‘ਕਿਸਾਨ ਖੁਦਕੁਸ਼ੀ ਦੇ ਮੋੜ ਤੇ’ ਅਪ੍ਰੈਲ ਮਹੀਨੇ ਤੋਂ ਵੱਖ ਵੱਖ ਸ਼ਹਿਰਾਂ ‘ਚ ਖੇਡਿਆ ਜਾਵੇਗਾ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼:
ਪੰਜਾਬ ਵਿਚ ਕਿਸਾਨਾਂ ਦੀ ਜ਼ਿੰਦਗੀ ਦੇ ਸੱਚ ਅਤੇ ਦੁਖਾਂਤ ਨੂੰ ਬਿਆਨਦਾ ਨਾਟਕ ‘ਕਿਸਾਨ ਖੁਦਕੁਸ਼ੀ ਦੇ ਮੋੜ ਤੇ’ ਦਾ ਮੰਚਨ ਅਗਲੇ ਅਪ੍ਰੈਲ ਤੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀਤਾ ਜਾਵੇਗਾ। ਇਹਨਾਂ ਦਿਨਾਂ ਵਿਚ ਇਸ ਨਾਟਕ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਕੈਲੇਫੋਰਨੀਆਂ ਦੇ ਵੱਖ ਵੱਖ ਸ਼ਹਿਰਾਂ ਵਿਚ ਕੀਤੀਆਂ ਜਾ ਰਹੀਆਂ ਹਨ। ਫਿਲਮ ਵਿਚ ਪ੍ਰਮੁੱਖ ਭੂਮਿਕਾ ਜਸਵੰਤ ਸਿੰਘ ਸ਼ਾਦ ਅਤੇ ਡਿੰਪਲ ਬੈਂਸ ਦੀ ਹੋਵੇਗੀ। ਜਸਪ੍ਰੀਤ ਸਿੰਘ ਢਿੱਲੋਂ, ਜਗਦੇਵ ਸਿੰਘ ਭੰਡਾਲ, ਦਰਸ਼ਨ ਸਿੰਘ ਕਹਿਲ, ਸੋਨੂੰ ਬੈਂਸ, ਸੁਖਵਿੰਦਰ ਸੰਘੇੜਾ ਅਤੇ ਜਾਨਵੀ ਬੈਂਸ ਇਸ ਨਾਟਕ ਦੇ ਅਹਿਮ ਕਿਰਦਾਰ ਨਿਭਾਉਣਗੇ। ਨਾਟਕਕਾਰ ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕਰੀਬ ਅੱਠ ਸਾਲ ਪਹਿਲਾਂ ਇਸ ਲਿਖੇ ਨਾਟਕ ਨੂੰ ਖੇਡਣ ਲਈ ਸਹਿਮਤੀ ਮੰਗੀ ਗਈ ਤਾਂ ਉਹਨਾਂ ਨੂੰ ਅੰਦਰੋਂ ਸਕੂਨ ਮਿਲਿਆ ਕਿ ਜਿਹੜਾ ਦਰਦ ਅੱਠ ਸਾਲ ਪਹਿਲਾਂ ਕੁਝ ਵੀ ਨਹੀਂ ਸੀ ਉਹ ਹੁਣ ਕਿਰਸਾਨੀ ਜੀਵਨ ਲਈ ਪਹਾੜ ਜਿੱਡਾ ਬਣ ਗਿਆ ਹੈ ਤੇ ਸਰਕਾਰਾਂ ਇਸ ਦੇ ਹੱਲ ਲਈ ਨਾ ਯਤਨਸ਼ੀਲ ਹਨ ਤੇ ਨਾ ਹੀ ਗੰਭੀਰ।
ਲੇਖਕ ਕੁਲਦੀਪ ਸਿੰਘ ਦੀਪ ਨੇ ਮਾਣ ਨਾਲ ਕਿਹਾ ਕਿ ਅਮਰੀਕਾ/ਕਨੇਡਾ ਦੀ ਧਰਤੀ ਤੇ ਇਸ ਨਾਟਕ ਦਾ ਅਸ਼ੋਕ ਟਾਂਗਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਣਾ ਮੇਰੇ ਲਈ ਖਾਸ ਹੈ ਕਿਉਂਕਿ ਭਾਵੇਂ ਮੈਂ ਹਰਿਆਣਾ ਵਿਚ ਰਹਿੰਦਾ ਹਾਂ ਪਰ ਇਸ ਗਲੋਬਲ ਦੁਨੀਆਂ ਵਿਚ ਜਿਥੇ ਪੰਜਾਬੀਆਂ ਦੇ ਚਾਅ ਸਾਂਝੇ ਹਨ ਉਥੇ ਉਹ ਇਕ ਦੂਜੇ ਨਾਲ ਦਰਦ ਵੰਡਾਉਣ ਤੋਂ ਵੀ ਕਦੇ ਪਿੱਛੇ ਨਹੀਂ ਰਹੇ। ਉਹਨਾਂ ਆਸ ਪ੍ਰਗਟਾਈ ਕਿ ਇਸ ਨਾਟਕ ਨੂੰ ਬੇਹੱਦ ਲੋਕਪ੍ਰਿਯਤਾ ਅਤੇ ਕਾਮਾਯਾਬੀ ਮਿਲੇਗੀ।
ਪੰਜਾਬ ਵਿਚ ਇਸ ਵੇਲੇ ਕਿਰਸਾਨੀ ਦੀ ਸਭ ਤੋਂ ਵੱਡੀ ਤਰਾਸਦੀ ਇਸ ਕਰਕੇ ਬਣੀ ਹੋਈ ਹੈ ਕਿ ਜ਼ਮੀਨ ਦੀ ਤਾਸੀਰ ਬਦਲ ਰਹੀ ਹੈ। ਕੁਦਰਤ ਦੀ ਕਰੋਪੀ ਵਧ ਰਹੀ ਹੈ। ਮੱਧ ਵਰਗੀ ਅਤੇ ਹੇਠਲੇ ਦਰਜੇ ਦੇ ਜ਼ਿਮੀਦਾਰ ਨੂੰ ਵਿਗਿਆਨਿਕ ਤੇ ਮਸ਼ੀਨੀਕਰਨ ਵਾਲੀ ਕਿਰਸਾਨੀ ਦੇ ਹਾਣ ਦਾ ਹੋਣ ਲਈ ਅੱਡੀਆਂ ਚੁੱਕ ਕੇ ਕਰਜ਼ੇ ਦਾ ਫਾਹਾ ਲੈਣਾ ਪੈ ਰਿਹਾ ਹੈ। ਕਿਸ਼ਤਾਂ ਮੋੜਨ ਲਈ ਹਾਲਾਤ ਨਹੀਂ ਬਣ ਰਹੇ। ਸਰਕਾਰਾਂ ਸਿਰਫ ਰਾਜਨੀਤੀ ਖੇਡ ਰਹੀਆਂ ਹਨ। ਕਿਸਾਨਾਂ ਦੀ ਇਸ ਦਰਦਮਈ ਕਹਾਣੀ ਤੇ ਤਰਾਸਦੀ ਉੱਤੇ ਕੁਲਦੀਪ ਸਿੰਘ ਦੀਪ ਦੇ ਲਿਖੇ ਨਾਟਕ ‘ਕਿਸਾਨ ਖੁਦਕੁਸ਼ੀ ਦੇ ਮੋੜ ਤੇ’ ਦੇ ਅਤਿ ਸੰਵੇਸਨਸ਼ੀਲ ਅਤੇ ਅਹਿਮ ਵਿਸ਼ੇ ਨੂੰ ਮੁੱਖ ਰੱਖ ਕੇ ਅਭੀਰਾਜ ਪ੍ਰੋਡਕਸ਼ਨ ਦੇ ਤਾਰਾ ਸਿੰਘ ਸਾਗਰ ਨੇ ‘ਮੇਲਾ’ ਤੇ ‘ਧੀਆਂ ਮਰ ਜਾਣੀਆਂ’ ਵਰਗੀਆਂ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਦੇਣ ਵਾਲੇ ਅਸ਼ੋਕ ਟਾਂਗਰੀ ਦੀ ਨਿਰਦੇਸ਼ਨਾ ਹੇਠ ਅਮਰੀਕਾ ਅਤੇ ਕੈਨੇਡਾ ਵਿਚ ਵੱਖ ਵੱਖ ਥਾਵਾਂ ਤੇ ਖੇਡਣ ਦਾ ਫੈਸਲਾ ਲਿਆ ਹੈ।
ਨਾਟਕ ਦੇ ਨਿਰਦੇਸ਼ਕ ਅਸ਼ੋਕ ਟਾਂਗਰੀ ਨੇ ਕਿਹਾ ਕਿ ਤਕਰੀਬਨ ਦੋ ਮਹੀਨੇ ਤੋਂ ਇਸ ਨਾਟਕ ਦੀ ਤਿਆਰੀ ਪੂਰੀ ਸਰਗਰਮੀ ਨਾਲ ਚੱਲ ਰਹੀ ਹੈ। ਅਪ੍ਰੈਲ ਦੇ ਆਖਰ ਵਿਚ ਜਾਂ ਮਈ ਦੇ ਪਹਿਲੇ ਹਫਤੇ ਇਸ ਨਾਟਕ ਦਾ ਮੰਚਨ ਵੱਖ ਵੱਖ ਥਾਵਾਂ ਤੇ ਸ਼ੁਰੂ ਹੋ ਜਾਵੇਗਾ। ਨਾਟਕ ਖੇਡੇ ਜਾਣ ਦੇ ਐਲਾਨ ਨਾਲ ਹੀ ਪੰਜਾਬੀਆਂ ਅੰਦਰ ਇਸ ਨਾਟਕ ਨੂੰ ਵੇਖਣ ਦੀ ਉਤਸੁਕਤਾ ਪੈਦਾ ਹੋ ਗਈ ਹੈ।
The post ਪੰਜਾਬ ਵਿਚਲੀ ਫਾਹੇ ਲੈਣ ਲਈ ਮਜਬੂਰ ਕਿਸਾਨੀ ਜ਼ਿੰਦਗੀ ਦੇ ਦਰਦ ਨੂੰ ਬਿਆਨਦਾ ਨਾਟਕ appeared first on Quomantry Amritsar Times.