‘ਫ਼ਿਲਹਾਲ’- 25 ਬਾਅਦ ਇਹਦਾ ਪ੍ਰਕਾਸ਼ਨ ਰੋਕ ਦਿੱਤਾ ਗਿਆ। ਬਾਅਦ ਵਿਚ ਉਹੀ ਹੋਇਆ ਜੋ ਮੈਡਮ ਦਲੀਪ ਕੌਰ ਟਿਵਾਣਾ ਨੇ ਕਿਹਾ ਸੀ, ” ਤੂੰ ਪਰਚਾ ਕੱਢ ਤਾਂ ਲਿਆ, ਕਿਸੇ ਨੇ ਬੰਦ ਨਹੀਂ ਕਰਨ ਦੇਣਾ।”
ਪਰਚੇ ਦਾ ਬੰਦ ਹੋਣਾ ਸੁਣ ਕੇ ਪਾਠਕਾਂ ਦੇ ਸਾਲ ਭਰ ਫੋਨ ਆਉਂਦੇ ਰਹੇ। ਕੈਨੇਡਾ/ਅਮਰੀਕਾ ਦੀਆਂ ਸੜਕਾਂ ਤੇ ੧੮-ਪਹੀਆ ਟਰੱਕ ਚਲਾਉਣ ਵਾਲੇ ਸਰਬਜੀਤ ਹੁੰਦਲ ਨੇ ਫੋਨ ਕੀਤਾ, ”ਮਰਨ ਤੱਕ ਤੂੰ ਇਹਨੂੰ ਬੰਦ ਨਹੀਂ ਕਰ ਸਕਦਾ।” ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਵਾਲਾ ਰੋਸ਼ਨ ਕਹਵੇ, ” ‘ਫ਼ਿਲਹਾਲ’ ਬਾਰੇ ਲੋਕ ਪੁੱਛਣੋਂ ਬੰਦ ਨਹੀਂ ਹੋ ਰਹੇ। ਇਹਨੂੰ ਦੋਬਾਰਾ ਸ਼ੁਰੂ ਕਰੋ।” ਇਕ ਪਾਠਕ ਨੇ ਕਿਹਾ, ”ਹਾਸ਼ੀਅਬਧ ਆਵਾਜ਼ਾਂ ਲਈ ਇੱਕ ਪਰਚਾ ਤਾਂ ਹੋਣਾ ਚਾਹੀਦਾ।”
‘ਫ਼ਿਲਹਾਲ’ ਵਿਚਾਰਾਂ ਅਤੇ ਹੁਨਰੀ ਵਾਰਤਕ ਦਾ ਪਰਚਾ ਹੈ। ਪਰਚੇ ਦੀ ਇਹ ਪਛਾਣ ਪੰਜਾਬੀ ਸਾਹਿਤ ਦੀ ਮੁੱਖਧਾਰਾ ਦੇ ਐਨ ਉੁਲਟ ਹੈ। ਪੰਜਾਬੀ ਵਿਚ ਲਿਖਣ ਵਾਲਿਆਂ ਨੇ ਬੌਧਿਕ ਕਾਰਜ ਤੋਂ ਚਿਰੋਕਨਾ ਛੁਟਕਾਰਾ ਪਾ ਰੱਖਿਆ ਹੈ। ਨਿੱਕੇ ਨਿੱਕੇ ਘੁਰਣਿਆ/ਜੁੱਟਾਂ ਵਿਚ ਉਦੈ-ਅਸਤ ਹੋਣ ਵਾਲੇ ਬਹੁਤੇ ਪੰਜਾਬੀ ਲੇਖਕ ਤੇ ਅਕਾਦਮਿਕ ਕਾਰਕੁਨ ਆਪਣੀ ਅਲਪ ਸਥੂਲਤਾ ਤੋਂ ਪਾਰ ਨਹੀਂ ਦੇਖਦੇ; ਰਾਸ਼ਟਰੀ ਜਾਂ ਅੰਤਰ-ਰਾਸ਼ਟਰੀ ਸੰਕਟਾਂ ਵਲ ਨਿਗ੍ਹਾ ਕਰਨ ਦੀ ਬਿਰਤੀ ਗ਼ੈਰ-ਹਾਜ਼ਰ ਹੈ। ਪਰ ਪਾਠਕਾਂ ਨੂੰ ਬੌਧਿਕ ਰੋਸ਼ਨੀ ਵਾਲੀ ਹੁਨਰੀ ਲਿਖਤ ਦੀ ਤਲਬ ਰਹਿੰਦੀ ਹੈ। ਸਾਨੂੰ ਅਜਿਹੀ ਰਚਨਾ ਕਦੇ ਪ੍ਰਾਪਤ ਹੁੰਦੀ ਹੈ, ਬਹੁਤ ਵੇਰ ਨਹੀਂ ਹੁੰਦੀ; ਦੂਜੀਆਂ ਭਾਸ਼ਾਵਾਂ ਵਿਚੋਂ ਅਨੁਵਾਦ ਤੇ ਨਿਰਭਰ ਰਹਿਣਾ ਪੈਂਦਾ ਹੈ।
ਹਿੰਦੂਤਵੀ ਰਾਸ਼ਟਰਵਾਦ ਨੇ ਸਾਡੇ ਦੁਆਲੇ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਦਿੱਤੇ ਹਨ। ਸਾਡੇ ਚਿੰਤਨ, ਭਾਸ਼ਾ, ਸਾਹਿਤ, ਸਭਿਆਚਾਰ ਅਤੇ ਰੋਜ਼ਮਰਾ ਜੀਣਥੀਣ ਵਿਚ ਤਰੇੜਾਂ ਪੈਣ ਦਾ ਖਤਰਾ ਵੱਧ ਗਿਆ ਹੈ। ਦੇਸ਼ ਦੀ ਸਿਆਸਤ ਨੇ ਬਹੁ-ਧਾਰੀ ਕਪਟ ਦਾ ਰੂਪ ਧਾਰਣ ਕਰ ਲਿਆ ਹੈ। ਇਹਦੇ ਬਾਰੇ ਦੇਸ਼ ਭਰ ਦੇ ਚਿੰਤਕ ਫ਼ਿਕਰ ਵਿਚ ਹਨ। ਇਸ ਸੰਕਟ ਬਾਰੇ ਪੰਜਾਬੀ ਪਾਠਕਾਂ ਨੂੰ ਜਾਗਰੂਕ ਕਰਨ ਦੀ ਖਾਤਰ ਮਾਹਿਰਾਂ ਵਲੋਂ ਲੇਖਾਂ ਦੀ ਜ਼ਰੂਰਤ ਸੀ। ਸਾਨੂੰ ਦੋ ਹੰਢੇ ਹੋਏ, ਤੇ ਸੁਨੱਖੀ ਪੰਜਾਬੀ ਲਿਖਣ ਵਾਲੇ ਬੁੱਧੀਜੀਵੀਆਂ ਦਾ ਆਸਰਾ ਸੀ। ਹਿੰਦੂਤਵੀ ਰਾਸ਼ਟਰਵਾਦ ਬਾਰੇ ਡਾਕਟਰ ਜਸਪਾਲ ਸਿੰਘ ਨੇ ਲਿਖਿਆ। ਟ੍ਰਿਬਿਊਨ ਦੇ ਸੀਨੀਅਰ ਪਤਰਕਾਰ ਸੁਖਦੇਵ ਸਿੰਘ ਨੇ ਬੜੀ ਮਿਹਨਤ ਨਾਲ ਪੰਜਾਬ ਦੇ ਹਵਾਲੇ ਨਾਲ ਪਾਣੀ ਦੀ ਸਿਆਸਤ ਬਾਰੇ ਲੇਖ ਭੇਜਿਆ। ‘ਪ੍ਰਤਿਬੱਧ’ ਵਾਲੇ ਸੁਖਵਿੰਦਰ ਦਾ ”ਮਾਰਕਸਵਾਦ ਅਤੇ ਜਾਤ ਦਾ ਸੁਆਲ” ਸਾਡੇ ਕੋਲ ਪਹਿਲਾਂ ਹੀ ਮੌਜੂਦ ਸੀ।
ਹਿੰਦੂਤਵੀ ਰਾਸ਼ਟਰ ਦੀਆਂ ਜੜ੍ਹਾਂ ਬਾਰੇ ਜਿਸ ਤਰ੍ਹਾਂ ਦੀ ਹੋਰ ਸਮੱਗਰੀ ਦੀ ਜ਼ਰੂਰਤ ਸੀ ਉਹ ਖੱਬੇਪਖੀ ਐਕਟਿਵਿਸਟ ਬੂਟਾ ਸਿੰਘ ਨੇ ਪੂਰੀ ਕਰ ਦਿੱਤੀ। ਉਨ੍ਹਾਂ ਨੇ ਅਰੁੰਧਤੀ ਰਾਏ ਅਤੇ ਇਤਿਹਾਸਕਾਰ ਰੋਮਿਲਾ ਥਾਪਰ ਦੇ ਲੇਖਾਂ ਦਾ ਸੁਨੱਖੀ ਪੰਜਾਬੀ ਵਿਚ ਤਰਜਮਾ ਕਰਕੇ ਭੇਜਿਆ। ਖੱਬੀ ਸਿਆਸਤ ਦੇ ਘੋਲਾਟੀਏ ਨਰਭਿੰਦਰ ਤੱਕ ਪਹੁੰਚ ਕੀਤੀ ਗਈ ਕਿ ਉਹ ਇਤਿਹਾਸਕਾਰ ਇਰਫ਼ਾਨ ਹਬੀਬ ਦੀ ਇੰਟ੍ਰਵਿਊ ਦਾ ਅਨੁਵਾਦ ਭੇਜੇ। ਹਰਵਿੰਦਰ ਭੰਡਾਲ ਨੇ ਟੈਰੀ ਈਗਲਟਨ ਵਾਲੀ ਇੰਟ੍ਰਵਿਊ ਦਾ ਸੁਚੱਜਾ ਅਨੁਵਾਦ ਕੀਤਾ। ਪ੍ਰਵੇਸ਼ ਸ਼ਰਮਾ ਨੇ ਰਾਜਿੰਦਰ ਸਿੰਘ ਬੇਦੀ ਦਾ ਗੀਤਾ ਬਾਲੀ ਦੇ ਦਿਹਾਂਤ ਬਾਅਦ ਲਿਖਿਆ ਲੇਖ ਅਨੁਵਾਦ ਕੀਤਾ ਤੇ ਭਜਨਬੀਰ ਸਿੰਘ ਨੇ ਗੁਲਜ਼ਾਰ ਦਾ ਆਪਣੇ ਲੇਖਕ ਮਿਤਰ ਭੂਸ਼ਨ ਬਨਮਾਲੀ ਬਾਰੇ ਲੇਖ ਤਰਜਮਾ ਕਰਕੇ ਦਿੱਤਾ। ‘ਫ਼ਿਲਹਾਲ’ ਅਤੇ ਇਹਦੇ ਪਾਠਕਾਂ ਵਲੋਂ ਮੈਂ ਇਨ੍ਹਾਂ ਸਹਿਕਰਮੀਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ।
ਜਸਵੰਦ ਦੀਦ ਅਤੇ ਹਰਪਾਲ ਸਿੰਘ ਪੰਨੂ ਦੋਵੇਂ ਹੁਨਰੀ ਨਸਰ ਲਿਖਣ ਚ ਮਾਹਿਰ ਹਨ। ਦੋਵੇਂ ਆਪਣੀ ਲਿਖਤ ਉੱਤੇ ਘਣੀ ਮਿਹਨਤ ਕਰਦੇ ਹਨ। ਇਨ੍ਹਾਂ ਦੋਨਾਂ ਅਤੇ ਪ੍ਰਿੰਸੀਪਲ ਸਰਵਨ ਸਿੰਘ ਨੂੰ ਪੰਜਾਬੀ ਪਾਠਕ ਚਾਅ ਨਾਲ ਪੜ੍ਹਦੇ ਹਨ। ਇਨ੍ਹਾਂ ਦੀ ਲਿਖਤ ਰਾਹੀਂ ਸ਼ਬਦਾਂ ਦੀ ਅਨੰਤ ਤਾਕਤ ਦਾ ਪਤਾ ਚਲਦਾ। ਇਨ੍ਹਾਂ ਰਾਹੀਂ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਹੋਇਆ ਹੈ। ‘ਫ਼ਿਲਹਾਲ’ ਨੂੰ ਇਨ੍ਹਾਂ ਸ਼ਬਦ-ਕਰਮੀਆਂ ਦੀ ਮਿਹਨਤ ਦਾ ਹਮੇਸ਼ਾਂ ਆਸਰਾ ਰਿਹਾ ਹੈ। ਜਾਂ ਸਾਨੂੰ ਪਾਠਕਾਂ ਦਾ ਆਸਰਾ ਜੋ ਇਸ ਪਰਚੇ ਦੀ ਆਰਥਿਕਤਾ ਨੂੰ ਸਿੱਥਲ ਨਹੀਂ ਹੋਣ ਦੇਂਦੇ।
‘ਫ਼ਿਲਹਾਲ’ ਨੂੰ ਪਾਠਕਾਂ ਨੇ ਹੀ ਬੰਦ ਨਹੀਂ ਹੋਣ ਦੇਣਾ। … ਗੁਰਬਚਨ
The post ਤਬਸਰਾ/ਇਕ ਵਾਰ ਫੇਰ – ‘ਫ਼ਿਲਹਾਲ’ appeared first on Quomantry Amritsar Times.