ਅੰਮ੍ਰਿਤਸਰ/ਬਿਊਰੋ ਨਿਊਜ਼ :
ਇਥੇ ਹਰਿਮੰਦਰ ਸਾਹਿਬ ਵਿੱਚ ਫਿਲਮ ‘ਸਰਬਜੀਤ’ ਦੇ ਇਕ ਸੀਨ ਦੀ ਸ਼ੂਟਿੰਗ ਕਰਨ ਆਈ ਟੀਮ ਨੂੰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਰੋਕ ਦਿੱਤਾ। ਇਸ ਦੌਰਾਨ ਹੋਏ ਸ਼ੋਰ-ਸ਼ਰਾਬੇ ਕਾਰਨ ਮੱਥਾ ਟੇਕਣ ਆਈ ਸੰਗਤ ਨੂੰ ਪ੍ਰੇਸ਼ਾਨੀ ਹੋਈ। ਇਹ ਫਿਲਮ ਭਿੱਖੀਵਿੰਡ ਵਾਸੀ ਮਰਹੂਮ ਸਰਬਜੀਤ ਦੇ ਜੀਵਨ ‘ਤੇ ਆਧਾਰਤ ਹੈ। ਦੱਸਣਯੋਗ ਹੈ ਕਿ ਸਰਬਜੀਤ ਦੀ 2013 ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦੀਆਂ ਦੇ ਹਮਲੇ ਵਿੱਚ ਮੌਤ ਹੋ ਗਈ ਸੀ। ਪਾਕਿਸਤਾਨੀ ਅਦਾਲਤ ਨੇ ਉਸ ਨੂੰ ਬੰਬ ਧਮਾਕੇ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਸੀ।
ਉੱਘੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਸ ਫਿਲਮ ਵਿੱਚ ਸਰਬਜੀਤ ਸਿੰਘ ਦੀ ਭੈਣ ਦੀ ਭੂਮਿਕਾ ਨਿਭਾ ਰਹੀ ਹੈ ਜਦੋਂ ਕਿ ਸਰਬਜੀਤ ਸਿੰਘ ਦੇ ਕਿਰਦਾਰ ਵਿਚ ਅਦਾਕਾਰ ਰਣਬੀਰ ਹੁੱਡਾ ਨਜ਼ਰ ਆਵੇਗਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਫਿਲਮ ਦਾ ਸੀਨ ਫਿਲਮਾਇਆ ਜਾਣਾ ਸੀ, ਜਿਸ ਵਿੱਚ ਐਸ਼ਵਰਿਆ ਆਪਣੇ ਭਰਾ ਦੀ ਸਲਾਮਤੀ ਵਾਸਤੇ ਅਰਦਾਸ ਕਰਨ ਆਉਂਦੀ ਹੈ।
ਜਦੋਂ ਉਹ ਫਿਲਮ ਦੀ ਟੀਮ ਸ਼ੂਟਿੰਗ ਲਈ ਪੁੱਜੀ ਤਾਂ ਉਨ੍ਹਾਂ ਨੇ ਪਰਿਕਰਮਾ ਵਿੱਚ ਆਪਣਾ ਸਾਜੋ ਸਾਮਾਨ ਸਜਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਸ਼ੂਟਿੰਗ ਸਬੰਧੀ ਪ੍ਰਵਾਨਗੀ ਹੋਣ ਬਾਰੇ ਪੁੱਛਿਆ। ਫਿਲਮ ਦੀ ਪ੍ਰਬੰਧਕੀ ਟੀਮ ਨੇ ਸ਼ੂਟਿੰਗ ਸਬੰਧੀ ਆਗਿਆ ਹੋਣ ਦਾ ਦਾਅਵਾ ਕੀਤਾ ਪਰ ਇਸ ਸਬੰਧੀ ਦਫ਼ਤਰ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਵੀ ਹੋਈ। ਇਸ ਦੌਰਾਨ ਸੰਸਦ ਮੈਂਬਰਾਂ ਦੀ ਟੀਮ ਦੇ ਦੌਰੇ ਨੂੰ ਕਵਰ ਕਰਨ ਗਏ ਮੀਡੀਆ ਕਰਮੀ ਵੀ ਪੁੱਜ ਗਏ। ਉਨ੍ਹਾਂ ਫਿਲਮ ਦੇ ਦ੍ਰਿਸ਼ਾਂ ਨੂੰ ਕੈਮਰਿਆਂ ਵਿਚ ਕੈਦ ਕਰਨ ਲਈ ਚਾਰਾਜੋਈ ਕੀਤੀ। ਫਿਲਮ ਟੀਮ ਦੇ ਨਾਲ ਆਏ ਸੁਰੱਖਿਆ ਕਰਮਚਾਰੀਆਂ ਨੇ ਮੀਡੀਆ ਨਾਲ ਬਦਸਲੂਕੀ ਕੀਤੀ ਅਤੇ ਗੱਲ ਬੋਲ ਬੁਲਾਰੇ ‘ਤੇ ਆ ਗਈ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਫਿਲਮ ਦੀ ਟੀਮ ਨੂੰ ਸ਼ੂਟਿੰਗ ਕਰਨ ਤੋਂ ਰੋਕ ਦਿੱਤਾ।
ਐਸ਼ਵਰਿਆ ਰਾਏ ਨੂੰ ਨੇੜੇ ਹੀ ਇਕ ਕਮਰੇ ਵਿੱਚ ਠਹਿਰਾਇਆ ਗਿਆ ਸੀ ਪਰ ਮਗਰੋਂ ਉਸ ਨੂੰ ਮਾਤਾ ਗੰਗਾ ਨਿਵਾਸ ਸਰਾਂ ਦੇ ਇਕ ਕਮਰੇ ਵਿੱਚ ਭੇਜ ਦਿੱਤਾ ਗਿਆ। ਸ਼ੂਟਿੰਗ ਰੁਕਣ ਬਾਅਦ ਲੰਮਾ ਸਮਾਂ ਫਿਲਮ ਦੀ ਪ੍ਰਬੰਧਕੀ ਟੀਮ ਦੇ ਅਧਿਕਾਰੀ ਫੋਨ ਰਾਹੀਂ ਸ਼੍ਰੋਮਣੀ ਕਮੇਟੀ ਤੇ ਹੋਰ ਆਗੂਆਂ ਨਾਲ ਸੰਪਰਕ ਕਰਨ ਦਾ ਯਤਨ ਕਰਦੇ ਰਹੇ। ਤਕਰੀਬਨ ਤਿੰਨ ਘੰਟੇ ਦੀ ਜੱਦੋ ਜਹਿਦ ਮਗਰੋਂ ਇਹ ਟੀਮ ਬਿਨਾਂ ਸ਼ੂਟਿੰਗ ਕੀਤੇ ਪਰਤ ਗਈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਟੀਮ ਨੇ ਫਿਲਮ ਦੀ ਸ਼ੂਟਿੰਗ ਲਈ ਢੁਕਵੀਂ ਪ੍ਰਵਾਨਗੀ ਨਹੀਂ ਲਈ ਸੀ। ਇਸ ਤੋਂ ਇਲਾਵਾ ਫਿਲਮ ਦੀ ਸ਼ੂਟਿੰਗ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਆ ਰਹੀ ਸੀ, ਜਿਸ ਕਾਰਨ ਸ਼ੂਟਿੰਗ ਰੋਕ ਦਿੱਤੀ। ਉਹ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਕਿਸੇ ਵੇਲੇ ਵੀ ਸ਼ੂਟਿੰਗ ਕਰ ਸਕਦੇ ਹਨ ਪਰ ਸਮੂਹ ਦੇ ਅੰਦਰ ਸ਼ੂਟਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਵਾਨਗੀ ਲੈਣੀ ਪਵੇਗੀ।
The post ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ‘ਚ ਐਸ਼ਵਰਿਆ ਰਾਏ ‘ਤੇ ਸੀਨ ਨਾ ਫਿਲਮਾਉਣ ਦਿੱਤਾ appeared first on Quomantry Amritsar Times.