ਚੰਡੀਗੜ/ਬਿਊਰੋ ਨਿਊਜ਼-
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 15 ਤੋਂ 19 ਮਈ ਤਕ ਹੋਣ ਵਾਲੇ ’ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਸਾਊਥ ਏਸ਼ੀਆ’ ਅਤੇ ‘ਪੰਜਾਬੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਵਿੱਚ ਸਕਰੀਨਿੰਗ ਲਈ ਨੌਜਵਾਨ ਲੇਖਕ ਤੇ ਨਿਰਦੇਸ਼ਕ ਸੁਨੀਲ ਕਟਾਰੀਆ ਦੀ ਲਘੂ ਫ਼ਿਲਮ ‘ਔਨੇਸਟੀ ਇਜ਼ ਦਾ ਬੈੱਸਟ ਪਾਲਿਸੀ’ ਨੂੰ ਚੁਣਿਆ ਗਿਆ ਹੈ।
ਪੰਜਾਬ ‘ਚੋਂ ਚੁਣੀ ਗਈ ਇਹ ਫ਼ਿਲਮ ਨਿਵੇਕਲੀ ਕਿਸਮ ਦੀ ਹੈ। ਇਹ ਲਘੂ ਫ਼ਿਲਮ ਮਹਿਜ਼ 41 ਸਕਿੰਟਾਂ ਦੀ ਹੈ। ਫ਼ਿਲਮ ‘ਚ ਅੱਜ ਦੇ ਦੌਰ ਦੇ ਨੌਜਵਾਨਾਂ ਲਈ ਇਮਾਨਦਾਰੀ ਦੇ ਮਾਇਨੇ ਬਿਆਨੇ ਗਏ ਹਨ। ਫ਼ਿਰੋਜ਼ਪੁਰ ਵਾਸੀ ਸੁਨੀਲ ਕਟਾਰੀਆ ਦੀ ਇਸ ਫ਼ਿਲਮ ਦੀ ਖਾਸੀਅਤ ਇਹ ਵੀ ਹੈ ਕਿ ਇਹ ਮੂਕ ਫ਼ਿਲਮ ਹੈ। ਇਸ ਵਿੱਚ ਨਾ ਕੋਈ ਸੰਵਾਦ ਹਨ ਤੇ ਨਾ ਹੀ ਸੰਗੀਤ। ਸ੍ਰੀ ਕਟਾਰੀਆ ਦੀ ਇਸ ਪਲੇਠੀ ਲਘੂ ਫ਼ਿਲਮ ਨੂੰ ਫਰਵਰੀ ਵਿੱਚ ਜਲੰਧਰ ‘ਚ ਹੋਏ ‘ਪੰਜਾਬੀ ਸਿਨੇਮਾ ਗੋਲਡਨ ਔਨਰਜ਼’ ਵਿੱਚ ਵੀ ਸਕਰੀਨਿੰਗ ਲਈ ਚੁਣਿਆ ਜਾ ਗਿਆ। ਫ਼ਿਲਮ ਦੀ ਕਹਾਣੀ ਬਲਵਿੰਦਰ ਸਿੰਘ ਨੇ ਲਿਖੀ ਹੈ। ਇਸ ਵਿੱਚ ਨੇਹਾ ਸ਼ਰਮਾ ਤੇ ਰਾਮੀਸ਼ ਨਕਵੀ ਦੀ ਅਦਾਕਾਰੀ ਹੈ। ਸ੍ਰੀ ਕਟਾਰੀਆ ਦਾ ਕਹਿਣਾ ਹੈ ਕਿ ਕੌਮਾਂਤਰੀ ਫ਼ਿਲਮ ਮੇਲੇ ਲਈ ਪੰਜਾਬ ਤੋਂ ਇਸ ਲਘੂ ਫ਼ਿਲਮ ਦੀ ਚੋਣ ਹੋਣਾ ਪੰਜਾਬ ਤੇ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਇਹ ਫ਼ਿਲਮ ਦਰਸ਼ਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਮਜਬੂਰ ਕਰਦੀ ਹੈ।
ਮੀਡੀਆ ਵਿੱਚ ਲੰਮੇ ਸਮੇਂ ਤੋਂ ਸਰਗਰਮ ਸੁਨੀਲ ਕਟਾਰੀਆ ਮੌਜੂਦਾ ਸਮੇਂ ਵਿੱਚ ਇੱਕ ਨੈਸ਼ਨਲ ਟੀਵੀ ਚੈਨਲ ਸਮੂਹ ਨਾਲ ਬਤੌਰ ਟੀਵੀ ਪ੍ਰੋਡਿਊਸਰ ਤੇ ਐਂਕਰ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੂਰਦਰਸ਼ਨ ਜਲੰਧਰ ਤੇ ਆਲ ਇੰਡੀਆ ਰੇਡਿਓ ਪਟਿਆਲਾ ਲਈ ਵੀ ਕੰਮ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਉਹ ਪੰਜਾਬੀ ਫ਼ਿਲਮਾਂ ’ਤੇ ਪੀ ਐਚਡੀ ਵੀ ਕਰ ਰਹੇ ਹਨ।
↧
ਪੰਜਾਬ ਦੀ ਪਹਿਲੀ ਲਘੂ ਫ਼ਿਲਮ ਕੌਮਾਂਤਰੀ ਮੇਲੇ ਲਈ ਚੁਣੀ
↧