ਸਨਫਰਾਂਸਿਸਕੋ/ਬਿਊਰੋ ਨਿਊਜ਼ :
ਜੀ.ਬੀ. ਐਂਟਰਟੇਨਮੈਂਟ ਅਤੇ ਗਾਖਲ ਭਰਾਵਾਂ ਦੀ ‘ਵਿਸਾਖੀ ਲਿਸਟ’ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਣ ਨਾਲ ਖਾਸ ਗੱਲ ਇਹ ਹੋਵੇਗੀ ਕਿ ਕੈਲੀਫੋਰਨੀਆ ਵਿਚ ਵਸਦੇ ਪੰਜਾਬੀਆਂ ਦੀ ਫ਼ਿਲਮ ਜਗਤ ਵਿਚ ਵੱਡੀ ਹਾਜ਼ਰੀ ਤਾਂ ਹੋਏਗੀ, ਨਾਲ ਹੀ ਇਸ ਗੱਲ ਨੂੰ ਵੀ ਵਜ਼ਨ ਮਿਲੇਗਾ ਕਿ ਪੰਜਾਬੀ ਜਿੱਥੋਂ ਲੰਘਦੇ ਨੇ ਪੈੜਾਂ ਪਾ ਹੀ ਦਿੰਦੇ ਨੇ। ਮੁੰਬਈ ‘ਚ ਟਰੇਲਰ ਜਾਰੀ ਕਰਨ ਵੇਲੇ ਫਿਲਮ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਜਿੰਮੀ ਸ਼ੇਰਗਿੱਲ ਅਤੇ ਸੁਨੀਲ ਗਰੋਵਰ ਉਰਫ ਗੁੱਥੀ ਨੇ ਕਿਹਾ ਕਿ ਅਸੀਂ ਫਿਲਮ ਵਿਚ ਕੰਮ ਤਾਂ ਕੀਤਾ ਹੀ ਹੈ ਬਲਕਿ ਫਿਲਮ ਦਾ ਪ੍ਰਵਿਊ ਵੇਖਣ ਵੇਲੇ ਸਾਨੂੰ ਵੀ ਲੱਗਾ ਹੈ ਕਿ ਅਸੀਂ ਫਿਲਮ ਵਿਚ ਵਧੀਆ ਕਿਰਦਾਰ ਨਿਭਾਉਣ ਵਿਚ ਸਫਲ ਹੀ ਨਹੀਂ ਹੋਏ, ਸਗੋਂ ਫਿਲਮ ਵੇਖ ਕੇ ਸਾਡੇ ਚਿਹਰੇ ‘ਤੇ ਰੌਣਕ ਅਤੇ ਹਾਸਾ ਮੱਲੋ ਮੱਲੀ ਆ ਹੀ ਜਾਂਦਾ ਹੈ। ਫਿਲਮ ਦੇ ਅਹਿਮ ਪੱਖ ਜਸਵਿੰਦਰ ਭੱਲਾ ਨੇ ਇਕ ਜੇਲ੍ਹਰ ਦੀ ਭੂਮਿਕਾ ਨਿਭਾਈ ਹੈ ਅਤੇ ਉਸ ਨੇ ਆਪਣੇ ਫੇਸਬੁੱਕ ਅਕਾਊਂਟ ਵਿਚ ਕਿਹਾ ਹੈ ਕਿ ਫ਼ਿਲਮ ਦੇਖੋਗੇ ਤਾਂ ਨਵਾਂ ਜਸਵਿੰਦਰ ਭੱਲਾ ਵੀ ਦੇਖਣ ਨੂੰ ਮਿਲੇਗਾ। ਦੋ ਕੈਦੀਆਂ ਦੀ ਐਸੀ ਕਹਾਣੀ ਹੈ, ਜਿਹੜੀ ਪੰਜਾਬੀ ਫ਼ਿਲਮ ਜਗਤ ਨੂੰ ਉਦੇਸ਼ ਨਾਲ ਵੀ ਜੋੜਦੀ ਹੈ, ਮਨੋਰੰਜਨ ਨਾਲ ਵੀ ਅਤੇ ਹਾਸਰਸ ਦੇ ਉਸ ਪੱਖ ਨਾਲ ਜੋ ਅੱਜ ਦੀ ਤਣਾਅਗ੍ਰਸਤ ਜ਼ਿੰਦਗੀ ਨਾਲ ਹਰ ਇਕ ਨੂੰ ਮਿਲਣਾ ਹੀ ਚਾਹੀਦਾ ਹੈ। ਨਿਰਮਾਤਾ ਅਮੋਲਕ ਸਿੰਘ ਗਾਖਲ ਨੇ ਫ਼ਿਲਮ ਦਾ ਟਰੇਲਰ ਜਾਰੀ ਕਰਨ ਮਗਰੋਂ ਕਿਹਾ ਕਿ ਦਰਸ਼ਕਾਂ ਦਾ ਹੁੰਗਾਰਾ ਤੇ ਉਨ੍ਹਾਂ ਦਾ ਯਤਨ ਗਾਖਲ ਭਰਾਵਾਂ ਦੀ ਪੰਜਾਬੀ ਫਿਲਮ ਜਗਤ ਨੂੰ ਸੱਚੀਂ ਸੁੱਚੀ ਦੇਣ ਦਾ ਸੁਪਨਾ ਪੂਰਾ ਹੋਵੇਗਾ।
ਸ. ਗਾਖਲ ਨੇ ਇਸ ਪੰਜਾਬੀ ਫ਼ਿਲਮ ਦੇ ਨਾਲ ਹੀ ਆਪਣੀ ਮਿਊਜ਼ਿਕ ਕੰਪਨੀ ਜੀ ਬੀ ਮਿਊਜ਼ਿਕ ਵੀ ਲਾਂਚ ਕਰ ਦਿੱਤੀ ਹੈ। ਸ.ਗਾਖਲ ਨੇ ਕਿਹਾ ਕਿ ਅਜਿਹਾ ਹੋਣ ਨਾਲ ਸਾਡੇ ਕਈ ਰਸਤੇ ਹੀ ਨਹੀਂ ਖੁਲ੍ਹਣਗੇ ਸਗੋਂ ਅਸੀਂ ਹੋਰ ਬਹੁਤ ਸਾਰੇ ਨਿਰਮਾਤਾਵਾਂ ਨੂੰ ਸੰਗੀਤ ਜਾਰੀ ਕਰਨ ਲਈ ਸੁਖਾਵਾਂ ਮਾਹੌਲ ਸਿਰਜ ਕੇ ਦੇਵਾਂਗੇ। ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਗਾਇਕ ਰਣਜੀਤ ਬਾਵਾ ਨੇ ਗਾਇਆ ਹੈ ਅਤੇ ਧਨੀ ਰਾਮ ਚਾਤ੍ਰਿਕ ਦੀ ਇਹ ਅਮਰ ਰਚਨਾ ਜੀ ਬੀ ਮਿਊਜ਼ਿਕ ਪਹਿਲੀ ਪ੍ਰਾਪਤੀ ਹੋਵੇਗੀ। ਰਾਹਤ ਫਤਿਹ ਅਲੀ ਖਾਨ ਵੀ ਇਸ ਫਿਲਮ ਕਰਕੇ ਹੀ ਨਹੀਂ ਸਗੋਂ ਇਸ ਸੰਗੀਤ ਕੰਪਨੀ ਕਰਕੇ ਵੀ ਗਾਖਲ ਭਰਾਵਾਂ ਨਾਲ ਜੁੜੇ ਰਹਿਣਗੇ।
ਸੰਗੀਤਕਾਰ ਜੈ ਦੇਵ ਕੁਮਾਰ ਦੀਆਂ ਸੇਵਾਵਾਂ ਕੰਪਨੀ ਲਈ ਸਥਾਈ ਤੌਰ ‘ਤੇ ਰਹਿਣਗੀਆਂ। ਸ. ਗਾਖਲ ਨੇ ਆਪਣੇ ਭਰਾਵਾਂ ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਸਪੁੱਤਰ ਗੁਰਵਿੰਦਰ ਸਿੰਘ ਗਾਖਲ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਦਾ ਹਰ ਪੱਖੋਂ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਤੋਂ ‘ਵਿਸਾਖੀ ਲਿਸਟ’ ਫਿਲਮ ਲਈ ਚੰਗੇ ਹੁੰਗਾਰੇ ਦੀ ਆਸ ਕੀਤੀ ਹੈ ਅਤੇ ਐਲਾਨ ਕੀਤਾ ਕਿ ਉਹ ਅਗਲੀ ਫਿਲਮ 15 ਮਈ ਨੂੰ ਸੈੱਟ ‘ਤੇ ਲੈ ਕੇ ਜਾ ਰਹੇ ਹਨ।
The post ‘ਵਿਸਾਖੀ ਲਿਸਟ’ ਦੇ ਟਰੇਲਰ ਮੌਕੇ ਗਾਖਲ ਭਰਾਵਾਂ ਵਲੋਂ ਸੰਗੀਤ ਕੰਪਨੀ ਸ਼ੁਰੂ ਕਰਨ ਦਾ ਐਲਾਨ appeared first on Quomantry Amritsar Times.