ਸਰਬੋਤਮ ਫਿਲਮ ਸਮੇਤ 5 ਐਵਾਰਡ, ਫਰਹਾਨ ਅਖ਼ਤਰ ਸਭ ਤੋਂ ਵਧੀਆ ਅਦਾਕਾਰ , ਚੇਨਈ ਐਕਸਪ੍ਰੈੱਸ ਲਈ ਦੀਪਿਕਾ ਸਰਬੋਤਮ ਅਦਾਕਾਰਾ
ਟਾਂਪਾ ਬੇਅ (ਅਮਰੀਕਾ)/ਬਿਊਰੋ ਨਿਊਜ਼- ਅਮਰੀਕਾ ਦੇ ਫਲੋਰਿਡਾ ਵਿਚ ਟਾਂਪਾ ਬੇਅ ਵਿਖੇ ਹੋਏ 15ਵੇਂ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡ (ਆਇਫਾ) ਵਿਚ ਉਡਣੇ ਸਿੱਖ ਐਥਲੀਟ ਮਿਲਖਾ ਸਿੰਘ ਦੀ ਜੀਵਨੀ ‘ਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਦੀ ਝੰਡੀ ਰਹੀ। ਐਤਵਾਰ ਨੂੰ ਸਮਾਰੋਹ ਦੇ ਆਖਰੀ ਦਿਨ ਫਿਲਮ ਨੇ 5 ਐਵਾਰਡ ਜਿੱਤੇ। ਜਿਥੇ ‘ਭਾਗ ਮਿਲਖਾ ਭਾਗ’ ਨੂੰ ਸਰੋਬਤਮ ਫਿਲਮ ਦਾ ਐਵਾਰਡ ਹਾਸਿਲ ਹੋਇਆ, ਉਥੇ ਇਸ ਫਿਲਮ ‘ਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਫਰਹਾਨ ਅਖਤਰ ਨੂੰ ਸਰੋਬਤਮ ਅਦਾਕਾਰ, ਇਸ ਦੇ ਨਿਰਮਾਤਾ ਓਮਪ੍ਰਕਾਸ਼ ਮਹਿਰਾ ਨੂੰ ਸਰਬੋਤਮ ਡਾਇਰੈਕਟਰ ਦਾ ਐਵਾਰਡ ਦਿੱਤਾ ਗਿਆ। ਫਿਲਮ ਦੀ ਬੈਸਟ ਸਟੋਰੀ ਲਈ ਪ੍ਰਸੂਨ ਜੋਸ਼ੀ ਤੇ ਫਿਲਮ ਵਿਚ ਮਿਲਖਾ ਸਿੰਘ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਦਿੱਵਿਆ ਦੱਤਾ ਨੂੰ ਸਰਬੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਮਿਲਿਆ।
ਦੂਸਰੇ ਪਾਸੇ ਦੀਪਿਕਾ ਪਾਦੂਕੋਣ ਦਾ ਵੀ ਜਾਦੂ ਆਇਫਾ ਵਿਚ ਸਿਰ ਚੜ ਕੇ ਬੋਲਿਆ, ਦੀਪਿਕਾ ਜੋ ਕਿ ਸਰਬੋਤਮ ਅਦਾਕਾਰਾ ਲਈ ਤਿੰਨ ਸ੍ਰੇਣੀਆਂ ਵਿਚ ਨਾਮਜ਼ਦ ਸੀ, ਨੂੰ ਚੇਨਈ ਐਕਸਪ੍ਰੇਸ ਦੇ ਲਈ ਸਰੋਬਤਮ ਅਦਾਕਾਰਾ ਦੇ ਐਵਾਰਡ ਨਾਲ ਅਦਾਕਾਰ ਰਣਬੀਰ ਸਿੰਘ ਨੇ ਨਿਵਾਜ਼ਿਆ। ਦੀਪਿਕਾ ਨੂੰ ਸਾਲ ਦੇ ਸਰੋਬਤਮ ਮਨੋਰੰਜਕ ਕਲਾਕਾਰ (ਬੈਸਟ ਐਂਟਰਟੇਨਰ ਆਫ ਦੀ ਯੀਅਰ) ਦਾ ਐਵਾਰਡ ਵੀ ਦਿੱਤਾ ਗਿਆ। ਹੋਰਨਾਂ ਐਵਾਰਡਾਂ ਵਿਚ ਸਰਬੋਤਮ ਹਾਸਰਸ ਭੂਮਿਕਾ ਦਾ ਐਵਾਰਡ ਅਰਸ਼ਦ ਵਾਰਸੀ ਨੂੰ (ਜੌਲੀ ਐਲ. ਐਲ. ਬੀ.) ਲਈ, ਸਰਬੋਤਮ ਨੈਗਟਿਵ ਕਿਰਦਾਰ ਰਿਸ਼ੀ ਕਪੂਰ ਨੂੰ (ਡੀ ਡੇਅ) ਲਈ, ਸਰਬੋਤਮ ਸਹਾਇਕ ਅਦਾਕਾਰ ਅਦਿੱਤਯ ਰਾਏ ਕਪੂਰ ਨੂੰ, ਸਰਬੋਤਮ ਪਿੱਠਵਰਤੀ ਗਾਇਕ ਲਈ ਅਰਜੀਤ ਸਿੰਘ ਤੇ ਗਾਇਕਾ ਲਈ ਸ਼੍ਰੇਆ ਘੌਸ਼ਾਲ ਨੂੰ ਐਵਾਰਡ (ਆਸ਼ਿਕੀ-2) ਪ੍ਰਦਾਨ ਕੀਤੇ ਗਏ। ਸ਼ੋਅ ਦੌਰਾਨ ਬਾਲੀਵੁੱਡ ਦੇ ਕਲਕਾਰਾਂ ਪ੍ਰਿਯੰਕਾ ਚੋਪੜਾ, ਰਿਤਿਕ ਰੋਸ਼ਨ, ਰਣਬੀਰ ਸਿੰਘ, ਸ਼ਾਹਿਦ ਕਪੂਰ, ਦੀਪਿਕਾ ਪਾਦੂਕੋਣ, ਪ੍ਰਨਿਤੀ ਚੋਪੜਾ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਸਮਾਰੋਹ ਦੌਰਾਨ ਹਾਲੀਵੁੱਡ ਕਲਾਕਾਰ ਜੋਨ ਟ੍ਰੇਵਲੋਟਾ ਨੂੰ ਵੀ ਖਾਸ ਸਨਮਾਨ ਦਿੱਤਾ ਗਿਆ।
ਮਿਲਖਾ ਸਿੰਘ ਹੋਏ ਭਾਵੁਕ
ਆਇਫਾ ਸਮਾਰੋਹ ‘ਚ ਸ਼ਿਰਕਤ ਕਰਨ ਪੁੱਜੇ ਐਥਲੀਟ ਮਿਲਖਾ ਸਿੰਘ ਉਸ ਸਮੇਂ ਭਾਵੁਕ ਹੋ ਗਏ, ਜਦੋਂ ਉਨ੍ਹਾਂ ਦੀ ਜੀਵਨੀ ‘ਤੇ ਬਣੀ ਫ਼ਿਲਮ ‘ਭਾਗ ਮਿਲਖਾ ਭਾਗ’ ਨੂੰ ਸਰੋਬਤਮ ਫ਼ਿਲਮ ਦਾ ਐਵਾਰਡ ਮਿਲਿਆ। ਫ਼ਿਲਮ ਦੇ ਨਿਰਮਾਤਾ ਓਮਪ੍ਰਕਾਸ਼ ਮਹਿਰਾ ਨੇ ਇਹ ਐਵਾਰਡ ਮਿਲਖਾ ਸਿੰਘ ਨੂੰ ਸੌਂਪਦਿਆਂ ਕਿਹਾ ਕਿ ‘ਮੈਂ ਇਸ ਦਾ ਹੱਕਦਾਰ ਨਹੀਂ ਹਾਂ’। ਇਸ ਮੌਕੇ ਮਿਲਖਾ ਸਿੰਘ ਨੇ ਭਾਵੁਕ ਹੰਦਿਆਂ ਕਿਹਾ ਕਿ ਮੈਂ ਆਇਫਾ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਆਦਰ ਦਿੱਤਾ। ਉਨ੍ਹਾਂ ਕਿਹਾ ਕਿ ‘ਮੈ ਆਪਣੀ ਜਿੰਦਗੀ ਵਿਚ ਤਿੰਨ-ਚਾਰ ਵਾਰ ਰੋਇਆ ਹਾਂ, ਇਕ ਤਾਂ ਉਸ ਸਮੇਂ ਜਦੋਂ ਮੈਂ ਫ਼ਿਲਮ ਵੇਖੀ ਸੀ ਅਤੇ ਇਕ ਅੱਜ ਜਦੋਂ ਮੈਂ ਇਥੇ ਬੈਠਾ ਸੀ’।
ਸ਼ਤਰੂਘਨ ਸਿਨਹਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
ਬੇਟੀ ਸੋਨਾਕਸ਼ੀ ਸਿਨਹਾ ਨੇ ਦਿੱਤਾ ਪੁਰਸਕਾਰ
ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਤੇ ਹੁਣ ਨੇਤਾ ਸ਼ਤਰੂਘਨ ਸਿਨਹਾ ਨੂੰ ਉਨ੍ਹਾਂ ਵਲੋਂ ਭਾਰਤੀ ਸਿਨੇਮਾ ਵਿਚ ਪਾਏ ਗਏ ਯੋਗਦਾਨ ਦੇ ਬਦਲੇ ਆਇਫਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਿਨਹਾ ਨੂੰ ਇਹ ਐਵਾਰਡ ਆਪਣੇ ਪਿਤਾ ਨੂੰ ਦਿੱਤਾ। ਇਸ ਮੌਕੇ ਅਨਿਲ ਕਪੂਰ ਵੀ ਸੋਨਾਕਸ਼ੀ ਨਾਲ ਮੰਚ ‘ਤੇ ਸੀ। ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ ਨੇ 200 ਤੋਂ ਵੱਧ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ, ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਅਤੇ ਬੰਗਲਾ ਫਿਲਮਾਂ ਵਿਚ ਵੀ ਕੰਮ ਕੀਤਾ। ਇਸ ਮੌਕੇ ਟਾਂਪਾ ਬੇਅ ਦੇ ਮੇਅਰ ਬਾਬ ਬਕਹੋਰਮ ਵੀ ਮੰਚ ‘ਤੇ ਹਾਜ਼ਰ ਸਨ। ‘ਬਿਹਾਰੀ ਬਾਬੂ’ ਤੇ ‘ਸ਼ੌਟਗਨ ਸਿਨਹਾ’ ਦੇ ਨਾਲ ਜਾਣੇ ਜਾਂਦੇ ਸ਼ਤਰੂਘਨ ਸਿਨਹਾ ਨੇ ਇਹ ਐਵਾਰਡ ਬਿਹਾਰ ਦੇ ਲੋਕਾ ਖਾਸ ਕਰਕੇ ਪਟਨਾ ਵਾਲਿਆਂ ਦੇ ਲਈ ਸਮਰਪਿਤ ਕੀਤਾ।