ਮਨਦੀਪ ਖੁਰਮੀ ਹਿੰਮਤਪੁਰਾ
ਜਿਲ੍ਹਾ ਬਰਨਾਲਾ ਦਾ ਨਿੱਕਾ ਜਿਹਾ ਪਿੰਡ ਠੁੱਲ੍ਹੀਵਾਲ। ਜਿਸ ਨੂੰ ਮਾਣ ਹੈ ਕਿ ਉਸ ਦੀ ਗਲੀਆਂ ‘ਚ ਖੇਡ ਕੇ ਜਵਾਨ ਹੋਇਆ ਇੱਕ ਨੌਜ਼ਵਾਨ ਇਕੋ ਸਮੇਂ ਗੀਤਕਾਰ, ਵਾਰਤਕਕਾਰ, ਸਾਹਿਤਕ ਰਸਾਲੇ ਦਾ ਸੰਪਾਦਕ, ਅਦਾਕਾਰ, ਨਿਪੁੰਨ ਫੋਟੋਗ੍ਰਾਫਰ ਹੋਣ ਦੇ ਨਾਲ ਫਿਲਮਾਂ ਦੇ ਨਿਰਦੇਸ਼ਨ ਖੇਤਰ ਵਿੱਚ ਵੀ ਪਿੰਡ ਦਾ ਨਾਂ ਚਮਕਾ ਰਿਹਾ ਹੈ। ਉਸ ਨੌਜਵਾਨ ਦਾ ਨਾਂ ਹੈ ਸੰਦੀਪ ਸਿੰਘ ਉਰਫ਼ ਸੋਨੀ ਠੁੱਲ੍ਹੇਵਾਲ।
ਪਿਤਾ ਸਵਰਗੀ ਗੁਰਦੇਵ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੀਆਂ ਅੱਖਾਂ ਦਾ ਤਾਰਾ ਸੋਨੀ ਇੱਕ ਭਰਾ ਤੇ ਇੱਕ ਭੈਣ ਦਾ ਵੀਰ ਵੀ ਹੈ। ਅੱਠਵੀਂ ਜਮਾਤ ਪਿੰਡੋਂ, ਦਸਵੀਂ ਕਰਮਗੜ੍ਹ ਅਤੇ ਬੀ.ਏ. ਮਾਲੇਰਕੋਟਲਾ ਤੋਂ ਕਰਨ ਤੋਂ ਬਾਦ ਸੋਨੀ ਸਾਹਿਤਕ ਖੇਤਰ ਨਾਲ ਜੁੜ ਗਿਆ। ਕਾਲਜ ਮੈਗਜ਼ੀਨ ਵਿੱਚ ਛਪੀ ਇੱਕ ਰਚਨਾ ਨੇ ਅਜਿਹੀ ਹੱਲਾਸ਼ੇਰੀ ਦਿੱਤੀ ਕਿ ਕਲਮ ਆਪ ਮੁਹਾਰੇ ਰਸਤਾ ਅਖਤਿਆਰ ਕਰ ਗਈ। ਸੋਨੀ ਨੇ ਆਪਣੀ ਸਾਹਿਤਕ ਭੁੱਖ ਬਾਰੇ ਹੱਸਦਿਆਂ ਦੱਸਿਆ ਕਿ ”ਪੜ੍ਹਨ ਦਾ ਐਨਾ ਸ਼ੌਕ ਸੀ ਕਿ ਮੈਂ ਕਦੇ ਕਈ ਅਖ਼ਬਾਰ ਨਹੀਂ ਸੀ ਛੱਡਦਾ। ਸਭ ਤੋਂ ਵੱਡੀ ਗੱਲ ਕਿ ਚੰਗੀ ਕਿਤਾਬ ਦਿਸ ਜੇ ਸਹੀ, ਹਰ ਹੀਲੇ ਹੱਥ ਹੇਠ ਕਰ ਈ ਲਈਦੀ ਸੀ।”
ਕਾਲਜ਼ ਪੜ੍ਹਦਿਆਂ ਸੰਗੀਤ ਵਿਸ਼ੇ ਦੇ ਪ੍ਰੋਫੈਸਰ ਅਨਿਲ ਭਾਰਤੀ ਦੀ ਯੋਗ ਅਗਵਾਈ ਸਦਕਾ ਉਸਦੇ ਰਚੇ ਗੀਤ ਗਾਇਕ ਕੰਵਰ ਗਰੇਵਾਲ, ਬਲਜਿੰਦਰ ਬੱਬਲ, ਸੁਖਦੇਵ ਬਿੱਟਾ, ਤਾਨੀਆ ਗਿੱਲ ਦੀਆਂ ਆਵਾਜ਼ਾਂ ‘ਚ ਸ੍ਰੋਤਿਆਂ ਦੀ ਝੋਲੀ ਪੈ ਚੁੱਕੇ ਹਨ। ਪੜ੍ਹਦਿਆਂ ਹੀ ਉਸਨੇ ਕਮਲ ਸ਼ਰਮਾ ਸ਼ੇਰਪੁਰ ਤੋਂ ਫੋਟੋਗ੍ਰਾਫੀ ਦੇ ਗੁਣ ਸਿੱਖੇ ਜਿਸਨੂੰ ਸੋਨੀ ਨੇ ਰਚਨਾਤਮਕ ਕਾਰਜਾਂ ਲਈ ਹੀ ਵਧੇਰੇ ਵਰਤਿਆ।
ਸੋਨੀ ਦਾ ਕਹਿਣਾ ਹੈ ਕਿ ”ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਚੰਗੇ ਮਿੱਤਰ ਹੀ ਮਿਲੇ ਹਨ ਹੁਣ ਤੱਕ। ਮੈਂ ਆਪਣੇ ਮਿੱਤਰਾਂ ਤੋਂ ਬਹੁਤ ਕੁਝ ਸਿੱਖਿਆ। ਵੱਡੇ ਵੀਰ ਗਾਇਕ ਰਾਜ ਕਾਕੜਾ, ਯਾਦ ਧਾਲੀਵਾਲ, ਕਾਮੇਡੀਅਨ ਰਘਬੀਰ ਬੋਲੀ, ਜਸਪਾਲ ਸਿੰਘ, ਹੈਪੀ ਖੇੜੀ (ਕੈਨੇਡਾ), ਅੰਮ੍ਰਿਤ ਠੁੱਲ੍ਹੇਵਾਲ, ਗੁਰਪ੍ਰੀਤ ਮਨੀਲਾ, ਕਾਲਾ ਖੇੜੀ ਦੇ ਹੌਸਲੇ ਨੇ ਕਦੇ ਪੈਰ ਥਿੜਕਣ ਨਹੀਂ ਦਿੱਤੇ।”
ਸਾਹਿਤਕ ਮੈਗਜ਼ੀਨ ‘ਹਵਾਵਾਂ’ ਰਾਹੀਂ ਆਪਣੇ ਸਾਥੀ ਯਾਦ ਧਾਲੀਵਾਲ ਨਾਲ ਰਲਕੇ ਪੱਤਰਕਾਰਤਾ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਆ ਰਹੇ ਸੋਨੀ ਠੁੱਲ੍ਹੇਵਾਲ ਦਾ ਮੇਲ ਗਾਇਕ ਰਾਜ ਕਾਕੜਾ ਨਾਲ ਹੋਇਆ ਤਾਂ ਸੋਨੀ ਅੰਦਰ ਬੈਠੇ ਨਿਰਦੇਸ਼ਕ ਨੂੰ ਬਲ ਮਿਲਿਆ। ਰਾਜ ਕਾਕੜਾ ਦੇ ਸਾਥ ਅਤੇ ਹੱਲਾਸ਼ੇਰੀ ਸਦਕਾ ਚਰਚਿਤ ਫਿਲਮ ਕੌਮ ਦੇ ਹੀਰੇ ਦੀ ਫੋਟੋਗ੍ਰਾਫੀ ਅਤੇ ਵੀਡੀਓ ਮੇਕਿੰਗ ਦਾ ਸਾਰਾ ਜਿੰਮਾ ਸੋਨੀ ਅਤੇ ਉਸਦੀ ਟੀਮ ਕਰੀਏਟਿਵ ਕਰਿਊ ਕਰੀਏਸ਼ਨ (ਮਨਦੀਪ ਸਿੰਘ, ਨਵੀਨ ਜੇਠੀ) ਦੇ ਮੋਢਿਆਂ ‘ਤੇ ਆਣ ਪਿਆ। ਜਿੱਥੇ ਸੋਨੀ ਨੇ ਖੁਦ ਇਸ ਫਿਲਮ ਵਿੱਚ ਇੱਕ ਨਿੱਕਾ ਜਿਹਾ ਕਿਰਦਾਰ ਵੀ ਨਿਭਾਇਆ ਉੱਥੇ ਫਿਲਮ ਦੇ ਪੋਸਟਰ ਵੀ ਸੋਨੀ ਦੀ ਲਿਆਕਤ ਦਾ ਨਤੀਜਾ ਹਨ। ਇਸ ਤੋਂ ਇਲਾਵਾ ਸੋਨੀ ਨਿਸ਼ਾਵਨ ਭੁੱਲਰ ਦੀ ਬਲਵੰਤ ਗਾਰਗੀ ਦੀ ਕਹਾਣੀ ਦੇਗਚੀ ‘ਤੇ ਆਧਾਰਿਤ ਫਿਲਮ ”ਸੂਹੇ ਫੁੱਲ” ਅਤੇ ਗਾਇਕ ਹਰਭਜਨ ਮਾਨ ਦੀ ਫਿਲਮ ਗੱਦਾਰ ਦੀ ਮੇਕਿੰਗ ਦੇ ਨਾਲ ਨਾਲ ਅਦਾਕਾਰ ਵਜੋਂ ਵੀ ਨਜ਼ਰੀਂ ਪਵੇਗਾ। ਬੇਸ਼ੱਕ ਸੋਨੀ ਠੁੱਲ੍ਹੇਵਾਲ ਹਰ ਖੇਤਰ ਵਿੱਚ ਬੜੇ ਸੰਜਮ ਅਤੇ ਸਲੀਕੇ ਨਾਲ ਸਮਤੋਲ ਬਣਾ ਕੇ ਵਿਚਰਦਾ ਆ ਰਿਹਾ ਹੈ ਪਰ ਉਸਦਾ ਫਿਲਮੀ ਕੈਮਰਾ ਫੜ੍ਹ ਕੇ ਪਹਿਲਾ ਅਧਿਆਏ ਹੀ ਉਸ ਫਿਲਮ ਨਾਲ ਜੁੜ ਗਿਆ ਜਿਸਨੂੰ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਦਿਖਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੋਨੀ ਦਾ ਕਹਿਣਾ ਹੈ ਕਿ ”ਫਿਲਮ ਕੌਮ ਦੇ ਹੀਰੇ ਟੀਮ ਨਾਲ ਧੁਰ ਅੰਦਰ ਤੋਂ ਜੁੜੇ ਹੋਣ ਕਰਕੇ ਮੈਂ ਇੱਕ ਗੱਲ ਪੂਰੇ ਦਾਅਵੇ ਨਾਲ ਆਖ ਸਕਦਾ ਹਾਂ ਕਿ ਫਿਲਮ ਵਿੱਚ ਸਾਡੀ ਟੀਮ ਵੱਲੋਂ ਇੱਕ ਵੀ ਦ੍ਰਿਸ਼ ਅਜਿਹਾ ਨਹੀਂ ਫਿਲਮਾਇਆ ਗਿਆ ਜੋ ਦਰਸ਼ਕ ਵਰਗ ਦੀਆਂ ਭਾਵਨਾਵਾਂ ਨੂੰ ਗੁੰਮਰਾਹ ਕਰਨ ਜਾਂ ਭੜਕਾਉਣ ਵਾਲਾ ਹੋਵੈ। ਇੱਕ ਸੱਚੀ ਕਹਾਣੀ ਨੂੰ ਜੇਕਰ ਲੋਕਾਂ ਸਾਹਮਣੇ ਪੇਸ਼ ਕਰਨਾ ਗੁਨਾਂਹ ਹੈ ਤਾਂ ਅਸੀਂ ਅਜਿਹਾ ਗੁਨਾਂਹ ਪੈਰ ਪੈਰ ‘ਤੇ ਕਰਨ ਦੇ ਮੁਦੱਈ ਹਾਂ। ਦੂਜੀ ਗੱਲ ਇਹ ਕਿ ਰਾਜ ਕਾਕੜਾ ਇੱਕ ਸੁਹਿਰਦ ਕਲਾਕਾਰ ਤੇ ਲੇਖਕ ਹੈ। ਉਸਦੀਆਂ ਰਚਨਾਵਾਂ ਵਿੱਚੋਂ ਪੰਜਾਬ ਦਾ ਦਰਦ ਡੁੱਲ੍ਹ ਡੁੱਲ੍ਹ ਪੈਂਦਾ ਹੈ, ਉਸਦੀ ਸੋਚ ‘ਤੇ ਕਿੰਤੂ ਕੀਤਾ ਵੀ ਨਹੀਂ ਜਾ ਸਕਦਾ। ਬਹੁਤ ਸਾਰੀਆਂ ਵਿਸ਼ਾ ਰਹਿਤ ਅਤੇ ਨੌਜਵਾਨੀ ਨੂੰ ਪੁੱਠੇ ਰਾਹ ਤੋਰਨ ਦੇ ਟੇਢੇ ਢੰਗ ਨਾਲ ਸੰਦੇਸ਼ ਦਿੰਦੀਆਂ ਫਿਲਮਾਂ ਧੜਾਧੜ ਰਿਲੀਜ ਹੋ ਰਹੀਆਂ ਹਨ। ਜਦੋਂਕਿ ਇੱਕ ਸੱਚੇ ਦੁਖਾਂਤ ਨੂੰ ਪੇਸ਼ ਕਰਦੀ ਫਿਲਮ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਰਾਜ ਕਾਕੜਾ ਤੋਂ ਬਹੁਤ ਜਿਆਦਾ ਪ੍ਰਭਾਵਿਤ ਸੋਨੀ ਉਸ ਪ੍ਰਤੀ ਆਪਣਾ ਪਿਆਰ ਇਸ ਕਦਰ ਜਤਾਉਂਦਾ ਹੈ ਕਿ ”ਅਕਸਰ ਹੀ ਜਿਆਦਾਤਰ ਕਲਾਕਾਰ, ਕਲਾ ਪੱਖੋਂ ਤਾਂ ਨਿਪੁੰਨ ਹੋ ਸਕਦੇ ਹਨ ਪਰ ਜਰੂਰੀ ਨਹੀਂ ਕਿ ਉਹ ਇਨਸਾਨ ਵੀ ਵਧੀਆ ਹੀ ਹੋਣਗੇ? ਪਰ ਰਾਜ ਕਾਕੜਾ ਇੱਕੋ ਸਮੇਂ ਇਨਸਾਨ ਵੀ ਤੇ ਕਲਾਕਾਰ ਵੀ ਬਹੁਤ ਵਧੀਆ ਹੈ।” ਪਿਤਾ ਦੀ ਮੌਤ ਤੋਂ ਬਾਦ ਮਾਂ ਨੇ ਹਿੱਕ ਨਾਲ ਲਾ ਕੇ ਪਾਲੇ ਸੋਨੀ ਨੂੰ ਅਹਿਸਾਸ ਹੈ ਕਿ ਪਰਿਵਾਰਕ ਜਿੰਮੇਵਾਰੀਆਂ ਕੀ ਹੁੰਦੀਆਂ ਹਨ ਤੇ ਸਮਾਜ ‘ਚ ਕਿਵੇਂ ਵਿਚਰਨਾ ਹੈ? ਮਾਂ ਦੇ ਪੈਰਾਂ ਦੀ ਧੂੜ ਨੂੰ ਸੁਰਮਾ ਮੰਨਣ ਵਾਲੇ ਸੋਨੀ ਦਾ ਹਰ ਸੁਪਨਾ ਸਾਕਾਰ ਹੋਵੇ।
The post ਚਰਚਿਤ ਫਿਲਮ ‘ਕੌਮ ਦੇ ਹੀਰੇ’ ਨਾਲ ਧੁਰ ਅੰਦਰੋਂ ਜੁੜਿਆ ਸੋਨੀ ਠੁੱਲ੍ਹੇਵਾਲ appeared first on Quomantry Amritsar Times.