ਵਿਪਸਾਅ ਵਲੋਂ ਸ਼ਾਇਰ ਜਸਵੰਤ ਜ਼ਫ਼ਰ ਨਾਲ ਸੰਵਾਦ
ਫਰੀਮੌਂਟ/ਬਿਊਰੋ ਨਿਊਜ਼ :
ਵਿਪਸਾਅ ਵਲੋਂ ਉੱਘੇ ਸ਼ਾਇਰ ਜਸਵੰਤ ਜ਼ਫ਼ਰ ਨਾਲ ਬੀਤੇ ਦਿਨੀਂ ਇਥੇ ਨਿਵਾਰਕ ਦੇ ਰੈਸਟੋਰੈਂਟ ਮਹਿਰਾਨ ਵਿੱਚ ਸਾਹਿਤਕ ਸੰਵਾਦ ਰਚਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਜਗਜੀਤ ਨੌਸ਼ਹਿਰਵੀ ਨੇ ਮਹਿਮਾਨ ਸ਼ਾਇਰ ਜਸਵੰਤ ਜ਼ਫ਼ਰ, ਥੀਏਟਰ ਆਰਟਿਸਟ ਡਾ. ਸੁਨੀਤਾ ਧੀਰ ਅਤੇ ਸ਼ਾਇਰ ਸੁਖਵਿੰਦਰ ਕੰਬੋਜ ਨੂੰ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ। ਵਿਪਸਾਅ ਦੇ ਉਪ ਚੇਅਰਮੈਨ ਕੁਲਵਿੰਦਰ ਨੇ ਸਵਾਗਤੀ ਸ਼ਬਦ ਕਹਿੰਦਿਆਂ ਜ਼ਫ਼ਰ ਦੀ ਕਵਿਤਾ ਨੂੰ ਮਨੁੱਖਤਾ ਦੇ ਫਿਕਰ ਦੀ ਕਵਿਤਾ ਆਖਿਆ। ਸੁਖਵਿੰਦਰ ਕੰਬੋਜ ਨੇ ਪੰਜਾਬੀ ਕਵਿਤਾ ਦੇ ਵੱਖ ਵੱਖ ਵਾਦਾਂ ਅਤੇ ਦੌਰਾਂ ਦੇ ਇਤਿਹਾਸ ਦੇ ਮੱਦੇਨਜ਼ਰ ਜਸਵੰਤ ਜ਼ਫ਼ਰ ਦੀ ਕਵਿਤਾ ਨੂੰ ਨਿਵੇਕਲੀ ਸਹਿਜ ਬਿਰਤੀ ਦੀ ਕਵਿਤਾ ਕਹਿ ਕੇ ਵਡਿਆਇਆ। ਹਰਜਿੰਦਰ ਕੰਗ ਨੇ ਜ਼ਫ਼ਰ ਦੀ ਕਵਿਤਾ ਨੂੰ ਜ਼ਿੰਦਗੀ ਨਾਲ ਸੰਵਾਦ ਰਚਾਉਂਦੀ, ਬੰਦੇ ਦੀ ਤਲਾਸ਼ ਦੀ ਕਵਿਤਾ ਆਖਿਆ।
ਜਸਵੰਤ ਜ਼ਫ਼ਰ ਨੇ ਆਪਣੇ ਅਨੁਭਵਾਂ ਦੇ ਕਾਵਿਕ ਰੂਪਾਂਤਰਣਾਂ ਦੀ ਸ਼ਬਦ ਯਾਤਰਾ ਨੂੰ ਅਸਲ ਘਟਨਾਵਾਂ ਦੇ ਹਵਾਲੇ ਨਾਲ ਪੇਸ਼ ਕੀਤਾ। ਆਪਣੇ ਨਿੱਜੀ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਦੇ ਪ੍ਰਤੀਕਰਮ ਵਿਚੋਂ ਕਵਿਤਾ ਦਾ ਕਿਵੇਂ ਜਨਮ ਹੋਇਆ ਤੇ ਫੇਰ ਉਸ ਕਵਿਤਾ ਨੇ ਕਰਮ ਨਾਲ ਕਿਵੇਂ ਜੋੜਿਆ, ਇਸ ਸਬੰਧੀ ਦਿਲਚਸਪ ਹਵਾਲੇ ਪੇਸ਼ ਕੀਤੇ। ਸੱਚ ਅਪਨਾਉਣ, ਹੰਢਾਉਣ ਤੇ ਪ੍ਰਚਾਰਣ ਵੱਲ ਸੁਰਤੀ ਕਿਵੇਂ ਲਗਦੀ ਗਈ, ਇਸ ਪ੍ਰਸੰਗ ਵਿਚ ਕਈ ਕਵਿਤਾਵਾਂ ਜਿਵੇਂ 23 ਮਾਰਚ, ਊਧਮ ਸਿੰਘ, ਮਾਮੀ ਮਰੀ ‘ਤੇ, ਅਸੀਂ ਨਾਨਕ ਦੇ ਕੀ ਲਗਦੇ ਹਾਂ ਸੁਣਾ ਕੇ ਸਭ ਨੂੰ ਪ੍ਰਭਾਵਤ ਕੀਤਾ। ਇਸ ਮਗਰੋਂ ਜਗਜੀਤ, ਹਰਜਿੰਦਰ ਕੰਗ, ਗੁਲਸ਼ਨ ਦਿਆਲ, ਆਸ਼ਾ ਸ਼ਰਮਾ, ਸੁਰਿੰਦਰ ਸੀਰਤ ਦੇ ਸਵਾਲਾਂ ਦੇ ਜਸਵੰਤ ਜ਼ਫ਼ਰ ਨੇ ਜਵਾਬ ਦਿੱਤੇ। ਰਾਜਿੰਦਰ ਟਾਂਡਾ ਨੇ ਜਸਵੰਤ ਜ਼ਫ਼ਰ ਦੀ ਜ਼ਿੰਦਗੀ ਵਿੱਚ ਆਈ ਦਰਦਨਾਕ ਘਟਨਾ ਦਾ ਸੰਕੇਤਕ ਜ਼ਿਕਰ ਕਰਦਿਆਂ ਇਸ ਪ੍ਰਤੀ ਜ਼ਫ਼ਰ ਦੇ ਸਹਿਜਾਤਮਕ ਪ੍ਰਤੀਕਰਮ ਨੂੰ ਦੇਖਦਿਆਂ ਕਿਹਾ ਕਿ ਉਹ ਸਿਰਫ਼ ਕਵਿਤਾ ਲਿਖਦਾ ਨਹੀਂ ਬਲਕਿ ਇਸ ਦਾ ਸ਼ਬਦ ਸ਼ਬਦ ਜਿਉਂਦਾ ਹੈ। ਵਿਪਸਾਅ ਦੇ ਸਮੂਹ ਮੈਂਬਰਾਂ ਵਲੋਂ ਜਸਵੰਤ ਜ਼ਫ਼ਰ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਡਾ. ਸੁਨੀਤਾ ਧੀਰ ਨੇ ਅਖ਼ੀਰ ਵਿਚ ਧੰਨਵਾਦੀ ਸ਼ਬਦ ਕਹੇ।
ਦੂਜੇ ਸੈਸ਼ਨ ਦੀ ਸ਼ੁਰੂਆਤ ਸਟੇਜ ਸੰਚਾਲਿਕਾ ਆਸ਼ਾ ਸ਼ਰਮਾ ਨੇ ਖੂਬਸੂਰਤ ਸ਼ਾਇਰੀ ਨਾਲ ਕਰਦਿਆਂ ਗਾਇਕ ਸੁਖਦੇਵ ਸਾਹਿਲ ਤੇ ਤਬਲਾ ਵਾਦਕ ਸੁਰਜੀਤ ਬਾਵਾ ਨੂੰ ਪੇਸ਼ ਕੀਤਾ। ਸੁਖਦੇਵ ਸਾਹਿਲ ਨੇ ਜਸਵੰਤ ਜ਼ਫ਼ਰ ਦੀਆਂ ਖੂਬਸੂਰਤ ਰਚਨਾਵਾਂ ਨੂੰ ਵੱਖ ਵੱਖ ਰਾਗਾਂ ਵਿਚ ਪੇਸ਼ ਕਰਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਹੀਰ ਵਾਰਸ ਸ਼ਾਹ ਦੇ ਕੁੱਝ ਬੰਦ ਅਤੇ ਕੁਲਵਿੰਦਰ ਦੀਆਂ ਗ਼ਜ਼ਲਾਂ ਗਾ ਕੇ ਸਮਾਂ ਬੰਨ੍ਹ ਦਿੱਤਾ। ਇਸ ਸੈਸ਼ਨ ਦੇ ਆਖਰ ਵਿੱਚ ਦਿਲਨਾਜ਼ ਕਮੇਡੀਅਨ ਵਿਜੈ ਸਿੰਘ ਨੇ ਸਮਾਜ ਦੇ ਵੱਖ ਵੱਖ ਪਹਿਲੂਆਂ ‘ਤੇ ਤਨਜ਼ੀਆਂ ਅੰਦਾਜ਼ ਵਿਚ ਪੇਸ਼ਕਾਰੀ ਕੀਤੀ।
ਸਮਾਗਮ ਦੇ ਆਖਰੀ ਸੈਸ਼ਨ ਵਿੱਚ ਕਵੀ ਦਰਬਾਰ ਸਜਾਇਆ ਗਿਆ ਜਿਸ ਦੀ ਸਦਾਰਤ ਜਸਵੰਤ ਜ਼ਫ਼ਰ, ਸੁਰਿੰਦਰ ਸੀਰਤ ਅਤੇ ਕੁਲਵਿੰਦਰ ਨੇ ਕੀਤੀ। ਇਸ ਵਿੱਚ ਹਜ਼ੂਰਾ ਸਿੰਘ, ਅਸ਼ਰਫ ਗਿੱਲ, ਸੁਖਵਿੰਦਰ ਕੰਬੋਜ, ਜਗਜੀਤ ਨੌਸ਼ਹਿਰਵੀ, ਕੁਲਵਿੰਦਰ, ਸੁਰਿੰਦਰ ਸੀਰਤ, ਕਮਲ ਦੇਵ ਪਾਲ, ਰਜਿੰਦਰ ਟਾਂਡਾ, ਈਸ਼ਰ ਸਿੰਘ ਮੋਮਨ, ਗੁਲਸ਼ਨ ਦਿਆਲ, ਨੀਲਮ ਸੈਣੀ, ਗੁਰਦੀਪ, ਤਾਰਾ ਸਿੰਘ ਸਾਗਰ, ਰੇਸ਼ਮ ਸਿੱਧੂ, ਗੁਰਮੀਤ ਬਰਸਾਲ, ਗੁਰਦੇਵ ਸਿੰਘ ਘਣਗਸ, ਗੁਰਦਿਆਲ ਸਿੰਘ ਨੂਰਪੂਰੀ, ਡਾ. ਨਰਿੰਦਰ ਗੌਤਮ, ਸੁਨੀਤਾ ਧੀਰ ਨੇ ਰਚਨਾਵਾਂ ਪੇਸ਼ ਕੀਤੀਆਂ।
ਕਵੀ ਦਰਬਾਰ ਦਾ ਸੰਚਾਲਨ ਹਰਜਿੰਦਰ ਕੰਗ ਨੇ ਬਾਖੂਬੀ ਕੀਤਾ। ਸਮਾਗਮ ਨੂੰ ਵਿਪਸਾਅ ਮੈਬਰਾਂ ਦੇ ਨਾਲ ਨਾਲ ਵਿਪਸਾਅ ਸਹਿਯੋਗੀਆਂ ਮਿਹਰ ਸਿੰਘ ਮਾਹਿਲ ਅਤੇ ਜਸਵੀਰ ਗਿੱਲ ਨੇ ਸਪਾਂਸਰ ਕੀਤਾ। ਸਰੋਤਿਆਂ ਵਿੱਚ ਸ਼ਾਇਰਾ ਰਮਨ ਵਿਰਕ, ਨਵਤੇਜ ਸਿੱਧੂ, ਹਰਜੀਤ ਸੈਣੀ, ਜਸਵੰਤ ਸਿੰਘ ਘਰਿੰਡਾ, ਲਾਜ ਸੈਣੀ, ਰਣ ਸਿੰਘ, ਸਰਬਜੀਤ ਕੌਰ, ਹਰਪ੍ਰੀਤ ਸਿੰਘ, ਰੌਬੀ, ਕੰਵਲਜੀਤ ਸਿੰਘ ਧਾਮੀ ਸ਼ਾਮਲ ਸਨ।
The post ਮਨੁੱਖਤਾ ਦੇ ਫ਼ਿਕਰ ਦੀ ਗੱਲ ਕਰਦੀ ਹੈ ਜ਼ਫ਼ਰ ਦੀ ਕਵਿਤਾ : ਕੁਲਵਿੰਦਰ appeared first on Quomantry Amritsar Times.