ਪਾਇਲ/ਬਿਊਰੋ ਨਿਊਜ਼ :
ਗਾਇਕ ਦਲੇਰ ਮਹਿੰਦੀ ਖ਼ਿਲਾਫ਼ ਅਸ਼ਲੀਲਤਾ ਪਰੋਸਣ ਦੇ ਦੋਸ਼ ਵਿੱਚ ਪਾਇਲ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਐਡਵੋਕੇਟ ਕਰਮ ਸਿੰਘ ਚਣਕੋਈਆਂ ਨੇ ਦੱਸਿਆ ਕਿ ਟੀ ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਕੀਤੀ ਗਈ ਐਲਬਮ ‘ਪਾਰਟੀ ਪੰਜਾਬੀ ਸਟਾਈਲ’ ਵਿੱਚ ਦਲੇਰ ਮਹਿੰਦੀ ਨੇ ਨੰਗੇਜ਼ਪੁਣੇ ਦੀਆਂ ਹੱਦਾਂ ਪਾਰ ਕੀਤੀਆਂ ਹਨ। ਅਦਾਲਤ ਵਿੱਚ ਦਲੇਰ ਮਹਿੰਦੀ ਸਮੇਤ ਰਾਖੀ ਸਾਵੰਤ, ਟੀ.ਸੀਰੀਜ਼ ਕੰਪਨੀ ਅਤੇ ਕੰਪਨੀ ਦੇ ਮਾਲਕ ਨੂੰ ਧਿਰ ਬਣਾ ਕੇ ਕੇਸ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ ਪਹਿਲੀ ਮਾਰਚ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪੂਰੇ ਸੰਸਾਰ ਵਿੱਚ ਪੰਜਾਬੀ ਸਭਿਆਚਾਰ, ਪੰਜਾਬੀਆਂ ਦੇ ਰਹਿਣ ਸਹਿਣ, ਖਾਣ-ਪੀਣ ਅਤੇ ਪਹਿਰਾਵੇ ਦੀ ਵੱਖਰੀ ਪਛਾਣ ਹੈ। ਪੰਜਾਬੀਆਂ ਨੂੰ ਆਪਣੇ ਵਿਰਸੇ ਉਤੇ ਫਖ਼ਰ ਹੈ ਪਰ ਦਲੇਰ ਮਹਿੰਦੀ, ਰਾਖੀ ਸਾਵੰਤ ਨੇ ਪੰਜਾਬੀ ਸਭਿਆਚਾਰ ਦੇ ਨਾਂ ਉਤੇ ਲੱਚਰਤਾ ਪਰੋਸੀ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੀਆਂ ਫਿਲਮਾਂ ਵੀ ਪੰਜਾਬੀ ਗਾਣੇ ਬਿਨਾਂ ਅਧੂਰੀਆਂ ਮੰਨੀਆਂ ਜਾਂਦੀਆਂ ਹਨ। ਇਸ ਗਾਣੇ ਦੀ ਵੀਡੀਓ ਵਿੱਚ ਰਾਖੀ ਸਾਵੰਤ ਸਮੇਤ ਹੋਰ ਡਾਂਸਰਾਂ ਨੇ ਨੰਗੇਜ਼ਪੁਣੇ ਦੀਆਂ ਹੱਦ ਪਾਰ ਕੀਤੀਆਂ ਹਨ। ‘ਪਾਰਟੀ ਪੰਜਾਬੀ ਸਟਾਈਲ’ ਗੀਤ ਵਿੱਚ ਗਾਇਕ ਨੇ ‘ਪਾਰਟੀ’ ਸ਼ਬਦ ਦੇ ਅਰਥ ਵਿਗਾੜ ਕੇ ਗਾਏ ਹਨ।
ਐਡਵੋਕੇਟ ਕਰਮ ਸਿੰਘ ਨੇ ਕਿਹਾ ਕਿ ਗੀਤਾਂ ਵਿਚਲੇ ਸਦਾਚਾਰ ਅਤੇ ਅਪਣੱਤ ਭਰੇ ਸ਼ਬਦ ਸਮਾਜ ਨੂੰ ਚੰਗਾ ਸੁਨੇਹਾ ਦੇਣ ਦਾ ਸਾਧਨ ਬਣ ਸਕਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਸਭਿਆਚਾਰ ਨਾਲ ਖਿਲਵਾੜ ਕਰਨ ਵਾਲੇ ਦਲੇਰ ਮਹਿੰਦੀ ਸਮੇਤ ਹੋਰ ਕਲਾਕਾਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਾਨੂੰਨੀ ਨੋਟਿਸ ਦੇ ਜੁਆਬ ਵਿੱਚ ਦਲੇਰ ਮਹਿੰਦੀ ਦੇ ਲੀਗਲ ਐਡਵਾਈਜ਼ਰ ਸਾਖ਼ਸ਼ੀ ਵੱਲੋਂ ਗੀਤ ਦੇ ਲਿਖਣ, ਵੀਡੀਓ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਰਾਖੀ ਸਾਵੰਤ ਅਤੇ ਟੀ ਸੀਰੀਜ਼ ਕੰਪਨੀ ਉਪਰ ਸੁੱਟ ਦਿੱਤੀ ਹੈ।
The post ਪਾਇਲ ਅਦਾਲਤ ‘ਚ ਦਲੇਰ ਮਹਿੰਦੀ ਖ਼ਿਲਾਫ਼ ਲਚਰਤਾ ਦਾ ਕੇਸ appeared first on Quomantry Amritsar Times.