ਸੈਨਮੈਟੀਓ/ ਬਿਊਰੋ ਨਿਊਜ਼ :
ਸਾਂਨ ਫਰਾਸਿਸਕੋ ਦੇ ਵਿਸ਼ਾਲ ਖੇਤਰ ਦੇ ਇਲਾਕੇ ਵਿਚ ਪੈਨਿਨਸੂਲਾ ਟੈਂਪਲ 1700 ਅਲਾਮੇਡਾ ਡੀ ਲਾਸ ਪੁਲਗਸ, ਸੈਨਮੈਟੀਓ, ਕੈਲੀਫੋਰਨੀਆ 94403 ਵਿਖੇ ਨਵੇਂ ਸਾਲ ਦੀ ਪੂਰਬ ਸੰਧਿਆ ‘ਤੇ ਰਾਤ 8.30 ਵਜੇ ਤੋਂ ਵਿਸ਼ੇਸ਼ ਦੀਵਾਨ ਸਜਾਏ ਗਏ। ਅਮਰੀਕੀ ਪੰਜਾਬੀ ਕਵੀਆਂ ਵੱਲੋਂ ਇਸ ਮੌਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ‘ਤੇ ਆਧਾਰਤ ਧਾਰਮਿਕ ਕਵੀ ਦਰਬਾਰ ਸਜਾਏ ਗਏ। ਪਰਮਿੰਦਰ ਸਿੰਘ ਪ੍ਰਵਾਨਾ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮੇਂ ਕਿਰਤ ਕਰਨ, ਨਾਮ ਜਪਨ ਅਤੇ ਵੰਡ ਕੇ ਛੱਕਣ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਮਨੁੱਖ ਨੂੰ ਦਯਾ, ਸੇਵਾ ਸੰਤੋਖ, ਆਤਮ ਨਿਰਭਰ ਤੇ ਸਵੈ ਮਾਨ ਦਾ ਜੀਵਨ ਜਿਊਣ ਦੇ ਯੋਗ ਬਣਾਇਆ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿਚ ਤਰਸੇਮ ਸਿੰਘ ਸੁਮਨ, ਗੁਰਦਿਆਲ ਸਿੰਘ ਨੂਰਪੁਰੀ, ਜਸਦੀਪ ਸਿੰਘ ਫਰੀਮੋਂਟ, ਸਕੰਦਰਜੀਤ ਸਿੰਘ, ਪਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਆਪਣੀਆਂ ਰਚਨਾਵਾ ਪੇਸ਼ ਕੀਤੀਆਂ ਗਈਆਂ। ਪ੍ਰਬੰਧਕਾਂ ਵੱਲੋਂ ਕਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵਰਨਣਯੋਗ ਹੈ ਕਿ ਇਲਾਕੇ ਵਿਚ ਸਿੱਖ ਭਾਈਚਾਰੇ ਦੀ ਧਾਰਮਿਕ ਰੁਚੀ ਅਤੇ ਧਾਰਮਿਕ ਪ੍ਰੋਗਰਾਮਾਂ ਦੀ ਲੋੜ ਪੂਰੀ ਕਰਨ ਲਈ ਅਪ੍ਰੈਲ 2012 ਵਿਚ ਸਥਾਪਤ ਹੋਏ ਇਸ ਗੁਰਦੁਆਰਾ ਵਿਚ ਮਹੀਨਾਵਾਰ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿਚ ਅਮਰੀਕਾ ਦੇ ਜੰਮ-ਪਲ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਕੀਰਤਨ ਦੀ ਸਿੱਖਿਆ ਦੇਣਾ, ਸਭਿਆਚਾਰਕ, ਸਮਾਜਿਕ ਜਰੂਰਤਾਂ ਜਿਵੇਂ ਆਨੰਦ ਕਾਰਜ, ਜਨਮ ਦਿਨ ਅਤੇ ਹੋਰ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਆਪਣੇ ਅਧਿਆਤਮਕ ਅਤੇ ਅਮੀਰ ਵਿਰਸੇ ਨੂੰ ਜ਼ਿੰਦਾ ਰਖਿਆ ਜਾ ਸਕੇ। ਪ੍ਰਬੰਧਕਾਂ ਵਿਚ ਮੇਹਰ ਸਿੰਘ ਮਾਹਲ, ਅਪਾਰ ਸਿੰਘ ਬਲੌਰੀਆ, ਜਗਤਿੰਦਰ ਸਿੰਘ ਬਲੌਰੀਆ ਸ਼ਾਮਲ ਹਨ।
ਪ੍ਰਵਾਨਾ ਨੇ ਦਸਿਆ ਕਿ ਅਮਰੀਕੀ ਪੰਜਾਬੀ ਕਵੀਆਂ ਵਲੋਂ ਦੂਰ-ਦੁਰਾਡੇ ਦੇ ਗੁਰਦੁਆਰਿਆਂ ਵਿਚ ਹਫ਼ਤਾਵਾਰੀ ਦੀਵਾਨਾਂ ਵਿਚ ਧਾਰਮਿਕ ਕਵੀ ਦਰਬਾਰ ਸਜਾਏ ਜਾਂਦੇ ਹਨ। ਇਸ ਦਾ ਮਨੋਰਥ ਸਾਹਿਬ-ਏ- ਕਮਾਲ ਗੋਬਿੰਦ ਸਿੰਘ ਜੀ ਦੇ ਸਮੇਂ ਜੋ ਕਾਵਿ ਪ੍ਰਵਾਹ ਗੁਰੂ ਜੀ ਦੀ ਨਿਗਰਾਨੀ ਹੇਠ ਸਜਾਏ ਜਾਂਦੇ ਸਨ, ਗੁਰਦੁਆਰਿਆਂ ਵਿਚ ਮਧਮ ਪੈਂਦੇ ਜਾ ਰਹੇ ਹਨ। ਇਨ੍ਹਾਂ ਨੂੰ ਸੁਰਜੀਤ ਕਰਕੇ ਅੱਗੇ ਤੋਰਨਾ ਹੈ। ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ 510-415-9377 ਜਾਂ 408-528-4489 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਦਰਬਾਰੀ ਕਵੀ ਦਰਬਾਰ ਦੀ ਰਵਾਇਤ ਜਾਰੀ ਰੱਖਣ ਲਈ ਹਫਤਾਵਾਰੀ ਧਾਰਮਿਕ ਕਵੀ ਦਰਬਾਰ ਸਜਾਏ appeared first on Quomantry Amritsar Times.