ਮੁੰਬਈ/ਬਿਊਰੋ ਨਿਊਜ਼- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਪ੍ਰਿਥਵੀ ਥੀਏਟਰ ‘ਚ ਅਨੁਭਵੀ ਅਭਿਨੇਤਾ-ਫਿਲਮ ਨਿਰਮਾਤਾ ਸ਼ਸ਼ੀ ਕਪੂਰ (77) ਨੂੰ ਸਿਨਮਾ ਜਗਤ ਦਾ ਪ੍ਰਤਿਸ਼ਠਾਵਾਨ ਵਾਲਾ ਸਨਮਾਨ ਦਾਦਾਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ। ਸ਼ਸ਼ੀ ਕਪੂਰ ਸਿਹਤ ਠੀਕ ਨਾ ਹੋਣ ਕਾਰਨ 3 ਮਈ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ‘ਚ ਸ਼ਾਮਿਲ ਹੋਣ ਦਿੱਲੀ ਨਹੀਂ ਜਾ ਸਕੇ ਸਨ, ਇਸ ਲਈ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਮੁੰਬਈ ਆ ਕੇ ਉਨ੍ਹਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ। ਜੇਤਲੀ ਨੇ ਉਨ੍ਹਾਂ ਨੂੰ ਪ੍ਰਸੰਸਾ ਪੱਤਰ, ਸ਼ਾਲ, ਤਗਮਾ ਅਤੇ ਚੈੱਕ ਭੇਟ ਕੀਤਾ। ਸਸ਼ੀ ਕਪੂਰ ਵੀਹਲ ਚੇਅਰ ‘ਤੇ ਬੈਠ ਕੇ ਮੰਚ ‘ਤੇ ਆਏ ਅਤੇ ਉਨ੍ਹਾਂ ਪੁਰਸਕਾਰ ਲੈਣ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਧੰਨਵਾਦ ਕੀਤਾ। ਸਿਨਮਾ ਜਗਤ ਦੇ ਕਪੂਰ ਖਾਨਦਾਨ ਲਈ ਇਹ ਤੀਸਰਾ ਦਾਦਾਸਾਹਿਬ ਫਾਲਕੇ ਪੁਰਸਕਾਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਪ੍ਰਿਥਵੀ ਰਾਜ ਕਪੂਰ ਅਤੇ ਭਰਾ ਰਾਜ ਕਪੂਰ ਇਹ ਸਨਮਾਨ ਹਾਸਿਲ ਕਰ ਚੁੱਕੇ ਹਨ। ਸਮਾਗਮ ‘ਚ ਕਪੂਰ ਖਾਨਦਾਨ ਦੇ ਮੈਂਬਰਾਂ ਤੋਂ ਇਲਾਵਾ ਬਾਲੀਵੁਡ ਅਦਾਕਾਰ ਅਮਿਤਾਭ ਬਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬਚਨ ਵੀ ਮੌਜੂਦ ਸਨ, ਜਿਨਾਂ ਨੇ ਸਸ਼ੀ ਕਪੂਰ ਨੂੰ ਇਹ ਪੁਰਸਕਾਰ ਮਿਲਣ ‘ਤੇ ਖੁਸ਼ੀ ਪ੍ਰਗਟ ਕੀਤੀ। ਸਮਾਗਮ ‘ਚ ਸ਼ਸ਼ੀ ਕਪੂਰ ਦੇ ਕੈਰੀਅਰ ਅਤੇ ਨਿੱਜੀ ਜੀਵਨ ਯਾਤਰਾ ‘ਤੇ ਬਣਾਈ ਇਕ ਵਿਸ਼ੇਸ਼ ਵੀਡੀਓ ਵੀ ਦਿਖਾਈ ਗਈ। ਇਸ ਵੀਡੀਓ ‘ਚ ਅਮਿਤਾਭ, ਸ਼ਬਾਨਾ ਆਜ਼ਮੀ, ਸ਼ਰਮੀਲਾ ਟੈਗੋਰ, ਰਿਸ਼ੀ ਕਪੂਰ, ਰਣਧੀਰ ਕਪੂਰ ਨੇ ਸ਼ਸ਼ੀ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸਮਾਗਮ ‘ਚ ਰੇਖਾ, ਹੇਮਾ ਮਾਲਿਨੀ, ਜਾਵੇਦ ਅਖਤਰ, ਰਾਕੇਸ਼ ਓਮ ਪ੍ਰਕਾਸ਼ ਮਹਿਰਾ, ਵਾਹੀਦਾ ਰਹਿਮਾਨ, ਆਸ਼ਾ ਭੋਸਲੇ, ਅਨੁਪਮ ਖੇਰ, ਪੂਨਮ ਢਿੱਲੋ, ਸੁਪਰੀਆ ਪਾਠਕ, ਕੇ. ਕੇ. ਮੇਨਨ ਅਤੇ ਹੋਰ ਫਿਲਮੀ ਹਸਤੀਆਂ ਮੌਜੂਦ ਸਨ।
The post ਸ਼ਸ਼ੀ ਕਪੂਰ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ appeared first on Quomantry Amritsar Times.