ਚੰਡੀਗੜ੍ਹ/ਬਿਊਰੋ ਨਿਊਜ਼-ਪੰਜਾਬੀ ਸਿਨੇਮੇ ‘ਚ ਪ੍ਰਤਿਭਾਵਾਨ ਨਿਰਦੇਸ਼ਕ ਦੇ ਤੌਰ ‘ਤੇ ਵਿਚਰ ਰਹੇ ਸ਼ੀਤਿਜ ਚੌਧਰੀ ਨੇ ਇਥੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420′ ਮਨੋਰੰਜਨ ਤੇ ਹਾਸੇ ਦਾ ਸੁਮੇਲ ਹੈ। ਸ਼ੀਤਿਜ ਚੌਧਰੀ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ‘ਚ ਇਥੇ ਪੁੱਜੇ ਸਨ। ਇਸ ਮੌਕੇ ਫ਼ਿਲਮ ਵਿਚਲੇ ਅਦਾਕਾਰਾਂ ‘ਚ ਜੱਸੀ ਗਿੱਲ, ਬਬਲ ਰਾਏ, ਅਦਾਕਾਰਾ ਅਵੰਤਿਕਾ ਹੁੰਦਲ ਦੇ ਨਾਲ-ਨਾਲ ਇਸ ਫ਼ਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ, ਪਰਿੰਦੇ ਤੋਂ ਪ੍ਰਭਜੋਤ ਕੌਰ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈੇ। ਸ਼ੀਤਿਜ ਚੌਧਰੀ ਨੇ ਦੱਸਿਆ ਕਿ ਦਰਸ਼ਕ ਹੁਣ ਕੁੱਝ ਵੱਖਰਾ ਵੇਖਣਾ ਲੋਚਦੇ ਹਨ ਪਰ ਨਿਵੇਕਲੇ ਵਿਸ਼ਿਆਂ ਨੂੰ ਲੈ ਕੇ ਨਿਰਮਾਤਾ ਨਿਰਦੇਸ਼ਕਾਂ ਨੂੰ ਸ਼ਿੱਦਤ ਨਾਲ ਅੱਗੇ ਆਉਣਾ ਪਵੇਗਾ। ਫਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ 14 ਮਾਰਚ ਨੂੰ ਇਸ ਫ਼ਿਲਮ ਨੂੰ ਦੇਸ਼ ਵਿਦੇਸ਼ ਵਿਚ ਇਕ ਸਮੇਂ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ‘ਚ ਪ੍ਰਸਿੱਧ ਗਾਇਕ ਯੁਵਰਾਜ ਹੰਸ, ਬੀਨੂ ਢਿੱਲੋਂ ਸਵਾਤੀ ਕਪੂਰ, ਜਸਵਿੰਦਰ ਭੱਲਾ ਤੇ ਸ਼ਰੂਤੀ ਸੋਢੀ ਆਦਿ ਵੱਲੋਂ ਵੀ ਅਦਾਕਾਰੀ ਦਿੱਤੀ ਗਈ ਹੈ। ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਕਿਹਾ ਕਿ ਉਸ ਨੂੰ ਗਾਇਕੀ ਦੇ ਨਾਲ-ਨਾਲ ਇਸ ਫ਼ਿਲਮ ਵਿਚ ਵੀ ਅਦਾਕਾਰੀ ਦੇ ਕੇ ਚੰਗਾ ਲੱਗਿਐ। ਉਨ੍ਹਾਂ ਕਿਹਾ ਕਿ ਉਹ ਗਾਇਕੀ ਤੇ ਅਦਾਕਾਰੀ ਖੇਤਰ ‘ਚ ਬਰਾਬਰਤਾ ਬਣਾਈ ਰੱਖਣਗੇ। ਇਸ ਮੌਕੇ ਗਾਇਕ ਬਬਲ ਰਾਏ ਨੇ ਕਿਹਾ ਕਿ ਇਸ ‘ਚ ਪਹਿਲੀ ਵਾਰ ਖ਼ੁਦ ਖ਼ੁਦ ਉਸ ਨੇ ਅਤੇ ਬੀਨੂ ਢਿੱਲੋਂ ਨੇ ਮੇਲ ਤੇ ਫੀਮੇਲ ਕਿਰਦਾਰਾਂ ਨੂੰ ਨਿਭਾਇਆ ਹੈ। ਰੁਪਾਲੀ ਗੁਪਤਾ ਨੇ ਇਹ ਵੀ ਦੱਸਿਆ ਕਿ ਇਸ ਫ਼ਿਲਮ ਨੂੰ ਚੰਡੀਗੜ੍ਹ ਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਫ਼ਿਲਮਾਇਆ ਗਿਆ ਹੈ।
↧
ਮਨੋਰੰਜਨ ਤੇ ਹਾਸੇ ਦਾ ਸੁਮੇਲ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420′
↧