ਸਾਨਫਰਾਂਸਿਸਕੋ/ਬਿਊਰੋ ਨਿਊਜ਼ :
ਜੀ ਬੀ ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਦੀ ਪਹਿਲੀ ਪੰਜਾਬੀ ਫਿਲਮ ‘ਵਿਸਾਖੀ ਲਿਸਟ’ ਮੁਕੰਮਲ ਹੋ ਗਈ ਹੈ ਅਤੇ ਪੋਸਟ ਪ੍ਰੌਡਕਸ਼ਨ ਦੀਆਂ ਸਫਾਂ ਅੰਦਰ ਹੈ। ਕੈਲੀਫੋਰਨੀਆ ਦੇ ਵਾਟਸਨਵਿੱਲ ਵਸਦੇ ਗਾਖਲ ਭਰਾਵਾਂ ਵਿਚੋਂ ਇਸ ਫਿਲਮ ਦੇ ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਆਪਣੇ ਮਜ਼ਾਕੀਆ ਅਤੇ ਖੁੱਲ੍ਹੇ ਸੁਭਾਅ ਮੁਤਾਬਕ ਇਸ ਫਿਲਮ ਦੇ ਨਿਰਮਾਣ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ‘ਵਿਸਾਖੀ ਲਿਸਟ’ ਨਾਲ ਉਹ ਪੰਜਾਬੀ ਫਿਲਮ ਜਗਤ ਵਿਚ ਆਪਣੇ ਬਾਕੀ ਕਾਰੋਬਾਰ ਵਾਂਗ ਸਫਲਤਾ ਨਾਲ ਪੈਰ ਟਿਕਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਿੰਦੀ ਫਿਲਮ ‘ਸੈਕੰਡ ਹੈਂਡ ਹਸਬੈਂਡ’ ਇਕ ਤਜ਼ਰਬਾ ਸੀ ਅਤੇ ਜੱਟ ਨੂੰ ਤਜ਼ਰਬਾ ਭਾਵੇਂ ਮਹਿੰਗਾ ਵੀ ਮਿਲੇ ਪਰ ਉਹ ਪਿੰਡ ਨਹੀਂ ਛੱਡਦਾ। ਇਸੇ ਲਈ ਪੰਜਾਬੀ ਫਿਲਮ ਜਗਤ ਵਿਚ ਨਵੀਆਂ ਲੀਹਾਂ ਤੇ ਪੈੜਾਂ ਪਾਉਣਾ ਹੀ ਗਾਖਲ ਭਰਾਵਾਂ ਦਾ ਸਫਲ ਬਿਜ਼ਨਸ ਦੇ ਨਾਲ ਨਾਲ ਉਦੇਸ਼ ਵੀ ਹੈ।
ਜੀ ਬੀ ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਦੀ ਤਰਫੋਂ ਐਸ. ਅਸ਼ੋਕ ਭੋਰਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਮੀਪ ਕੰਗ ਦੀ ਨਿਰਦੇਸ਼ਨਾਂ ਹੇਠ ਬਣੀ ਇਸ ਪੰਜਾਬੀ ਫਿਲਮ ਦੀ ਸ਼ੂਟਿੰਗ ਡੇਰਾਬਸੀ ਅਤੇ ਚੰਡੀਗੜ੍ਹ ਦੇ ਇਰਦ ਗਿਰਦ ਕੀਤੀ ਗਈ ਹੈ ਜਿਸ ਵਿਚ ਸੁਨੀਲ ਗਰੋਵਰ ਉਰਫ ਗੁੱਥੀ ਅਤੇ ਪੰਜਾਬੀ ਫਿਲਮਾਂ ਦਾ ਸਦਾ ਬਹਾਰ ਅਭਿਨੇਤਾ ਜਿੰਮੀ ਸ਼ੇਰਗਿੱਲ ਮੁੱਖ ਰੋਲ ਨਿਭਾਅ ਰਹੇ ਹਨ। ਪਹਿਲੀ ਵਾਰ ਹੋਵੇਗਾ ਕਿ ਕਿਸੇ ਪੰਜਾਬੀ ਫਿਲਮ ਵਿਚ ਦੋਹਾਂ ਦੀ ਇਕੱਠਿਆਂ ਹਾਜ਼ਰੀ ਹੋਵੇਗੀ। ‘ਵਿਸਾਖੀ ਲਿਸਟ’ ਜਿਵੇਂ ਨਾਅ ਤੋਂ ਹੀ ਕੁਝ ਵੱਖਰਾਪਣ ਲੱਗਦਾ ਹੈ ਇਵੇਂ ਸਰਕਾਰ ਵਲੋਂ ਖਾਸ ਤੇ ਇਤਿਹਾਸਕ ਦਿਨਾਂ ‘ਤੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਦਿਲਚਸਪ ਅਤੇ ਹਾਸ ਭਰਪੂਰ ਫਿਲਮ ਪੰਜਾਬੀ ਸਿਨੇਮਾ ਜਗਤ ਦੇ ਦਰਸ਼ਕਾਂ ਲਈ ਖਿੱਚ ਇਸ ਕਰਕੇ ਵੀ ਬਣੇਗੀ ਕਿਉਂਕਿ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਬੀ ਐਨ ਸ਼ਰਮਾ, ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਵਰਗੇ ਹਾਸਰਸ ਕਲਾਕਾਰ ਵੀ ਫਿਲਮ ਦੇ ਅਹਿਮ ਕਿਰਦਾਰ ਬਣੇ ਹਨ।
ਜੈ ਦੇਵ ਦਾ ਸੰਗੀਤ ਫਿਲਮ ਦਾ ਗੀਤ ਸੰਗੀਤ ਵਾਲਾ ਪੱਖ ਪੂਰਾ ਕਰੇਗਾ ਅਤੇ ਰਣਜੀਤ ਬਾਵਾ ਦੀ ਆਵਾਜ਼ ਵਿਚ ਧਨੀ ਰਾਮ ਚਾਤ੍ਰਿਕ ਦੀ ਰਚਨਾ ਇਕ ਨਿਵੇਕਲੇ ਅੰਦਾਜ਼ ਵਿਚ ਸੁਣਨ ਨੂੰ ਮਿਲੇਗੀ। ਫਿਲਮ ਦੇ ਆਪਣੇ ਤਜ਼ਰਬੇ ‘ਤੇ ਆਧਾਰਤ ਗੱਲ ਕਰਦਿਆਂ ਕੈਲੀਫੋਰਨੀਆ ਦੇ ਵਾਟਸਨਵਿੱਲ ਸ਼ਹਿਰ ਵਿਚ ਵਸਦੇ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਇਸ ਪ੍ਰਤੀਕਿਰਿਆ ਨੂੰ ਫਿਰ ਦੁਹਰਾਇਆ ਹੈ ਕਿ ਜਿਵੇਂ ਸਮੀਪ ਕੰਗ ਹੁਣ ਤੱਕ ਸਫਲ ਫਿਲਮ ਨਿਰਮਾਣ ਵਿਚ ਇਕ ਸਥਾਪਤ ਨਾਮ ਬਣ ਚੁੱਕਾ ਹੈ ਇਵੇਂ ‘ਵਿਸਾਖੀ ਲਿਸਟ’ ਵੱਖਰਾ ਮੀਲ ਪੱਥਰ ਸਾਬਤ ਹੋਵੇਗੀ।
22 ਅਪ੍ਰੈਲ 2016 ਨੂੰ ਰਿਲੀਜ਼ ਕੀਤੀ ਜਾਣ ਵਾਲੀ ‘ਵਿਸਾਖੀ ਲਿਸਟ’ ਲਈ ਗਾਖਲ ਭਰਾ ਹੀ ਉਤਸੁਕ ਨਹੀਂ ਸਗੋਂ ਪੰਜਾਬ ਦਾ ਫਿਲਮ ਜਗਤ ਵੀ ਉਨ੍ਹਾਂ ਦੀ ਇਸ ਪਲੇਠੀ ਫਿਲਮ ਵੱਲ ਨਜ਼ਰਾਂ ਟਿਕਾਈ ਬੈਠਾ ਹੈ।
The post ‘ਵਿਸਾਖੀ ਲਿਸਟ’ ਮੁਕੰਮਲ, ਗੁੱਥੀ ਤੇ ਜ਼ਿੰਮੀ ਸ਼ੇਰਗਿੱਲ ਪਹਿਲੀ ਵਾਰ ਪੰਜਾਬੀ ਫਿਲਮ ‘ਚ ਹੋਣਗੇ ਇਕੱਠੇ appeared first on Quomantry Amritsar Times.