ ਦਾ ਪ੍ਰਵਾਰਕ ਮਾਹੌਲ ਪੂਰੀ ਤਰ੍ਹਾਂ ਸਿੱਖੀ ਰੰਗ ਵਿਚ ਰੰਗਿਆ ਹੋਇਆ ਸੀ ਜਿਥੇ ਉਨ੍ਹਾਂ ਨੇ ਧਾਰਮਿਕ ਸੰਸਕਾਰ ਪ੍ਰਾਪਤ ਕੀਤੇ ਸਨ।
ਗ਼ਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਦਾ ਪ੍ਰਵਾਰਕ ਮਾਹੌਲ ਕਿਹੋ ਜਿਹਾ ਸੀ, ਉਸ ਦਾ ਉਸ ‘ਤੇ ਕਿਹੋ ਜਿਹਾ ਪ੍ਰਭਾਵ ਪਿਆ, ਇਕ ਗ਼ਦਰੀ ਬਾਬੇ ਦੀ ਲਿਖਤ ਤੋਂ ਇਹ ਸਭ ਸਪੱਸ਼ਟ ਹੋ ਜਾਵੇਗਾ ਕਿ ਭਾਈ ਸਾਹਿਬ ਨੂੰ ਵਿਰਸੇ ਵਿਚ ਕਿਹੋ ਜਿਹੇ ਸੰਸਕਾਰ ਮਿਲੇ ਸਨ। ਜਿਨ੍ਹਾਂ ਨੇ ਇਹੋ ਜਿਹੇ ਮਹਾਨ ਮਨੁੱਖ ਨੂੰ ਪੈਦਾ ਕੀਤਾ ਸੀ।
ਕੁਦਰਤੀ ਨਿਯਮਾਂ ਅਨੁਸਾਰ ਆਦਮੀ ਦੀ ਪੈਦਾਇਸ਼, ਰਿਹਾਇਸ਼ ਅਤੇ ਸ਼ੁਹਬਤ ਦਾ ਉਸ ਦੀ ਜ਼ਿੰਦਗੀ ਪਰ ਬਹੁਤ ਕੁਝ ਅਸਰ ਹੁੰਦਾ ਹੈ ਅਤੇ ਅਜਿਹੇ ਕੁਦਰਤੀ ਨਿਯਮ ਦਾ ਕਾਰਨ ਸੀ ਕਿ ਆਪ ਨੂੰ ਪ੍ਰਦੇਸੀ ਮੁਆਮਲਿਆਂ ਦੀ ਡੂੰਘੀ ਵਾਕਫੀਅਤ ਸੀ ਅਤੇ ਆਪ ਸ਼ਾਂਤ ਸੁਭਾਓ ਸਨ, ਕਿਉਂਕਿ ਆਪ ਜੀ ਦੀ ਪੈਦਾਇਸ਼ ਇਕ ਵੱਡੇ ਗੁਰਮੁਖ ਸਿੰਘ ਦੇ ਘਰ ਅਤੇ ਹਿੰਦੁਸਤਾਨ ਤੋਂ ਬਾਹਰ ਇਕ ਦੂਸਰੇ ਮੁਲਕ ਵਿਚ ਹੋਈ ਸੀ। ਗੁਲਾਮ ਹਿੰਦੁਸਤਾਨ ਤੋਂ ਬਾਹਰ ਪੈਦਾ ਹੋਣ ਕਰਕੇ ਆਪ ਜੀ ਨੂੰ ਜੰਮਣ ਗੁੜ੍ਹਤੀ ਹੀ ਆਜ਼ਾਦੀ ਦੇਵੀ ਦੀ ਮਿਲ ਚੁੱਕੀ ਸੀ, ਜਿਸ ਕਰਕੇ ਆਪ ਅੰਤਲੇ ਸਵਾਸਾਂ ਤੱਕ ਵੀ ਇਸ ਆਜ਼ਾਦੀ ਦੇਵੀ ਦਾ ਸਿਮਰਨ ਕਰਦੇ ਰਹੇ ਅਤੇ ਇਕ ਪਲ ਵੀ ਆਪ ਦੀ ਖਿਆਲ ਦੁਨਿਆਵੀ ਵਸਤੂਆਂ ਵੱਲ ਨਾ ਗਿਆ। ਆਪ ਦਾ ਜਨਮ ਸਿੰਗਪੁਰ ਟਾਪੂ ਵਿਚ ਗੁਰਮੁਖ ਫੌਜੀ ਸਿੰਘ ਭਾਈ ਜਵਾਲਾ ਸਿੰਘ ਦੇ ਘਰ ਤਕਰੀਬਨ ਸੰਨ 1893 ਵਿਚ ਹੋਇਆ ਸੀ। ਆਪ ਜੀ ਦੇ ਪਿਤਾ ਭਾਈ ਜਵਾਲਾ ਸਿੰਘ ਜੀ ਉਨ੍ਹਾਂ ਦਿਨਾਂ ਵਿਚ ਆਪ ਵੀ ਫੌਜ ਦੇ ਜਰਨੈਲ ਦੇ ਅਰਦਲੀ ਸਨ ਅਤੇ ਉਸ ਫੌਜ ਵਿਚ ਆਪ ਜੀ ਦਾ ਕਾਫ਼ੀ ਰਸੂਖ ਸੀ, ਇਸ ਤੋਂ ਬਿਨਾਂ ਆਪ ਬਾਣੀ ਦੇ ਬੜੇ ਪ੍ਰੇਮੀ ਸਨ ਅਤੇ ਪੂਰਨ ਗੁਰਸਿੱਖ ਸਨ। ਆਪ ਤਕਰੀਬਨ ਹਰ ਸਾਲ ਗੁਰਬਾਣੀ ਦਾ ਪਾਠ ਕਰਾਇਆ ਕਰਦੇ ਸਨ ਅਤੇ ਬੜੇ ਭਜਨੀਕ ਸਨ। ਇਸ ਦਾ ਅਸਰ ਭਾਈ ਸਾਹਿਬ ਜੀ ਹੋਰਾਂ ਪਰ ਹੋਇਆ ਕਿ ਆਪ ਆਪਣੀ ਜ਼ਿੰਦਗੀ ਵਿਚ ਸਾਰੇ ਸੰਸਾਰ ਦੀ ਯਾਤਰਾ ਕਰਦੇ ਹੋਏ ਅਤੇ ਆਪਣੇ ਜੀਵਨ ਦਾ ਬਹੁਤ ਸਾਰਾ ਹਿੱਸਾ ਪ੍ਰਦੇਸਾਂ ਵਿਚ ਗੁਜ਼ਾਰਦੇ ਹੋਏ ਜਿਥੇ ਕਿ ਸਿੱਖੀ ਦਾ ਅੰਸ਼ ਭੀ ਨਹੀਂ ਹੈ, ਸਿੱਖੀ ਧਰਮ ਤੋਂ ਨਹੀਂ ਡੋਲੇ ਅਤੇ ਵਾਹ ਲਗਦੀ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੋਟੀ ਬੀੜ ਆਪਣੇ ਪਾਸ ਰੱਖਦੇ ਰਹੇ ਜੋ ਕਿ ਇਸ ਵੇਲੇ ਵੀ ਆਪ ਜੀ ਦੇ ਘਰ ਮੌਜੂਦ ਹੈ।    (ਕਿਰਤੀ ਜੂਨ 1927)
1903 ਵਿਚ ਭਾਈ ਸੰਤੋਖ ਸਿੰਘ ਦੇ ਪਿਤਾ ਸ. ਜਵਾਲਾ ਸਿੰਘ ਸਿੰਘਾਪੁਰ ਤੋਂ ਪੈਨਸ਼ਨ ਲੈ ਕੇ ਆਪਣੇ ਪਿੰਡ ਧਰਦਿਓ (ਨੇੜੇ ਬਾਬਾ ਬਕਾਲਾ, ਜ਼ਿਲ੍ਹਾ ਗੁਰਦਾਸਪੁਰ) ਵਿਚ ਆ ਗਏ। ਭਾਈ ਸੰਤੋਖ ਸਿੰਘ ਨੇ ਨੇੜਲੇ ਕਸਬੇ ਮਹਿਤੇ ਤੋਂ ਪ੍ਰਾਇਮਰੀ ਪਾਸ ਕਰਕੇ ਅਗਲੀ ਪੜ੍ਹਾਈ ਲਈ ਸ੍ਰੀ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਦਾਖ਼ਲਾ ਲੈ ਲਿਆ। ਜਿਥੋਂ 1908 ਵਿਚ ਮੈਟ੍ਰਿਕ ਅਤੇ 1910 ਵਿਚ ਪੰਜਾਬ ਯੂਨੀਵਰਸਿਟੀ ਤੋਂ ਐਫ਼.ਏ. ਪਾਸ ਕੀਤੀ। ਘਰਦਿਆਂ ਨੇ ਭਾਈ ਸਾਹਿਬ ਦਾ ਵਿਆਹ ਛੋਟੀ ਉਮਰ ਵਿਚ ਹੀ 1909 ਵਿਚ ਸ਼ਾਹਪੁਰ (ਸ੍ਰੀ ਅੰਮ੍ਰਿਤਸਰ) ਨਿਵਾਸੀ ਬੀਬੀ ਕੇਸਰ ਕੌਰ ਨਾਲ ਕਰ ਦਿੱਤਾ ਸੀ। 1910 ਵਿਚ ਭਾਈ ਸਾਹਿਬ ਦੇ ਘਰ ਬੇਟੇ ਨੇ ਜਨਮ ਲਿਆ ਜਿਸ ਦਾ ਨਾਂ ਤਾਰਾ ਸਿੰਘ ਰੱਖਿਆ ਗਿਆ।
1911 ਵਿਚ ਭਾਈ ਸੰਤੋਖ ਸਿੰਘ ਉਚੇਰੀ ਵਿਦਿਆ ਲਈ ਕੈਨੇਡਾ ਪਹੁੰਚ ਗਏ। 1911 ਵਿਚ ਹੀ ਅਮਰੀਕਾ ਦੀ ਸਿੱਖ ਸੰਗਤ ਵਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਦਾ ਉਪਰਾਲਾ ਕੀਤਾ ਗਿਆ। ਜਿਸ ਵਿਚ ਕੈਨੇਡਾ ਦੀ ਸੰਗਤ ਨੇ ਵੀ ਹੁੰਮ ਹੁਮਾ ਕੇ ਭਾਗ ਲਿਆ ਜਿਸ ਵਿਚ ਭਾਈ ਸੰਤੋਖ ਸਿੰਘ ਜੀ ਸਨ।
ਅਮਰੀਕਾ ਵਿਚ ਇਹ ਦਿਹਾੜਾ ਸਟਾਕਟਨ ਦੇ ਨੇੜੇ ਸੰਤ ਬਾਬਾ ਵਸਾਖਾ ਸਿੰਘ ਅਤੇ ਬਾਬਾ ਜਵਾਲਾ ਸਿੰਘ ਵਲੋਂ ਚਲਾਏ ਜਾਂਦੇ ਹੋਲਟ ਫਾਰਮ ਉਪਰ ਬੜੀ ਧੂਮ ਧਾਮ ਨਾਲ ਮਨਾਇਆ, ਜਿਥੇ ਸਟਾਕਟਨ ਵਿਚ ਗੁਰੂਘਰ ਉਸਾਰਨ ਦਾ ਗੁਰਮਤਾ ਪਾਸ ਕੀਤਾ ਗਿਆ। ਸਿੱਖ ਸੰਗਤ ਵਲੋਂ ਇਹ ਗੁਰੂ 1913 ਵਿਚ ਤਿਆਰ ਕੀਤਾ ਗਿਆ। ਇਸ ਦੀ ਉਸਾਰੀ ਵਿਚ ਭਾਈ ਸੰਤੋਖ ਸਿੰਘ ਨੇ ਵਿਤੋਂ ਵੱਧ ਸੇਵਾ ਕੀਤੀ। ਹੋਲਟ ਫਾਰਮ ਤੇ ਭਾਈ ਸੰਤੋਖ ਸਿੰਘ ਦਾ ਮੇਲ ਸੰਤ ਬਾਬਾ ਵਸਾਖਾ ਸਿੰਘ ਅਤੇ ਜਵਾਲਾ ਸਿੰਘ ਨਾਲ ਐਸਾ ਹੋਇਆ ਕਿ ਉਹ ਉਨ੍ਹਾਂ ਦਾ ਹੀ ਬਣ ਕੇ ਰਹਿ ਗਿਆ। ਇਹ ਇਕ ਅਨੋਖਾ ਮੇਲ ਸੀ। ਸੰਤ ਬਾਬਾ ਵਸਾਖਾ ਸਿੰਘ ਅਤੇ ਜਵਾਲਾ ਸਿੰਘ ਭਾਈ ਸੰਤੋਖ ਸਿੰਘ ਦੇ ਬਾਪ ਦੀ ਉਮਰ ਦੇ ਸਨ ਅਤੇ ਭਾਈ ਸੰਤੋਖ ਸਿੰਘ ਦੀ ਉਮਰ ਮਹਿਜ ਅਠਾਰਾਂ ਸਾਲਾਂ ਦੀ ਸੀ। ਜੋ ਖੇਡਣ ਮੱਲ੍ਹਣ ਤੇ ਖਰਮਸਤੀਆਂ ਕਰਨ ਦੀ ਉਮਰ ਗਿਣੀ ਜਾਂਦੀ ਹੈ। ਪਰ ਬਾਬਾ ਬੁੱਢਾ ਜੀ ਵਾਂਗ ਭਾਈ ਸੰਤੋਖ ਸਿੰਘ ਛੋਟੀ ਉਮਰ ਤੋਂ ਹੀ ਬੇਹੱਦ ਗੰਭੀਰ ਅਤੇ ਨਾਮਰੱਤੀ ਸ਼ਖਸੀਅਤ ਬਣ ਚੁੱਕੇ ਸਨ। ਇਨ੍ਹਾਂ ਤਿੰਨਾਂ ਸ਼ਖਸੀਅਤਾਂ ਦਾ ਮੇਲ ਰੂਹਾਨੀ ਮੇਲ ਸੀ। ਗੁਰਬਾਣੀ ਅਨੁਸਾਰ :
ਸਿਖ ਹੰਸ ਸਰਵਰਿ ਇਕਠੇ ਹੋਏ
ਸਤਿਗੁਰ ਕੈ ਹੁਕਮਾਵੈ।
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ,
ਖਾਇ ਖਰਚ ਰਹੇ ਤੋਟਿ ਨਾ ਆਵੈ।
1912 ਵਿਚ ਇਨ੍ਹਾਂ ਤਿੰਨਾਂ ਗੁਰਮੁਖਾਂ ਦੀ ਪਹਿਲ ਕਦਮੀ ਤੇ ਇਕ ਸਭਾ ਬਣਾਈ ਗਈ ਜਿਸ ਦਾ ਮਕਸਦ ਭਾਰਤ ਨੂੰ ਅੰਗਰੇਜ਼ ਬਸਤੀਵਾਦੀਆਂ ਤੋਂ ਮੁਕਤ ਕਰਾਉਣਾ ਮਿਥਿਆ ਗਿਆ। ਸੰਤ ਬਾਬਾ ਵਸਾਖਾ ਸਿੰਘ, ਬਾਬਾ ਜਵਾਲਾ ਸਿੰਘ ਅਤੇ ਭਾਈ ਸੰਤੋਖ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਖੜ੍ਹ ਕੇ ਆਪਣੇ ਜੀਵਨ ਲੋਕ ਸੇਵਾ ਲਈ ਅਰਪਣ ਕਰਨ ਦੇ ਪ੍ਰਣ ਕੀਤੇ ਗਏ ਜੋ ਇਨ੍ਹਾਂ ਵਲੋਂ ਅਖ਼ੀਰਲੇ ਦਮ ਤੱਕ ਨਿਭਾਇਆ ਗਿਆ।
ਅਪ੍ਰੈਨ 1913 ਵਿਚ ਗ਼ਦਰ ਪਾਰਟੀ ਦਾ ਗਠਨ ਹੋਇਆ ਤਾਂ ਇਹ ਤਿੰਨੇ ਗੁਰਮੁਖ ਉਸ ਵਿਚ ਸ਼ਾਮਲ ਹੋ ਗਏ। ਮਾਰਚ 1914 ਵਿਚ ਲਾਲਾ ਹਰਦਿਆਲ ਗ਼ਦਰ ਪਾਰਟੀ ਨੂੰ ਅੱਧਵਾਟੇ ਛੱਡ ਕੇ ਦੌੜ ਗਿਆ ਤਾਂ ਜਨਰਲ ਸਕੱਤਰ ਦੀ ਭਾਰੀ ਜ਼ਿੰਮੇਵਾਰੀ ਭਾਈ ਸੰਤੋਖ ਸਿੰਘ ਦੇ ਸਿਰ ਆ ਪਈ। ਉਸ ਵਕਤ ਭਾਈ ਸਾਹਿਬ ਦੀ ਉਮਰ ਸਿਰਫ਼ ਇੱਕੀ ਸਾਲ ਸੀ। ਅਗਸਤ 1914 ਵਿਚ ਪਹਿਲੀ ਸੰਸਾਰ ਜੰਗ ਲੱਗ ਗਈ ਤਾਂ ਪਾਰਟੀ ਮੂਹਰੇ ਇਹ ਅਹਿਮ ਸੁਆਲ ਆ ਖੜ੍ਹਾ ਹੋਇਆ ਕਿ ਹੁਣ ਅੰਗਰੇਜ਼ ਸਾਮਰਾਜ ਹਰ ਮੋਰਚੇ ਤੇ ਕਸੂਤਾ ਫਸ ਗਿਆ ਹੈ, ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣ ਲਈ ਕੁਝ ਕੀਤਾ ਜਾਵੇ ਜਾਂ ਹੱਥ ਤੇ ਹੱਥ ਧਰ ਕੇ ਬੈਠਿਆ ਜਾਵੇ?
ਫੈਸਲੇ ਦੀ ਇਹ ਨਿਰਣਾਇਕ ਘੜੀ ਭਾਈ ਸੰਤੋਖ ਸਿੰਘ ਸਾਹਮਣੇ ਬਤੌਰ ਇਕ ਇਨਕਲਾਬੀ ਆਗੂ ਉਸ ਦਾ ਪਹਿਲਾ ਅਤੇ ਵੱਡਾ ਇਮਤਿਹਾਨ ਸੀ। ਨਿੱਜੀ ਹੈਸੀਅਤ ਵਿਚ ਇਹ ਉਸ ਦੇ ਇਰਾਦੇ ਦੀ ਪਕਿਆਈ, ਕੁਰਬਾਨੀ, ਜਜ਼ਬੇ ਅਤੇ ਜਿਗਰੇ ਦੀ ਅਗਨ ਪ੍ਰੀਖਿਆ ਸੀ। ਆਗੂ ਹੋਣ ਦੀ ਹੈਸੀਅਤ ਵਿਚ ਉਸ ਦੇ ਸਾਹਮਣੇ ਜਥੇਬੰਦੀ ਨੂੰ ਪੇਸ਼ ਹਾਲਾਤ ਦੇ ਅਨੁਕੂਲ ਯੋਗ ਰਹਿਨੁਮਾਈ ਦੇਣ, ਅਰਥਾਤ ਮਾਨਸਿਕ ਠਰ੍ਹੰਮਾ ਕਾਇਮ ਰੱਖਦੇ ਹੋਏ ਬਾਹਰਮੁਖੀ ਹਕੀਕਤ ਤੇ ਸੰਭਾਵਨਾਵਾਂ ਦਾ ਸਹੀ ਨਾਪ ਲੈ ਕੇ ਢੁਕਵੀਂ ਰਣਨੀਤੀ ਤੇ ਪੈਂਤੜੇਬਾਜ਼ੀ ਅਪਨਾਉਣ ਦਾ ਸਵਾਲ ਖੜ੍ਹਾ ਹੋ ਗਿਆ ਸੀ ਇਸ ਪਰਖ ‘ਤੇ ਪੂਰਾ ਉਤਰ ਕੇ ਹੀ ਭਾਈ ਸੰਤੋਖ ਸਿੰਘ ਪਾਰਟੀ ਅੰਦਰ ਆਪਣੀ ਇਨਕਲਾਬੀ ਅਥਾਰਟੀ ਪੱਕੇ ਪੈਰੀਂ ਕਰ ਸਕਦਾ ਸੀ ਅਤੇ ਉਹ ਇਸ ਪਰਖ ਦੀ ਘੜੀ ਵਿਚ ਪੂਰਾ ਉਤਰਿਆ।
ਗ਼ਦਰ ਪਾਰਟੀ ਵਲੋਂ ਇਸ ਇਤਿਹਾਸਕ ਮੌਕਾ ਮੇਲ (conjucture) ਦਾ ਫਾਇਦਾ ਉਠਾਉਣ ਲਈ ਪੰਜਾਬ ਵੱਲ ਵਹੀਰਾਂ ਘੱਤੀਆਂ ਗਈਆਂ ਤੇ ਉਥੇ ਫੌਜਾਂ ਦੀ ਮਦਦ ਨਾਲ ਗ਼ਦਰ ਕਰਨ ਦਾ ਯਤਨ ਕੀਤਾ ਗਿਆ। ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਪਾਰਟੀ ਸਫ਼ਲਤਾ ਦੇ ਐਨ ਨੇੜੇ ਪਹੁੰਚ ਕੇ ਅਸਫ਼ਲਤਾ ਦੇ ਖੂਹ ਵਿਚ ਜਾ ਡਿੱਗੀ। ਭਾਈ ਸੰਤੋਖ ਸਿੰਘ ਨੇ ਖੁਦ ਸਿੰਘਾਪੁਰ, ਮਿਆਂਮਾਰ ਬਰਮਾ ਆਦਿ ਦੇ ਪੂਰਬੀ ਫਰੰਟਾਂ ਤੇ ਜਾ ਕੇ ਪਾਰਟੀ ਦੀ ਅਗਵਾਈ ਸੰਭਾਲੀ ਪਰ ਇਥੇ ਵੀ ਸਫ਼ਲਤਾ ਨਾ ਮਿਲ ਸਕੀ, ਕਿਸੇ ਤਰ੍ਹਾਂ ਭਾਈ ਸਾਹਿਬ ਅਮਰੀਕਾ ਵਾਪਸ ਆ ਗਏ। ਇਥੇ ਅਮਰੀਕਾ ਵਿਚ, ਅਮਰੀਕਾ ਸਰਕਾਰ ਨੇ ਬਰਤਾਨੀਆ ਦੇ ਦਬਾਓ ਹੇਠ ਆ ਕੇ ਗ਼ਦਰੀਆਂ ਤੇ ਸਾਨਫਰਾਂਸਿਸਕੋ ਸਾਜਿਸ਼ ਕੇਸ ਹੋਰ ਮੁਕੱਦਮਾ ਚਲਾਇਆ ਜਿਸ ਵਿਚ ਬਹੁਤ ਸਾਰੇ ਗ਼ਦਰੀਆਂ ਨੂੰ ਸਜ਼ਾਵਾਂ ਹੋਈਆਂ। ਭਾਈ ਸੰਤੋਖ ਸਿੰਘ ਨੇ ਇੱਕੀ ਮਹੀਨੇ ਦੀ ਕੈਦ ਮੈਕਨੀਲ ਟਾਪੂ ਤੇ ਕੱਟੀ। ਜੇਲ੍ਹ ਵਿਚ ਹੀ ਭਾਈ ਸਾਹਿਬ ਨੇ ਮਾਰਸਕਵਾਦੀ ਸਾਹਿਤ ਦੀ ਅਧਿਐਨ ਕੀਤਾ। ਉਹ ਰੂਸੀ ਇਨਕਲਾਬ ਅਤੇ ਉਸ ਦੇ ਸਾਝੀਵਾਲਤਾ ਦੇ ਵਿਚਾਰ ਤੋਂ ਬਹੁਤ ਪ੍ਰਭਾਵਤ ਸੀ।
1922 ਵਿਚ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਨੂੰ ਰੂਸ ਜਾ ਕੇ ਚੌਥੀ ਕਮਿਊਨਿਸਟ ਇੰਟਰਨੈਸ਼ਨਲ ਕਾਨਫਰੰਸ ਵਿਚ ਭਾਗ ਲੈਣ ਦਾ ਸੱਦਾ ਪੱਤਰ ਮਿਲਿਆ। ਪਰ ਉਨ੍ਹਾਂ ਲਈ ਦਾਹੜੀ ਕੇਸ ਕਟਵਾਉਣ ਦੀ ਸ਼ਰਤ ਰੱਖ ਦਿੱਤੀ ਗਈ। ਕਿਉਂਕਿ ਥਾਂ ਥਾਂ ਬਰਤਾਨਵੀ ਜਾਸੂਸਾਂ ਦਾ ਜਾਲ ਵਿਛਿਆ ਹੋਇਆ ਸੀ ਅਤੇ ਉਨ੍ਹਾਂ ਦੇ ਸੌਖਿਆਂ ਹੀ ਫੜੇ ਜਾਣ ਦਾ ਖਤਰਾ ਸੀ। ਪਰ ਭਾਈ ਸੰਤੋਖ ਸਿੰਘ ਹੋਰਾਂ ਨੇ ਦਾਹੜੀ ਕੇਸ ਕਟਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਅਖ਼ੀਰ ਉਹ ਆਪਣੇ ਸਿੱਖੀ ਸਰੂਪ ਸਮੇਤ ਹੀ ਜਾਨ ਗਵਾਉਣ ਦਾ ਖਤਰਾ ਮੁੱਲ ਲੈ ਕੇ ਰੂਸ ਪਹੁੰਚ ਗਏ। ਰੂਸ ਵਿਚ ਉਹ ਲੈਨਿਲ ਨੂੰ ਮਿਲੇ, ਚੌਥੀ ਇੰਟਰਨੈਸ਼ਨਲ ਕਾਨਫਰੰਸ ਵਿਚ ਭਾਗ ਲਿਆ ਅਤੇ ਸਾਂਝੀਵਾਲਤਾ ਦੇ ਸਿਸਟਮ ਨੂੰ ਅੱਖਾਂ ਨਾਲ ਤੱਕਿਆ। ਇਥੋਂ ਪ੍ਰੇਰਨਾ ਪ੍ਰਾਪਤ ਕਰਕੇ ਉਨ੍ਹਾਂ ਨੇ ਪੰਜਾਬ ਵੱਲ ਮੂੰਹ ਕੀਤਾ। ਪਤਾ ਨਹੀਂ ਭਾਈ ਸੰਤੋਖ ਸਿੰਘ ਹੋਰਾਂ ਦੇ ਅੰਦਰ ਕਿਹੋ ਜਿਹੀ ਅੱਗ ਬਲਦੀ ਹੋਵੇਗੀ, ਜਿਹੜੇ ਉਹ ਮੌਤ ਦੀ ਵੀ ਪ੍ਰਵਾਹ ਨਹੀਂ ਕਰਦੇ ਸਨ। ਪਹਿਲੀ ਗੱਲ ਤਾਂ ਅਫ਼ਗਾਨਿਯਤਾਨ ਦੇ ਰਸਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਝਾਗ ਕੇ ਪੰਜਾਬ ਪਹੁੰਚਣਾ ਹੀ ਨਾਮੁਮਕਿਨ ਸੀ। ਜੇਕਰ ਪੰਜਾਬ ਪਹੁੰਚ ਵੀ ਜਾਂਦੇ ਤਾਂ ਗ੍ਰਿਫ਼ਤਾਰ ਹੋਣ ਉਪਰੰਤ ਅੰਰਗੇਜ਼ਾਂ ਨੇ ਉਨ੍ਹਾਂ ਨੂੰ ਜ਼ਰੂਰ ਫਾਹੇ ਟੰਗ ਦੇਣਾ ਸੀ। ਇਸ ਤੋਂ ਪਹਿਲਾਂ ਉਸ ਦੇ ਸਾਥੀਆਂ ਨਾਲ ਇਹੋ ਹੋਣੀ ਵਰਤ ਚੁੱਕੀ ਸੀ। ਪਰ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਅਫ਼ਗਾਨਿਸਤਾਨ ਪਹੁੰਚ ਗਏ ਉਥੇ 1913 ਵਿਚ ਪੰਜਾਬ ਵੱਲ ਆਉਂਦਿਆਂ ਭਾਈ ਰਤਨ ਸਿੰਘ ਤਾਂ ਬਚ ਗਿਆ ਪਰ ਭਾਈ ਸੰਤੋਖ ਸਿੰਘ ਨੂੰ ਅੰਗਰੇਜ਼ ਸਿਪਾਹੀਆਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਲਿਆ ਕੇ ਕੇਸ ਕੱਟਣ ਲਈ ਉਸ ਉਪਰ ਅੰਨਾ ਤਸ਼ੱਦਦ ਕੀਤਾ ਗਿਆ। ਉਸ ਵਕਤ ਅਕਾਲੀ ਲਹਿਰ ਜ਼ੋਰਾਂ ਤੇ ਹੋਣ ਕਰਕੇ ਅੰਰਗੇਜ਼ ਉਸ ਨੂੰ ਜਾਨੋਂ ਤਾਂ ਨਾ ਮਾਰ ਸਕੇ ਪਰ ਛੋਟਾ ਮੋਟਾ ਕੇਸ ਪਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਜਿਥੋਂ ਭਾਈ ਸਾਹਿਬ ਦੀ ਜ਼ਮਾਨਤ ਹੋ ਗਈ ਅਤੇ ਉਹ ਦੋ ਸਾਲ ਲਈ ਪਿੰਡ ਵਿਚ ਜੂਹਬੰਦ ਹੋ ਗਏ। ਜੂਹਬੰਦੀ ਖਤਮ ਹੋਣ ਤੇ ਉਹ ਸ੍ਰੀ ਅੰਮ੍ਰਿਤਸਰ ਚਲੇ ਗਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਕਮਰਾ ਲੈ ਲਿਆ ਜਿਥੇ ਆਪਣੀ ਪਤਨੀ ਨੂੰ ਵੀ ਲੈ ਗਏ। ਉਸ ਨੂੰ ਨਾਲ ਲੈ ਕੇ ਉਹ ਸੁਬ੍ਹਾ ਸ਼ਾਮ ਸ੍ਰੀ ਦਰਬਾਰ ਸਾਹਿਬ ਕੀਰਤਨ ਸਰਵਣ ਕਰਨ ਜਾਇਆ ਕਰਦੇ ਸਨ।
ਫਰਵਰੀ 1926 ਵਿਚ ਭਾਈ ਸਾਹਿਬ ਨੇ ਗੁਰਮੁਖੀ ਵਿਚ ਮਾਰਕਸੀ ਵਿਚਾਰਾਂ ਦਾ ਪਹਿਲਾ ਪਰਚਾ ‘ਕਿਰਤੀ’ ਕੱਢਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈ ਕੇ ੇਸ਼ੁਰੂ ਕੀਤਾ ਗਿਆ ਅਤੇ ਵਾਕ ਦਾ ਪਹਿਲਾ ਸ਼ਬਦ ਪਰਚੇ ਉਪਰ ਛਾਪਿਆ ਗਿਆ। ਜਿਹੜੇ ਕਾਮਰੇਡ ਇਹ ਡੌਂਡੀ ਪਿੱਟਦੇ ਫਿਰਦੇ ਹਨ ਕਿ ਗ਼ਦਰੀ ਬਾਬੇ ਤਾਂ ਨਾਸਤਿਕ ਸਨ, ਉਹ ਧਰਮ ਨੂੰ ਛੱਡ ਗਏ ਸਨ, ਉਨ੍ਹਾਂ ਨੂੰ ਸੀਸ਼ਾ ਵਿਖਾਉਣ ਲਈ ‘ਕਿਰਤੀ’ ਦਾ ਟਾਈਟਲ ਪੰਨਾ ਹੂ ਬ ਹੂ ਛਾਪ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਉਹ ਤਾਂ ਹਮੇਸ਼ਾ ਪ੍ਰੇਰਨਾ ਹੀ ਗੁਰਬਾਣੀ ਤੋਂ ਲੈਂਦੇ ਸਨ।
ਇਹ ਗੱਲ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿਚ ਭਾਈ ਸੰਤੋਖ ਸਿੰਘ ਵਲੋਂ ਆਪਣਾ ਆਧਾਰ ਸਿੱਖਾਂ ਵਿਚ ਉਸਾਰਿਆ ਗਿਆ। ਉਸ ਦੇ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਵਰਗੇ ਅਕਾਲੀ ਆਗੂਆਂ ਨਾਲ ਖਾਸ ਸਬੰਧ ਸਨ। ਉਸ ਨੇ ਅੱਜ ਕੱਲ੍ਹ ਦੇ ਕਾਮਰੇਡਾਂ ਵਾਂਗ ਅੱਖਾ ਤੇ ਪੱਟੀ ਨਹੀਂ ਸੀ ਬੰਨ੍ਹੀ ਹੋਈ, ਜਿਹੜੇ ਗਧੇ ਘੋੜੇ ਨੂੰ ਇਕੋ ਰੱਸੇ ਨਾਲ ਬੰਨ੍ਹਦੇ ਹਨ। ਭਾਈ ਸੰਤੋਖ ਸਿੰਘ ਸਾਹਮਣੇ ਇਤਿਹਾਸ ਦਾ ਠੋਸ ਤਜ਼ਰਬਾ ਪਿਆ ਸੀ, ਗ਼ਦਰ ਲਹਿਰ ਦੀ ਰੀੜ੍ਹ ਦੀ ਹੱਡੀ ਸਿੱਖ ਹੀ ਸਨ। ਇਤਿਹਾਸ ਵਿਚ ਸਿੱਖਾਂ ਨੇ ਸਦੀਆਂ ਬੱਧੀ ਸੰਘਰਸ਼ ਕੀਤਾ ਸੀ। ਹੁਣ ਉਸ ਦੇ ਸਾਹਮਣੇ ਹੀ ਸਿੱਖਾਂ ਨੇ ਆਪਣੇ ਗੁਰੂਘਰ ਬ੍ਰਾਹਮਣਵਾਦੀ ਮਹੰਤਾਂ ਕੋਲੋਂ ਆਜ਼ਾਦ ਕਰਵਾਏ ਸਨ। ਗੁਰਦੁਆਰਾ ਐਕਟ ਬਣਵਾਇਆ ਸੀ, ਜਿਹੜਾ ਉਨ੍ਹਾਂ ਨੇ ਸਭ ਤੋਂ ਵੱਡਾ ਇਤਿਹਾਸਕ ਕਾਰਨਾਮਾ ਕਰ ਵਿਖਾਇਆ ਸੀ, ਉਹ ਸੀ ਸ਼੍ਰੋਮਣੀ ਕਮੇਟੀ ਦੇ ਰੂਪ ਵਿਚ ਸਟੇਟ ਅੰਦਰ ਖੁਦਮੁਖਤਿਆਰ (1utonomous) ਸਟੇਟ ਦੀ ਸਥਾਪਨਾ ਕਰ ਲੈਣੀ। ਭਾਈ ਸੰਤੋਖ ਸਿੰਘ ਨੂੰ ਪਤਾ ਸੀ ਕਿ ਕਿਸੇ ਅਮੂਰਤਕ ਇਨਕਲਾਬ ਨੂੰ ਅਮਲ ਵਿਚ ਢਾਲਣ ਲਈ ਸਿੱਖ ਹੀ ਲੜਾਕੂ ਸ਼ਕਤੀ (6ighting 6orce) ਬਣਨਗੇ। ਉਸ ਨੇ ਆਪਣੀਆਂ ਲਿਖਤਾਂ ਵਿਚ ਜੋ ਵੀ ਗੱਲ ਕੀਤੀ ਹੈ ਉਹ ਸਿੱਖੀ ਮੁਹਾਵਰੇ ਰਾਹੀਂ ਕੀਤੀ ਹੈ। ਸਫ਼ਰਾਂ ਦੇ ਕਸ਼ਟ, ਪੁਲਿਸ ਤਸ਼ੱਦਦ ਅਤੇ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਿਆ। ਗਦਰੀ ਬਾਬਿਆਂ ਨੇ ਬਹੁਤ ਇਲਾਜ ਕਰਵਾਇਆ ਪਰ ਕੋਈ ਮੋੜ ਨਾ ਪੈ ਸਕਿਆ। ਬਾਬਾ ਕਰਮ ਸਿੰਘ ਚੀਮਾ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਭਾਈ ਸਾਹਿਬ ਦੀ ਦਿਨ ਰਾਤ ਸੇਵਾ ਕੀਤੀ ਪਰ 19 ਮਈ 1927 ਨੂੰ ਸਵੇਰੇ ਦੇ 7 ਵੱਜ ਕੇ 40 ਮਿੰਟ ਤੇ ਭਾਈ ਸੰਤੋਖ ਸਿੰਘ ਪੰਜ ਭੂਤਕ ਸਰੀਰ ਨੂੰ ਅਲਵਿਦਾ ਆਖ ਗਏ।
ਮਈ 1928 ਵਿਚ ਉਨ੍ਹਾਂ ਦੇ ਇਕਲੌਤੇ ਪੁੱਤਰ ਭਾਈ ਤਾਰਾ ਸਿੰਘ ਦਾ ਵਿਆਹ ਕਰ ਦਿੱਤਾ ਗਿਆ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰੀ ਸੀ। 1929 ਵਿਚ ਭਾਈ ਤਾਰਾ ਸਿੰਘ ਤੇ ਭਾਈ ਸੰਤੋਖ ਸਿੰਘ ਦਾ ਚਚੇਰਾ ਭਰਾ ਨੰਬਰਦਾਰ ਸੁਮੰਦ ਸਿੰਘ ਲਾਰੀ ਰਾਹੀਂ ਸ੍ਰੀ ਅੰਮ੍ਰਿਤਸਰ ਤੋਂ ਪਿੰਡ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਲਾਰੀ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਦੋਨਾਂ ਦੀ ਹੀ ਮੌਤ ਹੋ ਗਈ। ਭਾਈ ਸੰਤੋਖ ਸਿੰਘ ਦਾ ਇਕਲੌਤਾ ਚਿਰਾਗ ਵੀ ਕੁਦਰਤ ਨੇ ਖੋਹ ਲਿਆ ਸੀ। ਪਿੱਛੇ ਨੂੰਹ ਸੱਸ ਦੋ ਵਿਧਵਾਵਾਂ ਘਰ ਵਿਚ ਰਹਿ ਗਈਆਂ ਸਨ। ਬੀਬੀ ਕੇਸਰ ਕੌਰ ਨੇ ਸਾਰੀ ਉਮਰ ਕਸ਼ਟ ਝੱਲੇ ਸਨ, ਅਖ਼ੀਰ ਉਹ ਵੀ ਘੁਮਾਣ ਪਿੰਡ ਦਵਾਈ ਲੈਣ ਗਈ ਪੂਰੀ ਹੋ ਗਈ। ਭਾਈ ਸੰਤੋਖ ਸਿੰਘ ਦੀ ਨੂੰਹ ਬੀਬੀ ਜਸਵੰਤ ਕੌਰ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਸੀ।

ਭਾਈ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ
ਭਾਈ ਸੰਤੋਖ ਸਿੰਘ ਨੇ ‘ਕਿਰਤੀ’ ਪਰਚਾ ਸ਼ੁਰੂ ਕਰਕੇ ਕਿਰਤੀ ਲਹਿਰ ਬਨਾਮ ਕਮਿਊਨਿਸਟ ਲਹਿਰ ਦਾ ਨਾਤਾ ਸਿੱਖੀ ਨਾਲ ਜੋੜਿਆ ਸੀ। ਪਰ ਉਨ੍ਹਾਂ ਦੀ ਬੇਵਕਤੀ ਮੌਤ ਤੋਂ ਬਾਅਦ ਇਤਫਾਕਨ ‘ਕਿਰਤੀ’ ਦੀ ਕਮਾਂਡ ਕਾਮਰੇਡ ਸੋਹਣ ਸਿੰਘ ਜੋਸ਼ ਦੇ ਹੱਥ ਆ ਗਈ। ਉਸ ਨੇ ਅਗਲੇ ਮਹੀਨੇ ਹੀ ਪਰਚੇ ਉਪਰੋਂ ਗੁਰਬਾਣੀ ਦਾ ਸ਼ਬਦ ‘ਆਪਣ ਹਥੀ ਆਪਣਾ ਆਪੇ ਹੀ ਕਾਜ਼ ਸਵਾਰੀਐ’ ਲਾਹ ਦਿੱਤਾ ਤੇ ਉਸ ਦੀ ਥਾਂ ਮਾਰਕਸ ਦੀ ਟੂਕ ਲਿਖ ਦਿੱਤੀ, ਦੁਨੀਆ ਭਰ ਦੇ ਮਜ਼ਦੂਰੋਂ ਇਕ ਹੋ ਜਾਓ।
ਜੋਸ਼ ਨੇ ਕਮਿਊਨਿਸਟ ਲਹਿਰ ਦਾ ਨਾਤਾ ਸਿੱਖੀ ਨਾਲੋਂ ਤੋੜ ਕੇ ਭਾਰਤੀ ਰਾਸ਼ਟਰਵਾਦ ਨਾਲ ਜੋੜ ਦਿੱਤਾ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹੌਲੀ ਹੌਲੀ ਕਮਿਊਨਿਸਟ ਭਾਰਤੀ ਸਟੇਟ ਦਾ ਅੰਗ ਬਣ ਗਏ, ਜਿਸ ਦੀ ਮਿਸਾਲ ਪੰਜਾਬ ਵਿਚ ਸਾਹਮਣੇ ਹੈ।
ਭਾਈ ਸੰਤੋਖ ਸਿੰਘ ਅਤੇ ਸ਼ਹੀਦ ਭਗਤ ਸਿੰਘ
ਸ਼ਹੀਦ ਭਗਤ ਸਿੰਘ ਦੇ ਪ੍ਰਸੰਸਕ ਵਿਦਵਾਨਾਂ ਵਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਭਗਤ ਸਿੰਘ ਨੇ ‘ਕਿਰਤੀ’ ਵਿਚ ਕੰਮ ਕੀਤਾ ਸੀ। ਉਸ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ‘ਕਿਰਤੀ’ ਵਿਚ ਛਪੀਆਂ ਕੁਝ ਬੇਨਾਮ ਲਿਖਤਾਂ ਨੂੰ ਵੀ ਭਗਤ ਸਿੰਘ ਦੇ ਨਾਂ ਨਾਲ ਜੋੜ ਦਿੱਤਾ ਹੈ। ਭਾਈ ਸੰਤੋਖ ਸਿੰਘ, ਭਗਤ ਸਿੰਘ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦਾ ਸੀ, ਗਦਰੀ ਬਾਬਾ ਇੰਦਰ ਸਿੰਘ ਕਿਰਤੀ ਦੀ ਇਸ ਲਿਖਤ ਤੋਂ ਸਪੱਸ਼ਟ ਹੋ ਜਾਵੇਗਾ।
ਜਿਸ ਹਾਲਤ ਵਿਚ ਮੈਂ ਭਾਈ ਜੀ ਨੂੰ ਦੇਖਿਆ ਉਹ ਤਪਦਿਕ ਦੇ ਮਰੀਜ਼ ਸਨ, ਖੰਗਾਰ ਵਿਚ ਲਹੂ ਆਉਂਦਾ ਸੀ। ਇਯ ਹਾਲਤ ਵਿਚ ਭਾਈ ਸੰਤੋਖ ਸਿੰਘ ਨੇ ਮੰਜੇ ਤੇ ਪੈ ਕੇ ਕਿਰਤੀ ਸ਼ੁਰੂ ਕੀਤਾ। ਮੈਨੂੰ ਕੋਲ ਕੁਰਸੀ ਤੇ ਬਿਠਾ ਲੈਂਦੇ ਸਨ। ਪਹਿਲਾਂ ਅਖ਼ਬਾਰ ਸੁਣਦੇ ਸਨ, ਫੇਰ ਡਾਕ ਸੁਟਦੇ ਸਨ ਫੇਰ ਕਹਿੰਦੇ ਚੱਕ ਕਲਮ ਲਿਖ, ਮੈਨੂੰ ਯਾਦ ਹੈ ਇਕ ਦਿਨ ਮੈਂ ਕਿਹਾ ਆਹ ਇਕ ਚਿੱਠੀ ਆਈ ਹੈ। ਸ. ਅਜੀਤ ਸਿੰਘ ਜਲਾਵਤਨ ਦੇ ਭਤੀਜੇ ਭਗਤ ਸਿੰਘ ਦੀ। ਸੁਣਾ ਪੜ੍ਹ ਕੇ ਭਾਈ ਸਾਹਿਬ ਨੇ ਕਿਹਾ, ਮੈਂ ਪੜ੍ਹ ਕੇ ਸੁਣਾਈ। ਸੁੱਟ ਦੇ ਟੋਕਰੀ ਵਿਚ ਭਾਈ ਸਾਹਿਬ ਬੋਲੇ, ਮੈਂ ਕਿਹਾ ਜੀ ਉਹ ਦੇਸ਼ ਭਗਤਾਂ ਦਾ ਪਰਿਵਾਰ ਹੈ। ਕੀ ਉਸ ਦੇ ਵਿਚਾਰ ਸਾਡੇ ਵਿਚਾਰਾਂ ਨਾਲ ਨਹੀਂ ਮਿਲਦੇ? ਮੈਂ ਫੇਰ ਪੁੱਛਿਆ ਸਾਡੇ ਵਿਚਾਰ ਕੀ ਹਨ? ਅਤੇ ਉਨ੍ਹਾਂ ਦੇ ਵਿਚਾਰ ਕੀ ਹਨ? ਭਾਈ ਸਾਹਿਬ ਨੇ ਮੈਨੂੰ ਸਮਝਾਇਆ ਕਿ ਉਹ (ਭਗਤ ਸਿੰਘ) ਕਹਿੰਦਾ ਹੈ ਕਿ ਸੂਰਮੇ ਇਤਿਹਾਸ ਨੂੰ ਬਣਾਉਂਦੇ ਹਨ ਪਰ ਅਸੀਂ ਕਹਿੰਦੇ ਹਾਂ ਕਿ ਇਤਿਹਾਸ ਸੂਰਮਿਆਂ ਨੂੰ ਬਣਾਉਂਦਾ ਹੈ ਅਤੇ ਇਤਿਹਾਸ ਨੂੰ ਕੌਣ ਬਣਾਉਂਦਾ ਹੈ? ਮੈਂ ਪੁੱਛਿਆ। ਇਤਿਹਾਸ ਨੂੰ ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲਿਆਂ ਦਾ ਘੋਲ ਬਣਾਉਂਦਾ ਹੈ। ਲੁੱਟਣ ਵਾਲੇ ਤੇ ਲੁੱਟੇ ਜਾਣ ਵਾਲਿਆਂ ਦਾ ਘੋਲ ਜਦ ਤੋਂ ਇਨਸਾਨ ਨੇ ਸੁਸਾਇਟੀ ਬਣਾਈ ਕਿਸੇ ਨਾ ਕਿਸੇ ਸ਼ਕਲ ਵਿਚ ਚੱਲਿਆ ਆਉਂਦਾ ਹੈ। ਇਸ ਨੂੰ ਜਮਾਤੀ ਘੋਲ ਕਹਿੰਦੇ ਹਨ। ਇਹ ਜਮਾਤੀ ਘੋਲ ਹੈ ਜਿਸ ਵਿਚੋਂ ਸੂਰਮੇ ਨਿਕਲਦੇ ਹਨ। ਇਹ ਹੀ ‘ਕਿਰਤੀ’ ਦੀ ਬੁਨਿਆਦੀ ਨੀਤੀ ਹੈ।

ਸੱਚਾ ਸੁੱਚਾ ਗੁਰਸਿੱਖ ਭਾਈ ਸੰਤੋਖ ਸਿੰਘ
ਆਪ ਦੇ ਖਿਆਲਾਤ ਸਬੰਧੀ ਇਹ ਜ਼ਾਹਰ ਕਰਨਾ ਬੜਾ ਜ਼ਰੂਰੀ ਹੈ ਕਿ ਆਪ ਸੋਸ਼ਲਿਜ਼ਮ ਦੇ ਨਾਲ ਨਾਲ ਮਜ਼੍ਹਹਬ ਤੇ ਵੀ ਪੂਰਾ ਵਿਸ਼ਵਾਸ਼ ਰੱਖਦੇ ਸਨ। ਖ਼ਤਰਨਾਕ ਤੋਂ ਖਤਰਨਾਕ ਸਮੇਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੋਟੀ ਬੀੜ ਆਪ ਸਦਾ ਨਾਲ ਰੱਖਦੇ ਸਨ। ਕੋਈ ਕੰਮ ਸ੍ਰੀ ਗੁਰੂ ਸਾਹਿਬ ਦੀ ਆਗਿਆ ਲਏ ਬਿਨਾਂ ਨਹੀਂ ਕਰਦੇ। ਇਥੋਂ ਤੱਕ ਕਿ ਕਿਰਤੀ ਅਖ਼ਬਾਰ ਨੂੰ ਜਾਰੀ ਕਰਨ ਲੱਗਿਆਂ ਵੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਜੋ ਅਖ਼ਬਾਰ ਦੇ ਪਹਿਲੇ ਪਰਚੇ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ। ਆਪ ਬੜੀ ਸਾਦਾ ਜ਼ਿੰਦਗੀ ਗੁਜ਼ਾਰਦੇ ਸਨ।
(ਬਾਬਾ ਹਰਜਾਪ ਸਿੰਘ, ਪ੍ਰਧਾਨ ਗ਼ਦਰ ਪਾਰਟੀ 1920)


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>