Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਵਾਰਿਸ ਦੀ ‘ਹੀਰ’ਪ੍ਰਮਾਣਿਕਤਾ ਦੇ ਵਿਵਾਦਾਂ ‘ਚ ਉਲਝੀ

$
0
0

varis heer
ਚੰਡੀਗੜ੍ਹ/ਬਿਊਰੋ ਨਿਊਜ਼ :
ਵਿਸ਼ਵ ਭਰ ਵਿੱਚ ਵਸਦਾ ਪੰਜਾਬੀ ਅਦਬੀ ਭਾਈਚਾਰਾ ਵਾਰਿਸ ਸ਼ਾਹ ਦੀ ਹੀਰ ਦੇ ਸੰਗ੍ਰਹਿ ਦੀ 250ਵੀਂ ਵਰ੍ਹੇਗੰਢ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਉਤਾਵਲਾ ਹੋਇਆ ਪਿਆ ਹੈ ਪਰ ਅਮਰੀਕਾ ਵਸਦੇ ਇਕ ਖੋਜਕਾਰ ਨੇ ਵਾਰਿਸ ਦੀ ਹੀਰ ਦੇ ਸਭ ਤੋਂ ਪੁਰਾਣੇ ਅਤੇ ਪ੍ਰਮਾਣਿਕ ਖਰੜੇ ਅਤੇ ਇਸ ਦੇ ਕਾਲ ਦੀ ਹੋਂਦ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ। ਪੱਤਰਕਾਰ ਅਮਨਿੰਦਰ ਪਾਲ ਦੀ ਰਿਪੋਰਟ ਅਨੁਸਾਰ ਹਾਲ ਹੀ ਵਿੱਚ ਪ੍ਰਕਾਸ਼ਤ ਹੋਏ ਲੇਖ ਵਿੱਚ ਪਾਕਿਸਤਾਨੀ ਮੂਲ ਦੇ 63 ਸਾਲਾ ਖੋਜਕਾਰ ਮੁਹੰਮਦ ਅਫ਼ਜ਼ਲ ਸ਼ਾਹਿਦ ਨੇ ਦਾਅਵਾ ਕੀਤਾ ਹੈ ਕਿ ਸਭ ਤੋਂ ਪੁਰਾਣਾ ਖਰੜਾ, ਜੋ ਵਾਰਿਸ ਸ਼ਾਹ ਦੇ ਲਹਿੰਦੀ ਲਹਿਜ਼ੇ ਦੇ ਨੇੜੇ ਤੇੜ ਵੀ ਢੁਕਦਾ ਹੈ, ਸਾਲ 1859 ਵਿੱਚ ਵਾਰਿਸ ਸ਼ਾਹ ਦੀ ਮੌਤ ਤੋਂ ਤਕਰੀਬਨ 60 ਸਾਲ ਬਾਅਦ ਲਿਖਿਆ ਗਿਆ ਸੀ। ਵਾਰਿਸ ਸ਼ਾਹ ਵੱਲੋਂ ਇਹ ਸ਼ਾਹਕਾਰ 1766 ਵਿੱਚ ਸੰਪੂਰਨ ਕੀਤਾ ਗਿਆ ਸੀ। ਸ੍ਰੀ ਸ਼ਾਹਿਦ ਨੇ ਹੀਰ ਦੇ ਸ਼ਾਹਮੁਖੀ ਖਰੜੇ ਨੂੰ ਰੋਮਨ ਲਿੱਪੀ ਵਿੱਚ ਤਰਜਮੇ, ਅਸਲ ਲੈਅ ਅਤੇ ਸ਼ਬਦਾਂ ਦੇ ਅਰਥਾਂ ਸਮੇਤ ਪੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 1859 ਦੇ ਖਰੜੇ ਦਾ ਹਿੰਦੂ ਮੁਨਸ਼ੀ ਕਿਰਪਾ ਰਾਮ ਨੇ ਇਕ ਹੋਰ ‘ਪੁਰਾਣੇ ਲਿਖੇ ਸ੍ਰੋਤ’ ਤੋਂ ਉਤਾਰਾ ਕੀਤਾ ਸੀ। ਇਸ ਬਾਅਦ ਕੁਲੀਨ ਸਿੱਖ ਦੀਵਾਨ ਹਰਦੇਵ ਸਿੰਘ ਨੇ ਵੀ ਇਸ ਤੋਂ ਪ੍ਰੇਰਣਾ ਲਈ। ਅੱਜ ਵੀ ਕਿਰਪਾ ਰਾਮ ਵਾਲਾ ਖਰੜਾ ਪੰਜਾਬ ਪਬਲਿਕ ਲਾਇਬਰੇਰੀ, ਲਾਹੌਰ ਵਿੱਚ ਮੌਜੂਦ ਹੈ।
ਸ੍ਰੀ ਸ਼ਾਹਿਦ ਅਨੁਸਾਰ, ‘ਮੌਜੂਦਾ ਰਿਕਾਰਡ ਮੁਤਾਬਕ ਕਿਸੇ ਨੇ ਵੀ ਵਾਰਿਸ ਸ਼ਾਹ ਦੇ ਅਸਲ ਖਰੜੇ ਨੂੰ ਨਹੀਂ ਦੇਖਿਆ ਹੈ। ਪਿਛਲੀ ਸਦੀ ਦੌਰਾਨ ਵਾਰਿਸ ਦੀ ਹੀਰ ਦੇ ਵੱਡੀ ਗਿਣਤੀ ਮਾੜੇ ਉਲੱਥੇ ਆ ਗਏ ਹਨ। ਕਿਰਪਾ ਰਾਮ ਮੁਨਸ਼ੀ ਸੀ ਅਤੇ ਫ਼ਾਰਸੀ ਦਾ ਮਾਹਰ ਸੀ। ਵਾਰਿਸ ਸ਼ਾਹ ਲਹਿੰਦੇ ਪੰਜਾਬ ਦਾ ਸੀ ਅਤੇ ਉਸ ਦੇ ਅਸਲ ਕਾਰਜ ਵਿੱਚ ਲਹਿੰਦੀ ਉਪ ਬੋਲੀ ਦਾ ਝਲਕਾਰਾ ਜ਼ਰੂਰ ਹੋਵੇਗਾ। ਮੈਂ ਵਾਰਿਸ ਦੀ ਹੀਰ ਦੇ ਮੌਜੂਦਾ ਸਾਰੇ ਖਰੜੇ ਛਾਣੇ ਹਨ। ਕਿਰਪਾ ਰਾਮ ਵਾਲੇ ਖਰੜੇ ਵਿੱਚ ਐਨ ਲਹਿੰਦੀ ਉਪ ਬੋਲੀ ਵਾਲਾ ਰਸ ਹੈ, ਜਿਸ ਨੂੰ ਜਾਂਗਲੀ ਪੰਜਾਬੀ ਵੀ ਕਿਹਾ ਜਾਂਦਾ ਹੈ। ਬਾਕੀ ਖਰੜਿਆਂ ਦੀ ਸ਼ੈਲੀ ਲਹਿੰਦੀ ਤੋਂ ਵੱਖਰੀ ਹੈ। ਇਸ ਕਾਰਨ ਉਨ੍ਹਾਂ ਦੀ ਪ੍ਰਮਾਣਿਕਤਾ ਸ਼ੱਕੀ ਹੈ।’ ਖੋਜ ਦੇ ਆਧਾਰ ਉਤੇ ਉਨ੍ਹਾਂ ਦਾ ਇਸ ਸਾਲ ਲਾਹੌਰ ਤੋਂ ਛਪਦੇ ਰਸਾਲੇ ‘ਲਹਿਰਾਂ’ ਵਿੱਚ ਲੇਖ ਪ੍ਰਕਾਸ਼ਤ ਹੋਇਆ। ਇਸ ਦਾ ਅੰਗਰੇਜ਼ੀ ਰੂਪ ਪਿਛਲੇ ਹਫ਼ਤੇ ਉੱਤਰੀ ਅਮਰੀਕਾ ਵਿੱਚ ‘ਐਸੋਸੀਏਸ਼ਨ ਆਫ ਪੰਜਾਬੀਜ਼’ ਨੇ ਪੇਸ਼ ਕੀਤਾ ਹੈ।
ਸਰਕਾਰੀ ਕਾਲਜ, ਕਪੂਰਥਲਾ ਦੇ ਪੰਜਾਬੀ ਦੇ ਐਸੋਸੀਏਟ ਪ੍ਰੋਫੈਸਰ ਸੁਖਬੀਰ ਸਿੰਘ ਥਿੰਦ ਦੀ ਪੀਐਚਡੀ ‘ਹੀਰ ਵਾਰਿਸ ਸ਼ਾਹ ਦਾ ਬਿਰਤਾਂਤਕ ਅਧਿਐਨ’ ਦਾ ਵਿਸ਼ਾ ਵੀ ਇਹੀ ਸੀ। ਉਨ੍ਹਾਂ ਕਿਹਾ, ‘ਹੀਰ ਦੇ ਅਸਲ ਤੇ ਸਭ ਤੋਂ ਪੁਰਾਣੇ ਖਰੜੇ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਹੈ। ਪਰ ਇਹ ਤੱਥ ਹੈ ਕਿ ਬਹੁਤ ਸਾਰੇ ਖਰੜਿਆਂ ਦੀ ਭਰੋਸੇਯੋਗਤਾ ਬਾਰੇ ਵਿਵਾਦ ਹੈ। ਜੇਕਰ ਕੋਈ ਅਸਲ ਤੇ ਪੁਰਾਣਾ ਖਰੜਾ ਮੌਜੂਦ ਹੁੰਦਾ ਤਾਂ ਇਸ ਮੁੱਦੇ ਉਤੇ ਕੋਈ ਬਹਿਸ ਹੀ ਨਹੀਂ ਹੋਣੀ ਸੀ।’

The post ਵਾਰਿਸ ਦੀ ‘ਹੀਰ’ ਪ੍ਰਮਾਣਿਕਤਾ ਦੇ ਵਿਵਾਦਾਂ ‘ਚ ਉਲਝੀ appeared first on Quomantry Amritsar Times.


Viewing all articles
Browse latest Browse all 342