ਚੰਡੀਗੜ੍ਹ/ਿਬਊਰੋ ਨਿਊਜ਼-ਪਿਛਲੇ ਹਫਤੇ ਰਿਲੀਜ਼ ਹੋਈ ਹੈ ਜਸਪ੍ਰੀਤ ਰਾਜਨ ਦੀ ਫਿਲਮ ‘ਫਤਿਹ’ ‘ਚ ਨਵ ਬਾਜਵਾ, ਸਮੀਕਸ਼ਾ ਸਿੰਘ ਮੁੱਖ ਭੂਮਿਕਾ ‘ਚ ਨਜ਼ਰ ਆਏ ਹਨ।ਇਹ ਹੁਣ ਤੱਕ ਦੇ ਪੰਜਾਬੀ ਫਿਲਮੀ ਦੌਰ ਦੀ ਪਹਿਲੀ ਅਜਿਹੀ ਫਿਲਮ ਹੈ ਜਿਸ ‘ਚ ਮਾਰਸ਼ਲ ਆਰਟ ਅਤੇ ਗਤਕੇ ਵਰਗੇ ਪੰਜਾਬੀ ਸੱਭਿਆਚਾਰ ਦੇ ਇਕ ਅਣਛੂਹੇ ਵਿਸ਼ੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ। ਇਸ ਫਿਲਮ ‘ਚ ਦਿਖਾਇਆ ਗਿਆ ਹੈ ਕਿ ਨਵ ਬਾਜਵਾ (ਫਿਲਮ ਦਾ ਹੀਰੋ) ਇਕ ਮਾਸੂਮ ਨੌਜਵਾਨ ਹੈ, ਜੋ ਹਾਲਾਤਾਂ ਦੇ ਥਪੇੜੇ ਖਾ ਕੇ ਇਕ ਨਾਜ਼ੁਕ ਫੁੱਲ ਤੋਂ ਫੌਲਾਦ ਬਣਦਾ ਹੈ। ਇਸ ਫਿਲਮ ‘ਚ ਆਪਣੇ ਕਿਰਦਾਰ ਨੂੰ ਲੈ ਕੇ ਨਵ ਬਾਜਵਾ ਦੀ ਸਖ਼ਤ ਮਿਹਨਤ ਅਤੇ ਲਗਨ ਉਸ ਦੀ ਅਦਾਕਾਰੀ ਅਤੇ ਲਾਜਵਾਬ ਬਾਡੀ ਰਾਹੀਂ ਬਾਖੂਬੀ ਨਜ਼ਰ ਆਈ।ਪੰਜਾਬੀ ਫ਼ਿਲਮ ‘ਪਿਓਰ ਪੰਜਾਬੀ’ ਅਤੇ ‘ਸਾਡੀ ਗਲੀ ਆਇਆ ਕਰੋ’ ਤੋਂ ਬਾਅਦ ਬਤੌਰ ਨਾਇਕ ਇਹ ਉਸ ਦੀ ਤੀਜੀ ਪੰਜਾਬੀ ਫ਼ਿਲਮ ਹੈ।
ਸ਼ਾਹੀ ਸ਼ਹਿਰ ਪਟਿਆਲਾ ਦਾ ਜੰਮਪਲ ਨਵ ਬਾਜਵਾ ਵੈਸੇ ਤਾਂ ਸਿਵਲ ਪਾਇਲਟ ਹੈ। ਉਹ ਕਾਫੀ ਸਮਾਂ ਪਟਿਆਲਾ ਅਤੇ ਮੁੰਬਈ ਕਲੱਬ ਵਿਖੇ ਫਲਾਇੰਗ ਕਰਦਾ ਰਿਹਾ ਹੈ। ਬਤੌਰ ਮਾਡਲ ਕਰੀਬ 150 ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰ ਚੁੱਕੇ ਨਵ ਬਾਜਵਾ ਦੀ ਪਲੇਠੀ ਫ਼ਿਲਮ ਪਿਓਰ ਪੰਜਾਬੀ ਸੀ। ਬਤੌਰ ਸੋਲੋ ਨਾਇਕ ‘ਫਤਿਹ’ ਉਸਦੀ ਪਹਿਲੀ ਫ਼ਿਲਮ ਹੈ। ਆਪਣੀ ਇਸ ਫ਼ਿਲਮ ਸਬੰਧੀ ਉਹ ਦੱਸਦਾ ਹੈ ਕਿ ਨਿਰਦੇਸ਼ਕ ਜਸਪ੍ਰੀਤ ਰਾਜਨ ਨੇ ਇਸ ਫ਼ਿਲਮ ਸਬੰਧੀ ਉਸ ਨਾਲ ਕਰੀਬ 2 ਸਾਲ ਪਹਿਲਾਂ ਗੱਲ ਕੀਤੀ ਸੀ। ਉਹ ਉਸ ਸਮੇਂ ਤੋਂ ਹੀ ਇਸ ਫ਼ਿਲਮ ਲਈ ਤਿਆਰੀ ਕਰ ਰਿਹਾ ਸੀ। ਪਹਿਲਾ ਕਿਰਦਾਰ ਕਾਜਲ ‘ਚ ਪੜ੍ਹਦੇ ਇਕ ਭੋਲੇ ਭਾਲੇ ਨੌਜਵਾਨ ਦਾ ਹੈ, ਜੋ ਹਮੇਸ਼ਾ ਹੋਰਨਾਂ ਤੋਂ ਡਰ ਕੇ ਰਹਿੰਦਾ ਹੈ। ਕਾਲਜ ‘ਚ ਆਪਣੇ ਇਕ ਸੀਨੀਅਰ ਦੀ ਕੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ‘ਚ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਦੂਸਰਾ ਕਿਰਦਾਰ ਉਸ ਨੌਜਵਾਨ ਦਾ ਹੈ, ਜੋ ਸਿਸਟਮ ਅਤੇ ਗੁੰਡਾਗਰਦੀ ਤੋਂ ਪ੍ਰੇਸ਼ਾਨ ਹੋ ਕੇ ਸਿੱਖੀ ਸਰੂਪ ਧਾਰਦਾ ਹੈ ਅਤੇ ਗੱਤਕਾ ਸਿੱਖਣ ਤੋਂ ਬਾਅਦ ਜ਼ਾਲਮਾਂ ਨੂੰ ਟੱਕਰ ਦਿੰਦਾ ਹੈ। ਨਵ ਦੱਸਦਾ ਹੈ ਕਿ ‘ਫਤਿਹ’ ਪੰਜਾਬੀ ਦੀ ਪਹਿਲੀ ਐਕਸ਼ਨ ਫ਼ਿਲਮ ਹੈ, ਜਿਸ ‘ਚ 11 ਮੁਲਕਾਂ ਦੇ ਮਾਰਸ਼ਲ ਆਰਟ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ‘ਚ ਗੱਤਕੇ ਦੀ ਅਹਿਮੀਅਤ ਵੀ ਦਿਖਾਈ ਗਈ ਹੈ। ਇਹ ਫ਼ਿਲਮ ਸਿੱਖ ਧਰਮ ਦੇ ਮਾਣ ‘ਚ ਹੋਰ ਵਾਧਾ ਕਰੇਗੀ।
↧
ਗਤਕਾ ਅਤੇ ਮਾਰਸ਼ਲ ਆਰਟਸ ਤੇ ਬਣੀ ਪੰਜਾਬੀ ਫਿਲਮ ‘ਫਤਿਹ’
↧