Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਪੰਜਾਬੀ ਦੇ ਉਜੱਵਲ ਭਵਿੱਖ ਦੀ ਉਮੀਦ ਨਾਲ ਚੰਡੀਗੜ੍ਹ ‘ਚ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਸੰਪੰਨ

$
0
0

1
ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਰਤਮਾਨ ਅਤੇ ਭਵਿੱਖ ਬਾਰੇ ਹੋਈ ਮੁੱਲਵਾਨ ਚਰਚਾ
ਰਾਸ਼ਟਰਵਾਦ ਦੇ ਬਹਾਨੇ ਸਾਹਿਤ, ਸਭਿਆਚਾਰ, ਕਲਾ ਅਤੇ ਵਿਗਿਆਨ ਨੂੰ ਨਿਗਲਣ ਦਾ ਮਾਹੌਲ ਸਿਰਜਿਆ ਜਾ ਰਿਹੈ : ਵੀਰ ਭਾਰਤ ਤਲਵਾਰ
ਹਨੇਰੇ ਨੂੰ ਲੋਹੇ ਨਾਲ ਨਹੀਂ ਚਾਨਣ ਦੀ ਤਲਵਾਰ ਨਾਲ ਕੱਟਿਆ ਜਾ ਸਕਦੈ : ਸੁਰਜੀਤ ਪਾਤਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਕਲਾ ਭਵਨ ਵਿਚ ਰੰਧਾਵਾ ਉਤਸਵ  ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਅਤੇ ਕੌਮਾਂਤਰੀ ਇਲਮ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ 19 ਤੋਂ 21 ਫਰਵਰੀ ਤੱਕ ਆਲਮੀ ਪੰਜਾਬੀ ਕਾਨਫਰੰਸ-2016 ਕਰਵਾਈ ਗਈ।
ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨ ਸਮਾਰੋਹ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਵਾਨ ਵੀਰ ਭਾਰਤ ਤਲਵਾਰ ਨੇ ਮੁੱਖ ਭਾਸ਼ਣ ਦਿੰਦਿਆਂ ਕਿਹਾ ਕਿ ਇਕ ਸੋਚੀ ਸਮਝੀ ਰਣਨੀਤੀ ਤਹਿਤ ਦੇਸ਼ ਅੰਦਰ ਸਾਹਿਤ, ਸਭਿਆਚਾਰ, ਕਲਾ ਅਤੇ ਵਿਗਿਆਨ ਨੂੰ ਇਕੋ ਰੰਗ ਵਿਚ ਰੰਗਣ ਅਤੇ ਹਰ ਖੇਤਰ ਦੇ ਅਸਲੀ ਰੂਪ ਨੂੰ ਨਿਗਲਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਆਪਣੀ ਗੱਲ ਕਹਿਣ, ਲਿਖਣ ਅਤੇ ਵੱਖਰੀ ਸੋਚ ਰੱਖਣ ਤੱਕ ਲਈ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਹੈ। ਇਸ ਮਾਹੌਲ ਦਾ ਮੁਕਾਬਲਾ ਕਰਨ ਲਈ ਜਾਗਰੂਕ ਅਤੇ ਇਕਜੁੱਟ ਹੋਣਾ ਹੀ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਸਾਹਿਤ, ਵਿਗਿਆਨ, ਕਲਾ ਅਤੇ ਖੋਜ ਸੰਸਥਾਵਾਂ ਦੀ ਵਾਗਡੋਰ ਅਜਿਹੇ ਹੱਥਾਂ ਵਿਚ ਸੌਂਪੀ ਜਾ ਰਹੀ ਹੈ, ਜੋ ਇਸ ਖੇਤਰ ਵਿਚੋਂ ਸਿਰਜਣਸ਼ੀਲਤਾ ਨੂੰ ਖਤਮ ਕਰਕੇ ਇਕ ਠੋਸੀ ਹੋਈ ਵਿਚਾਰਾਧਾਰਾ ਦੇ ਰੰਗ ਵਿਚ ਰੰਗ ਸਕਣ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਭਾਰਤ ਦੇ ਇਤਿਹਾਸ ਨੂੰ ਤੱਥਹੀਣ ਬਿਆਨਾਂ ਦੇ ਰਾਹੀਂ ਪ੍ਰਚਾਰਤ/ ਪ੍ਰਸਾਰਤ ਕੀਤਾ ਜਾ ਰਿਹਾ ਹੈ ਬਲਕਿ ਲਿਖਤੀ ਸਾਹਿਤ ਨੂੰ ਵੀ ਇਕੋ ਰੰਗ ਵਿਚ ਰੰਗਣ ਲਈ ਇਤਿਹਾਸ ਵਿਚ ਖੋਜ ਅਤੇ ਤੱਥ ਆਧਾਰਤ ਕਾਰਜਾਂ ਨੂੰ ਨਿਰਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਰਿਵਾਰ ਦੇ ਨਾਮ ‘ਤੇ ਕਈ ਸੰਗਠਨ ਖੜ੍ਹੇ ਹੋ ਰਹੇ ਹਨ ਜਿਨ੍ਹਾਂ ਦਾ ਨਾ ਕੋਈ ਪਛਾਣ ਹੈ ਅਤੇ ਨਾ ਹੀ ਕੋਈ ਚਿਹਰਾ ਉਨ੍ਹਾਂ ਦੀ ਜ਼ਿੰਮੇਵਾਰੀ ਲੈਂਦਾ ਹੈ, ਪਰ ਉਹ ਦੇਸ਼ ਦੇ ਕੋਨੇ-ਕੇਨੇ ਵਿਚ ਆਪਣੀ ਧੱਕੇਸ਼ਾਂਹੀ ਨਾਲ ਰਾਸ਼ਟਰਵਾਦ ਦੇ ਨਾਮ ਉੱਥੇ ਆਮ ਲੋਕਾਂ ਨੂੰ ਦਹਿਸ਼ਤਜ਼ਦਾ ਕਰ ਰਹੇ ਹਨ। ਨਵਾਂ ਵਿਚਾਰ ਪੈਦਾ ਹੋਣ ‘ਤੇ ਰੋਕ ਲਾਈ ਜਾ ਰਹੀ ਹੈ ਅਤੇ ਆਪਣੇ ਵਿਚਾਰਾਂ ਨੂੰ ਸਮੂਹ ਦੇਸ਼ਵਾਸੀਆਂ ਉੱਪਰ ਥੋਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1919 ਵਿਚ ਜ਼ਲ੍ਹਿਆਂ ਵਾਲੇ ਬਾਗ਼ ਦੇ ਕਤਲੇਮਾਲ ਦੇ ਰੋਸ ਵੱਜੋਂ ਰਵਿੰਦਰ ਨਾਥ ਟੈਗੋਰ ਨੇ ਅੰਗਰੇਜ਼ਾਂ ਵੱਲੋਂ ਦਿੱਤੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ ਸੀ। ਲੇਖਕਾਂ ਨੇ ਅਸਹਿਣਸ਼ੀਲਤਾ ਦੇ ਖ਼ਿਲਾਫ਼ ਸਨਮਾਨ ਵਾਪਸ ਕਰਕੇ ਉਸ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਕ ਲਹਿਰ ਖੜ੍ਹੀ ਕਰਨ ਵਿਚ ਮਦਦ ਕੀਤੀ ਹੈ।
ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿਚ ਡਾ. ਸੁਰਜੀਤ ਪਾਤਰ, ਗੁਲਜ਼ਾਰ ਸਿੰਘ ਸੰਧੂ, ਅਜਮੇਰ ਔਲਖ, ਬਲਦੇਵ ਸਿੰਘ ਸੜਕਨਾਮਾ, ਆਤਮਜੀਤ, ਮੋਹਨ ਭੰਡਾਰੀ, ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ, ਲਾਭ ਸਿੰਘ ਖੀਵਾ ਅਤੇ ਗੁਰਭਜਨ ਗਿੱਲ ਸ਼ਾਮਲ ਹੋਏ। ਕਾਨਫਰੰਸ ਦੀ ਕਾਰਵਾਈ ਆਰੰਭ ਕਰਦਿਆਂ ਕੌਮਾਂਤਰੀ ਇਲਮ ਦੇ ਜਨਰਲ ਸਕੱਤਰ ਅਤੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਕਾਨਫਰੰਸ ਦੀ ਅਹਿਮੀਅਤ, ਕਾਨਫਰੰਸ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਅਤੇ ਪਹੁੰਚ ਰਹੇ ਵਿਦਵਾਨ ਸੱਜਣਾਂ ਬਾਰੇ ਜਾਣਕਾਰੀ ਦਿੰਦਿਆਂ ਹਾਜ਼ਰ ਮਹਿਮਾਨਾਂ ਦਾ ਸਵਾਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਨੇ ਉਦਘਾਟਨੀ ਸਮਾਰੋਹ ਦੇ ਮੁੱਖ ਬੁਲਾਰੇ ਸ਼੍ਰੀ ਵੀਰ ਭਾਰਤ ਤਲਵਾਰ ਦੀ ਮੌਜੂਦਾ ਹਾਲਾਤ ਬਾਰੇ ਕੀਤੀ ਗਈ ਪੜਚੋਲ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰੱਸਿਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਲੇਖਕ ਦਾ ਆਖ਼ਰੀ ਹਥਿਆਰ ਸਨਮਾਨ ਨਹੀਂ ਕਲਮ ਹੁੰਦੀ ਹੈ। ਉਨ੍ਹਾਂ ਨੇ ਆਪਣੇ ਸਨਮਾਨ ਮੋੜੇ ਹਨ ਪਰ ਉਨ੍ਹਾਂ ਦੀਆਂ ਕਲਮਾਂ ਆਪਣੇ ਕੋਲ ਹਨ। ਉਨ੍ਹਾਂ ਕਿਹਾ ਕਿ ਹਨੇਰੇ ਨੂੰ ਲੋਹੇ ਨਾਲ ਨਹੀਂ ਚਾਨਣ ਦੀ ਤਲਵਾਰ ਨਾਲ ਕੱਟਿਆ ਜਾ ਸਕਦਾ ਹੈ। ਡਾ. ਪਾਤਰ ਨੇ ਕਿਹਾ ਕਿ ਸਾਰਿਆਂ ਦਾ ਇਕੋ-ਇਕ ਧਰਮ ਨਹੀਂ ਹੋ ਸਕਦਾ ਅਤੇ ਨਾ ਹੀ ਇਹ ਕਿਸੇ ‘ਤੇ ਥੋਪਿਆ ਜਾ ਸਕਦਾ ਹੈ ਪਰ ਸਾਨੂੰ ਖੌਫ਼ ਵਿਚ ਆ ਕੇ ਚੁੱਪ ਅਖ਼ਤਿਆਰ ਨਹੀਂ ਕਰ ਲੈਣੀ ਚਾਹੀਦੀ ਬਲਕਿ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖ਼ਾਮੋਸ਼ੀਆਂ ਵਿਚ ਵੀ ਰੋਹ ਦਾ ਸ਼ੋਰ ਹੁੰਦਾ ਹੈ।
ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਜਿਸ ਦੌਰ ਵਿਚ ਕਿਸਾਨਾਂ ਦੀ ਖੁਦਕੁਸ਼ੀ ਨੂੰ ਫੈਸ਼ਨ ਦੱਸਿਆ ਜਾ ਰਿਹਾ ਹੈ, ਉਹ ਦੌਰ ਲੋਕਾਂ ਦੇ ਜਾਗਰੂਕ ਹੋਣ ਦਾ ਦੌਰ ਹੈ। ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਕਿਹਾ ਕਿ ਪਹਿਲਾਂ ਘੱਟਗਿਣਤੀਆਂ ‘ਤੇ ਹਮਲੇ ਕਰਨ ਲਈ ਉਨ੍ਹਾਂ ਦੇ ਸਭਿਆਚਾਰ ‘ਤੇ ਹਮਲਾ ਕੀਤਾ ਗਿਆ ਪਰ ਜਦੋਂ ਸਫ਼ਲਤਾ ਨਹੀਂ ਮਿਲੀ ਤਾਂ ਹੁਣ ਰਾਸ਼ਟਰਵਾਦ ਦੇ ਨਾਮ ਉੱਤੇ ਲੋਕਾਂ ਨੂੰ ਆਪਣੀ ਦੇਸ਼ ਭਗਤੀ ਸਿੱਧ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਹਿਣਸ਼ੀਲਤਾ ਦੀ ਸਭ ਤੋਂ ਵੱਡੀ ਮਿਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ, ਉਨ੍ਹਾਂ ਤੋਂ ਵਿਚਾਰਾਧਾਰਕ ਦ੍ਰਿਸ਼ਟੀ ਲੇਣ ਵਾਲੇ ਕਦੇ ਅਸਹਿਣਸ਼ੀਲ ਨਹੀਂ ਹੋ ਸਕਦੇ।
ਅਜਮੇਰ ਔਲਖ ਨੇ ਕਿਹਾ ਕਿ ਕਲਮਕਾਰਾਂ ਨੂੰ ਹਰ ਖੇਤਰ ਵਿਚ ਲੋਕਾਂ ਦੀ ਆਵਾਜ਼ ਬਣਨਾ ਪਵੇਗਾ ਤਾਂ ਹੀ ਆਵਾਜ਼ ਦਬਾਉਣ ਦੀਆਂ ਸਾਜਿਸ਼ਾਂ ਰੋਕੀਆਂ ਜਾ ਸਕਦੀਆਂ ਹਨ। ਡਾ. ਦੀਪਕ ਮਨਮੋਹਨ ਸਿੰਘ ਨੇ ਆਖਿਆ ਜਿਨ੍ਹਾਂ ਨੇ ਸਨਮਾਨ ਵਾਪਸ ਕਰ ਦਿੱਤੇ ਹਨ ਉਹ ਤਾਂ ਸਲਾਮ ਦੇ ਹੱਕਦਾਰ ਹਨ, ਪਰ ਜਿਨ੍ਹਾਂ ਨੇ ਵਾਪਸ ਨਹੀਂ ਕੀਤੇ ਉਨ੍ਹਾਂ ਲਈ ਵੱਡੀ ਚੁਣੌਤੀ ਸਾਹਮਣੇ ਖੜ੍ਹੀ ਹੈ।
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਦਾ ਵਿਚਾਰ ਸੀ ਕਿ ਲੇਖਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਗ ਤੋਂ ਮੁਕਤ ਹੋ ਕੇ ਲੋਕਾਂ ਦੀ ਅਤੇ ਲੋਕਾਂ ਲਈ ਆਵਾਜ਼ ਬੁਲੰਦ ਕਰਨੀ ਪਵੇਗੀ। ਉੱਘੇ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਵਿਦਵਾਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਅਤੇ ਸਰੋਤਿਆਂ ਵੱਲੋਂ ਭਰੇ ਗਏ ਹੁੰਗਾਰੇ ਨੇ ਹੀ ਸਾਬਿਤ ਕਰ ਦਿੱਤਾ ਹੈ ਕਿ ਇਹ ਮਸਲਾ ਗੰਭੀਰਤਾ ਨਾਲ ਵਿਚਾਰਿਆ ਜਾਣ ਵਾਲਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦੀ ਪ੍ਰਧਾਨਗੀ ਵਿਚ ਹੋਏ ਦੂਜੇ ਸੈਸ਼ਨ ਦੌਰਾਨ ਪੰਜਾਬੀ ਭਾਸ਼ਾ-ਸਮਕਾਲੀ ਚੁਣੌਤੀਆਂ ਵਿਸ਼ੇ ‘ਤੇ ਵਿਚਾਰ ਦਿੰਦਿਆਂ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਇਹ ਗੱਲ ਦੁਨੀਆ ਭਰ ਵਿਚ ਸਾਬਤ ਹੋ ਚੁੱਕੀ ਹੈ ਕਿ ਜਦੋਂ ਤੱਕ ਬੱਚੇ ਨੂੰ ਮੁੱਢਲੀ ਸਿੱਖਿਆ ਉਸ ਦੀ ਮਾਤ ਭਾਸ਼ਾ ਵਿਚ ਨਹੀਂ ਦਿੱਤੀ ਜਾਵੇਗੀ ਨਾ ਤਾਂ ਉਸ ਦਾ ਉਚਿਤ ਵਿਕਾਸ ਹੋ ਸਕੇਗਾ ਅਤੇ ਨਾ ਹੀ ਉਹ ਦੂਸਰੀਆਂ ਭਾਸ਼ਾਵਾਂ ਸਿੱਖਣ ਅਤੇ ਜ਼ਿੰਮੇਵਾਰ ਸਾਮਾਜਕ ਨਾਗਰਿਕ ਬਣਨ ਵਿਚ ਸਫ਼ਲ ਹੋ ਸਕੇਗਾ।
ਸ਼ਾਮ ਨੂੰ ਹੋਏ ਕਵੀ ਦਰਬਾਰ ਵਿਚ ਪੰਜਾਬੀ ਦੇ ਪ੍ਰਸਿਧ ਕਵੀਆਂ ਗੁਰਦੀਪ ਦੇਹਰਾਦੂਨ, ਵਿਜੇ ਵਿਵੇਕ, ਮਨਜੀਤ ਇੰਦਰਾ, ਸ਼ਾਮ ਸਿੰਘ, ਸੁਰਿੰਦਰਪ੍ਰੀਤ ਘਣੀਆ, ਰਾਜਿੰਦਰ ਪਰਦੇਸੀ ਤੇ ਹੋਰਨਾਂ ਨੇ ਹਿੱਸਾ ਲਿਆ।
ਜੰਮੂ-ਕਸ਼ਮੀਰ ਤੋਂ ਆਏ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੇ ਆਲਮੀ ਪੰਜਾਬੀ ਕਾਨਫਰੰਸ ਦੇ ਦੂਸਰੇ ਦਿਨ ਚੌਥੇ ਸੈਸ਼ਨ ਦੌਰਾਨ ਪੰਜਾਬੀ ਸਾਹਿਤ ਦਾ ਕੱਲ੍ਹ, ਅੱਜ ਅਤੇ ਭਲਕ ਵਿਸ਼ੇ ਬਾਰੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਜਦੋਂ ਤੱਕ ਅਸੀਂ ਆਪਣੇ ਅੰਦਰੋਂ ਫਿਰਕਾਪ੍ਰਸਤ ਸੋਚ ਨੂੰ ਖਤਮ ਨਹੀਂ ਕਰਾਂਗੇ ਅਸੀਂ ਲੋਕਾਂ ਦੇ ਸਾਹਿਤਕਾਰ ਨਹੀਂ ਬਣ ਸਕਾਂਗਾ। ਪਹਿਲੇ ਸੈਸ਼ਨ ਦਾ ਮੁੱਖ ਭਾਸ਼ਣ ਦਿੰਦਿਆਂ ਉੱਘੇ ਪੰਜਾਬੀ ਚਿੰਤਕ ਡਾ. ਸੁਖਦੇਵ ਸਿੰਘ ਨੇ ਪੰਜਾਬੀ ਸਾਹਿਤ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਦੇ ਗੰਭੀਰ ਮਸਲਿਆਂ ਬਾਰੇ ਵਿਚਾਰ ਪੇਸ਼ ਕੀਤੇ। ਡਾ. ਭੀਮਇੰਦਰ ਸਿੰਘ, ਡਾ. ਸੁਖਪਾਲ ਥਿੰਦ, ਡਾ. ਬਲਦੇਵ ਸਿੰਘ ਧਾਲੀਵਾਲ, ਪ੍ਰਵਾਸੀ ਲੇਖਿਕਾ ਬਲਬੀਰ ਕੌਰ ਸੰਘੇੜਾ, ਸਾਹਿਤਕਾਰ ਜਸਬੀਰ ਭੁੱਲਰ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਨਫਰੰਸ ਦੇ ਪੰਜਵੇਂ ਸੈਸ਼ਨ ਵਿਚ ਸਮਕਾਲੀ ਪੰਜਾਬੀ ਸਭਿਆਚਾਰ ਵਿਚ ਆਏ ਵਿਗਾੜ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਦਿੰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਭਿਆਚਾਰ ਦਾ ਵਿਕਾਸ ਕੋਈ ਸਥਿਰ ਪ੍ਰਕਿਰਿਆ ਨਹੀਂ ਹੁੰਦਾ ਸਗੋਂ ਇਹ ਲਗਾਤਾਰ ਚੱਲਦਾ ਰਹਿੰਦਾ ਹੈ। ਸਭਿਆਚਾਰ ਦੇ ਵਿਕਾਸ ਉੱਤੇ ਸਾਮਾਜਕ, ਆਰਥਕ ਅਤੇ ਸਿਆਸੀ ਪਹਿਲੂਆਂ ਦਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਬਹੁਤ ਸਾਰੇ ਚੰਗੇ ਅਤੇ ਬੁਰੇ ਪ੍ਰਭਾਵ ਸਾਹਮਣੇ ਆਉਂਦੇ ਹਨ। ਇਸ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਰਨਲ ਸਕੱਤਰ ਡਾ. ਕਰਮਜੀਤ ਸਿੰਘ ਅਤੇ ਲੇਖਿਕਾ ਮਨਜੀਤ ਕੌਰ ਮੀਤ ਨੇ ਕੀਤੀ। ਸੈਸ਼ਨ ਦੌਰਾਨ ਚਰਚਾ ਵਿਚ ਡਾ. ਦਰਿਆ, ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊ, ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਜਸਪਾਲ ਸਿੰਘ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਕਿਰਪਾਲ ਸਿੰਘ ਪੰਨੂੰ ਸ਼ਾਮਲ ਹੋਏ। ਸ਼ਾਮ ਨੂੰ ਲੋਕ ਗਾਇਕੀ ਦੀ ਮਹਿਫ਼ਲ ਦੌਰਾਨ ਦੇਸ ਰਾਜ ਲਚਕਾਨੀ ਅਤੇ ਸਾਥੀਆਂ ਨੇ ਆਪਣੀ ਗਇਕੀ ਨਾਲ ਪੰਜਾਬ ਦੇ ਵਿਰਾਸਤੀ ਰੰਗ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ।
ਆਲਮੀ ਪੰਜਾਬੀ ਕਾਨਫਰੰਸ ਦੇ ਤੀਸਰੇ ਦਿਨ ਸਤਵੇਂ ਅਤੇ ਆਖਰੀ ਸੈਸ਼ਨ
ਬਾਰੇ ਗੱਲ ਕਰਦਿਆਂ ਕੌਮਾਂਤਰੀ ਪੰਜਾਬੀ ਇਲਮ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਵਿਦੇਸ਼ਾਂ, ਪਾਕਿਸਤਾਨ ਅਤੇ ਭਾਰਤ ਦੇ ਦੂਜੇ ਸੂਬਿਆਂ ਵਿਚ ਰਹਿ ਰਹੇ ਪੰਜਾਬੀਆਂ ਦੀਆਂ ਪ੍ਰਾਪਤੀਆਂ, ਮੁਸ਼ਕਲਾਂ ਅਤੇ ਚੁਣੌਤੀਆਂ ਦਾ ਜ਼ਿਕਰ ਕੀਤਾ। ਇਸ ਸੈਸ਼ਨ ਦੌਰਾਨ ਪੰਜਾਬੋਂ ਬਾਹਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਭਵਿੱਖ ਵਿਸ਼ੇ ਬਾਰੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਹਾਣੀਕਾਰ ਜਰਨੈਲ
ਸਿੰਘ ਨੇ ਦੱਸਿਆ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਿਚ ਜ਼ਿਆਦਾ ਪੰਜਾਬੀਆਂ ਦੀ ਆਬਾਦੀ ਹੈ। ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਨਾਲ ਜੁੜੀਆਂ ਹੋਈਆਂ ਹਨ, ਪਰ ਚੌਥੀ ਪੀੜ੍ਹੀ ਦਾ ਨਾਤਾ ਪੰਜਾਬੀ ਨਾਲੋਂ ਟੁੱਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਹੋਣ ਵਾਲੇ ਜ਼ਿਆਦਾਤਰ ਪੰਜਾਬੀ ਸਮਾਗਮਾਂ ਵਿਚ ਪੰਜਾਬੀ ਰੀਤਾਂ-ਰਿਵਾਜ਼ਾਂ ਦੀ ਉਹੀ ਤਸਵੀਰ ਦੇਖਣ ਨੂੰ ਮਿਲਦੀ ਹੈ ਜੋ ਪੰਜਾਬ ਦੇ ਪਿੰਡਾਂ ਵਿਚ ਆਮ ਦਿਸਦੀ ਹੈ। ਟੋਰਾਂਟੋ ਤੋਂ ਆਏ ਪੱਤਰਕਾਰ ਹਰਜੀਤ ਗਿੱਲ, ਐਡਮਿੰਟਨ (ਕੈਨੇਡਾ) ਤੋਂ ਆਏ ਪੱਤਰਕਾਰ ਜਸਵੀਰ ਦਿਓਲ, ਕੈਨੇਡਾ ਤੋਂ ਆਏ ਵਿਦਵਾਨ ਕਿਰਪਾਲ ਸਿੰਘ ਪੰਨੂ, ਨਾਮਧਾਰੀ ਵਿਦਵਾਨ ਸੁਵਰਨ ਸਿੰਘ ਵਿਰਕ ਨੇ ਆਪਣੇ ਵਿਚਾਰ ਰੱਖੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਲਾਭ ਸਿੰਘ ਖੀਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸੁਸ਼ੀਲ ਦੁਸਾਂਝ ਅਤੇ ਡਾ. ਕਰਮਜੀਤ ਸਿੰਘ ਨੇ ਇਸ ਕਾਨਫਰੰਸ ਨੂੰ ਸਫ਼ਲ ਬਣਾਉਣ ਵਿਚ ਮਦਦ ਕਰਨ ਵਾਲੀਆਂ ਸੰਸਥਾਵਾਂ ਪੰਜਾਬ ਕਲਾ ਪ੍ਰੀਸ਼ਦ, ਰਣਬੀਰ ਸਿੰਘ ਦੁਸਾਂਝ ਮੌਲਵੀ ਸਪੋਰਟਸ ਵੈਲਫੇਅਰ ਸੁਸਾਇਟੀ, ਨਾਮਧਾਰੀ ਦਰਬਾਰ, ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ, ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਅਤੇ ਪ੍ਰਬੰਧਾਂ ਦੀ ਦੇਖਰੇਖ ਕਰਨ ਲਈ ਕੌਮਾਂਤਰੀ ਪੰਜਾਬੀ ਇਲਮ ਦੇ ਸੀਨੀਅਰ ਮੀਤ ਪ੍ਰਧਾਨ ਜੈਨੇਂਦਰ ਚੌਹਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੰਜਾਬੀ ਭਾਸ਼ਾ, ਜੈਐਨਯੂ ਦੇ ਘਟਨਾਕ੍ਰਮ, ਕੇਂਦਰੀ ਸਭਾ ਦੇ ਅਹੁਦੇਦਾਰ ਮੱਖਣ ਕੋਹਾੜ ਉੱਤੇ ਹੋਏ ਹਿੰਸਕ ਹਮਲੇ, ਚੰਡੀਗੜ੍ਹ ਸਥਿਤ ਸੀਪੀਆਈ ਐਮ ਦੇ ਦਫ਼ਤਰ ‘ਤੇ ਹੋਏ ਹਮਲੇ ਸੰਬੰਧੀ ਮਸਲਿਆਂ ਉੱਪਰ ਮਤੇ ਪਾਸ ਕੀਤੇ ਗਏ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਮੀਡੀਆ ਕੋਆਰਡੀਨੇਟਰ ਦੀਪ ਜਗਦੀਪ ਸਿੰਘ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਕਾਨਫਰੰਸ ਵਿਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਕਹਾਣੀਕਾਰ ਜਰਨੈਲ ਸਿੰਘ, ਮੇਜਰ ਮਾਂਗਟ, ਬਲਬੀਰ ਕੌਰ ਸੰਘੇੜਾ, ਮਿੰਨੀ ਗਰੇਵਾਲ, ਅਰਵਿੰਦਰ ਕੌਰ, ਕਿਰਪਾਲ ਸਿੰਘ ਪਨੂੰ, ਸੁਖਮਿੰਦਰ ਰਾਮਪੁਰੀ, ਇੰਗਲੈਂਡ ਤੋਂ ਜਸਵੀਰ ਦਿਓਲ, ਦਲਬੀਰ ਕੌਰ, ਅਮਰਜੀਤ ਸੂਫ਼ੀ, ਦਲਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੁੰਧੂ, ਅਮਰੀਕਾ ਤੋਂ ਮੰਗਾ ਬਾਸੀ, ਬਲਵਿੰਦਰ ਸਿੰਘ ਲਾਲੀ
ਧਨੋਆ, ਦੇਹਰਾਦੂਨ ਤੋਂ ਗੁਰਦੀਪ, ਜੰਮੂ-ਕਸ਼ਮੀਰ ਤੋਂ ਖ਼ਾਲਿਦ ਹੁਸੈਨ ਅਤੇ ਬਲਜੀਤ ਰੈਣਾ, ਹਰਿਆਣਾ ਤੋਂ ਅਮਰਜੀਤ ਸਿੰਘ, ਕਲਕੱਤਾ ਤੋਂ ਹਰਦੇਵ ਚੌਹਾਨ, ਐਸਜੀਪੀਸੀ ਮੈਂਬਰ ਸੁਰਿੰਦਰ ਕੌਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਪਹੁੰਚੇ।

The post ਪੰਜਾਬੀ ਦੇ ਉਜੱਵਲ ਭਵਿੱਖ ਦੀ ਉਮੀਦ ਨਾਲ ਚੰਡੀਗੜ੍ਹ ‘ਚ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਸੰਪੰਨ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>